Sunday, April 18, 2010

ਕਿਰਪਾ ਕਰਕੇ ਅਰਥਾਂ ਦੇ ਅਨਰਥ ਨਾ ਕਰੋ

ਇਹ ਕੋਈ ਤਮਾਸ਼ਾ ਤਾਂ ਨਹੀਂ ਸੀ ਜੋ ਕਿਸੇ ਫਿਲਮ ਦੀ ਤਰਾਂ ਜਾਰੀ ਰਹਿੰਦਾ ਅਤੇ ਖਤਮ ਹੀ ਨਾ ਹੁੰਦਾ?. ਲੋਕ ਆਉਂਦੇ, ਦੇਖਦੇ, ਤਾੜੀਆਂ  ਮਾਰਦੇ, ਆਵਾਜ਼ੇ ਕੱਸਦੇ ਅਤੇ ਤੁਰ ਜਾਂਦੇ. ਇਹ ਇਕ ਝਗੜਾ ਸੀ. ਅਸੂਲ ਦੀ ਇਕ ਜੰਗ ਸੀ. ਜਿਸ ਨੂੰ ਬੜੀ ਹੀ ਹਿੰਮਤ ਨਾਲ ਲੜਿਆ ਇਸ ਦੇ ਨਾਇਕ ਤਰਲੋਕ ਸਿੰਘ ਜੱਜ ਨੇ. ਸੁਣਿਆ ਸੀ ਕਿ ਪ੍ਰੇਮ ਅਤੇ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ. ਕੁਝ ਲੋਕਾਂ ਨੇ ਇਸ ਜੰਗ ਵਿੱਚ ਵੀ ਇਹੀ ਸਿਧਾਂਤ ਲਾਗੂ ਕਰਨ ਅਤੇ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ. ਪਰ ਇਸਦੇ ਬਾਵਜੂਦ ਇਸ ਜੰਗ ਵਿੱਚ ਜੱਜ ਸਾਹਿਬ ਨੇ ਵੀ ਅਤੇ ਹਰਜਿੰਦਰ ਸਿੰਘ ਲਾਲ ਨੇ ਵੀ ਬੜੇ ਹੀ ਸੁਚੇਤ ਰੂਪ ਵਿੱਚ ਇਸ ਗੱਲ ਨੂੰ ਹਮੇਸ਼ਾਂ ਯਾਦ ਰੱਖਿਆ ਕਿ ਸਾਡੇ ਲਈ ਜੰਗ ਵਿੱਚ ਵੀ ਸਭ ਕੁਝ ਜਾਇਜ਼ ਨਹੀਂ ਹੁੰਦਾ. ਸਾਨੂੰ ਸਭ ਨੂੰ ਯਾਦ ਹੈ ਇਸ ਧਰਤੀ ਤੇ ਇੱਕ ਭਾਈ ਘਨਈਆ ਵੀ ਹੋਇਆ ਹੈ ਜਿਸ ਨੂੰ ਖਾਲਸੇ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਬਾਸ਼, ਥਾਪੀ ਅਤੇ ਦੁਸ਼ਮਨਾਂ ਦੇ ਜ਼ਖਮਾਂ ਤੇ ਵੀ ਮਰਹਮ ਲਾਉਣ ਅਤੇ ਉਹਨਾਂ ਦੇ ਮੂੰਹਾਂ 'ਚ ਵੀ ਪਾਣੀ ਪਾਉਣ ਦੀ ਸਿੱਖਿਆ ਪ੍ਰਾਪਤ ਹੋਈ ਸੀ. ਜੇ ਅਸੂਲਾਂ ਦੀ ਇਸ ਜੰਗ ਵਿੱਚ ਅਸੂਲਾਂ ਦਾ ਪੱਲਾ ਹੀ ਛੱਡ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਵੱਡੀ ਤੋਂ ਵੱਡੀ ਪ੍ਰਾਪਤੀ ਨੂੰ ਵੀ ਜਿੱਤ ਭਾਵੇਂ ਸਮਝ ਲਿਆ ਗਿਆ ਹੁੰਦਾ ਪਰ ਅਸਲ ਵਿੱਚ ਓਹ ਹਾਰ ਤੋਂ ਵੀ ਭੈੜੀ ਨਮੋਸ਼ੀ ਵਾਲੀ ਗੱਲ ਹੋਣੀ ਸੀ. ਜੱਜ ਸਾਹਿਬ ਦੇ ਇਸ ਅਸੂਲ ਪ੍ਰੇਮ ਨੇ ਹੀ ਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਗਾਇਕ ਸਤਿੰਦਰ ਸਰਤਾਜ ਦੇ ਕਾਲਜੇ ਨੂੰ ਧੂਹ ਪਾਈ ਕਿ ਜਿਸ ਕਲਮਕਾਰ ਦੀ ਜੰਗ ਏਨੀ ਪਵਿੱਤਰ ਅਤੇ ਸਿਧਾਂਤਕ ਹੈ ਉਸਦਾ ਪ੍ਰੇਮ ਅਤੇ ਉਸਦੀ ਦੋਸਤੀ ਕਿੰਨੇ ਮਹਾਨ ਹੋਣਗੇ. ਸਾਡੇ ਕੁਝ ਮਾਣਯੋਗ ਦੋਸਤਾਂ ਨੇ ਇਸ ਆਪਸੀ ਸਹਮਤੀ ਤੋਂ ਬਾਅਦ ਆਪਣੀ ਮੁਬਾਰਕ ਵੀ ਇਸ ਤਰਾਂ ਭੇਜੀ ਹੈ ਜਿਵੇਂ ਕਿ ਇੱਟ ਮਾਰਨੀ ਹੁੰਦੀ ਹੈ. ਉਹਨਾਂ ਨੂੰ ਕੀ ਕਹਿਣਾ ਅਤੇ ਕਾਹਦਾ ਗਿਲਾ ਕਰਨਾ. ਫਿਰ ਵੀ ਦਿਲ ਦਾ ਦਰਦ ਇਹ ਕਹਿਣ ਤੇ ਜ਼ਰੂਰ ਮਜਬੂਰ ਕਰ ਰਿਹਾ ਹੈ ਉਹਨਾਂ ਦੀ ਮੁਬਾਰਕ ਦੇ ਇਹ ਫੁੱਲ ਸਾਨੂੰ ਸ਼ਿਬਲੀ ਦੇ ਫੁੱਲ ਵਾਂਗ ਲੱਗੇ ਹਨ.  ਉਹਨਾਂ ਨੂੰ ਗਿਲਾ ਹੈ ਕਿ ਇਸ ਵਿੱਚ ਗਰਾਮਰ ਦੀਆਂ ਕਈ ਗਲਤੀਆਂ ਹਨ. ਉਹਨਾਂ ਇਹ ਸੁਆਲ ਵੀ ਕੀਤਾ ਕਿ ਇਸ ਦੀ ਇਬਾਰਤ ਕਿਸ ਨੇ ਲਿਖਾਈ ਅਤੇ ਕਿਸ ਨੇ ਇਸਦੀ ਕਿਤਾਬਤ ਕੀਤੀ.
        ਅਸਲ ਵਿੱਚ ਜਦ ਕਦੀ ਵੀ ਕਿਸੇ ਨਾ ਕਿਸੇ ਮਾਮਲੇ 'ਚ ਜਜਬਾਤ ਸ਼ਾਮਿਲ ਹੁੰਦੇ ਨੇ ਤਾਂ ਕਈ ਵਾਰ ਏਹੋ ਜਹੀਆਂ ਬੰਦਸ਼ਾਂ ਕਦੋਂ ਟੁੱਟ ਜਾਂਦੀਆਂ ਨੇ ਇਸਦਾ ਪਤਾ ਹੀ ਨਹੀਂ ਲਗਦਾ. ਉਂਜ ਵੀ ਜਦੋਂ ਵਡੇਰੇ ਅਤੇ ਉਚੇਰੇ ਨਿਸ਼ਾਨੇ ਸਾਹਮਣੇ ਹੋਣ ਤਾਂ ਕਈ ਛੋਟੀਆਂ ਛੋਟੀਆਂ ਗੱਲਾਂ ਵਿੱਸਰ ਜਾਂਦੀਆਂ ਨੇ ਤੇ ਕਈ ਵਾਰ ਵਿਸਾਰਨੀਆਂ ਵੀ ਪੈਂਦੀਆਂ ਨੇ.
       ਸਾਡੇ ਕਈ ਮੇਹਰਬਾਨ, ਸਹਿਯੋਗੀ, ਬਹੁਤ ਹੀ ਅਸੂਲ ਪ੍ਰਸਤ ਅਤੇ ਕਾਬਿਲ ਸਾਥੀਆਂ ਨੇ ਇਸ ਆਪਸੀ ਸਹਿਮਤੀ ਬਾਰੇ ਕਿਹਾ ਹੈ ਕਿ ਇਹ ਉਹੀ ਚੂਹੀ ਹੈ ਜੋ ਪਹਾੜ ਪੁੱਟਣ ਬਾਅਦ ਨਿੱਕਲੀ ਹੈ....ਤੇ ਓਹ ਵੀ ਮਰੀ ਹੋਈ.
      ਆਪਣੇ ਅਜਿਹੇ ਸਾਰੇ ਦੋਸਤਾਂ ਨੂੰ ਅਤੇ ਇਸ ਜੰਗ ਵਿੱਚ ਜੂਝਣ ਵਾਲੇ ਸਾਰੇ ਸਾਥੀਆਂ ਨੂੰ ਇੱਕ ਗੱਲ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਜੋ ਕੁਝ ਵੀ ਹੈ ਅਸਲ ਵਿੱਚ ਬੜੀ ਹੀ ਪਾਰਦਰਸ਼ਿਤਾ ਨਾਲ ਅੰਜਾਮ ਤੱਕ ਪਹੁੰਚਾਇਆ ਗਿਆ ਇੱਕ ਦਸਤਾਵੇਜ਼ ਹੈ. ਕੋਸ਼ਿਸ਼ਾਂ ਤਾਂ ਇਸ ਤੋਂ ਪਹਿਲਾਂ ਵੀ ਹੋਈਆਂ. ਕਦੇ ਕਿਸੇ ਵੱਲੋਂ ਕਦੇ ਕਿਸੇ ਵੱਲੋਂ. ਕਦੇ ਕੋਸ਼ਿਸ਼ ਕਰਨ ਵਾਲੀ ਧਿਰ ਕੋਲੋਂ ਕੋਈ ਗਲਤੀ ਹੋ ਜਾਂਦੀ ਅਤੇ ਕਦੇ ਕਿਸੇ ਹੋਰ ਗੱਲ ਕਾਰਣ ਮਾਮਲਾ  ਵਿਗੜ ਜਾਂਦਾ.
    ਅਜਿਹੀ ਹਾਲਤ ਵਿੱਚ ਵੀ ਬੜੇ ਆਵਾਜ਼ੇ ਕੱਸੇ ਗਏ ਕਿ ਲਓ ਜੀ ਫੇਰ ਹੋ ਗਿਆ ਬਾਬੀ ਸਮਝੋਤਾ ਅਤੇ ਚਾਬੀ ਸਮਝੌਤਾ??? ਇਸ ਲਈ ਇਹ ਗੱਲ ਸਾਫ਼ ਹੋ ਜਾਣੀ ਜ਼ਰੂਰੀ ਹੈ ਕਿ ਅਜੇ ਤੱਕ ਨਾ ਤਾਂ ਪਹਾੜ ਪੁੱਟਿਆ ਗਿਆ ਹੈ ਅਤੇ ਨਾ ਹੀ ਕੋਈ ਚੂਹੀ ਜਾਂ ਚੂਹਾ ਨਿਕਲਿਆ ਹੈ. ਅਸਲ ਵਿੱਚ ਇਹ ਇੱਕ ਤਰਾਂ ਦੀ ਜੰਗ ਬੰਦੀ ਵੀ ਹੈ ਤਾਂ ਕਿ ਅਸਲ ਮੁੱਦੇ ਨੂੰ ਖੁਸ਼ਗਵਾਰ ਮਾਹੌਲ ਵਿੱਚ ਹੱਲ ਕੀਤਾ ਜਾ ਸਕੇ  ਇਹ ਆਪਸੀ ਸਹਿਮਤੀ ਅਸਲ ਵਿੱਚ ਇੱਕ ਸੰਜੀਦਾ ਕੋਸ਼ਿਸ਼ ਵੀ ਹੈ ਉਸ ਕਲਮੀ ਜੰਗ  ਨੂੰ ਰੋਕਣ ਦੀ ਜਿਸ ਵਿੱਚ ਕੁਝ ਕੁ ਮਿੱਤਰਾਂ ਦੀ ਪਹੁੰਚ ਕਾਰਣ ਅਸੂਲਾਂ ਅਤੇ ਮੁੱਦਿਆਂ ਦੇ ਨਾਲ ਸਾਡੇ ਪੰਜਾਬੀ ਸਭਿਆਚਾਰ ਦੀ ਮਾਖਿਓਂ ਮਿੱਠੀ ਮਿਠਾਸ ਦੇ ਵੀ ਰੁੜ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ. ਅਸੂਲਾਂ ਦੀ ਇਹ ਜੰਗ ਬੜੀ ਹੀ ਬੇਅਸੂਲੀ ਹੋਣ ਲੱਗ ਪਈ ਸੀ.
      ਇਸ ਸਹਿਮਤੀ ਪੱਤਰ ਤੇ ਭਾਵੇਂ ਚਾਰ ਨਾਮ ਹੀ ਦਰਸਾਏ ਗਏ ਹਨ ਕਿਓਂਕਿ ਇਹਨਾਂ ਚੋਹਾਂ ਨਾਵਾਂ ਨੂੰ ਸਰਤਾਜ ਸਾਹਿਬ ਦੀ ਹਿਮਾਇਤ ਵੀ ਹਾਸਿਲ ਸੀ ਅਤੇ ਜੱਜ  ਸਾਹਿਬ ਦੀ ਵੀ. ਪਰ ਹਕੀਕਤ ਵਿੱਚ ਕਈ ਹੋਰ ਨਾਮ ਵੀ ਹਨ ਜਿਹਨਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ. ਓਹ ਇਹੀ ਪੁਛਦੇ ਸਨ ਆਖਿਰ ਕੀ ਬਣੇਗਾ ਇਸ ਵਾਕ ਯੁਧ  ਦਾ ? ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਇਹਨਾਂ ਨਾਵਾਂ ਦਾ ਖੁਲਾਸਾ ਨੇੜ ਭਵਿਖ ਵਿੱਚ ਹੀ ਕਿਸੇ ਯੋਗ ਸਮੇਂ ਤੇ ਕੀਤਾ ਜਾਵੇਗਾ. ਫਿਲਹਾਲ ਬੇਣਤੀ ਸਿਰਫ ਏਨੀ ਹੀ ਕਿ ਕਿਰਪਾ ਕਰਕੇ ਅਰਥਾਂ ਦੇ ਅਨਰਥ ਨਾ ਕਰੋ. ਜੱਜ  ਸਾਹਿਬ ਵੀ ਕੁਝ ਆਖ ਰਹੇ ਨੇ...ਜ਼ਰਾ ਧਿਆਨ ਨਾਲ  ਸੁਣੋ....."ਦੋਸਤੋ, ਅੱਜ ਸਚਮੁਚ ਹੀ ਸ਼ਾਮ ਸੁਰਮਈ ਹੈ, ਰੰਗੀਨ ਹੈ | ਅਤੇ ਇਹ ਸਭ ਤੁਹਾਡੀਆਂ ਸ਼ੁਭ ਇਛਾਵਾਂ , ਆਸ਼ੀਰਵਾਦ ਸਦਕਾ ਹੀ ਸੰਭਵ ਹੋ ਸਕਿਆ ਹੈ | ਜੋ ਮੇਰੇ ਵਾਂਗ ਮੇਰੇ ਹੱਕ ਦੀ ਅਵਾਜ਼ ਨੂ ਬੁਲੰਦ ਕਰਨ ਲਈ ਚੱਟਾਨ ਵਾਂਗ ਮੇਰੇ ਨਾਲ ਡੱਟ ਕੇ ਖੜੇ ਰਹੇ......"
       ਅੰਤ ਵਿੱਚ ਹੋਰਨਾਂ ਸ਼ੁਭਚਿੰਤਕਾਂ ਦੇ ਨਾਲ ਪ੍ਰੇਮ ਮਾਨ ਜੀ ਦਾ ਧੰਨਵਾਦ ਵੀ ਜ਼ਰੂਰੀ ਹੈ ਜਿਹਨਾਂ ਨੇ ਇਸ ਮਸਲੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਪੂਰੀ ਸੰਜੀਦਗੀ ਸਾਡਾ ਸਾਰਿਆਂ ਦਾ ਸਾਥ ਦਿੱਤਾ ਅਰੇ ਅਸੂਲ ਦਾ ਪੱਲਾ ਵੀ ਨਹੀਂ ਛੱਡਿਆ.   --ਰੈਕਟਰ ਕਥੂਰੀਆ

No comments: