Saturday, June 18, 2011

ਖੋਹ (ਪਾਸ਼ ਦੀ ਅਣਹੋਂਦ ਦੇ ਨਾਂ)//-ਜਸਪਾਲ ਜੱਸੀ

ਰਿਹਾ ਵਕਤ ਤੁਰਦਾ
ਬੜੇ ਰੰਗ ਬਿਖਰੇ
ਰਿਹਾ ਅਦਬ ਖਿੜਦਾ
ਕਈ ਰੂਪ ਨਿੱਖਰੇ
ਅਜੇ ਵੀ ਨਜ਼ਮ
ਪਾਸ਼ ਨੂੰ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।


ਇਹ ਪਾਤਰ ਨੂੰ, ਦੱਸੀਂ
ਕਿਵੇਂ ਇਲਮ ਹੋਇਆ?
ਤੂੰ ਹਾਣੀ ਹੋ ਮਿਲਿਆ
ਖੁਦਾ ਹੋ ਕੇ ਮੋਇਆ!
ਅਜੇ ਜਲਵਿਆਂ ਨੇ
ਸਿਖਰ ਨਹੀਂ ਸੀ ਛੋਹਿਆ 
ਨਵੇਂ ਜੋਬਨੇ ਦਾ
ਸਵੇਰਾ ਸੀ ਹਾਲੇ
ਅੰਗਾਂ 'ਚ ਖਿੜਨਾ
ਦੁਪਹਿਰਾ ਸੀ ਹਾਲੇ
ਤੂੰ ਅਣਪੁੰਗਰੇ ਬੀਜਾਂ
ਸਣੇ ਅਸਤ ਹੋਇਆ
ਕੋਈ ਸ਼ਾਇਰ ਖੰਜਰਾਂ ਤੋਂ
ਛੁਪ ਛੁਪ ਕੇ ਰੋਇਆ।  


ਨਾ ਪਲਕਾਂ 'ਤੇ ਲਿਆ
ਵੈਰੀਆਂ ਨੂੰ ਦਿਖਾਲ਼ੇ
ਸਨ ਅੱਥਰੂ ਲਹੂ ਦੇ
ਮੈਂ ਅੰਦਰ ਸੰਭਾਲੇ
ਖੰਜਰ ਥਿਵੇ ਤਾਂ
ਜ਼ਰਾ ਚੈਨ ਆਇਆ
ਮੈਂ ਤਰਕਸ਼ ਟਿਕਾਇਆ
ਤੇ ਦੁੱਖ ਨੂੰ ਜਗਾਇਆ
ਭੰਬੂਕਾ ਹੋ ਉਠੀ
ਕੋਈ ਛੱਲ ਸੁੱਤੀ
ਛਲਕ ਪੈਣ ਲਈ
ਕਰਵਟਾਂ ਲੈ ਰਹੀ ਹੈ।


ਸੀ ਪੱਲੂ ਜਦੋਂ, ਤੇਰੀ
ਕਾਨੀ ਨੂੰ ਛੋਹਿਆ
ਮੇਰਾ ਰੱਬ ਜਾਣੇ
ਕਿ ਮੈਨੂੰ ਕੀ ਹੋਇਆ
ਤਲਖ਼ੀਆਂ ਟਹਿਕ ਪਈਆਂ
ਮੇਰਾ ਹੁਸਨ ਹੋ ਕੇ
ਮਹਾਂ-ਪਾਰਖੂ
ਦੇਖਦੇ ਦੰਗ ਹੋ ਕੇ
ਹੁਸਨ ਦੇ ਰਵਾਇਤੀ
ਪੈਮਾਨੇ ਤ੍ਰਭਕੇ
ਨਾਜ਼ਕ ਅਦਾ ਦੇ
ਦੀਵਾਨੇ ਤ੍ਰਭਕੇ
ਉਹਨਾਂ ਨੂੰ ਦਿਸੇ ਜੋ
ਮੇਰੇ ਦਾਗ ਹੋ ਕੇ
ਉਹ ਅਲਫ਼ਾਜ਼ ਲਿਸ਼ਕੇ
ਮੇਰਾ ਭਾਗ ਹੋ ਕੇ
ਉਦੋਂ ਮੇਰੇ ਅੰਦਰ
ਗਰਜ ਲਰਜ਼ਦੀ ਸੀ
ਤੇ ਬੀਬੀ ਨਫ਼ਾਸਤ
ਬਹੁਤ ਵਰਜਦੀ ਸੀ
ਉਹ ਝਰਨਾਟ ਮੁੜ ਮੁੜ
ਇਹੋ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ


ਧੂੜਾਂ 'ਚ ਲਥ-ਪਥ
ਤਿਕਾਲਾਂ ਨੂੰ ਛੋਹ ਕੇ
ਉਹ ਮੱਥੇ 'ਚ ਮੇਰੇ
ਖਿੜੇ ਚੰਨ ਹੋ ਕੇ
ਪੱਥੇ ਹੋਏ ਗੋਹੇ 'ਤੇ
ਉਂਗਲਾਂ ਉੱਕਰੀਆਂ
ਅਮਰ ਹੋਈਆਂ ਮੇਰੇ
ਸ਼ਿਲਾਲੇਖ ਹੋ ਕੇ
ਕੱਚੇ ਘਰਾਂ ਕੋਲ
ਜੋ ਰੂੜੀਆਂ ਸਨ
ਮੈਂ ਵੀਣੀਂ ਨੂੰ ਤੱਕਿਆ
ਤਾਂ ਉਹ ਚੂੜੀਆਂ ਸਨ
ਇਹ ਛਣਕਾਰ ਕਿਸ ਕਿਸ ਦਾ
ਦਿਲ ਲੈ ਰਹੀ ਹੈ

ਤੂੰ ਸੁੱਤੀ ਨੂੰ ਆ ਕੇ
ਉਵੇਂ ਹੀ ਜਗਾ ਦੇ
ਉਹ ਅੱਕਾਂ ਦਾ ਦੁੱਧ ਕੌੜਾ
ਬੁੱਲਾਂ ਨੂੰ ਲਾ ਦੇ
ਕਾਇਆ 'ਚ ਮਿੱਟੀ ਦੀ
ਖੁਸ਼ਬੂ ਰਚਾ ਦੇ
ਪਿਘਲੇ ਹੋਏ ਲੋਹੇ 'ਚ
ਡੁਬਕੀ ਲੁਆ ਦੇ
ਤੇ ਅਣ-ਪੁੰਗਰੇ ਬੀਜਾਂ ਦਾ
ਝੋਰਾ ਮਿਟਾ ਦੇ।

ਕਲੇਜੇ 'ਚੋਂ ਉੱਠਦੇ
ਵਿਗੋਚੇ ਦੇ ਗੋਲ਼ੇ
ਤੇ ਅਣਛੋਹੀ ਅਗਨੀ
ਜ਼ਿਬ੍ਹਾ ਹੋ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।
(15-06-09) 

ਜਸਪਾਲ ਜੱਸੀ,

ਸੰਪਾਦਕ: ਸੁਰਖ ਰੇਖਾ
ਮੋਬਾਇਲ ਸੰਪਰਕ:94631 67923 

ਜਸਪਾਲ ਜੱਸੀ ਦੀ ਇਸ ਕਾਵਿ ਰਚਨਾ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. ਜੇ ਤੁਸੀਂ ਵੀ ਅਜਿਹੀ ਕੋਈ ਰਚਨਾ ਲਿਖੀ ਹੈ ਤਾਂ ਉਸਨੂੰ ਅੱਜ ਹੀ ਮੇਲ ਕਰੋ. ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਅਤੇ ਤੁਹਾਡੀਆਂ ਰਚਨਾਵਾਂ ਦੀ ਵੀ. ਮੇਲ ਆਈ ਦਾ ਤੁਹਾਨੂੰ ਪਤਾ ਹੀ ਹੈ....:punjabscreen@gmail.com .....: ਰੈਕਟਰ ਕਥੂਰੀਆ  (rectorkathuria@gmail.com )

No comments: