Monday, June 20, 2011

ਦੇਸ਼ ਨੂੰ ਸੱਭਿਆਚਾਰਕ ਇਨਕਲਾਬ ਦੀ ਲੋਡ਼ ਹੈ- ਡਾ.ਐਸ.ਐਲ.ਵਿਰਦੀ

ਜਦ ਤੱਕ ਮਨੁੱਖ ਹਥੋਂ ਮਨੁੱਖ ਦੀ ਲੁੱਟ ਬੰਦ ਨਹੀਂ ਹੁੰਦੀ ਤਦ ਤੱਕ ਸ਼ਾਂਤੀ ਨਹੀਂ ਹੋ ਸਕਦੀ--ਡਾ. ਵਿਰਦੀ                                    ਮੁਲਾਕਾਤੀ: ਪਰਮਜੀਤ ਦੁਸਾਂਝ
ਮੇਰਾ ਪਿੰਡ ਦੁਸਾਂਝ ਕਲਾਂ ਕਮਿਊਨਿਸਟ ਪਿੰਡ ਹੋਣ ਕਰਕੇ, ਕਮਿਊਨਿਜ਼ਮ ਮੈਨੂੰ ਬਚਪਨ ਤੋਂ ਹੀ ਮਿਲਿਆ। ਪਹਿਲੀ ਨਵੰਬਰ 1995 ਨੂੰ ਸੁਸ਼ੀਲ ਦੁਸਾਂਝ ਦੇ ਦੱਸਣ ਤੇ ਅਸੀਂ ਜਿੰਨੇ ਵੀ ਖਿਡਾਰੀ ਨੌਜਵਾਨ ਸੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦਾ ਮੇਲਾ ਦੇਖਣ ਗਏ। ਮੇਲੇ ਤੋਂ ਐਨੇ ਪ੍ਰਭਾਵਿਤ ਹੋਏ ਕਿ ਅੱਜ ਤੱਕ ਕਦੇ ਵੀ ਪਹਿਲੀ ਨਵੰਬਰ ਨੂੰ ਜਲੰਧਰ ਜਾਣਾ ਨਹੀਂ ਭੁੱਲਦੇ। ਮੇਲੇ ਵਿੱਚ ਜਿੱਥੇ ਦਰਜਨਾਂ ਕਮਿਊਨਿਸਟ ਸਾਹਿਤ ਦੇ ਸਟਾਲ ਸਨ ਉੱਥੇ ਹੀ ਮੈਂ ਡਾ.ਐਸ.ਐਲ.ਵਿਰਦੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਸਮੇਤ 'ਦਲਿਤ ਸਾਹਿਤ ਸੈਂਟਰ ਫਗਵਾਡ਼ਾ ਦਾ ਸਟਾਲ ਲਗਾ ਤੇ ਕਿਤਾਬਾਂ ਵੇਚਦਿਆਂ ਦੇਖਿਆ। ਮੇਰੇ ਵੱਡੇ ਭਰਾ ਰਾਮ ਪ੍ਰਕਾਸ਼ ਟੋਨੀ ਦੁਸਾਂਝ ਦੇ ਸਾਹਿਤਕਾਰ ਹੋਣ ਕਰਕੇ ਸਾਡੇ ਘਰ ਆਮ ਹੀ ਸਾਹਿਤਕ ਪਰਚੇ ਆਉਂਦੇ ਰਹਿੰਦੇ ਹਨ, ਜਿਸ ਕਰਕੇ ਮੈਂ ਪਹਿਲਾਂ ਵੀ ਐਸ. ਐਲ. ਵਿਰਦੀ ਦੇ ਲੇਖ 'ਅਦਬੀ ਮਹਿਕ', 'ਵਿਗਿਆਨਕ ਸੋਚ' ਵਿੱਚ ਪਡ਼੍ਹਦਾ ਰਹਿੰਦਾ ਸੀ, ਪਰ ਪਹਿਲੀ ਵਾਰ ਸਾਹਮਣੇ ਦੇਖਣ ਦਾ ਮੌਕਾ ਦੇਸ਼ ਭਗਤ ਯਾਦਗਾਰ ਹਾਲ ਹੀ ਪ੍ਰਾਪਤ ਹੋਇਆ। ਪਹਿਲੀ ਨਜ਼ਰੇ ਹੀ ਘੁੰਗਰਾਲੇ ਵਾਲਾਂ ਵਾਲਾ, ਮੱਧਰੇ ਕੱਦ ਦਾ ਸ਼ਾਂਤ ਚਿੱਤ ਪਰ ਗੰਭੀਰ ਚਿਹਰੇ ਤੋਂ ਮੈਨੂੰ ਉਹ ਕੋਈ ਰਿਸ਼ੀ ਲੱਗਾ। ਕਿਤਾਬਾਂ ਦੀ ਖਰੀਦੋ ਫਰੋਖਤ ਕਰਦਿਆਂ ਮੈਂ ਡਾ. ਬੀ. ਆਰ. ਅੰਬੇਡਕਰ ਦੀ ਜੀਵਨੀ ਅਤੇ ਦਲਿਤ ਸਾਹਿਤ ਤੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਲੈ ਕੇ ਪਡ਼੍ਹੀਆਂ ਤਾਂ ਦਲਿਤਾਂ ਦੇ ਫਲਸਫੇ ਨਾਲ ਰੂ-ਬ-ਰੂ ਹੋਇਆ। 
ਪੰਜਾਬ ਦੇ ਇਨਕਲਾਬੀ ਆਗੂ, ਚਿੰਤਕ ਅਤੇ ਦਲਿਤ ਸਾਹਿਤਕਾਰ ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ ਭਾਰਤ ਦੇ ਉਹਨਾਂ ਚੰਦ ਕੋ ਦਲਿਤਾਂ ਵਿੱਚੋਂ ਇੱਕ ਹਨ ਜਿਹਨਾਂ ਨੇ ਦਲਿਤ ਚੇਤਨਾ ਨੂੰ ਜਗਾਈ ਰੱਖਣ ਲਈ ਲਗਾਤਾਰ ਅੰਦੋਲਨ ਕੀਤੇ ਹਨ। ਐਡਵੋਕੇਟ ਵਿਰਦੀ ਨੇ ਜਿੱਥੇ 1994 ਵਿੱਚ ਫਗਵਾਡ਼ਾ ਵਿਖੇ ਪਹਿਲਾ ਪੰਜਾਬੀ ਦਲਿਤ ਸਾਹਿਤ ਸੰਮੇਲਨ ਕਰਵਾ ਕੇ ਪੰਜਾਬੀ ਵਿੱਚ ਦਲਿਤ ਸਾਹਿਤ ਦਾ ਝੰਡਾ ਬੁਲੰਦ ਕੀਤਾ, ਉੱਥੇ ਉਹਨਾਂ ਨੇ 'ਪੰਜਾਬ ਦਾ ਦਲਿਤ ਇਤਿਹਾਸ' ਨਾਮੀ 536 ਸਫਿਆਂ ਦਾ ਸਬੂਤ ਸਹਿਤ ਦਲਿਤਾਂ ਦਾ ਇਨਕਲਾਬੀ ਗੌਰਵਮਈ ਇਤਿਹਾਸ ਲਿਖ ਕੇ ਸਮੁੱਚੇ ਪੰਜਾਬ ਦੇ ਇਤਿਹਾਸ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਐਡਵੋਕੇਟ ਵਿਰਦੀ ਲੇਖਕ ਹੀ ਨਹੀਂ, ਉਹ ਲਡ਼ਾਕੂ ਵੀ ਹਨ। ਉਹਨਾਂ ਪੰਜਾਬ ਵਿੱਚ ਦਲਿਤ ਪੈਂਥਰ ਦੀ ਨੀਂਹ ਰੱਖੀ ਅਤੇ ਦਲਿਤ ਅੰਦੋਲਨਾਂ ਨੂੰ ਨਵੀਂ ਦਿਸ਼ਾ ਦਿੱਤੀ। ਉਹਨਾਂ ਦਲਿਤ ਸ਼ੋਸ਼ਿਤ ਮਜ਼ਦੂਰ ਸਮਾਜ ਦੇ ਦੁੱਖਾਂ ਨੂੰ ਲੈ ਕੇ ਦਰਜਨਾਂ ਅੰਦੋਲਨ ਕੀਤੇ, ਸਿੱਟੇ ਵਜੋਂ ਸਰਕਾਰ ਨੇ ਉਹਨਾਂ ਨੂੰ ਐਮਰਜੈਂਸੀ ਸਮੇਂ ਨਜ਼ਰਬੰਦ ਕਰ ਦਿੱਤਾ। ਜੇਲ੍ਹ ਵਿੱਚ ਉਹਨਾਂ ਨਾਵਲ ਦਲਿਤ ਦਾਸਤਾਨ ਤੇ ਸੱਚ ਦੀ ਲੋਅ ਲਿਖੇ।
ਮੁਲਾਕਾਤੀ: ਪਰਮਜੀਤ ਦੁਸਾਂਝ
ਐਡਵੋਕੇਟ ਵਿਰਦੀ ਜੀ ਨੇ ਅਜਿਹੇ ਸਾਹਿਤ ਦੀ ਰਚਨਾ ਕੀਤੀ ਹੈ ਜਿਸ ਦਾ ਮੰਤਵ ਮਨੁੱਖੀ ਕਦਰਾਂ ਕੀਮਤਾਂ, ਅਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਦੀਆਂ ਪਵਿੱਤਰ ਭਾਵਨਾਵਾਂ 'ਤੇ ਅਧਾਰਤ ਜਾਤੀ ਤੇ ਜਮਾਤੀ ਰਹਿਤ ਸਮਾਜ ਦੀ ਸਿਰਜਨਾ ਕਰਨਾ ਹੈ। ਵਿਰਦੀ ਜੀ ਦਾ ਰਚਿਆ ਸਾਹਿਤ ਲਤਾਡ਼ੇ ਪਛਾਡ਼ੇ ਤੇ ਦੁਰਕਾਰੇ ਮਨੁੱਖ ਦੀ ਪੀਡ਼ਾ ਦਰਸਾਉਂਦਾ ਅਜਿਹਾ ਸਾਹਿਤ ਹੈ ਜਿਸ ਨੂੰ ਦਲਿਤ ਸਾਹਿਤ ਦਾ ਨਾਮ ਦਿੱਤਾ ਜਾਣਾ ਜਾਇਜ ਹੈ।
ਸ਼੍ਰੀ ਵਿਰਦੀ ਜੀ ਕਿੱਤੇ ਤੋਂ ਐਡਵੋਕੇਟ ਹਨ। ਉਹ ਆਪਣੇ ਸਾਈਲਾਂ ਦੇ ਕੇਸ ਨੂੰ ਜਿੱਤਣ ਦੀ ਕਲਾ ਵੀ ਜਾਣਦੇ ਹਨ। ਉਹ ਐਡਵੋਕੇਟ ਹੀ ਨਹੀਂ, ਇਕ ਸਥਾਪਤ ਲੇਖਕ ਵੀ ਹਨ। ਉਹਨਾਂ ਨੇ ਸਾਹਿਤ ਦੀਆਂ ਪ੍ਰਚਲਿਤ ਵਿਧੀਆਂ ਤੋਂ ਹੱਟਕੇ ਵਿਚਾਰਧਾਰਕ ਸਾਹਿਤ ਦੀ ਧਾਰਾ ਵਗਾ ਦਿੱਤੀ। ਜਿੱਥੇ ਉਹਨਾਂ ਨੇ 'ਦਲਿਤ ਸਾਹਿਤ ਅਤੇ ਸੱਭਿਅਤਾ', 'ਜਾਤਪਾਤ: ਦੁਨੀਆਂ ਦਾ ਅੱਠਵਾਂ ਅਜੂਬਾ', ਪੰਜਾਬ ਸਮੱਸਿਆ, ਸਿੱਖ ਸੰਘਰਸ਼ ਅਤੇ ਦਲਿਤ ਲੋਕ, 'ਮਨੁੱਖਤਾ ਦਾ ਮਸੀਹਾ, ਬਾਬਾ ਸਾਹਿਬ ਅੰਬੇਡਕਰ', 'ਡਾ. ਅੰਬਡਕਰ ਬੁੱਧ ਹੀ ਕਿਉਂ ਬਣੇ?', 'ਬਹੁਜਨ ਮੁਕਤੀ ਮਾਰਗ', 'ਬੁੱਧ ਧੱਮ, ਡਾ. ਅੰਬੇਡਕਰ ਅਤੇ ਦਲਿਤ', , ਆਦਿ ਢਾਈ ਦਰਜਨ ਵੱਡੀਆਂ ਕਿਤਾਬਾਂ ਲਿਖੀਆਂ, ਉੱਥੇ ਉਹਨਾਂ 30 ਕਿਤਾਬਚੇ ਵੀ ਲਿਖ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।
ਵਿਰਦੀ ਸਾਹਿਬ ਕਹਿੰਦੇ ਹਨ ਕਿ ਜਦ ਤੱਕ ਇੱਕ ਮਨੁੱਖ ਦੂਜੇ ਮਨੁੱਖ ਦੀ ਲੁੱਟ ਬੰਦ ਨਹੀਂ ਕਰਦਾ ਤਦ ਤੱਕ ਸ਼ਾਂਤੀ ਨਹੀਂ ਹੋ ਸਕਦੀ। ਉਹਨਾਂ ਦੀ ਹਰ ਰਚਨਾ, ਹਰ ਸ਼ਬਦ, ਵਿਚਾਰ ਉੱਤੇਜਿਕ ਹੈ। ਵਿਰਦੀ ਜੀ ਦੀ ਰਚਨਾ ਪਡ਼੍ਹਨ ਤੋਂ ਬਾਅਦ ਪਾਠਕ ਦਾ ਚਿੰਤਨ ਪਹਿਲਾਂ ਤੋਂ ਲਾਜ਼ਮੀ ਬਦਲਿਆ ਹੁੰਦਾ ਹੈ। ਇਹੋ ਵਿਰਦੀ ਸਾਹਿਬ ਦੀ ਪ੍ਰਾਪਤੀ ਹੈ।
ਵਿਰਦੀ ਜੀ ਤੋਂ ਹੋਰ ਸਾਹਿਤਕ ਰਚਨਾਵਾਂ ਦੀ ਆਸ ਵਿੱਚ ਉਹਨਾਂ ਦੇ ਹਜ਼ਾਰਾਂ ਦੇਸ਼ ਵਿਦੇਸ਼ ਦੇ ਪਾਠਕ ਉਹਨਾਂ ਦੀ ਰਚਨਾ ਨੂੰ ਹਮੇਸ਼ਾ ਤੀਬਰਤਾ ਨਾਲ ਉਡੀਕਦੇ ਰਹਿੰਦੇ ਹਨ। ਜਾਪਦਾ ਹੈ ਸੱਚਮੁੱਚ ਹੀ ਵਿਰਦੀ ਜੀ ਪੱਛਮ ਦੇ ਕ੍ਰਾਂਤੀਕਾਰੀ ਲੇਖਕ ਵਾਲਟੇਅਰ ਸਾਬਿਤ ਹੋਣਗੇ। ਸਮਾਜਿਕ ਕ੍ਰਾਂਤੀ ਤੋਂ ਪਹਿਲਾਂ ਅਜਿਹੇ ਲੇਖਕਾਂ ਦਾ ਪੈਦਾ ਹੋਣਾ ਸੁਭਾਵਿਕ ਹੈ।
ਸ਼੍ਰੀ ਵਿਰਦੀ ਜੀ ਦੇਸ਼ ਵਿਦੇਸ਼ ਦੀ ਯਾਤਰਾ ਕਰ ਚੁੱਕੇ ਹਨ। ਕਨੇਡਾ ਸਰਕਾਰ ਨੇ ਉਹਨਾਂ ਦੇ ਸਮਾਜਿਕ ਤੇ ਮਨੁੱਖੀ ਅਧਿਕਾਰਾਂ ਸਬੰਧੀ ਸੰਘਰਸ਼ ਪ੍ਰਤੀ, 'ਸਰਟੀਫੀਕੇਟ ਆਫ ਰੈਕੋਗਨੀਸ਼ਨ' ਦੇ ਕੇ ਸਨਮਾਨਿਤ ਕੀਤਾ। ਪੰਜਾਬ ਸਰਕਾਰ ਉਹਨਾਂ ਨੂੰ ਬਤੌਰ ਦਲਿਤ ਸਾਹਿਤਕਾਰ ਸਨਮਾਨਿਤ ਕਰ ਚੁੱਕੀ ਹੈ। ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੀਆਂ ਕਈ ਦਰਜਨ ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਉਹਨਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ। ਰੋਜ਼ਾਨਾ ਅਜੀਤ ਨੇ ਉਹਨਾਂ ਦੀ ਪੁਸਤਕ ਮਨੁੱਖੀ ਅਧਿਕਾਰ ਯੋਧ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਲਡ਼ੀਵਾਰ ਪ੍ਰਕਾਸ਼ਿਤ ਕੀਤਾ ਹੈ। ਦੇਸ਼ ਵਿਦੇਸ਼ ਦੀਆਂ ਅਖਬਾਰਾਂ ਵਿੱਚ ਉਹ ਆਮ ਛਪਦੇ ਹਨ। ਸ਼੍ਰੀ ਵਿਰਦੀ ਦਾ ਇੰਨਾ ਲੰਬਾ ਸੰਘਰਸ਼ ਹੈ ਕਿ ਉਹਨਾਂ ਬਾਰੇ ਕਿਤਾਬ ਲਿਖੀ ਜਾ ਸਕਦੀ ਹੈ।
ਐਡਵੋਕੇਟ ਵਿਰਦੀ ਜਿੱਥੇ ਆਪਣੀ ਲੇਖਣੀ ਵਿੱਚ ਬਹੁਜਨ ਦਲਿਤ ਸ਼ੋਸ਼ਿਤ, ਮਜ਼ਦੂਰ, ਔਰਤ ਦੇ ਦੁੱਖਾਂ ਨੂੰ ਬਾਰ-ਬਾਰ ਰੁਸ਼ਨਾਉਂਦਾ ਹੈ, ਉੱਥੇ ਉਹ ਸਥਾਪਤ ਢੇਰ ਸਾਰੇ ਰਚੇ ਗਏ ਬ੍ਰਾਹਮਣਵਾਦੀ ਸਾਹਿਤ ਤੇ ਪ੍ਰਸ਼ਨ ਚਿੰਨ੍ਹ ਵੀ ਲਾਉਂਦਾ ਹੈ। ਵਿਰਦੀ ਲਲਕਾਰ ਕੇ ਕਹਿੰਦਾ ਹੈ ਕਿ ਸਾਡੇ ਅੰਤਹੀਣ ਦੁੱਖਾਂ ਕਾਰਨ, ਸਾਡੇ ਮਨਾਂ ਵਿੱਚ ਵਿਦਰੋਹ ਦੇ ਸ਼ੋਹਲੇ ਭਡ਼ਕ ਰਹੇ ਹਨ, ਅਜੇ ਅਸੀਂ ਇਹਨਾਂ ਨੂੰ ਸ਼ਬਦ ਰੂਪ ਦੇ ਰਹੇ ਹਾਂ, ਤਾਂ ਸਾਹਿਤ ਪ੍ਰਗਟ ਹੋ ਰਿਹਾ ਹੈ-ਦਲਿਤ ਸਾਹਿਤ! ਅਗਰ ਕੁਤਾਹੀ ਹੋਈ, ਤਾਂ ਫਿਰ ਸ਼ਬਦ ਨਹੀਂ, ਲੋਹਾ ਵੀ ਉਗਲਾਂਗੇ-ਤਾਂ ਪ੍ਰਗਟ ਹੋਵੇਗਾ ਇਨਕਲਾਬ! ਇਨਕਲਾਬ!! ਇਨਕਲਾਬ!!!
ਪੇਸ਼ ਹੈ ਉਹਨਾਂ ਨਾਲ ਕੀਤੀ ਗਈ 10 ਘੰਟੇ ਦੀ ਲੰਬੀ ਮੁਲਾਕਾਤ।
ਪ੍ਰਸ਼ਨ- ਵਿਰਦੀ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਅਤੇ ਸਿੱਖਿਆ ਬਾਰੇ ਸੰਖੇਪ ਜਾਣਕਾਰੀ ਦਿਓ?
ਉੱਤਰ- ਪ੍ਰਮਜੀਤ ਜੀ, ਸਾਡਾ ਜੀਵਨ ਨਹੀਂ, ਦੁੱਖਾਂ ਦੀ ਦਾਸਤਾਨ ਹੈ। ਮੈਂ ਬਗਾਨੇ ਖੇਤ ਖਲਿਆਣਾਂ ਵਿੱਚ, ਦੋ ਆਨੇ ਦਾ ਘਾਹ ਖੋਤਣ ਵਾਲੀ, ਮਾਂ ਦੀ ਕੁੱਖੋਂ ਜਨਮਿਆ। ਜਨਮਦਿਆਂ ਹੀ ਜਾਤ ਮੈਨੂੰ ਜਮਦੂਤ ਵਾਂਗ ਆ ਚਿੰਬਡ਼ੀ। ਮੇਰੇ ਬਾਪ ਦੀ ਜਾਤ ਦਾ ਨਾਮ ਲੈ ਕੇ ਪਿੰਡ ਵਾਲੇ ਕਹਿੰਦੇ ਬੰਤੇ... ਦੇ ਮੁੰਡਾ ਹੋਇਆ। ਫਿਰ ਸਮਾਜ ਵਿਚ ਵੇਦਾਂ ਵੱਲ੍ਹੋਂ ਜ਼ੀਰੋ ਬਣਾਇਆ, ਮਨੂੰ ਵੱਲ੍ਹੋਂ ਕੁੱਤਿਆਂ ਬਿੱਲਿਆਂ ਤੋਂ ਵੀ ਨੀਚੇ ਗਿਰਾਇਆ, ਮੇਰੇ ਜੈਸਾ ਇਨਸਾਨ, ਕੁੱਤਿਆ ਦੇ ਕਤੂਰਿਆਂ ਨੂੰ ਖਿਡੌਣੇ ਬਣਾ ਕੇ ਖੇਡਿਆ, ਢੇਰਾਂ-ਰੂਡ਼ੀਆਂ ਤੇ ਰੁਲਿਆ, ਛੱਪਡ਼ਾਂ 'ਚ ਨਾਹਤਾ-ਧੋਤਾ, ਬਚੀਆਂ, ਖੁਚੀਆਂ, ਬੇਹੀਆਂ ਜਿਮੀਂਦਾਰਾਂ ਦਿਓ ਆਈਆਂ ਰੋਟੀਆਂ ਖਾ ਕੇ ਜਵਾਨ ਹੋਇਆ। ਫਗਵਾਡ਼ੇ ਦੀ ਬੋਹਡ਼ ਹੇਠ ਲੱਗਦੀ, ਖੁੱਲ੍ਹੀ ਮਜ਼ਦੂਰਾਂ ਦੀ ਮੰਡੀ 'ਚ, ਬੋਲੀ ਤੇ ਵਿਕ ਕੇ, ਬੀ. ਏ. ਪਾਸ ਕੀਤਾ। ਰਿਕਸ਼ਾ ਵਾਹ ਕੇ ਵਕੀਲੀ ਪਾਸ ਕੀਤੀ। ਅਪਮਾਨ ਸਹਿਕੇ ਸਾਹਿਤਕਾਰ ਬਣਿਆ। ਸਮਾਜਿਕ ਭੇਦ ਭਾਵ ਕਾਰਨ ਜੀਰੋ ਤੋਂ ਹੀਰੋ ਬਣਿਆ। ਇਹ ਮੇਰੀ ਦਾਸਤਾਨ ਦੀ ਸੰਖੇਪ ਝਲਕੀ ਹੈ।
ਪ੍ਰਸ਼ਨ- ਵਿਰਦੀ ਸਾਹਿਬ ਕੋਈ ਭੇਦ ਭਾਵ ਦੀ ਘਟਨਾ ਦੱਸੋ?
ਉੱਤਰ- ਮੈਂ ਫਗਵਾਡ਼ੇ ਨਜ਼ਦੀਕ ਦੁਆਬੇ ਦੇ ਮਸ਼ਹੂਰ ਪਿੰਡ ਬਿਰਕ (ਜਲੰਧਰ) ਵਿਖੇ 20 ਫਰਵਰੀ 1954 ਨੂੰ ਮਾਤਾ ਅਮਰੋ ਦੀ ਕੁੱਖੋਂ, ਸ਼੍ਰੀ ਬੰਤਾ ਰਾਮ ਦੇ ਘਰ ਪੈਦਾ ਹੋਇਆ। ਮੈਂ ਪੰਜਵੀਂ ਵਿੱਚ ਪਡ਼੍ਹਦਾ ਸੀ ਤੇ ਇੱਕ ਦਿਨ ਨਜ਼ਦੀਕ ਪੈਂਦੇ ਜਿਮੀਂਦਾਰ ਦੇ ਟਿਊਬਲ ਤੇ ਬੱਚਿਆਂ ਸਾਥ ਨਹਾਉਣ ਲੱਗ ਪਿਆ। ਉੱਤੋਂ ਜਿਮੀਂਦਾਰਨੀ ਆ ਗਈ। ਉਸ ਰੌਲਾ ਪਾ ਦਿੱਤਾ ਕਿ...ਦੇ ਮੁੰਡੇ ਨੇ ਚਲ੍ਹਾ ਭਿੱਟ ਤਾ, ਜਿਮੀਂਦਾਰ ਖੇਤਾਂ 'ਚੋਂ ਦੌਡ਼ਾ ਆਇਆ ਤੇ ਉਸ ਮੇਰੇ ਕੰਨਾਂ ਤੇ 5-7 ਚਪੇਡ਼ਾਂ ਜਡ਼੍ਹ ਦਿੱਤੀਆਂ ਤੇ ਕਿਹਾ, ਸਾਲਿਓ.... ਆਡ਼ ਵਿੱਚ ਮਰ ਲਿਆ ਕਰੋ। ਉਸ ਵੇਲੇ ਮੈਨੂੰ ਸਮਝ ਨਾ ਲੱਗੀ ਕਿ ਮੇਰੇ ਨਹਾਉਣ ਨਾਲ ਪਾਣੀ ਭਿੱਟ ਹੋ ਗਿਆ, ਪਰ ਚਪੇਡ਼ਾਂ ਮਾਰਨ ਨਾਲ ਹੱਥ ਭਰਿਸ਼ਟ ਕਿਓ ਨਹੀ ਹੋਇਆ? ਪਰ ਅੱਜ ਮੈਨੂੰ ਸਮਝ ਲੱਗਦੀ ਹੈ। ਸਿਰਫ ਸਮਝ ਹੀ ਨਹੀਂ ਲੱਗਦੀ ਬਲਕਿ ਉਸ ਵੇਲੇ ਮਨ ਵਿੱਚ ਸ਼ੋਅਲੇ ਬਣ ਕੇ ਭਡ਼ਕਣ ਲੱਗ ਪੈਂਦੇ ਹਨ।
ਇੱਕ ਵਾਰ ਮੇਰਾ ਵੱਡਾ ਭਰਾ ਨਿਆਈਆਂ ਵਿੱਚ ਟੱਟੀ ਫਿਰ ਰਿਹਾ ਸੀ। ਮੈਂ ਬੰਨੇ ਤੇ ਖਡ਼ਾ ਸੀ। ਉੱਧਰੋਂ ਜਿਮੀਂਦਾਰ ਆ ਗਿਆ। ਉਸ ਮੇਰੇ ਭਰਾ ਨੂੰ ਘੇਰ ਲਿਆ ਤੇ ਗਾਲਾਂ ਕੱਢਣ ਲੱਗ ਪਿਆ। ਸਾਲਿਓ.... ਤੁਹਾਡੇ ਪਿਓ ਦੇ ਖੇਤ ਆ। ਚੁੱਕ ਟੱਟੀ ਤੇ ਪਾ ਆਪਣੇ ਪੱਲੇ ਵਿੱਚ। ਭਰਾ ਟੱਟੀ ਪੱਲੇ ਵਿੱਚ ਪਾ ਕੇ ਰੋਂਦਾ ਘਰ ਆ ਗਿਆ। ਸਾਡੇ ਪਿੰਡ ਮੇਲਾ ਲੱਗਦਾ, ਲੰਗਰ ਚਲਦਾ, ਮੈਂ ਵੀ ਲੰਗਰ ਖਾਣ ਲਈ ਅੰਦਰ ਜਾ ਤੱਪਡ਼ ਤੇ ਬੈਠ ਗਿਆ। ਲੰਗਰ ਵਰਤਾਵੇ ਨੇ ਮੈਨੂੰ ਪਛਾਣ ਲਿਆ। ਉਸ ਕੁੱਤਿਆਂ ਦੀ ਤਰ੍ਹਾਂ ਦਬਕ ਕੇ ਮੈਨੂੰ ਉਠਾ ਦਿੱਤਾ ਕਿ ਬਾਹਰ ਜਾ ਕੇ ਬੈਠ। ਦਲਿਤਾਂ ਲਈ ਲੰਗਰ ਵਾਸਤੇ ਲਾਈਨਾਂ, ਬਾਹਰ ਲਗਦੀਆਂ, ਲੰਗਰ ਹੱਥਾਂ ਤੇ ਵਰਤਾਇਆ ਜਾਂਦਾ, ਇਹ ਵੀ ਬਹੁਤੀ ਵਾਰ ਬੇਹਾ। ਜਦ ਕਿ ਸਵਰਨਾਂ ਲਈ ਲੰਗਰ ਅੰਦਰ, ਉਹ ਵੀ ਲੌਗ ਲੈਚੀਆ ਵਾਲੀ ਖੀਰ ਸਾਥ। ਪ੍ਰਮਜੀਤ ਜੀ, ਭੇਦਭਾਵ ਦੀਆਂ ਘਟਨਾਵਾਂ ਤਾਂ ਸੈਂਕਡ਼ੇ ਹਨ। ਮੇਰੀ ਕਿਤਾਬ 'ਤਿੰਨ ਪੀਡ਼੍ਹੀਆਂ ਦਾ ਸੰਤਾਪ' ਆ ਰਹੀ ਹੈ ਪਡ਼੍ਹ ਲੈਣਾ। ਮੇਰੀ ਹੀ ਨਹੀ ਇਲਾਕੇ ਦੀ ਲੋਅ ਹੋ ਜਾਓ। ਬਹੁਤ ਸਾਰੀਆਂ ਘਟਨਾਵਾਂ 'ਪੰਜਾਬ ਦਾ ਦਲਿਤ ਇਤਿਹਾਸ' ਵਿੱਚੋਂ ਵੀ ਤੁਸਾਂ ਪਡ਼੍ਹੀਆਂ ਹੋਣਗੀਆਂ।
ਮੈਂ ਪੰਜਵੀ ਪਾਸ ਕਰਕੇ ਅੱਗੋਂ ਪਡ਼੍ਹਨਾ ਨਹੀਂ ਚਾਹੁੰਦਾ ਸੀ। ਘਰਦੇ ਕਹਿੰਦੇ ਅੱਠ ਪਾਸ ਕਰ ਲੈ। ਉਹਨਾਂ ਮੈਨੂੰ ਛੇਵੀਂ ਵਿੱਚ ਪਡ਼੍ਹਨ ਲਾ ਦਿੱਤਾ। ਅੱਠਵੀਂ ਦੇ ਪੇਪਰ ਪੈਣ ਉਪਰੰਤ ਛੁੱਟੀਆਂ ਸਨ। ਮੈਂ ਪੌਣੇ ਚਾਰ ਰੁਪਏ ਤੇ ਰਾਜਾਂ ਨਾਲ ਦਿਹਾਡ਼ੀ ਲੱਗ ਗਿਆ। ਕਾਮਰੇਡ ਧੀਰੇ ਹੁਣਾਂ ਦੀ ਕੋਠੀ ਤੇ ਸਕੂਲ ਦੇ ਬਰਾਂਡੇ ਅਸੀਂ ਬਣਾਏ। ਸੋਲਾਂ ਦਿਹਾਡ਼ੀਆਂ ਲੱਗੀਆਂ, ਮੈਨੂੰ 60 ਰੁਪਏ ਮਿਲੇ। ਰਿਜ਼ਲਟ ਆਇਆ ਮੈਂ ਪਾਸ ਹੋ ਗਿਆ। ਘਰ ਦੇ ਕਹਿੰਦੇ ਕੋਈ ਕੰਮ ਸਿੱਖ ਲੈ, ਅਸੀਂ ਤੈਨੂੰ ਅੱਗੋਂ ਨਹੀ ਪਡ਼੍ਹਾ ਸਕਦੇ। ਮੈਂ ਕਿਹਾ ਮੈਂ ਪਡ਼੍ਹਨਾ ਆ। ਪਿਤਾ ਗੁਸੇ ਵਿਚ ਕਹਿੰਦੇ ਜਦ ਤੈਨੂੰ ਕਿਹਾ ਅਸੀਂ ਨਹੀ ਪਡ਼੍ਹਾ ਸਕਦੇ। ਰੋਟੀ ਖਾਣੀ ਆ ਤਾਂ ਕੰਮ ਕਰ। ਮੈਂ ਆਪਣੇ ਪੈਸਿਆਂ ਨਾਲ ਗੋਰਮਿੰਟ ਹਾਈ ਸਕੂਲ ਫਗਵਾਡ਼ਾ ਵਿਖੇ ਨੌਵੀਂ ਕਲਾਸ ਵਿੱਚ ਦਾਖਲਾ ਲੈ ਲਿਆ। ਇਸ ਤੋਂ ਬਾਅਦ ਕਈ ਘਟਨਾਵਾ ਵਾਪਰੀਆ ਸੰਤਾਪ ਚੋਂ ਪਡ਼ ਲੈਣਾ। ਮੈਂ ਸਾਰੀ ਪਡ਼੍ਹਾਈ ਮੇਹਨਤ ਮਜ਼ਦੂਰੀ ਕਰਕੇ ਕੀਤੀ। ਹਾਡ਼ੀ-ਸਾਉਣੀ ਦਿਹਾਡ਼ੀ ਦੱਪਾ ਕਰਨ ਵਾਲਾ ਖੇਤ ਮਜਦੂਰ, ਪਡ਼੍ਹਾਈ ਲਈ ਪੈਸੇ ਦੇ ਵੀ ਕਿੱਥੋਂ ਸਕਦਾ ਹੈ? ਪਹਿਲਾਂ ਤਾਂ ਸਾਡੇ ਬਜੁਰਗ ਵਗਾਰੀ ਸਨ। ਮਿਹਨਤ ਮਜ਼ਦੂਰੀ ਦਿੰਦਾ ਵੀ ਕੌਣ ਸੀ। ਕੁੱਝ ਅਨਾਜ਼ ਮਿਲਦਾ ਸੀ। ਸਾਡੇ ਪਿੰਡ ਪਾਲ ਸਿੰਘ ਨੇ ਪੈਨਾਮੇ ਤੋਂ ਆ ਕੇ 1956 ਵਿੱਚ 2 ਆਨੇ ਦਿਹਾਡ਼ੀ ਸ਼ੁਰੂ ਕੀਤੀ ਤਾਂ ਜਿਮੀਂਦਾਰਾਂ ਨੇ ਉਸ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਕਿ ਇਹ ਵਗਾਰੀਆਂ ਨੂੰ ਬਗਾਵਤ ਤੇ ਰਾਹ ਪਾਉਣ ਲੱਗਾ। ਸਰਗੁੰਦੀ ਦੇ ਜੈਲਦਾਰਾਂ ਸਾਡੇ ਬਜ਼ੁਰਗਾਂ ਤੋਂ ਬਲਦਾਂ ਵਾਂਗ ਵਗਾਰਾਂ ਲਈਆਂ। ਕਿੱਦਾਂ ਤੇ ਕਿਵੇਂ ਲਈਆਂ 'ਤਿੰਨ ਪੀਡ਼ੀਆਂ ਦਾ ਸੰਤਾਪ' ਪਡ਼੍ਹ ਲੈਣਾ।
ਪ੍ਰਸ਼ਨ- ਲਿਖਣ ਦੀ ਚੇਤਨਾ ਕਿੱਥੋ ਲੱਗੀ?
ਉੱਤਰ- ਇਹ ਡਾ. ਅੰਬੇਡਕਰ ਦੇ ਸੰਘਰਸ਼ ਦੀ ਚੇਤਨਾ ਤੇ ਉਹਨਾਂ ਦੇ ਸਾਹਿਤ ਨੂੰ ਪਡ਼੍ਹਨ ਤੋ ਲੱਗੀ। 9ਵੀਂ ਕਲਾਸ ਤੋਂ ਹੀ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਮੇਰਾ ਪਹਿਲਾ ਲੇਖ 'ਸ਼ਾਦੀ ਅੱਜ ਬਰਬਾਦੀ' 1970 ਵਿੱਚ ਰਵਿਦਾਸ ਪੱਤਰਕਾ ਵਿੱਚ ਵਿਰਦੀ ਵਿਰਕ ਦੇ ਨਾਂਅ ਹੇਂਠ ਛਪਿਆ। ਪਹਿਲਾਂ ਮੈਂ ਕਾਫੀ ਚਿਰ ਵਿਰਦੀ ਵਿਰਕ ਦੇ ਨਾਂਅ ਹੇਂਠ ਛਪਦਾ ਰਿਹਾ ਹਾਂ। 10ਵੀਂ ਵਿੱਚ ਮੈਂ 'ਭੀਮ ਡਰਾਮਾ' ਲਿਖਿਆ। ਲਿਖਿਆ ਹੀ ਨਹੀਂ, ਉਸ ਨੂੰ ਦੁਆਬੇ ਵਿੱਚ ਖੇਡਿਆ ਵੀ। ਮੈਂ ਡਾ. ਅੰਬੇਡਕਰ ਬਣਦਾ ਸੀ। ਅਮ੍ਰਿਤਾ ਵਿਰਕ ਦਾ ਤਾਇਆ ਗਾਂਧੀ ਤੇ ਪਿਤਾ ਜਵਾਹਰ ਲਾਲ ਬਣਦਾ ਹੁੰਦਾ ਸੀ।
ਸਵਾਲ- ਸੰਘਰਸ਼ਸ਼ੀਲ ਕਿਵੇ ਬਣੇ?
ਉਤਰ- ਸਾਡਾ ਪਿੰਡ ਅੰਬੇਡਕਰੀ ਅੰਦੋਲਨ ਦਾ ਗਡ਼੍ਹ ਰਿਹਾ ਤੇ ਅੱਜ ਵੀ ਹੈ। ਸੱਚ ਤਾਂ ਇਹ ਹੈ ਕਿ ਦਲਿਤ ਕ੍ਰਾਂਤੀ ਦਾ ਮੁੱਢ ਇਥੋਂ ਬੱਝਾ। 1955 ਤੋਂ 100 ਫੁੱਟ ਉੱਚਾ 'ਨੀਲਾ ਝੰਡਾ' ਇਥੇ ਚਡ਼੍ਹਦਾ ਹੈ ਜਾ ਕੇ ਵੇਖ ਸਕਦੇ ਹਾ। ਸਾਡੇ ਪਿੰਡ ਇੱਕ ਅਜੀਤ ਕੁਮਾਰ ਫੁਲਕਾ ਰਿਪਬਲਿਕਨ ਪਾਰਟੀ ਦਾ ਲੀਡਰ ਹੋਇਆ। ਉਸ ਝੰਡਾ ਝਲਾਉਣ ਲਈ ਬਡ਼ੀ ਕੁਰਬਾਨੀ ਕੀਤੀ। ਕਾਂਗਰਸੀ ਉਸ ਨੂੰ ਥਾਣੇ ਬੰਦ ਕਰਵਾਕੇ ਝੰਡਾ ਉਤਾਰ ਦਿੰਦੇ ਸਨ। ਥਾਣੇ ਤੋਂ ਵਾਪਿਸ ਆਉਂਦਿਆ ਹੀ ਉਹ ਝੰਡਾ ਫਿਰ ਚਡ਼੍ਹਾ ਦਿੰਦਾ। ਅੰਤ ਰਿਪਬਲਿਕਨ ਵਰਕਰਾਂ ਨੇ ਨੰਗੀਆ ਤਲਵਾਰਾਂ ਲੈ ਕਿ ਝੰਡਾ ਝੁਲਾਇਆ ਤਾਂ ਕਾਗਰਸੀ ਡਰ ਗਏ। ਫਿਰ ਉਹਨਾ ਕਦੇ ਝੰਡਾ ਨਾ ਉਤਾਰਿਆ। ਇਹ ਪਿੰਡ ਬਿਰਕਾ ਦੇ ਨੀਲੇ ਝੰਡੇ ਦਾ ਇਤਿਹਾਸ ਹੈ। ਅਜੀਤ ਕੁਮਾਰ ਫੁੱਲਕਾ ਨੇ ਸਾਨੂੰ ਬੱਚਿਆਂ ਨੂੰ ਇਕੱਠਾ ਕਰਕੇ, ਹੱਥ ਨੀਲਾ ਝੰਡਾ ਲੈ ਕੇ ਹਰ ਐਤਵਾਰ ਪਿੰਡ ਵਿੱਚ ਮਾਰਚ ਕਰਨਾ। ਉਸ ਨਾਹਰਾ ਲਾਉਣਾ, ਭਾਰਤੀ ਸੰਵਿਧਾਨ ਨਿਰਮਾਤਾ ਕੌਣ ਥੇ- ਅਸੀਂ ਕਹਿਣਾ ਬਾਬਾ ਸਾਹਿਬ ਅੰਬੇਡਕਰ। ਉਸ ਕਹਿਣਾ, ਗਾਂਧੀ ਕੀ ਜਾਨ ਬਚਾਉਣ ਵਾਲੇ ਕੌਨ ਥੇ- ਅਸੀਂ ਕਹਿਣਾ ਬਾਬਾ ਸਾਹਿਬ ਅੰਬੇਡਕਰ। ਉਸ ਕਹਿਣਾ, ਧੰਨ ਔਰ ਧਰਤੀ- ਅਸੀਂ ਕਹਿਣਾ ਵੰਡ ਕੇ ਰਹੇਗੀ। ਚੌਕਾਂ ਵਿਚ ਉਸ ਲੈਕਚਰ ਕਰਨਾ।
ਪੰਜਾਬ ਦੇ ਦਲਿਤਾਂ ਦਾ ਸਭ ਤੋਂ ਵੱਡਾ ਸੱਭਿਆਚਾਰਕ ਮੇਲਾ ਡੇਰਾ ਸ਼੍ਰੀ ਗੁਰੂ ਰਵਿਦਾਸ ਚੱਕ ਹਕੀਮ (ਫਗਵਾਡ਼ਾ) ਵਿਖੇ ਲੱਗਦਾ। ਸਭ ਪਾਰਟੀਆਂ ਉੱਥੇ ਆਪਣੀਆਂ ਕਾਨਫਰੰਸਾਂ ਕਰਦੀਆਂ। ਹਰ ਮੁੱਖ ਮੰਤਰੀ ਇੱਥੇ ਹਾਜ਼ਰੀ ਭਰਦਾ। ਸਾਡੇ ਪਿੰਡ ਸਮਤਾ ਸੈਨਿਕ ਦਲ (ਡਾ. ਅੰਬੇਡਕਰ ਦਾ ਹਿਰਾਵਲ ਦਸਤਾ) ਦਾ ਗਡ਼ ਸੀ। ਸਾਰੇ ਪੰਜਾਬ ਦੇ ਸੈਨਿਕ ਖਾਕੀ ਵਰਦੀਆਂ ਪਾ ਕੇ ਹੱਥਾਂ ਵਿੱਚ ਡਾਂਗਾਂ ਲੈ ਬਿਰਕਾਂ ਪੁੱਜਦੇ। ਇੱਕ ਹਾਡ਼ ਨੂੰ ਢੋਲਾਂ, ਬਾਜਿਆਂ ਦੇ ਨਾਲ ਸੈਨਿਕ ਮੇਲੇ ਲਈ ਕੂਚ ਕਰਦੇ। ਸੈਨਿਕ ਅੱਧੀ ਜੀ. ਟੀ. ਰੋਡ ਮੱਲ ਲੈਂਦੇ, ਡਾਕਟਰ ਅੰਬੇਡਕਰ ਅਤੇ ਰਿਪਬਲਿਕਨ ਪਾਰਟੀ ਦੇ ਨਾਹਰੇ ਲਾਉਂਦੇ। ਸ਼ਾਮ ਦੇ 7 ਵਜ਼ੇ ਜ਼ਲੂਸ ਫਗਵਾਡ਼ਾ ਦੇ ਕਾਂਗਰਸੀ ਐਮ. ਪੀ. ਸਾਧੂ ਰਾਮ ਦੇ ਘਰ ਮੂਹਰਿਓ ਦੀ ਗੁਜਰਦਾ ਤਾਂ, ਮੁਜਾਹਰੇ ਦਾ ਰੂਪ ਧਾਰਨ ਕਰ ਲੈਂਦਾ। ਪੁਲਿਸ ਸ਼੍ਰੀ ਚਰਨ ਦਾਸ ਨਿਧਡ਼ਕ ਅਤੇ ਅਜੀਤ ਕੁਮਾਰ ਫੁਲਕੇ ਨੂੰ ਗ੍ਰਿਫਤਾਰ ਕਰ ਲੈਂਦੀ। ਹਜ਼ਾਰਾਂ ਲੋਕ ਥਾਣੇ ਨੂੰ ਘੇਰ ਲੈਂਦੇ। ਲੀਡਰ ਰਿਹਾ ਹੁੰਦੇ ਤਾਂ ਜ਼ਲੂਸ ਚੱਕ ਹਕੀਮ ਪੁੱਜਦਾ। ਰਾਤ ਨੂੰ ਡਰਾਮੇ ਹੁੰਦੇ। ਰਿਪਬਲਿਕਨ ਪਾਰਟੀ ਦੀ ਸਟੇਜ ਇਤਿਹਾਸਕ ਹੁੰਦੀ। ਕਮਿਊਨਿਸਟਾਂ ਦੀ ਸਟੇਜ਼ ਤੇ ਸ਼ੌਂਕੀ ਐਂਡ ਪਾਰਟੀ ਅਪੇਰੇ ਤੇ ਨੁੱਕਡ਼ ਨਾਟਕ ਖੇਡਦੀ। ਲੀਡਰਾਂ ਦੀਆਂ ਤਕਰੀਰਾਂ ਹੁੰਦੀਆਂ। ਉਹਨਾਂ ਦਿਨਾਂ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਸੱਭਿਆਚਾਰਕ ਮੇਲਾ ਇਹੀ ਲੱਗਦਾ। ਇਸ ਤਰ੍ਹਾਂ ਬਚਪਨ ਵਿੱਚ ਹੀ ਸਾਨੂੰ ਸੰਘਰਸ਼ ਪ੍ਰਤੀ ਚੇਤਨਾ ਮਿਲਦੀ ਰਹੀ।
ਸਵਾਲ- ਵਿਰਦੀ ਸਾਹਿਬ ਪਡ਼ਾਈ ਕਿਸ ਕਾਲਜ ਤੋਂ ਕੀਤੀ?
ਉਤਰ- ਦਸਵੀਂ ਪਾਸ ਕਰਕੇ ਮੈਂ ਰਾਮਗਡ਼੍ਹੀਆਂ ਕਾਲਜ ਫਗਵਾਡ਼ਾ ਵਿੱਚ ਦਾਖਲ ਹੋ ਗਿਆ। ਪਹਿਲੇ ਸਾਲ ਹੀ ਮੈਨੂੰ ਐਸ. ਐਸ. ਐਫ. (ਸਟੂਡੈਂਟ ਸੋਸ਼ਲਿਸਟਿਕ ਫੈਡਰੇਸ਼ਨ) ਜਿਲ੍ਹਾ ਕਪੂਰਥਲਾ ਦਾ ਸਕੱਤਰ ਬਣਾ ਦਿੱਤਾ ਗਿਆ। 26 ਜਨਵਰੀ 1974 ਨੂੰ ਅਸੀਂ ਦਲਿਤ ਪੈਂਥਰ ਦੇ ਝੰਡੇ ਹੇਂਠ ਵਿੱਦਿਆ ਮੰਤਰੀ ਚੌਧਰੀ ਗੁਰਮੇਲ ਸਿੰਘ ਦਾ ਪਿੰਡ ਬਿਰਕਾਂ ਵਿਖੇ, ਝੰਡਾ ਝਲਾਉਣ ਮੌਕੇ ਕਾਲੇ ਝੰਡਿਆਂ ਨਾਲ ਇਸ ਲਈ ਘਿਰਾਓ ਕੀਤਾ ਕਿ ਡਾਕਟਰ ਅੰਬੇਡਕਰ, ਗੁਰੂ ਰਵਿਦਾਸ ਅਤੇ ਮਹਾਂਰਿਸ਼ੀ ਵਾਲਮੀਕ ਦੀਆਂ ਜੀਵਨੀਆਂ ਵੀ ਸਕੂਲਾਂ ਕਾਲਜਾਂ ਦੇ ਸਲੇਬਸ ਵਿੱਚ ਲਾਈਆ ਜਾਣ। ਵਜ਼ੀਫੇ ਛੇਵੀਂ ਤੋਂ ਚਾਲੂ ਕੀਤੇ ਜਾਣ ਤੇ ਮਹਿੰਗਾਈ ਅਨੁਸਾਰ ਵਾਧਾ ਹੋਵੇ। ਪੁਲਿਸ ਨਾਲ ਟਕਰਾ ਹੋਇਆ। ਪ੍ਰੈਸ ਨੇ ਸਾਡੇ ਅੰਦੋਲਨ ਨੂੰ ਹਾਈਲਾਈਟ ਕੀਤਾ। ਸਿੱਟੇ ਵਜ਼ੋਂ ਸਾਰੀਆਂ ਮੰਗਾਂ ਮੰਨੀਆਂ ਗਈਆਂ। ਮਹਾਂਪੁਰਸ਼ਾਂ ਦੀਆਂ ਸਿਲੇਬਸਾ ਵਿੱਚ ਜੀਵਨੀਆਂ ਵੀ ਸ਼ੁਰੂ ਹੋਈਆਂ, ਵਜ਼ੀਫੇ ਵੀ ਵਧੇ ਅਤੇ ਛੇਵੀ ਤੋਂ ਚਾਲੂ ਹੋਏ। ਪ੍ਰੰਤੂ ਸਾਨੂੰ ਇਸ ਦੀ ਕੀਮਤ ਬਹੁਤ ਵੱਡੀ ਚੁਕਾਉਣੀ ਪਈ।
1975 ਵਿੱਚ ਦੇਸ਼ ਵਿੱਚ ਐਮਰਜੈਂਸੀ ਲੱਗ ਗਈ। ਪਿੰਡ ਦੇ ਜਿਮੀਂਦਾਰਾਂ ਤੇ ਇਲਾਕੇ ਦੇ ਕਾਂਗਰਸੀ ਹਰੀਜਨ ਐਮ ਐਲ ਏ ਨੇ ਆਪਣੀ ਸਿਆਸੀ ਕਿਡ਼ ਕੱਡਣ ਲਈ ਸਾਨੂੰ ਨਿਕਸਲਬਾਡ਼ੀ ਬਣਾ ਕੇ 1976 ਵਿੱਚ ਮੈਨੂੰ ਅਤੇ ਮੇਰੇ 10 ਸਾਥੀਆਂ ਨੂੰ ਦੇਸ਼ ਵਿਰੁੱਧ ਬਗਾਵਤ ਦਾ ਦੋਸ਼ ਲਾ ਕੇ, ਡੀ. ਆਈ. ਆਰ (ਡੀਫੈਂਸ ਆਫ ਇੰਡੀਆ) ਰੂਲ ਤਹਿਤ ਨਜ਼ਰਬੰਦ ਕਰਵਾ ਦਿੱਤਾ। ਸਾਡੇ 11 ਵਿਚੋਂ 9 ਮੁੰਡੇ ਨਾਬਾਲਗ ਸਨ। ਐਸ. ਐਚ. ਓ. ਨੇ ਕਿਹਾ, ਚੌਧਰੀ ਸਾਹਿਬ ਨਿਆਣੇ ਹਨ। ਤਾਂ ਉਸ ਕਿਹਾ, ਨਿਆਣੇ, ਇਹ ਸਪੋਲੀਏ ਹਨ। ਇਹ ਮੈਨੂੰ ਡਾ. ਅੰਬੇਡਕਰ ਚੌਂਕ ਵਿੱਚ ਜਲਸਾ ਨਹੀਂ ਕਰਨ ਦਿੰਦੇ। ਇਹਨਾਂ ਦੀ ਜੈ ਭੀਮ ਕੱਢਣੀ ਹੈ। ਇਸ ਲਈ ਇਹਨਾਂ ਨੂੰ ਐਮਰਜੈਂਸੀ ਦੇ ਕਾਨੂੰਨ ਲਾ ਕੇ ਬੰਦ ਕਰ ਦੇ। ਉਸ ਫਿਰ ਕਿਹਾ, ਚੌਧਰੀ ਸਾਹਿਬ ਦਇਆ ਕਰੋ, ਬੱਚੇ ਹਨ। ਚੌਧਰੀ, ਜੇ ਤੈਨੂੰ ਨੌਕਰੀ ਚਾਹੀਦੀ ਹੈ ਤਾਂ ਇਹਨਾਂ ਨੂੰ ਬੰਦ ਕਰ ਦੇ, ਕਹਿ ਕੇ ਥਾਣੇ 'ਚੋਂ ਚਲਾ ਗਿਆ। 1977 ਵਿੱਚ ਐਮਰਜੈਂਸੀ ਖਤਮ ਹੋਣ ਉਪਰੰਤ ਅਸੀਂ ਰਿਹਾ ਹੋਏ।
ਐਮਰਜੈਂਸੀ ਬਾਅਦ ਅਕਾਲੀ ਸਰਕਾਰ ਬਣੀ। ਸਰਕਾਰ ਨੇ ਐਲਾਨ ਕੀਤਾ ਕਿ ਜਿਸ ਪਿੰਡ ਦੇ ਬੰਦੇ ਐਮਰਜੈਂਸੀ ਵਿਰੁੱਧ ਜੇਲ੍ਹਾਂ ਵਿੱਚ ਗਏ, ਉਸ ਪਿੰਡ ਨੂੰ ਮਾਡਲ ਗ੍ਰਾਮ ਬਣਾਇਆ ਜਾਵੇਗਾ। ਇਸ ਸਕੀਮ ਤਹਿਤ ਸਾਡੇ ਪਿੰਡ ਨੂੰ 25 ਲੱਖ ਰੁਪਏ ਅਲਾਟ ਹੋਏ। ਉਸ ਵੇਲੇ ਪੰਚਾਇਤ ਤੇ, ਉਹਨਾਂ ਜਿਮੀਂਦਾਰਾਂ ਦਾ ਕੰਟਰੋਲ ਸੀ ਜਿਹਨਾਂ ਸਾਨੂੰ ਨਜ਼ਰਬੰਦ ਕਰਵਾਇਆ ਸੀ। ਉਹਨਾਂ ਸੋਚਿਆ ਕਿ ਜੇ ਪਿੰਡ ਮਾਡਲ ਗ੍ਰਾਮ ਬਣ ਗਿਆ ਤਾਂ ਇਹ ਸਾਡੇ ਮੱਥੇ ਤੇ ਕਲੰਕ ਲੱਗ ਜਾਵੇਗਾ। ਲੋਕ ਕਹਿਣਗੇ ਕਿ... ਦੇ ਮੁੰਡੇ ਜੇਲ੍ਹ ਗਏ ਤਾਂ ਪਿੰਡ ਮਾਡਲ ਗ੍ਰਾਮ ਬਣਿਆ। ਇਸ ਲਈ ਪੰਚਾਇਤ ਨੇ ਇਹ ਕਹਿ ਕੇ ਗ੍ਰਾਂਟ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਪਿੰਡ ਨੂੰ ਲੋਡ਼ ਨਹੀਂ। ਪ੍ਰੰਤੂ ਅਸੀਂ ਕਾਮਰੇਡ ਹਰਬੰਸ ਸਿੰਘ ਬੀਕਾ ਐਮ. ਐਲ. ਏ. ਅਤੇ ਮਾਸਟਰ ਭਗਤ ਰਾਮ, ਐਮ. ਪੀ. ਦੇ ਸਹਿਯੋਗ ਨਾਲ ਆਪਣੇ ਹਿੱਸੇ ਦੇ ਪੈਸੇ ਲਿਆ ਕੇ ਦਲਿਤ ਬਸਤੀਆਂ ਦਾ ਵਿਕਾਸ ਕਰ ਲਿਆ। ਦੇਖਿਆ ਜਾਤੀਵਾਦ ਦਾ ਜ਼ਹਿਰ? ਜਾਤੀਵਾਦ ਸਮਾਜਿਕ ਧਾਰਮਿਕ ਤੇ ਰਾਜਨੀਤਕ ਹੀ ਨਹੀਂ, ਇਹ ਵਿਕਾਸ ਦੇ ਰਾਹ ਵਿੱਚ ਵੀ ਰੋਡ਼ਾ ਅਟਕਾਉਂਦਾ ਹੈ।
ਪ੍ਰਸ਼ਨ- ਉਹਨਾਂ ਗਿਆਰਾਂ ਨੌਜਵਾਨਾਂ ਦੇ ਨਾਮ ਕੀ ਹਨ?
ਉੱਤਰ- ਨਾਮ ਹੀ ਨਹੀਂ ਆਹ ਗਿਆਰਾਂ ਨੌਜਵਾਨਾਂ ਦੀ ਉਸ ਸਮੇਂ ਦੀ ਫੋਟੋ ਵੀ ਲਓ। ਨਾਮ ਹਨ ਸੰਤੋਖ ਲਾਲ ਵਿਰਦੀ ਉਮਰ (22), ਡਾ. ਪਿਆਰਾ ਲਾਲ (21), ਹੰਸ ਰਾਜ (18), ਜਗਦੀਸ਼ (17), ਮਨੋਹਰ (17), ਜੀਤ ਰਾਮ (16), ਸੱਤਪਾਲ (16), ਸੰਤ ਰਾਮ (14), ਰਾਮ ਸਵਰੂਪ (15), ਜੀਤ ਰਾਮ (15), ਬਲਵੰਤ (12) ਆਦਿ ਸਾਰੇ ਪਿੰਡ ਬਿਰਕਾਂ ਦੇ ਵਸਨੀਕ ਹਨ। 
1978 ਵਿੱਚ ਅਸੀਂ ਪਹਿਲਾ ਦਲਿਤ ਸੱਭਿਆਚਾਰਕ ਮੇਲਾ ਪਿੰਡ ਬਿਰਕਾਂ ਵਿਖੇ ਕਰਵਾਇਆ। ਜਿਸ ਦਾ ਉਦਘਾਟਨ ਕਾਮਰੇਡ ਹਰਬੰਸ ਸਿੰਘ ਬੀਕਾ, ਐਮ. ਐਲ. ਏ. ਨੇ ਕੀਤਾ। ਸ. ਅਮਰ ਸਿੰਘ ਦੁਸਾਂਝ ਸੰਪਾਦਕ, ਰੋਜਾਨਾਂ ਅਕਾਲੀ ਪੱਤਰਕਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। 1978-79 ਵਿੱਚ ਅਸੀਂ ਗੋਬਿੰਦ ਰਾਮ ਕਾਂਡ, ਚਾਨਣ ਰਾਮ ਕਾਂਡ ਫਗਵਾਡ਼ਾ, ਪ੍ਰੀਤਮ ਕੌਰ ਕਾਂਡ ਹੁਸ਼ਿਆਰਪੁਰ, ਧੋਗਡ਼ੀ ਕਾਂਡ ਜਲੰਧਰ, ਧੁੱਗਾ ਕਾਂਡ ਗਡ਼ਦੀਵਾਲਾ, ਲੋਧੀਪੁਰ ਕਾਂਡ ਨਵਾਂਸ਼ਹਿਰ ਆਦਿ ਲਡ਼ੇ। 1980 ਵਿੱਚ ਮੈਂ ਵਕਾਲਤ ਕਰਨ ਚਲਾ ਗਿਆ ਅਤੇ ਜਨਵਰੀ 1984 ਵਿੱਚ ਪੰਜਾਬ ਵਾਪਸ ਆਇਆ। ਫਰਵਰੀ ਵਿੱਚ ਹੀ ਫਗਵਾਡ਼ੇ, ਅੰਬੇਡਕਰ-ਮਾਰਕਸ-ਬੁੱਧਾ ਲਰਨਿੰਗ ਸੈਂਟਰ ਖੋਲ੍ਹ ਦਿੱਤਾ। ਹਰ ਐਤਵਾਰ ਕੇਡਰ ਕੈਂਪ ਲਗਦਾ। ਕਈ ਆਗੂ ਇਥੋਂ ਟਰੇਂਡ ਹੋਏ। ਜੂਨ 1984 ਵਿੱਚ ਬਲੀਊ ਸਟਾਰ ਹੋ ਗਿਆ ਤੇ ਅੱਤਵਾਦ ਦਾ ਦੌਰ ਸ਼ੁਰੂ ਹੋ ਗਿਆ।
ਪ੍ਰਸ਼ਨ- ਵਿਰਦੀ ਸਾਹਿਬ ਤੁਹਾਡੀਆ ਹੁਣ ਤਕ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਹਨ? ਨਾਮ ਸਹਿਤ ਜਾਣਕਾਰੀ ਦਿਓ?
ਉੱਤਰ- ਮੈਂ ਹੁਣ ਤੱਕ ਢਾਈ ਦਰਜਨ ਦੇ ਕਰੀਬ ਕਿਤਾਬਾਂ ਛਾਪ ਚੁੱਕਾ ਹਾਂ। 60 ਹਜ਼ਾਰ ਦੇ ਕਰੀਬ ਮੈਂ ਆਪਣੀਆਂ ਲਿਖੀਆਂ ਹੋਈਆਂ ਪੁਸਤਕਾਂ ਲੋਕਾਂ ਦੀ ਝੋਲੀ ਪਾ ਚੁਕਾ ਹਾਂ। 30 ਦੇ ਕਰੀਬ ਛੋਟੇ ਕਿਤਾਬਚੇ ਕਰੀਬ ਲੱਖ ਦੀ ਗਿਣਤੀ ਵਿੱਚ ਲੋਕਾਂ ਤਕ ਪਹੁੰਚਾਏ ਹਨ। ਮੇਰੀਆਂ ਕਿਤਾਬਾਂ ਦੇ ਨਾਮ ਹਨ- ਪੰਜਾਬ ਦਾ ਦਲਿਤ ਇਤਿਹਾਸ, ਦਲਿਤ ਯੋਧੇ, ਕਾਸਟਿਜ਼ਮ: ਏਠਥ ਵੰਡਰ ਆਫ ਦੀ ਵਰਲਡ (ਅੰਗਰੇਜੀ), ਮਨੁੱਖਤਾ ਦੇ ਮਸੀਹਾ ਡਾਕਟਰ ਅੰਬੇਡਕਰ, ਦਲਿਤਾ ਦੇ ਮਸੀਹਾ ਬਾਬਾ ਸਾਹਿਬ ਅੰਬੇਡਕਰ, ਬੁੱਧ ਧੱਮ, ਡਾਕਟਰ ਅੰਬੇਡਕਰ ਤੇ ਦਲਿਤ, ਦਲਿਤ ਮੁਕਤੀ ਮਾਰਗ, ਡਾਕਟਰ ਅੰਬੇਡਕਰ ਬੁੱਧ ਹੀ ਕਿਉਂ ਬਣੇ?, ਦਲਿਤ ਸਾਹਿਤ ਤੇ ਸੱਭਿਅਤਾ (ਸੰਪਾਦਕ), ਦਲਿਤ ਪੀਡ਼ਾ (ਕਵਿਤਾ ਸੰਪਾਦਕ), ਭਾਰਤੀ ਸਮਾਜ ਤੇ ਸੱਭਿਆਚਾਰਕ ਇਨਕਲਾਬ, ਦਲਿਤ ਸਾਹਿਤ (ਸੰਪਾਦਕ), ਫਸਟ ਪੰਜਾਬੀ ਦਲਿਤ ਸਾਹਿਤ ਸੰਮੇਲਨ, ਮੰਡਲ ਕਮਿਸ਼ਨ ਤੇ ਸੋਸ਼ਲ ਜਸਟਿਸ, ਰਿਜ਼ਰਵੇਸ਼ਨ?, ਦਲਿਤ ਇਨਕਲਾਬ, ਦਲਿਤ ਦਾਸਤਾਨ, ਅੰਬੇਡਕਰੀ ਕਰੈਕਟਰ, ਸੱਚ ਦੀ ਲੋਅ, ਦਲਿਤ ਪੈਂਥਰ ਮੈਨੀਫੈਸਟੋ, ਗੁਰੂ ਰਵਿਦਾਸ ਤੇ ਡਾਕਟਰ ਅੰਬੇਡਕਰ, ਪੰਜਾਬ ਪਰੌਬਲਮ, ਸਿੱਖ ਸੰਘਰਸ਼ ਤੇ ਦਲਿਤ ਲੋਕ, ਦਲਿਤ ਪੈਂਥਰ ਅੰਦੋਲਨ, ਮਰਾਠਵਾਡ਼ਾ ਅੰਦੋਲਨ (ਹਿੰਦੀ), ਦਲਿਤ ਇਤਿਹਾਸ, ਦਲਿਤ ਆਵਾਜ਼ ਆਦਿ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੀਆਂ ਹਨ।10 ਕਿਤਾਬਾਂ ਦੇ ਖਰਡ਼੍ਹੇ ਤਿਆਰ ਪਏ ਹਨ। ਪੰਜ ਕਿਤਾਬਾਂ, ਡਾ. ਅੰਬੇਡਕਰ ਤੇ ਉਹਨਾਂ ਦਾ ਫਲਸਫਾ, ਬਹੁਜਨ ਮੈਨੀਫੈਸਟੋ, ਅੰਬੇਡਕਰੀ ਚਰਿੱਤਰ, ਧਰਮ, ਅਧਰਮ ਅਤੇ ਸੱਚਾ ਧਰਮ, ਪੂਨਾ ਪੈਕਟ ਦੀ ਇਤਿਹਾਸਕਤਾ ਅਗਲੇ ਮਹੀਨੇ ਤੱਕ ਆ ਜਾਣਗੀਆਂ। ਮੇਰੇ 300 ਤੋਂ ਉੱਪਰ ਰੋਜ਼ਾਨਾਂ ਅਖਬਾਰਾਂ ਵਿੱਚ ਹੁਣ ਤੱਕ ਆਰਟੀਕਲ ਛਪ ਚੁੱਕੇ ਹਨ। ਵੀਕਲੀ ਅਖਬਾਰਾਂ, ਆਜ ਕਾ ਦਲਿਤ, ਦਿੱਲੀ, ਬੇਗਮਪੁਰੇ ਦਾ ਵਾਸੀ, ਮੁਕਤਸਰ, ਵਿਗਿਆਨਕ ਸੋਚ, ਫਿਲੌਰ, ਬੇਗਮਪੁਰਾ ਪਰਿਵਾਰ ਅਤੇ ਰਾਖਵਾਂਕਰਨ ਮੁਲਾਜ਼ਮ ਦਰਪਣ ਵਿੱਚ ਸਥਾਈ ਕਾਲਮ ਲਗਾਤਾਰ ਛਪਦੇ ਹਨ।
ਪ੍ਰਸ਼ਨ- ਖੋਜ ਭਰਪੂਰ ਜਿਹਡ਼ੀਆਂ ਤੁਸੀ ਕਿਤਾਬਾਂ ਲਿਖਦੇ ਹੋ, ਉਹਨਾਂ ਦੀ ਖੋਜ ਦੇ ਸਰੋਤ ਕਿੱਥੋਂ ਪ੍ਰਾਪਤ ਕਰਦੇ ਹੋ?
ਉੱਤਰ- ਆਹ ਵੇਖੋ, ਮੇਰੀ ਨਿੱਜ਼ੀ ਲਾਈਬਰੇਰੀ ਵਿੱਚ ਦੋ ਹਜ਼ਾਰ ਕਿਤਾਬ ਪਈ ਹੈ। 200 ਕਿਤਾਬ ਬੁੱਧ ਬਾਰੇ ਹਨ। 200 ਕਿਤਾਬ ਡਾਕਟਰ ਅੰਬੇਡਕਰ ਬਾਰੇ ਹੈ। ਮਾਰਕਸਵਾਦ ਤੇ ਕਮਿਉਨਿਜ਼ਮ ਉੱਪਰ 50 ਕਿਤਾਬਾਂ ਹਨ। ਸ਼੍ਰੀ ਗੁਰੂ ਰਵਿਦਾਸ, ਮਹਾਂਰਿਸ਼ੀ ਵਾਲਮੀਕ, ਕਬੀਰ ਜੀ ਨਾਲ ਸਬੰਧਤ 150 ਕਿਤਾਬਾਂ ਹਨ। ਸਿੱਖ ਧਰਮ ਤੇ 50 ਕਿਤਾਬਾਂ ਹਨ। 100 ਕਿਤਾਬਾਂ ਹਿੰਦੂ ਧਰਮ ਤੇ ਹਨ। ਇਕ ਹਜਾਰ ਕਿਤਾਬ ਜਨਰਲ ਹੈ। ਇਸ ਤੋਂ ਇਲਾਵਾ ਮੈਂ ਲਾਇਬਰੇਰੀ ਵਿੱਚ ਪਡ਼੍ਹਨ ਵਾਸਤੇ ਵੀ ਜਾਂਦਾ ਹਾਂ। ਮੇਰੇ ਕੋਲ ਰੋਜ਼ਾਨਾ 7 ਅਖਬਾਰਾਂ ਆਉਂਦੀਆਂ ਹਨ। 10 ਵੀਕਲੀ ਪੇਪਰ, 10 ਪੇਪਰ ਪੰਦਰਵਾਡ਼ਾ, ਮਸਿਕ ਤੇ ਤ੍ਰੈਮਾਸਿਕ ਆਉਂਦੇ ਹਨ। ਇਹੀ ਸਾਡੀ ਖੋਜ ਦਾ ਸਰੋਤ ਹਨ।
ਪ੍ਰਸ਼ਨ- ਤੁਹਾਡਾ ਸਾਰਾ ਸਾਹਿਤ ਡਾਕਟਰ ਅੰਬੇਡਕਰ ਅਤੇ ਦਲਿਤਾਂ ਉੱਤੇ ਹੀ ਕਿਉਂ ਕੇਂਦਰਿਤ ਹੈ? ਕੀ ਇਹ ਜਾਤੀਵਾਦੀ ਜਾਂ ਫਿਰਕਾ ਪ੍ਰਸਤ ਸਾਹਿਤ ਨਹੀ?
ਉੱਤਰ- ਦੁਸਾਂਝ ਸਾਹਿਬ, ਪੰਜਾਬੀ ਵਿੱਚ 10 ਹਜ਼ਾਰ ਤੋਂ ਉਪਰ ਲੇਖਕ ਹੋ ਚੁੱਕੇ ਹਨ। ਉਹ ਸਿਰਫ ਬਾਕੀਆਂ ਲਈ ਲਿਖਦੇ ਹਨ। ਮੈਂ ਤੇ 8-10 ਹੋਰ ਹੋਣਗੇ ਜੋ ਇਹਨਾਂ 85% ਬਹੁਜਨ ਦਲਿਤਾਂ ਬਾਰੇ ਲਿਖਦੇ ਹੋਣਗੇ। ਫਿਰ ਇਹਨਾਂ ਦਸ ਹਜ਼ਾਰ ਲੇਖਕਾਂ ਦੀ ਲੇਖਣੀ ਨੂੰ ਵੀ ਵੇਖੋ? ਇਸ ਵਿਚ ਕਿਸਾਨ ਦੀ ਲੁੱਟ, ਪੀਡ਼ਾ, ਦਰਦ ਦਾ ਉਲੇਖ ਤਾਂ ਹੈ, ਪ੍ਰੰਤੂ ਉਸ ਦੇ ਸਾਥ ਕੰਮ ਕਰਨ ਵਾਲੇ 'ਸੀਰੀ' (ਨੌਕਰ) ਦੀ ਲੁੱਟ, ਪੀਡ਼ਾ, ਦਮਨ ਅਤੇ ਦਰਦ ਨਹੀਂ ਦਿਸਦਾ। ਖੇਤਾਂ ਨੂੰ ਭੱਤਾ ਲੈਕੇ ਜਾਂਦੀ ਜੱਟੀ ਦੀ ਮਡ਼ਕ ਦਾ ਮੁਜ਼ਾਹਰਾ ਤਾਂ ਹੈ, ਪ੍ਰੰਤੂ ਖੇਤਾਂ ਵਿੱਚੋਂ ਭਿੱਜੀ ਇੱਲ੍ਹ ਦੀ ਤਰ੍ਹਾਂ ਘਾਹ ਦੀ ਪੰਡ ਲੈ ਕੇ ਆਉਂਦੀ ਚਮਾਰੀ-ਚੂਹਡ਼ੀ ਦੀ ਖਾਮੋਸ਼ੀ ਦਾ ਵਰਨਣ ਨਹੀਂ ਹੈਗਿੱਧੇ ਵਿੱਚ ਨੱਚਦੀ ਮੁਟਿਆਰ ਦੀ ਮਸਤੀ ਦਾ ਮਾਮਲਾ ਤਾਂ ਹੈ ਪ੍ਰੰਤੂ ਸਿਰ ਤੇ ਗੰਦਗੀ ਦਾ ਟੋਕਰਾ ਚੁੱਕ ਕੇ ਲਿਜਾਂਦੀ ਭੰਗਣ ਦੀ ਭੈਡ਼ੀ ਦਸ਼ਾ ਦਾ ਵਰਨਣ ਨਹੀਂ ਹੈਸਡ਼ਕ ਤੇ ਕਾਲਜ ਨੂੰ ਜਾਂਦੀ ਨੌਜਵਾਨ ਲਡ਼ਕੀ ਦੀ ਸੁੰਦਰਤਾ ਦੀ ਸਰਾਹਨਾ ਤਾਂ ਹੈ, ਪਰ ਸਡ਼ਕ ਤੇ ਪੱਥਰ ਤੋਡ਼ਦੀ ਸ਼ਕਲ ਤੋਂ ਬੇਸ਼ਕਲ ਹੋਈ ਨੌਜਵਾਨ ਲਡ਼ਕੀ ਦੀ ਦੁੱਖਦਾਇਕ ਗਾਥਾ ਨਹੀਂ ਹੈ। ਜਿਮੀਦਾਰਾਂ ਦੀਆਂ ਉੱਚੀਆਂ ਹਵੇਲੀਆਂ ਅਤੇ ਖੁੱਲੇ ਖੇਤਾਂ ਦੀਆਂ ਬਹਾਰਾਂ ਦਾ ਬੋਲਬਾਲਾ ਤਾਂ ਹੈ ਪ੍ਰੰਤੂ ਇਹਨਾਂ ਵਿੱਚ ਸੇਪੀ ਤੇ ਕੰਮ ਕਰਦੇ ਝਿਊਰਾਂ ਨੂੰ ਝਿਡ਼ਕਾਂ, ਤਰਖਾਣਾ ਦੇ ਤਰਲੇ, ਲੁਹਾਰਾਂ ਦੇ ਲਹੂ ਲੁਹਾਣ ਹੱਥ, ਨਾਈਆਂ ਦੇ ਨਹੇਰਨੇ, ਘਮਾਰਾਂ ਨੂੰ ਘੂਰੀਆਂ ਤੇ ਛੀਂਬਿਆਂ ਦੀ ਸੇਪੀ ਦੇ ਸਿਆਪੇ ਦੀ ਸੁਰ ਵੀ ਨਹੀਂ ਸੁਣਦੀ। ਧਰਮ ਤੇ ਸਮਾਜ ਦੇ ਠੇਕੇਦਾਰਾਂ ਦੁਆਰਾ ਕਿਸਾਨ ਦੇ ਦੁਧਾਰੂ ਜਾਨਵਰਾਂ ਨੂੰ ਕਰਜੇ ਦੇ ਬਦਲੇ ਖੋਹਲ ਕੇ ਲੈ ਜਾਣ ਦੀ ਦੁਹਾਈ ਤਾਂ ਹੈ ਪ੍ਰੰਤੂ ਦਲਿਤਾਂ ਦੇ ਦੁਧਾਰੂ ਜਾਨਵਰਾਂ ਨੂੰ ਬਿਨਾਂ ਬਜ੍ਹਾ ਹੀ ਉੱਚ ਜਾਤੀਆਂ ਵਲੋਂ ਜਬਰੀ ਹੱਕ ਕੇ ਲੈ ਜਾਣ ਪ੍ਰਤੀ ਹਾਅ ਦਾ ਨਾਅਰਾ ਨਹੀਂ ਮਿਲਦਾ। ਹਾਡ਼ੀ ਸਾਂਭ ਕੇ ਮੇਲੇ ਗਏ ਜੱਟ ਦੇ ਦਮਾਮੇ ਦੇ ਦਰਸ਼ਨ ਤਾਂ ਹੁੰਦੇ ਹਨ, ਪ੍ਰੰਤੂ ਮਾਲ ਢਾਂਡਾ ਸਾਂਭਣੇ ਨੂੰ ਪਿੱਛੇ ਛੱਡ ਕੇ ਗਏ ਚੂਹਡ਼ੇ ਦੇ ਚਾਵਾਂ ਦੀ ਚੁੱਗਲੀ ਵੀ ਨਹੀਂ ਹੈ। ਹੀਰ-ਰਾਂਝਾ, ਸੱਸੀ-ਪੁੰਨੂ, ਸ਼ੀਰੀ-ਫਰਿਆਦ, ਸੋਹਣੀ-ਮਹੀਂਬਾਲ ਦੇ ਇਸ਼ਕ-ਮੁਸ਼ਕ ਵੱਲ ਇਸ਼ਾਰਾ ਤਾਂ ਹੈ ਪ੍ਰੰਤੂ ਇਨ੍ਹਾਂ ਦੀ ਸਫਲਤਾ ਵਿੱਚ ਰੁਕਾਵਟ ਬਣੀ ਜਾਤੀਵਾਦੀ ਮਾਨਸਿਕ ਸੋਚ ਨੂੰ ਛੁਪਾਇਆ ਗਿਆ ਹੈ। ਦੋ ਵਰਗਾਂ ਵਿੱਚ ਵੰਡੀ ਦੁਨੀਆਂ, ਇੱਕ ਲੋਕਾਂ ਦੀ, ਦੂਜੀ ਜੋਕਾਂ ਦੀ ਕਲਪਨਾ ਤਾਂ ਹੈ ਪ੍ਰੰਤੂ ਛੇ ਹਜ਼ਾਰ ਜਾਤਾਂ ਵਿੱਚ ਵੰਡੇ ਭਾਰਤੀ ਸਮਾਜ ਦਾ ਯਥਾਰਥ ਨਹੀਂ ਹੈ। ਪਗਡੰਡੀਆਂ ਜਾਂ ਦੇਸ਼ਾਂ ਦੇ ਵਟਵਾਰੇ ਨੂੰ ਖ਼ਤਮ ਕਰਕੇ ਇੱਕ ਕਰਨ ਦੀ ਗੱਲ ਤਾਂ ਹੈ ਪ੍ਰੰਤੂ ਸਮਾਜ ਵਿੱਚ ਜਾਤ-ਪਾਤ ਅਤੇ ਛੂਆ-ਛਾਤ ਦੀਆਂ ਪਾਈਆਂ ਵੰਡੀਆਂ ਨੂੰ ਖ਼ਤਮ ਕਰਕੇ ਭਾਈਚਾਰਾ ਬਣਾਉਣ ਦੀ ਭਾਵਨਾ ਨਹੀਂ ਹੈ। ਕਰਜੇ ਬਦਲੇ ਕਿਸਾਨ ਦੀ ਜ਼ਮੀਨ ਖੋਹੇ ਜਾਣ ਦਾ ਜ਼ਿਕਰ ਤਾਂ ਹੈ ਪ੍ਰੰਤੂ ਹਜ਼ਾਰਾਂ ਸਾਲਾਂ ਤੋਂ ਕਰੋਡ਼ਾਂ ਦਲਿਤ, ਜੋ ਆਪਣੇ ਪੈਰਾਂ ਥੱਲੇ ਅਤੇ ਝੌਪਡ਼ੀ ਵਾਲੀ ਜ਼ਮੀਨ ਦੇ ਵੀ ਉਹ ਮਾਲਕ ਨਹੀਂ ਬਣ ਸਕੇ ਬਲਕਿ ਜਿੰਮੀਦਾਰਾਂ ਦੇ 'ਰਿਜਤਨਾਮੇ' ਵਸਦੇ ਰਹੇ ਤੇ ਇਸ ਦੇ ਬਦਲੇ ਵਿੱਚ ਉਹਨਾਂ ਤੋਂ ਲਈ ਜਾਂਦੀ ਵਗਾਰ ਦਾ ਵਰਨਣ ਕਿਧਰੇ ਨਹੀਂ ਮਿਲਦਾ। ਦਲਿਤ, ਦਲਿਤ, ਨੀਚ ਤੇ ਗੁਲਾਮ ਪੈਦਾ ਹੁੰਦੇ, ਦਲਿਤ, ਨੀਚ ਤੇ ਗੁਲਾਮ ਰਹਿ ਕੇ ਵੱਡੇ ਹੁੰਦੇ ਅਤੇ ਦਲਿਤ, ਨੀਚ ਤੇ ਗੁਲਾਮ ਹੀ ਮਰ ਜਾਂਦੇ। ਕੀ ਦਲਿਤਾਂ ਦੇ ਇਸ ਦੁੱਖ ਦਰਦ ਦੀ ਦਾਸਤਾਨ ਦਾ ਇਹਨਾਂ ਸਥਾਪਤ ਸਾਹਿਤਕਾਰਾਂ ਨੇ ਕਿਧਰੇ ਜ਼ਿਕਰ ਕੀਤਾ ਹੈ?
ਦਲਿਤ ਸਮਾਜ ਵਿੱਚ ਸਭ ਦੀ ਸੇਵਾ ਕਰਕੇ ਵੀ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਰਹੇ। ਪਿੰਡਾਂ ਅਤੇ ਸ਼ਹਿਰਾਂ ਤੋਂ ਬਾਹਰ ਸ਼ਮਸ਼ਾਨਘਾਟਾਂ ਦੇ ਪਾਸ, ਗੰਦੇ ਨਾਲਿਆਂ ਤੇ ਛੱਪਡ਼ਾਂ ਦੇ ਦੁਆਲੇ ਜਹਿਮਤ ਭਰੀ ਜਿੰਦਗੀ ਜਿਉਂਦੇ ਰਹੇ, ਉੱਚ ਜਾਤੀਆ, ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਤਾਂ ਕੀ ਪਾਉਣੀ, ਉਹਨਾਂ ਦੇ ਪਰਛਾਵੇਂ ਤੋਂ ਵੀ ਬਚਦੇ ਰਹੇ, ਜਦ ਉਹਨਾਂ ਨੂੰ ਮਜ਼ਬੂਰਨ ਪਿੰਡ ਜਾਂ ਸ਼ਹਿਰਾਂ ਵਿੱਚ ਮਰੇ ਜਾਨਵਰਾਂ ਨੂੰ ਉਠਾਉਣ ਲਈ ਜਾਣਾ ਪੈਂਦਾ ਤਾਂ ਉਹਨਾਂ ਨੂੰ ਪਿੰਡ ਜਾਂ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਚੀ ਉੱਚੀ ਚੀਕਾਂ ਮਾਰ ਕੇ ਜਾਣਾ ਪੈਂਦਾ, ਤਾਂ ਜੋ ਕਿ ਉੱਚ ਜਾਤੀਆਂ ਦੇ ਲੋਕ ਉਹਨਾਂ ਨੂੰ ਦੇਖਣ ਤੋਂ ਪਹਿਲਾਂ ਹੀ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦੀ ਸਾਰੀ ਬਸਤੀ ਨੂੰ ਅੱਗ ਲਾ ਕੇ ਭਸਮ ਕਰ ਦਿੱਤਾ ਜਾਂਦਾ ਰਿਹਾ। ਖੂਹ ਤੇ ਚਡ਼ਨ ਜਾਂ ਮੰਦਰ ਪੈਰ ਪਾਉਣ ਤੇ ਉਹਨਾਂ ਦੇ ਨੱਕ, ਕੰਨ, ਬੁੱਲ੍ਹ ਕੱਟ ਦਿੱਤੇ ਜਾਂਦੇ ਰਹੇ। ਉਹਨਾਂ ਨੂੰ ਉੱਚ ਜਾਤੀਆਂ ਦੀ ਗੰਦਗੀ ਉਠਾ ਕੇ ਲਿਜਾਣੀ ਪੈਂਦੀ, ਅਜਿਹਾ ਨਾ ਕਰਨ ਤੇ ਉਹਨਾਂ ਦੀਆਂ ਅੱਖਾਂ ਗਰਮ ਸ਼ਲਾਖਾਂ ਨਾਲ ਕੱਢ ਦਿੱਤੀਆਂ ਜਾਂਦੀਆਂ। ਖੂਹ ਉਹ ਪੁੱਟਦੇ, ਪ੍ਰੰਤੂ ਖੂਹ ਵਿੱਚ ਪਾਣੀ ਆਉਂਦੇ ਹੀ ਉਹ ਉਸੇ ਖੂਹ ਤੇ ਨਹੀਂ ਚਡ਼ ਸਕਦੇ ਸਨ। ਉਹ ਨਵੇਂ ਕੱਪਡ਼ੇ ਤਾਂ ਕੀ, ਉਹ ਤਾਂ ਮੁਰਦਿਆਂ ਦੇ ਉਤਾਰੇ ਹੋਏ ਕੱਪਡ਼ੇ ਵੀ ਉੱਚ ਜਾਤੀਆਂ ਵਾਂਗ ਨਹੀਂ ਪਹਿਨ ਕਰਦੇ ਸਨ। ਦਲਿਤ ਔਰਤਾਂ ਆਪਣੀ ਛਾਤੀ ਨਹੀਂ ਢੱਕ ਸਕਦੀਆਂ ਸਨ। ਜੇ ਉਹ ਢਕਣ ਦੀ ਕੋਸ਼ਿਸ਼ ਕਰਦੀਆ ਤਾਂ ਉਹਨਾ ਦੀਆ ਛਾਤੀਆ ਕੁਤਰ ਦਿੱਤੀਆ ਜਾਂਦੀਆ। ਦਲਿਤ ਮਰਦ ਗੋਡਿਆਂ ਤੋਂ ਥੱਲੇ ਧੋਤੀ ਨਹੀਂ ਪਹਿਨ ਸਕਦੇ ਸਨ, ਅਜਿਹਾ ਕਰਨ ਤੇ ਉਹਨਾਂ ਦੇ ਗੋਡੇ ਤੋਡ਼ ਦਿੱਤੇ ਜਾਂਦੇ ਸਨ। ਉਹ ਭਗਵਾਨ ਦੇ ਮੰਦਰ ਵਿੱਚ ਨਹੀਂ ਜਾ ਸਕਦੇ ਸਨ, ਭਲੇ ਹੀ ਕੁੱਤ,ੇ ਬਿੱਲੇ ਭਗਵਾਨ ਤੇ ਪੇਸ਼ਾਬ ਕਰੀ ਜਾਣ। ਸਿੱਖਿਆ ਗ੍ਰਹਿਣ ਕਰਨਾ ਉਹਨਾਂ ਲਈ ਘੋਰ ਅਪਰਾਧ ਸੀ। ਜੇਕਰ ਉਹ ਸਹਿਮਨ ਵੀ ਸਿੱਖਿਆ ਦਾ ਸ਼ਬਦ ਸੁਣ ਲੈਣ ਤਾਂ ਉਹਨਾਂ ਦੇ ਕੰਨਾਂ ਵਿੱਚ ਪਿਘਲਿਆ ਹੋਇਆ ਸਿੱਕਾ ਪਾ ਕੇ ਸਾਡ਼ ਦਿੱਤੇ ਜਾਂਦੇ ਸਨ। ਕੋਠੀਆਂ, ਬੰਗਲੇ ਤਾਂ ਉਹਨਾਂ ਕੀ ਬਣਾਉਣੇ, ਉਹ ਤਾਂ ਆਪਣੇ ਕੋਠਿਆਂ ਤੇ ਗਾਰਡਰ ਬਾਲੇ ਵੀ ਨਹੀਂ ਪਾ ਸਕਦੇ ਸਨ। ਜੇ ਉਹ ਪਾ ਲੈਦੇ ਤਾਂ ਜਿਮੀਦਾਰ ਆ ਕੇ ਢਾਹ ਦਿੰਦੇ ਸਨ।
ਚਲੋ! ਛੱਡੋ, ਤੁਸੀ ਕਹਿਣਾ ਇਹ ਤਾਂ ਗੱਲ ਪੁਰਾਨੀ ਹੈ। ਲੇਕਿਨ ਅਜ਼ਾਦੀ ਦੇ 56 ਸਾਲ ਬਾਅਦ ਵੀ ਜੇਕਰ ਦਲਿਤ ਮੇਰਠ ਯੂਨੀਵਰਸਿਟੀ ਵਿੱਚੋਂ ਫਸਟ ਆ ਗਿਆ ਤਾਂ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਜਿੰਦਾ ਸਾਡ਼ ਦਿੱਤਾ ਗਿਆ, ਜੇ ਦਲਿਤ (ਲੁਹਾਰ) ਅਲਮੋਡ਼ਾ ਜ਼ਿਲ੍ਹੇ ਵਿਚ ਘੋਡ਼ੇ ਤੇ ਚਡ਼੍ਹ ਕੇ ਵਿਆਹੁਣ ਗਿਆ ਤਾਂ ਸਾਰੀ ਬਰਾਤ ਜਿੰਦਾ ਸਾਡ਼ ਦਿੱਤੀ ਗਈ, ਜੇ ਦਲਿਤਾਂ ਨੇ ਮੁੰਡਾ ਜੰਮਣ ਤੇ ਬੈਂਡ ਬਾਜੇ ਨਾਲ ਖੁਸ਼ੀ ਮਨਾਈ ਤਾਂ ਉਹਨਾਂ ਦੇ ਘਰ ਸਾਡ਼ ਦਿੱਤੇ ਗਏ, ਜੇ ਦਲਿਤ ਪ੍ਰੋਫੈਸਰ ਤੇ ਜੱਟੀ ਪ੍ਰੋਫੈਸਰ ਨੇ ਆਪਸ ਵਿੱਚ ਵਿਆਹ ਕਰ ਲਿਆ ਤਾਂ ਜਾਤ ਪਾਤ ਦਾ ਬੀਜ ਨਾਸ਼ ਕਰਨ ਵਾਲੇ ਪਹਿਲੇ ਯੋਧੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਬਣੇ ਖ਼ਾਲਸਾ ਕਾਲਜ ਵਿੱਚੋਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਦੇਸ਼ ਵਿੱਚ ਉੱਚ ਜਾਤੀ ਲੀਡਰਾਂ ਦੇ ਨਾਮ ਤੇ ਭਲੇ ਹੀ ਸੈਂਕਡ਼ੇ ਯੂਨੀਵਰਸਿਟੀਆਂ ਬਣ ਜਾਣ, ਪ੍ਰੰਤੂ ਜਦ ਡਾਕਟਰ ਅੰਬੇਡਕਰ ਬੇਸ਼ੱਕ ਉਹ ਦੇਸ਼ ਦਾ ਸਭ ਤੋਂ ਵੱਡਾ ਵਿਦਵਾਨ, ਦੇਸ਼ ਭਗਤ, ਸੰਵਿਧਾਨ ਨਿਰਮਾਤਾ, ਦਲਿਤਾਂ ਤੇ ਔਰਤਾਂ ਦਾ ਮਾਰਗਦਾਤਾ, ਦੁਨੀਆ ਦੇ 6 ਮਹਾਨ ਬੁੱਧੀਜੀਵੀਆਂ ਵਿਚੋਂ ਇਕ ਹੋਵੇ, ਦਲਿਤਾਂ ਦੇ ਲੰਬੇ ਸੰਘਰਸ਼ ਬਾਅਦ ਉਸ ਦੇ ਨਾਮ ਤੇ ਯੂਨੀਵਰਸਿਟੀ ਬਣਨ ਦੇ ਸਿਰਫ ਐਲਾਨ ਹੋਣ ਤੇ ਹੀ ਦਲਿਤਾਂ ਦੇ 12 ਹਜ਼ਾਰ ਘਰ ਸਾਡ਼ ਦਿੱਤੇ ਜਾਣ, ਸੈਂਕਡ਼ੇ ਦਲਿਤ ਔਰਤਾਂ ਨਾਲ ਸਮੂਹਕ ਬਲਾਤਕਾਰ ਕੀਤੇ ਹੋਣ, ਉਹਨਾਂ ਦੇ ਖੂਹਾਂ ਵਿੱਚ ਜ਼ਹਿਰ ਮਿਲਾ ਦਿੱਤੀ ਗਈ ਹੋਵੇ, ਉਹਨਾਂ ਨੂੰ ਕੁੱਟ ਕੁੱਟ ਕੇ ਪਿੰਡਾਂ ਵਿੱਚੋਂ ਭਜਾ ਦਿੱਤਾ ਗਿਆ ਹੋਵੇ, ਉਹਨਾਂ ਦੇ ਰਹਿਬਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਅਪਮਾਨਤ ਕੀਤਾ ਜਾਏ, ਜੇ ਉਹ ਰੋਸ ਪ੍ਰਗਟ ਕਰਨ ਤਾਂ 1997 'ਚ ਨਵਾਂ ਜਿਲਿਆਂ ਵਾਲੇ ਬਾਗ ਦਾ ਸਾਕਾ ਸਿਰਜ ਦਿੱਤਾ ਜਾਵੇ, ਫਿਰ ਵੀ ਦਲਿਤਾਂ ਦਾ ਚੀਕ-ਚਿਹਾਡਾ ਜਨਰਲ ਸਾਹਿਤਕਾਰਾਂ ਦੇ ਜਿਹਨ ਵਿੱਚ ਨਾ ਆਏ ਤਾਂ ਅਜਿਹੇ ਘੂਏ ਸਾਹਿਤਕਾਰਾਂ ਨੂੰ ਸਾਹਿਤਕਾਰ ਕਹਿਣ ਤੋਂ ਜੀਭ ਥਥਲਾਉਂਦੀ ਹੈ? ਜਦ ਕਿ ਦੁੱਖੀ ਅਤੇ ਪੀਡ਼ਤ ਮਨੁੱਖ ਦਾ ਦਰਦਮੰਦ ਹੋਣਾ ਲੇਖਕ ਦਾ ਮੁੱਖ ਲੱਛਣ ਹੈ, ਜੋ ਕਿ ਪੰਜਾਬੀ ਦੇ ਹਜ਼ਾਰਾਂ ਲੇਖਕਾਂ ਵਿੱਚ ਵਿਖਾਈ ਨਹੀਂ ਦਿੰਦਾ। ਇੱਥੇ ਆ ਕੇ ਪੂਰੇ ਪੰਜਾਬੀ ਸਾਹਿਤ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ?
ਪੁੱਤ ਜੱਟਾਂ ਦੇ, ਜ਼ਮੀਨ ਜੱਟ ਦੀ, ਯਾਰੀ ਜੱਟ ਦੀ, ਗੰਡਾਸਾ ਜੱਟ ਦਾ, ਦੁਸ਼ਮਣੀ ਜੱਟ ਦੀ, ਜਿਉਣਾ ਜੱਟ ਦਾ, ਲਲਕਾਰਾ ਜੱਟ ਦਾ, ਬਦਲਾ ਜੱਟੀ ਦਾ, ਜੱਟ ਨੇ ਦਾਰੂ ਪੀਣੀ, ਪੀਣੀ ਸਿਰ ਤੋਂ ਵਾਰ ਕੇ, ਪਰ੍ਹੇ ਹਟ ਜਾ ਅੱਲਡ਼ ਮੁਟਿਆਰੇ ਜੱਟ ਆਉਂਦੇ ਬਡ਼ਕਾਂ ਮਾਰਦੇ, ਯਾਰੀ ਜੱਟ ਦੇ ਮੁੰਡੇ ਨਾਲ ਪਾ ਲੈ, ਕਚਿਹਰੀ ਨੂੰ ਜੱਟ ਚਲਿਆ, ਨੀ ਤੂੰ ਪੱਟ ਲਿਆ ਪੁੱਤ ਜੱਟ ਦਾ, ਦੋ ਚੀਜਾਂ ਜੱਟ ਮੰਗਦਾ, ਪੱਟ ਉੱਤੇ ਮੋਰਨੀ ਪਵਾ ਲਈ ਜੱਟ ਨੇ, ਸ਼ਹਿਰ ਦੀ ਕੁਡ਼ੀ ਦਾ ਦਿਲ ਪੰੇਡੂ ਜੱਟ ਲੈ ਗਿਆ, ਤੇਰੀ ਤੋਰ ਪੱਟੇ ਮੁਟਿਆਰੇ ਜੱਟਾਂ ਦੇ ਪੁੱਤ ਸਾਧ ਹੋ ਗਏ, ਖੇਡਣਗੇ ਜੱਟ ਅੱਜ ਖੂੰਨ ਦੀਆ ਹੋਲੀਆ, ਜੱਟ ਦੀ ਦੁਸ਼ਮਣੀ ਸਿਰ ਮੰਗਦੀ, ਜੱਟਾਂ ਦੇ ਮੁੰਡਿਆ ਦੇ ਕੇਸ ਚੱਲ ਪਏ, ਪੁੱਤ ਜੱਟਾਂ ਦੇ ਨੇ ਗੱਭਰੂ ਨਵੇਂ ਤੋਂ ਨਵਾਂ ਪੰਗਾ ਪਾਉਣ ਬਈ, ਜੱਟਾਂ ਦੇ ਤਿੰਨ ਪੱਪੇ, ਪੱਗ ਪਿਗ ਪੰਗਾ, ਬੱਲੇ ਬੱਲੇ ਬਈ ਜੱਟ ਚੱਲਿਆ ਕਚਿਹਰੀ, ਜੇ ਜੱਟ ਵਿਗਡ਼ ਗਿਆ ਦਿਨੇ ਦਿਖਾ ਦਓ ਤਾਰੇ, ਹਿਕ ਦੇ ਜੋਰ ਤੇ ਜੱਟ ਨੇ ਸਰਪੰਚੀ ਲੈਣੀ, ਕਚਿਹਰਆ 'ਚ ਮੇਲੇ ਲੱਗਦੇ ਜਦੋ ਪੈਂਦੀ ਆ ਤਰੀਕ ਕਿਸੇ ਜੱਟ ਦੀ, ਚੰਡੀਗਡ਼੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ, ਮਰਦਾ ਨਾ ਜੱਟ ਮਾਰਿਆ, ਜੇ ਨਾ ਭੰਨਦੀ ਤੀਰਾਂ ਨੂੰ, ਸੋਹਣੇ ਜਿਹੇ ਮਲੂਕ ਜੱਟ ਨੇ ਜਿੰਦ ਜਾਰ ਦੇ ਹਵਾਲੇ ਕੀਤੀ, ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਮੋਡੇ ਤੇ ਸੱਮਾਂ ਵਾਲੀ ਡਾਂਗ ਰੱਖ ਕੇ, ਆਦਿ ਸਾਹਿਤ ਕੌਣ ਲਿਖਦਾ ਹੈ? ਕੀ ਇਹ ਜਾਤੀਵਾਦੀ ਸਾਹਿਤ ਨਹੀ? ਕੀ ਇਹ ਫਿਰਕਾ ਪ੍ਰਸਤ ਸਾਹਿਤ ਨਹੀ? ਅਜਿਹੇ ਸਾਹਿਤ ਨੇ ਤਾਂ ਪੰਜਾਬੀ ਸਾਹਿਤ ਦੇ ਵੀ ਸਿਰ ਸੁਆਹ ਪਾ ਦਿੱਤੀ ਹੈ। ਅਜਿਹੇ ਸਾਹਿਤ ਨੂੰ ਤਾਂ ਸਾਹਿਤ ਕਹਿਣ ਤੋਂ ਵੀ ਸ਼ਰਮ ਆਉਂਦੀ ਹੈ।
ਸਾਹਿਤ ਸਭਿਅਤਾ ਦਾ ਸਿਰਜਕ ਹੁੰਦਾ ਹੈ। ਮਜੂਦਾ ਸਭਿਅਤਾ, ਬ੍ਰਾਹਮਣਵਾਦੀ ਸੱਭਿਅਤਾ ਹੈ। ਬ੍ਰਾਹਮਣਵਾਦੀ ਸਭਿਅਤਾ ਦੁੱਖਮਈ ਸਭਿਅਤਾ ਹੈ। ਇਸ ਦਾ ਦਸਤੂਰ ਜਾਤਪਾਤ ਹੈ। ਇਸ ਦੁੱਖਮਈ ਬ੍ਰਾਹਮਣਵਾਦੀ ਸਭਿਅਤਾ ਨੂੰ ਤੱਦ ਹੀ ਬਦਲਿਆ ਜਾ ਸਕਦਾ ਹੈ ਜੇਕਰ ਇਸ ਦੇ ਬਦਲ ਵਿੱਚ ਦੂਜੀ ਸੁੱਖਮਈ ਸੱਭਿਅਤਾ ਸਿਰਜੀ ਜਾਵੇ। ਦੇਸ਼ ਦੀ ਮੁੱਖ ਸਮੱਸਿਆ ਜਾਤਪਾਤ ਹੈ। ਤੁਸੀਂ ਕਿਸੇ ਪਾਸੇ ਵੀ ਨਿਗ੍ਹਾ ਮਾਰ ਕੇ ਦੇਖ ਲਵੋ, ਜਾਤਪਾਤ ਤੁਹਾਡਾ ਰਾਹ ਰੋਕੀ ਖਡ਼੍ਹੀ ਹੈ। ਜੇਕਰ ਭਾਰਤ ਨੇ ਮੁਡ਼ ਏਸ਼ੀਆ ਦਾ ਚਾਨਣ ਬਣਨਾ ਹੈ ਤਾਂ ਉਸ ਨੂੰ ਡਾਕਟਰ ਅੰਬੇਡਕਰ ਦੇ ਵਿਚਾਰਾਂ ਤੇ ਪਹਿਰਾ ਦੇਣਾ ਪਵੇਗਾ। ਡਾਕਟਰ ਅੰਬੇਡਕਰ ਨੇ ਅਜਾਦੀ, ਸਮਾਨਤਾ, ਭਾਈਚਾਰਾ ਤੇ ਨਿਆਂ ਅਧਾਰਤ ਨਵੀਂ ਸਭਿੱਅਤਾ ਦੇ ਬੀਜ ਬੀਜੇ ਹਨ। ਇਸ ਕਰਕੇ ਹੀ ਅਸੀਂ ਅੰਬੇਡਕਰ ਦਾ ਗੁਣਗਾਨ ਕਰਦੇ ਹਾਂ। ਬ੍ਰਾਹਮਣਵਾਦੀ ਸਭਿਅਤਾ ਕਰਕੇ ਲੋਕ ਵਹਿਮਾਂ ਭਰਮਾਂ ਤੇ ਗੈਬੀ ਸ਼ਕਤੀਆਂ ਦੇ ਚੱਕਰ ਵਿਚ ਫਸੇ ਹੋਏ ਹਨ। ਮਨੁੱਖ ਨੂੰ ਕੋਈ ਮਹੱਤਤਾ ਨਹੀਂ, ਜਦ ਕਿ ਮਾਨਵ ਹੀ ਸੱਚ ਹੈ, ਸਭ ਕੁੱਝ ਮਾਨਵ ਵਿੱਚ ਹੈ ਤੇ ਸੱਭ ਕੁੱਝ ਮਾਨਵ ਲਈ ਹੈ। ਮਨੁੱਖ ਨੇ ਹੀ ਬਿੱ੍ਰਹਮੰਡ ਦਾ ਨਾਮਕਰਨ ਕੀਤਾ ਹੈ। ਇਹ ਆਤਮਾ ਪ੍ਰਮਾਤਮਾ, ਮਜ਼ਹਬ, ਧਰਮ, ਅਮੀਰ, ਗਰੀਬ, ਜਾਤਪਾਤ ਸਭ ਸ਼ੈਤਾਨ ਮਨੁੱਖ ਦੀ ਕਾਂਢ ਹਨ। ਸ਼ੈਤਾਨ ਨੇ ਆਪਣੇ ਸੁਆਰਥ ਲਈ ਇਹਨਾਂ ਨੂੰ ਪੈਦਾ ਕੀਤਾ ਹੈ। ਜਦ ਇਹ ਪੈਦਾ ਸਭ ਕੁੱਝ ਮਨੁੱਖ ਨੇ ਕੀਤਾ ਹੈ ਤਾਂ ਮਨੁੱਖ ਨੇ ਹੀ ਇਸ ਨੂੰ ਖਤਮ ਕਰਨਾ ਹੈ। ਇਹ ਡਾਕਟਰ ਅੰਬੇਡਕਰ ਦਾ ਫਰਮਾਨ ਹੈ। ਇਸ ਕਰਕੇ ਹੀ ਡਾਕਟਰ ਅੰਬੇਡਕਰ ਤੇ ਬਹੁਜਨ ਦਲਿਤ ਸ਼ੋਸ਼ਿਤ ਮਜਦੂਰ ਸਮਾਜ ਸਾਡੀ ਲੇਖਣੀ ਦਾ ਕੇਂਦਰ ਬਿੰਦੂ ਹਨ।
ਪ੍ਰਸ਼ਨ- ਇਹ ਬ੍ਰਾਹਮਣਵਾਦ ਕੀ ਹੈ?
ਉੱਤਰ- ਡਾਕਟਰ ਅੰਬੇਡਕਰ ਕਹਿੰਦੇ, ਬ੍ਰਾਹਣਵਾਦ ਤੋਂ ਸਾਡਾ ਭਾਵ ਕੋਈ ਜਾਤੀ ਵਿਸ਼ੇਸ਼ ਤੋਂ ਨਹੀਂ ਹੈ। ਬ੍ਰਾਹਮਣਵਾਦ ਤਾਂ ਉਹ ਸੋਚ ਹੈ ਜੋ ਮਨੁੱਖ ਨੂੰ ਅਜਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਦੇਣ ਤੋਂ ਇਨਕਾਰੀ ਹੈ। ਮਨੁੱਖ ਦੀ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਲੁੱਟ ਕਰਕੇ ਸਾਰੀਆਂ ਸ਼ਕਤੀਆਂ ਨੂੰ ਆਪਣੇ ਹੱਥਾਂ ਵਿੱਚ ਕੇਂਦਰਤ ਕਰਨ ਦੀ ਮਨੋਵਿਰਤੀ ਜੋ ਆਪਣੇ ਆਪ ਨੂੰ ਸਭ ਤੋਂ ਸਰੇਸ਼ਟ ਤੇ ਦੂਜਿਆਂ ਨੂੰ ਆਪਣੇ ਤੋਂ ਘਟੀਆ ਸਮਝਦੀ ਹੈ, ਅਜਿਹੀ ਸੋਚ ਬੇਸ਼ੱਕ ਕਿਸੇ ਵੀ ਜਾਤ, ਵਰਗ, ਲਿੰਗ, ਧਰਮ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਦੀ ਹੋਵੇ, ਉਹ ਬ੍ਰਾਹਮਣਵਾਦ ਹੀ ਹੈ। ਸ਼ੁਰੂ ਸ਼ੁਰੂ ਵਿੱਚ ਇਸ ਵਿਚਾਰਧਾਰਾ ਨੇ ਕੇਵਲ ਬ੍ਰਾਹਮਣਾਂ ਨੂੰ ਹਰ ਪੱਧਰ 'ਤੇ ਸਰਵ ਸਰੇਸ਼ਠ ਬਣਾ ਕੇ ਵਿਸ਼ੇਸ਼ ਅਧਿਕਾਰ ਅਤੇ ਸਹੂਲਤਾਂ ਦਿੱਤੀਆਂ, ਇਸ ਲਈ ਧਰਮ ਅਤੇ ਸਮਾਜ ਦੇ ਅਜਿਹੇ ਕਰਮਕਾਂਡਾ ਨੂੰ ਬ੍ਰਾਹਮਣਵਾਦ ਦਾ ਨਾਮ ਦਿੱਤਾ ਗਿਆ। ਪਰ ਅੱਜ ਇਹ ਵਿਚਾਰਧਾਰਾ ਕੇਵਲ ਬ੍ਰਾਹਮਣਾਂ ਦਾ ਹੀ ਦਮ ਨਹੀਂ ਭਰਦੀ ਸਗੋਂ ਹਾਕਮ ਅਤੇ ਪ੍ਰੋਹਿਤ ਵਰਗ ਦਾ ਦਮ ਭਰਦੀ ਹੈ। ਤਰਕ ਵਿਹੂਣਾ ਕਰਮ-ਕਾਂਡ, ਰੀਤੀ-ਰਿਵਾਜ, ਮਰਿਯਾਦਾ ਜਾਂ ਧਰਮ ਦਾ ਅਰਥ ਗਵਾ ਚੁੱਕਾ 'ਮਜ਼ਹਬ' ਜੇ ਕਿਸੇ ਵਿਅਕਤੀ ਜਾਂ ਸਮਾਜ ਨੂੰ ਵਿਸ਼ੇਸ਼ ਸਥਾਨ ਦਿੰਦਾ ਹੈ ਤਾਂ ਉਹ ਬ੍ਰਾਹਮਣਵਾਦ ਦੇ ਘੇਰੇ ਵਿੱਚ ਆਉਂਦਾ ਹੈ। ਬ੍ਰਾਹਮਣਵਾਦ ਕਿਸੇ ਵੀ ਧਰਮ ਦਾ ਹਿੱਸਾ ਹੋ ਸਕਦਾ ਹੈ। ਇਹ ਹੁਣ ਹਿੰਦੂ ਧਰਮ ਤੱਕ ਹੀ ਸੀਮਤ ਨਹੀਂ ਇਸ ਦੀ ਪ੍ਰਛਾਈਂ ਬ੍ਰਾਹਮਣਵਾਦ ਦੇ ਕੱਟਡ਼ ਵਿਰੋਧੀ ਧਰਮਾਂ ਵਿੱਚ ਵੀ ਵੇਖੀ ਜਾ ਸਕਦੀ ਹੈ।
ਪ੍ਰਸ਼ਨ- ਤੁਸੀ ਬ੍ਰਾਹਮਣਵਾਦ, ਮਾਰਕਸਵਾਦ ਅਤੇ ਅੰਬੇਡਕਰਵਾਦ ਵਿੱਚ ਕੀ ਨਿਖੇਡ਼ਾ ਕਰਦੇ ਹੋ?
ਉੱਤਰ- ਬ੍ਰਾਹਮਣਵਾਦ ਇੱਕ ਮਜ਼ਹਬ ਹੈ। ਅੰਬੇਡਕਰਵਾਦ ਅਤੇ ਮਾਰਕਸਵਾਦ ਵਿਗਿਆਨਕ ਫਲਸਫੇ ਹਨ। ਮਜ਼ਹਬ ਲੋਕਾਂ ਦੀ ਨਹੀਂ ਕਾਲਪਨਿਕ ਪਰਲੋਕ ਦੀ ਗੱਲ ਕਰਦਾ ਹੈ, ਜਿਸ ਨੂੰ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ। ਅੰਬੇਡਕਰਵਾਦ ਅਤੇ ਮਾਰਕਸਵਾਦ ਲੋਕਾਂ ਦੀ ਗੱਲ ਕਰਦੇ ਹਨ। ਬ੍ਰਾਹਮਣਵਾਦ ਦਾ ਮਜੂਦਾ ਰੂਪ ਹਿੰਦੂ ਤਤਵ ਹੈ। ਹਿੰਦੂ ਮਜ਼ਹਬ ਜਾਤਪਾਤ ਨੂੰ ਮੰਨਦਾ ਹੈ। ਅੰਬੇਡਕਰ ਅਤੇ ਮਾਰਕਸ ਦੋਨੋ ਇਸ ਨੂੰ ਨਹੀਂ ਮੰਨਦੇ। ਭਾਰਤ ਦੇ ਮੌਜੂਦਾ ਸੰਦਰਭ ਵਿੱਚ ਅੰਬੇਡਕਰਵਾਦ ਹੀ ਮਾਰਕਸਵਾਦ ਹੈ। ਫਰਕ ਸਿਰਫ ਇੰਨਾ ਕੁ ਹੈ ਕਿ ਮਾਰਕਸ ਯੂਰਪ ਵਿੱਚ ਪੈਦਾ ਹੋਇਆ ਜਿੱਥੇ ਦੋ ਜਮਾਤਾਂ ਹਨ। ਇੱਕ ਲੁੱਟ ਹੋਣ ਵਾਲੀ ਅਤੇ ਦੂਜੀ ਲੁੱਟਣ ਵਾਲੀ। ਦੂਜੇ ਪਾਸੇ ਅੰਬੇਡਕਰ ਭਾਰਤ ਵਿੱਚ ਪੈਦਾ ਹੋਇਆ, ਇੱਥੇ ਹਜ਼ਾਰਾਂ ਜਾਤਾਂ ਹਨ ਜੋ ਇੱਕ ਦੂਜੇ ਨੂੰ ਲੁੱਟਦੀਆਂ ਹਨ। ਮੁੱਖ ਦੁਸ਼ਮਣ ਪੂੰਜੀਵਾਦ ਅਤੇ ਬ੍ਰਾਹਮਣਵਾਦ ਹੈ। ਪੂੰਜੀਵਾਦ ਲੋਕਾਂ ਨੂੰ ਲੁੱਟਦਾ ਹੈ। ਬ੍ਰਾਹਮਣਵਾਦ ਲੋਕਾਂ ਨੂੰ ਜਾਤਪਾਤ ਵਿੱਚ ਵੰਡ ਕੇ ਇਕੱਠਾ ਨਹੀਂ ਹੋਣ ਦਿੰਦਾ। ਭਾਰਤ ਵਿੱਚ ਜਾਤਪਾਤ ਵੀ ਇੱਕ ਤਰ੍ਹਾਂ ਦਾ ਵਰਗ ਸੰਘਰਸ਼ ਹੀ ਹੈ। ਇੱਥੇ ਕੋਈ ਇੱਕ ਜਾਤੀ ਸਿਰਫ ਦੂਜੀ ਨੂੰ ਨਹੀਂ ਦਬਾਉਂਦੀ ਬਲਕਿ ਇੱਕ ਉੱਚ ਜਾਤੀਆਂ ਦਾ ਵਰਗ ਦੂਜੇ ਦਲਿਤ ਜਾਤੀਆਂ ਦੇ ਵਰਗ ਨੂੰ ਦਬਾਉਂਦਾ ਹੈ। ਡਾਕਟਰ ਅੰਬੇਡਕਰ ਕਹਿੰਦੇ ਇਹਨਾਂ ਹਜ਼ਾਰਾਂ ਪੀਡ਼ਤਾਂ ਨੂੰ ਇੱਕ ਵਰਗ ਵਿੱਚ ਇਕੱਠੇ ਕਰਕੇ ਹੀ ਇੱਥੇ ਇਨਕਲਾਬ ਲਿਆਂਦਾ ਜਾ ਸਕਦਾ ਹੈ।
ਪ੍ਰਸ਼ਨ- ਵਿਰਦੀ ਸਾਹਿਬ, ਇਹ ਜਾਤਾਂ ਕਿਵੇਂ ਹੋਂਦ ਵਿੱਚ ਆਈਆਂ?
ਉੱਤਰ- ਸਾਡੇ ਦੇਸ਼ ਦਾ ਜਿੰਨਾ ਵੀ ਪ੍ਰਾਚੀਨ ਇਤਿਹਾਸ ਉਪਲਬਧ ਹੈ, ਉਸ ਵਿੱਚ ਵਿਸ਼ੇਸ਼ ਕਰ ਬੁੱਧ ਇਤਿਹਾਸ ਹੀ ਮਿਲਦਾ ਹੈ। ਉਸ ਤੋਂ ਪਹਿਲਾਂ ਰਿਗਵੇਦ ਹੈ। ਇਹ ਆਰੀਆਂ ਅਤੇ ਮੂਲਨਿਵਾਸੀ ਦਲਿਤਾਂ ਵਿਚਕਾਰ ਲਡ਼ਾਈ ਦਾ ਇਤਿਹਾਸ ਹੈ। ਇਸ ਅਨੁਸਾਰ ਜਦੋਂ ਭਾਰਤ ਤੇ ਆਰੀਆ ਕਾਬਜ ਹੋ ਗਏ ਤਾਂ ਉਹਨਾਂ ਨੇ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡ ਦਿੱਤਾ। ਅੱਗੇ ਜਾ ਕੇ ਮਨੂੰ ਨੇ ਜਾਤਾਂ ਪਾਤਾਂ ਨੂੰ ਹੋਰ ਪੱਕਿਆਂ ਕਰ ਦਿੱਤਾ। ਇਸ ਤਰਾਂ ਜਾਤਾਂ ਹੋਂਦ ਵਿੱਚ ਆਈਆਂ ਜੋ ਕਿ ਬ੍ਰਾਹਮਣਵਾਦ ਅਤੇ ਮਨੂੰਵਾਦ ਦਾ ਛਡ਼ਯੰਤਰ ਹੈ।
ਪ੍ਰਸ਼ਨ- ਦੇਖੋ, ਜਾਤ ਪਾਤ ਜੇ ਖਤਮ ਕਰਨੀ ਹੋਵੇ ਤਾਂ ਮੈਂ ਸਮਝਦਾ ਹਾਂ ਕਿ ਮਨੁੱਖ ਨੂੰ ਆਪਣੀ ਜਾਤ ਜਾਂ ਉੱਪ ਜਾਤ ਜਾਂ ਗੋਤ ਬਗੈਰਾ ਨੂੰ ਨਹੀ ਲਾਉਣਾ ਚਾਹੀਦਾ। ਤੁਸੀਂ ਵਿਰਦੀ ਕਿਉਂ ਲਿਖਦੇ ਹੋ। ਕੀ ਇਹ ਜਾਤਪਾਤ ਨਹੀ? ਇਸ ਨਾਲੋਂ ਤਾਂ ਪਿੰਡ ਦਾ ਨਾਮ ਪਿਛੇ ਲਿਖ ਲੈਣਾ ਚਾਹੀਦਾ ਹੈ।
ਉੱਤਰ- ਮੇਰੇ ਪਿੱਛੋਂ ਜਿਹਡ਼ੀ 'ਵਿਰਦੀ' ਵਾਲੀ ਗੱਲ ਹੈ, ਇਹ ਮੇਰੇ ਬਚਪਨ ਵਿੱਚ ਅਗਿਆਨਤਾ ਵਸ ਲੱਗੀ ਹੋਈ ਹੈ। ਮੇਰੀ ਪਹਿਚਾਣ ਵਿਰਦੀ ਬਣ ਚੁੱਕੀ ਹੈ, ਸੰਤੋਖ ਲਾਲ ਨੂੰ ਕੋਈ ਨਹੀ ਜਾਣਦਾ। ਇਹ ਮੇਰੇ ਵੱਸ ਦੀ ਗੱਲ ਨਹੀਂ ਸੀ। ਜੋ ਮੇਰੇ ਵੱਸ ਹੈ, ਉਹ ਮੈਂ ਕੀਤਾ ਹੈ। ਮੇਰੇ ਦੋ ਬੇਟੇ ਮਾਨਵ ਅਤੇ ਇਨਸਾਨ ਅਤੇ ਮੇਰੀ ਜੀਵਨ ਸਾਥਣ ਬੰਸੋ ਦੇਵੀ ਦੇ ਨਾਮ ਪਿੱਛੇ 'ਵਿਰਦੀ' ਸ਼ਬਦ ਤੁਹਾਨੂੰ ਨਹੀਂ ਮਿਲੇਗਾ। ਫਿਰ ਵੀ ਮੈਂ ਵੀ ਭਵਿੱਖ ਵਿੱਚ 'ਵਿਰਦੀ' ਸ਼ਬਦ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਹਾਂ।
ਜੋ ਆਪਣੇ ਪਿੱਛੇ ਪਿੰਡਾਂ ਦਾ ਨਾਮ ਲਗਾਉਂਦੇ ਹਨ, ਉਹ ਵੀ ਜਾਤੀਵਾਦ ਹੀ ਹੈ। ਕਿਉਂਕਿ ਸਾਡੀ ਹਰ ਗਲ ਜਾਤ ਨਾਲ ਜੁਡ਼ੀ ਹੋਈ ਹੈ। ਜਿਵੇਂ ਤੁਹਾਡਾ ਪਿੰਡ ਦੁਸਾਂਝ ਤੇ ਸਾਡਾ ਪਿੰਡ ਵਿਰਕ ਜੱਟਾਂ ਦੀ ਸਬ-ਜਾਤ ਹੈ। ਪਿੰਡ ਹੀ ਨਹੀ ਇਥੇ ਤਾਂ ਸਮਸ਼ਾਨ ਘਾਟ ਜਾਤਾਂ ਦੇ ਨਾਵਾਂ ਤੇ ਹਨ। ਲਾਲ ਸਿੰਘ ਦਿੱਲ ਨੂੰ ਵੇਖੋ ਉਹ ਕਹਿੰਦਾ, 'ਮੈਨੂੰ ਪਿਆਰ ਕਰਦੀਏ, ਪਰ ਜਾਤ ਕੁਡ਼ੀਏ, ਸਾਡੇ ਸਕੇ ਮੁਰਦੇ ਵੀ ਇਕ ਸਾਥ ਨਹੀ ਸਡ਼ਦੇ। ਫਿਰ ਗੋਤ ਹੀ ਨਹੀਂ, ਇੱਥੇ ਤਾਂ ਨਾਮ ਵੀ ਫਿਰਕਾ ਪ੍ਰਸਤ ਹਨ। ਜੋ ਰਾਮ, ਚੰਦ, ਲਾਲ ਹੈ ਉਹ ਹਿੰਦੂ ਹੈ। ਜੋ ਸਿੰਘ ਹੈ, ਉਹ ਸਿੱਖ ਹੈ, ਜੋ ਮਹੱਮਦ, ਖਾਨ, ਅਬਦੁੱਲਾ ਹੈ ਉਹ ਮੁਸਲਮਾਨ ਹੈ। ਜੋ ਮਸੀਹੀ ਹੈ ਉਹ ਇਸਾਈ ਹੈ। ਤੁਸੀਂ ਕਿਸੇ ਪਾਸੇ ਵੀ ਮੂਹ ਭੁਆਂਕੇ ਵੇਖ ਲਓ, ਹਿੰਦੋਸਤਾਨ ਵਿੱਚ ਜਾਤ ਤੇ ਮਜ਼ਹਬ ਮਨੁੱਖ ਨੂੰ ਬੁੱਧੂ ਬਣਾਈ ਬੈਠਾ ਹੈ।
ਜਾਤਪਾਤ ਇੰਨੀ ਭਿਆਨਕ ਹੈ ਕਿ ਇਹ ਮਨੁੱਖਾਂ ਤਕ ਹੀ ਸਾਮਤ ਨਹੀ, ਇਹ ਜਾਨਵਰਾਂ ਤਕ ਵੀ ਮਾਰ ਕਰਦੀ ਹੈ। ਆਹ ਲਓ ਅੱਜ ਦੀ ਅਖਬਾਰ, ਆਹ ਪੀ ਟੀ ਆਈ ਦੀ ਮਦਰਾਸ ਤੋਂ ਖਬਰ ਪਡ਼੍ਹੋ ਕਿ ਦਲਿਤ ਕੁੱਤੇ ਨਹੀ ਰੱਖ ਸਕਦੇ, ਕਿਉਂਕਿ ਉਹ ਉਚ ਜਾਤੀਆਂ ਦੇ ਇਲਾਕੇ ਵਿਚ ਆ ਕੇ ਉਹਨਾਂ ਦੀਆਂ ਕੁੱਤੀਆਂ ਦੁਆਲੇ ਘੁੱਮਦੇ ਹਨ। ਇਸ ਲਈ ਦਲਿਤ ਸਿਰਫ ਕੁੱਤੀਆਂ ਹੀ ਰੱਖ ਸਕਦੇ ਹਨ।
ਪ੍ਰਸ਼ਨ- ਇਹ ਜਾਤ ਪਾਤ ਫਿਰ ਕਿਵੇਂ ਖਤਮ ਹਵੇ ਗੀ?
ਉੱਤਰ- ਜਾਤ ਪਾਤ ਨੂੰ ਖਤਮ ਕਰਨ ਲਈ ਡਾਕਟਰ ਅੰਬੇਡਕਰ ਨੇ ਚਾਰ ਹੱਲ ਦੱਸੇ ਹਨ। ਪਹਿਲਾ, ਜਾਤ ਨੂੰ, ਜਿਹਨਾਂ ਵੇਦ ਗ੍ਰੰਥਾਂ ਤੋਂ ਪ੍ਰੇਰਣਾ ਮਿਲਦੀ ਹੈ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਵੇ। ਦੂਸਰਾ ਲੋਕਾਂ ਦਾ ਵਿਸ਼ਵਾਸ ਵੇਦਾਂ ਸ਼ਾਸ਼ਤਰਾਂ ਤੇ ਹੈ। ਵੇਦ ਸ਼ਾਸ਼ਤਰ ਜਾਤ ਪਾਤ ਦੇ ਪੋਸ਼ਕ ਹਨ। ਇਹਨਾਂ ਤੋਂ ਵਿਸ਼ਵਾਸ ਨੂੰ ਤੋਡ਼ਿਆ ਜਾਵੇ। ਤੀਸਰਾ ਜਾਤਪਾਤ ਨਫਰਤ ਹੈ, ਇਸ ਨੂੰ ਤੋਡ਼ਨ ਲਈ ਅੰਤਰ ਜਾਤੀ ਵਿਆਹ ਕੀਤੇ ਜਾਣ। ਕਿਉਂਕਿ ਖੂਨ ਦਾ ਰਿਸ਼ਤਾ ਹੀ ਪਿਆਰ ਪੈਦਾ ਕਰਦਾ ਹੈ। ਪਿਆਰ ਆਪਣਾਪਨ ਪੈਦਾ ਕਰਦਾ ਹੈ। ਆਪਣਾਪਨ ਨਫ਼ਰਤ ਖਤਮ ਕਰਦਾ ਹੈ। ਚੌਥਾ ਉਹਨਾਂ ਕਿਹਾ ਕਿ ਸਹਿਭੋਜ ਕੀਤੇ ਜਾਣ। ਸਹਿਭੋਜ ਭਾਵ ਸਾਂਝੇ ਖਾਣੇ ਖਾਣ ਨੂੰ ਤਹਿਜੀਬ ਦਿੱਤੀ ਜਾਵੇ, ਪਰ ਇਸ ਨੂੰ ²ਡਾਕਟਰ ਅੰਬੇਡਕਰ ਨੇ ਇੱਕ ਬਹੁਤ ਵੱਡੀ ਸਮੱਸਿਆ ਲਈ ਇੱਕ ਛੋਟਾ ਜਿਹਾ ਉਪਰਾਲਾ ਦੱਸਿਆ ਹੈ। ਜਾਤਪਾਤ ਨੂੰ ਖਤਮ ਕਰਨ ਦੇ ਅੰਤਮ ਇਹ ਹੀ ਪੈਮਾਨੇ ਹਨ। ਬਾਕੀ ਸਭ ਕੋਸ਼ਿਸ਼ਾ ਬੇਕਾਰ ਹਨ।
ਪ੍ਰਸ਼ਨ- ਤੁਸੀਂ ਦਲਿਤ ਸਾਹਿਤ ਬਾਰੇ ਕੁੱਝ ਚਾਨਣਾ ਪਾਓ।
ਉੱਤਰ- ਪਹਿਲਾਂ ਤਾਂ ਪਰਮਜੀਤ ਜੀ 'ਦਲਿਤ' ਸ਼ਬਦ ਬਾਰੇ ਬਹੁਤ ਭੁਲੇਖੇ ਹਨ। ਲੋਕ ਇੱਕ ਦੋ ਜਾਤਾਂ ਨੂੰ ਦਲਿਤ ਸਮਝੀ ਜਾਂਦੇ ਹਨ। ਉਹ ਇਸ ਪਿੱਛੇ ਛੁਪੀ ਭਾਵਨਾ ਨੂੰ ਨਹੀਂ ਜਾਣਦੇ। ਦਲਿਤ ਦਾ ਅਰਥ ਹੈ ਕ੍ਰਾਂਤੀਕਾਰੀ, ਪ੍ਰਗਤੀਸ਼ੀਲ, ਮਾਨਵਤਾਵਾਦੀ। ਕ੍ਰਾਂਤੀਕਾਰੀ ਕੌਣ ਹੋਵੇਗਾ ਜਿਸ ਨੂੰ ਤੁਸੀਂ ਦਬਾਓਗੇ। ਪ੍ਰਗਤੀਸ਼ੀਲ ਕੌਣ ਹੋਵੇਗਾ, ਜਿਸ ਨੂੰ ਤੁਸੀਂ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰੋਗੇ। ਮਾਨਵਤਾਵਾਦੀ ਕੌਣ ਹੋਵੇਗਾ, ਜਿਸ ਨਾਲ ਤੁਸੀਂ ਗੈਰ ਮਾਨਵੀ ਸਲੂਕ ਕਰੋਗੇ। ਇਸ ਲਈ ਲੁੱਟੇ, ਲਤਾਡ਼ੇ, ਪਿਛਾਡ਼ੇ ਤੇ ਚਹੁਮੁੱਖੀ ਲੁੱਟ ਦਾ ਸ਼ਿਕਾਰ ਲੋਕ ਦਲਿਤ ਹਨ। ਦਲਿਤ ਸਾਹਿਤ ਪ੍ਰਤੀ ਵੀ ਧਾਰਨਾ ਗਲਤ ਹੈ।
ਦਲਿਤ ਸਾਹਿਤ ਮਨੁੱਖਤਾ ਦਾ ਮਸ਼ਾਲਚੀ ਹੈ। ਗੈਰ ਮਾਨਵਤਾਵਾਦੀ ਜਿਹਡ਼ੀਆਂ ਵੀ ਧਾਰਨਾਵਾਂ ਹਨ, ਚਾਹੇ ਉਹ ਛੂਆ-ਛਾਤ, ਕਰਮ-ਕਾਂਡ, ਜਾਤ-ਪਾਤ ਹੋਵੇ, ਉਹਨਾਂ ਨੂੰ ਖਤਮ ਕਰਨਾ ਦਲਿਤ ਸਾਹਿਤ ਦਾ ਲਕਸ਼ ਹੈ। ਇਸ ਦਾ ਕੇਂਦਰ ਬਿੰਦੂ ਮਨੁੱਖ ਹੈ। ਇੱਕ ਸੱਭਿਅਤਾ ਦੂਜੀ ਸੱਭਿਅਤਾ ਦਾ ਸ਼ੋਸ਼ਣ ਕਰਦੀ ਹੈ। ਇੱਕ ਦੇਸ਼ ਦੂਜੇ ਦੇਸ਼ ਦਾ ਸ਼ੋਸ਼ਣ ਕਰਦਾ ਹੈ, ਇੱਕ ਧਰਮ ਦੂਜੇ ਧਰਮ ਦਾ , ਇੱਕ ਮਜ਼ਹਬ ਦੂਜੇ ਮਜ਼ਹਬ ਦਾ, ਇੱਕ ਜਾਤ ਦੂਜੀ ਜਾਤ ਦਾ ਸ਼ੋਸ਼ਣ ਕਰਦੀ ਹੈ। ਇਸ ਸ਼ੋਸ਼ਣ ਨੂੰ ਖਤਮ ਕਰਨਾ ਹੀ ਦਲਿਤ ਸਾਹਿਤ ਦਾ ਮੁੱਖ ਨਿਸ਼ਾਨਾਂ ਹੈ। ਕਿਸੇ ਵੀ ਤਰ੍ਹਾਂ ਦਾ ਜਾਤੀਪਾਤੀ, ਭਿੰਨ ਭੇਖ ਫੈਲਾਉਣ ਵਾਲਾ ਲੇਖਕ, ਬੇਸ਼ੱਕ ਉਹ ਦਲਿਤ ਹੀ ਕਿਉਂ ਨਾ ਹੋਵੇ, ਉਹ ਦਲਿਤ ਸਾਹਿਤਕਾਰ ਨਹੀਂ ਹੋ ਸਕਦਾ। ਇਹਨਾਂ ਹੱਦਾਂ ਬੰਨ੍ਹਿਆਂ ਨੂੰ ਤੋਡ਼ਨ ਵਾਲਾ ਲੇਖਕ ਬੇਸ਼ੱਕ ਵਿਦੇਸ਼ੀ ਰੂਸ ਦੇ ਗੋਰਕੀ, ਤੁਰਕੀ ਦੇ ਨਾਜ਼ਮ ਹਿਕਮਤ, ਤਾਮਸਮਾਨ, ਫਰਾਂਸ ਦੇ ਸ਼ਾਰਤਰ, ਜਰਮਨੀ ਦੇ ਰੂਡੋ, ਅਫਰੀਕਾ ਦੇ ਰਨੁਕੋ ਰਸ਼ੀਦੀ ਬੇਸ਼ਕ ਵਿਦੇਸ਼ੀ ਵੀ ਹੋਣ ਤਾਂ ਉਹ ਦਲਿਤ ਸਾਹਿਤ ਦੇ ਘੇਰੇ ਵਿੱਚ ਆਉਂਦੇ ਹਨ। ਜਾਤੀਵਾਦ, ਨਫਰਤ, ਅੰਧ ਵਿਸਵਾਸ ਅਤੇ ਲੁੱਟ ਫੈਲਾਉਣ ਵਾਲਾ ਬੇਸ਼ੱਕ ਜਮਪਲ ਭਰਾ ਵੀ ਹੋਵੇ, ਉਹ ²ਸਾਡਾ ਕੁੱਝ ਨਹੀਂ ਲੱਗਦਾ, ਸਗੋਂ ਬੇਗਾਨਾ ਹੈ, ਮਾਨਵਤਾ ਦਾ ਦੁਸ਼ਮਣ ਹੈ।
ਪ੍ਰਸ਼ਨ- ਉਹ ਕਿਹਡ਼ੀ ਘਟਨਾ ਸੀ ਜਿਸ ਤੁਹਾਨੂੰ ਦਲਿਤਾਂ ਨੂੰ ਜਗਾਉਣ ਲਈ ਦਲਿਤ ਸਾਹਿਤ ਰਚਣ ਲਈ ਪ੍ਰੇਰਤ ਕੀਤਾ।
ਉੱਤਰ- ਪੰਜਾਬ ਵਿੱਚ ਜਦੋਂ ਬਲਿਊ ਸਟਾਰ (ਸਾਕਾ ਨੀਲਾ ਤਾਰਾ) ਵਾਪਰਿਆ ਤਾਂ ਸਾਡੀਆਂ ਫੀਲਡ ਦੀਆਂ ਗਤੀਵਿਧੀਆਂ ਬਤੌਰ ਦਲਿਤ ਪੈਂਥਰ ਬੰਦ ਹੋ ਗਈਆਂ। ਤਦ ਲਿਖਣਾ ਸ਼ੁਰੂ ਕੀਤਾ। ਜਦ ਬਹੁਤ ਵੱਡੇ ਪੱਧਰ ਤੇ ਲਿਖ ਲਿਆ ਤਾਂ ਮੇਰੀ ਜੀਵਨ ਸਾਥਣ ਕਹਿੰਦੀ ਲਿਖ ਤਾਂ ਬਹੁਤ ਕੁੱਝ ਲਿਆ ਹੁਣ ਇਹਨਾਂ ਲਿਖਤਾਂ ਨੂੰ ਲੋਕਾਂ ਕੋਲ ਵੀ ਪਹੁੰਚਦਾ ਕਰੋ। ਇਸੇ ਸੰਦਰਭ ਵਿੱਚ ਅਸੀਂ 13-14 ਮਾਰਚ 1994 ਨੂੰ ਪਹਿਲਾ ਪੰਜਾਬੀ ਦਲਿਤ ਸਾਹਿਤ ਸੰਮੇਲਨ, ਟਾਊਨ ਹਾਲ ਫਗਵਾਡ਼ਾ ਵਿਖੇ ਆਯੋਜਤ ਕੀਤਾ।
ਪ੍ਰਸ਼ਨ- 1994 ਵਿੱਚ ਜੋ ਤੁਸੀ ਪਹਿਲਾ ਪੰਜਾਬੀ ਦਲਿਤ ਸਾਹਿਤ ਸੰਮੇਲਨ ਕੀਤਾ ਸੀ, ਉਸ ਪ੍ਰਤੀ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲਿਆ?
ਉੱਤਰ- ਸਾਨੂੰ ਆਸ ਤੋਂ ਵੱਧ ਹੁੰਗਾਰਾ ਮਿਲਿਆ। ਪੰਜਾਬ ਦੀਆਂ 7 ਰੋਜ਼ਾਨਾਂ ਅਖਬਾਰਾਂ ਸਮੇਤ ਨਵਾਂ ਜ਼ਮਾਨਾ ਨੇ ਉਸ ਸਮੇਂ ਦਲਿਤ ਸਾਹਿਤ ਸੰਮੇਲਨ, ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤੇ। ਇਸ ਤੋਂ ਇਲਾਵਾ 650 ਲੇਖਕਾਂ ਨੇ ਸਮੂਲੀਅਤ ਕੀਤੀ। ਇਹਨਾ ਵਿਚ ਮੁੱਖ ਰੂਪ ਵਿੱਚ ਡਾ. ਮਹੀਪ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਜਸਵੰਤ ਸਿੰਘ ਕੰਵਲ, ਡਾ. ਲੇਖ ਰਾਜ ਪ੍ਰਵਾਨਾ, ਬਾਬਾ ਬੰਤ ਸਿੰਘ ਬਨੋਆਣਾ, ਪ੍ਰੋ. ਪਿਆਰਾ ਸਿੰਘ ਭੋਗਲ, ਸਤਨਾਮ ਸਿੰਘ ਮਾਣਕ, ਕਾਮਰੇਡ ਚੈਨ ਸਿੰਘ ਚੈਨ, ਡਾ. ਭੰਤ ਸਾਤ ਰੱਖਿਸ਼ਕ, ਡਾ. ਕੀਰਤੀ ਕੇਸਰ, ਪ੍ਰਿੰਸੀਪਲ ਐਸ. ਐਸ. ਨਰੂਲਾ, ਹਰਨਾਮ ਦਾਸ ਸਹਿਰਾਈ, ਆਰਿਫ਼ ਗੋਬਿੰਦਪੁਰੀ, ਡਾ. ਜਗੀਰ ਸਿੰਘ ਨੂਰ, ਡਾ. ਇੰਦਰਜੀਤ ਸਿੰਘ ਬਾਸੂ, ਡਾ. ਹਰਨੇਕ ਸਿੰਘ ਕਲੇਰ, ਡਾ. ਗੁਰਮੀਤ ਕੱਲਰਮਾਜਰੀ, ਪ੍ਰੋ. ਜੇ ਅੋਸ ਗੰਡਮ ਆਦਿ ਦੇ ਨਾਮ ਵਿਸ਼ੇਸ਼ ਸਨ। ਇਸ ਤੋਂ ਬਾਅਦ ਹੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਲਿਤ ਸਾਹਿਤ ਨੂੰ ਮਾਨਤਾ ਦੇ ਦਿੱਤੀ ਸੀ। ਸਿੱਟੇ ਵਜ਼ੋਂ ਮੀਡੀਆ ਜਿੱਥੇ ਹਰੀਜਨ, ਅਨੁਸੂਚਿਤ ਜਾਤੀ, ਬੈਕਵਰਡ ਜਾਂ ਸਡੂਲਡਕਾਸਟ ਆਦਿ ਸ਼ਬਦ ਵਰਤਦਾ ਸੀ। ਉੱਥੇ ਉਹ ਦਲਿਤ ਸ਼ਬਦ ਦੀ ਵਰਤੋਂ ਕਰਨ ਲੱਗਾ ਹੈ ਜੋ ਕਿ ਇਸ ਸੰਮੇਲਨ ਦੀ ਇਤਿਹਾਸਕ ਉਪਲਭਦੀ ਹੈ। ਉੱਤਰੀ ਭਾਰਤ ਦੀਆਂ 5 ਯੂਨੀਵਰਸਿਟੀਆਂ, ਜਿਹਨਾ ਵਿਚ ਤਿੰਨ ਪੰਜਾਬ ਦੀਆਂ, ਇੱਕ ਜੰਮੂ ਕਸ਼ਮੀਰ, ਤੇ ਕੂਰਕਸ਼ੇਤਰ ਆਦਿ ਵਿੱਚ ਦਲਿਤ ਸਾਹਿਤ, ਦਲਿਤ ਚੇਤਨਾ ਅਤੇ ਦਲਿਤ ਅੰਦੋਲਨ ਵਿਸ਼ਿਆਂ ਤੇ ਸੈਮੀਨਾਰ ਹੋਏ। ਚੇਅਰਾਂ ਸਥਾਪਤ ਹੋਈਆ। ਹੁਣ ਉਕਤ ਯੂਨੀਵਰਸਿਟੀਆਂ ਵਿੱਚ ਇਹਨਾਂ ਵਿਸ਼ਿਆਂ ਤੇ ਰਿਸਰਚ ਹੋ ਰਹੀ ਹੈ। ਲਗਭਗ 25 ਵਿਦਿਆਰਥੀ ਦਲਿਤ ਸਾਹਿਤ, ਦਲਿਤ ਅੰਦੋਲਨ ਤੇ ਦਲਿਤ ਚੇਤਨਾ ਤੇ ਖੋਜ ਕਰ ਰਹੇ ਹਨ।
ਪ੍ਰਸ਼ਨ- ਤੁਸੀਂ ਪੰਜਾਬ ਦਾ ਦਲਿਤ ਇਤਿਹਾਸ ਲਿਖਿਆ ਹੈ। ਇਸ ਵਿੱਚ ਤੁਸੀਂ 60 ਅੰਦੋਲਨਾਂ ਦਾ ਜ਼ਿਕਰ ਕੀਤਾ ਹੈ। ਆਦਿ ਧਰਮ ਅੰਦੋਲਨ ਬਾਰੇ ਕੋਈ ਸੰਖੇਪ ਜਾਣਕਾਰੀ ਦਿਓ?
ਉੱਤਰ- ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਪੈਦਾ ਹੋਇਆ 'ਅਦਿ-ਧਰਮ' ਅੰਦੋਲਨ ਨਾਮ ਤੋਂ ਬੇਸ਼ਕ ਧਰਮ ਸੀ ਪ੍ਰੰਤੂ ਵਿਵਹਾਰ ਵਿਚ ਇਹ ਕੇਵਲ ਧਰਮ ਨਾ ਰਹਿ ਕੇ ਇਕ ਸੱਭਿਆਚਾਰਕ ਇਨਕਲਾਬ ਹੋ ਨਿਬਡ਼ਿਆ, ਜੋ ਅਸਮਾਨਤਾ ਦੇ ਸਮਾਜ ਵਿਚੋਂ ਤੂਫਾਨ ਦੀ ਤਰ੍ਹਾਂ ਉਠਿਆ, ਜਿਸ ਬੁੱਧ ਦੀ ਤਰ੍ਹਾਂ, ਇਨਸਾਨਾ ਤੋਂ ਜਾਨਵਰਾਂ ਬਣਾਏ ਦਲਿਤਾਂ ਨੂੰ ਮੁਡ਼ ਇਨਸਾਨ ਬਣਾ ਦਿੱਤਾ।
ਅਦਿ-ਧਰਮ ਦਾ ਮੁੱਢ ਗਦਰ ਪਾਰਟੀ ਦੇ ਪੰਜਾਬੀ ਕ੍ਰਾਂਤੀਕਾਰੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਉਦੋਂ ਬੰਨ੍ਹਿਆਂ ਜਦੋਂ ਉਹ ਗਦਰੀ ਬਾਬਿਆਂ, ਸੋਹਨ ਸਿੰਘ ਭਕਨਾ ਤੇ ਲਾਲਾ ਹਰਦਿਆਲ ਦੀ ਸਲਾਹ ਨਾਲ ਭਾਰਤ ਦੀ ਆਜ਼ਾਦੀ ਦੀ ਜੰਗ ਨੂੰ ਤੇਜ਼ ਕਰਨ ਲਈ, ਚਾਰ ਸਾਥੀਆਂ ਸਮੇਤ ਅਮਰੀਕਾ ਤੋਂ ਹਥਿਆਰਾਂ ਦਾ ਜਹਾਜ ਭਰਕੇ ਭਾਰਤ ਨੂੰ ਲਿਆ ਰਿਹਾ ਸੀ ਤਾਂ ਰਸਤੇ ਵਿਚ ਅਮਰੀਕਨਾਂ ਵਲੋਂ ਜਹਾਜ ਫਡ਼੍ਹੇ ਜਾਣ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਰ ਉਹ ਰਾਸ ਬਿਹਾਰੀ ਬੋਸ ਅਤੇ ਜਰਮਨਾਂ ਦੀ ਮਦਦ ਨਾਲ ਜੇਲ੍ਹ ਵਿਚੋਂ ਬਚ ਨਿਕਲੇ ਅਤੇ ਘੁੰਮਦੇ ਘੁਮਾਉਂਦੇ ਮਨੀਲੇ, ਫਿਲਪਾਈਨ ਅਤੇ ਈਲੋ ਟਾਪੂਆਂ ਤੋਂ ਹੁੰਦੇ ਹੋਏ 1925 ਵਿਚ ਆਪਣੇ ਦੇਸ਼ ਭਾਰਤ ਪਰਤ ਆਏ।
ਬਾਬੂ ਮੰਗੂ ਰਾਮ ਨੇ ਯੂਰਪ ਦੀ ਅਜ਼ਾਦੀ ਵੇਖੀ ਸੀ। ਉਥੇ ਸਭ ਮਨੁੱਖਾਂ ਨੂੰ ਮਨੁੱਖੀ ਅਧਿਕਾਰ ਪ੍ਰਾਪਤ ਸਨ। ਉੱਥੇ ਕੋਈ ਅਛੂਤ ਜਾਂ ਉੂਚ ਨੀਚ ਨਹੀਂ ਸੀ ਇਸ ਲਈ ਅਛੂਤਾਂ ਦੇ ਜਾਨਵਰਾਂ ਜਿਹੇ ਜੀਵਨ ਪ੍ਰਤੀ ਉਹ ਹਮੇਸ਼ਾ ਚਿੰਤਤ ਰਹਿੰਦੇ ਸਨ। ਇਸ ਚਿੰਤਾਂ ਨੂੰ ਦੂਰ ਕਰਨ ਲਈ ਉਹ ਦੇਸ਼ ਦੇ ਦੌਰੇ ਤੇ ਨਿਕਲ ਗਏ। ਉਨ੍ਹਾਂ ਮਥੁਰਾ, ਦੇਹਰਾਦੂਨ, ਨਾਗਪੁਰ, ਪੂਨਾ, ਸਿਤਾਰਾ, ਬੰਬਈ, ਮਦਰਾਸ, ਕਲਕੱਤਾ ਆਦਿ ਥਾਵਾਂ ਦਾ ਦੌਰਾ ਕੀਤਾ। ਇਸ ਸਮੇਂ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਦਲੂਤਾਂ ਦੇ ਅੰਦੋਲਨ ਛਿਡ਼ੇ ਹੋਏ ਸਨ ਮਹਾਂਰਾਸ਼ਟਰ ਵਿਚ ਡਾ. ਅੰਬੇਡਕਰ ਦੀ 'ਬਹਿਸਕ੍ਰਿਤ ਹਿੱਤਕਾਰਨੀ' ਸਭਾ ਦਾ ਬੋਲ ਬਾਲਾ ਸੀ।
ਉਪਰੋਕਤ ਅੰਦੋਲਨਾਂ ਨੂੰ ਦੇਖ ਕੇ ਬਾਬੂ ਮੰਗੂ ਰਾਮ ਦਾ ਸਹਿਮਿਆ ਦਿਲ ਸ਼ੇਰ ਬਣ ਗਿਆ ਉਨ੍ਹਾਂ ਵਿਚ ਤਬਦੀਲੀ ਲਈ ਸੁਲਘਦੀ ਚੰਗਿਆਡ਼ੀ ਭਾਂਬਡ਼ ਬਣ ਗਈ। ਬਾਬੂ ਮੰਗੂ ਰਾਮ ਨੇ ਵਾਪਿਸ ਪੰਜਾਬ ਆ ਕੇ ਪਿੰਡ-ਪਿੰਡ ਜਾ ਕੇ ਆਤਮ ਸਨਮਾਨ ਲਈ ਜਹਾਦ ਖਡ਼੍ਹਾ ਕਰ ਦਿੱਤਾ ਕਿ 'ਅਸੀਂ ਦੋਹਰੇ ਗੁਲਾਮ ਹਾਂ' ਇਕ ਪਾਸੇ ਅਸੀਂ ਅੰਗ੍ਰੇਜ਼ਾਂ ਦੇ ਗੁਲਾਮ ਹਾਂ ਤੇ ਦੂਜੇ ਪਾਸੇ ਅਸੀਂ ਹਿੰਦੂਆਂ ਦੇ ਗੁਲਾਮ ਹਾਂ। ਗੁਲਾਮੀ ਤੋਂ ਛੁਟਕਾਰੇ ਲਈ ਬਾਬੂ ਜੀ ਨੇ ਪੱਛਡ਼ੀਆਂ ਸ਼੍ਰੇਣੀਆਂ ਦੀ 11,12 ਜੂਨ 1926 ਨੂੰ ਪਿੰਡ ਮੁੱਗੋਵਾਲ, ਜਿਲਾ ਹੁਸ਼ਿਆਰਪੁਰ ਵਿਖੇ ਦੋ ਰੋਜਾ ਪਹਿਲੀ ਦਲਿਤ ਕਾਨਫਰੰਸ ਦਾ ਆਯੋਜਨ ਕੀਤਾ।
ਕਾਨਫਰੰਸ ਵਿਚ ਪੰਜਾਬ ਭਰ ਤੋਂ ਪੱਛਡ਼ੀਆਂ ਸ਼੍ਰੇਣੀਆਂ ਵਾਲਮੀਕਿ, ਆਦਿ-ਧਰਮੀ, ਸਾਂਸੀ, ਭੰਜਡ਼ੇ, ਗੰਧੀਲੇ, ਬਰਡ਼, ਜੁਲਾਹੇ, ਮੇਘ, ਚੰਬਾਰ, ਕਬੀਰ ਪੰਥੀ, ਮਹਾਸੇ, ਡੋਮ, ਜਟੀਏ ਆਦਿ ਜਾਤਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਅਛੂਤਾਂ ਤੋਂ ਇਲਾਵਾ ਦੂਸਰੇ ਮਜ਼ਹਬਾਂ ਈਸਾਈਆਂ ਸਿੱਖਾਂ, ਮੁਸਲਮਾਨਾਂ, ਸਨਾਤਨੀ ਅਤੇ ਆਰੀਆ ਸਮਾਜੀਆਂ ਦੇ ਸਨਮਾਨ ਯੋਗ ਲੋਕ ਵੀ ਸ਼ਾਮਿਲ ਹੋਏ।
ਦਲਿਤਾਂ ਦੇ ਨੁਮਾਇੰਦਿਆਂ ਨੇ ਆਪਣੇ ਹਾਲਾਤਾਂ ਸਬੰਧੀ ਵਿਚਾਰ ਸਪਸ਼ਟ ਅਤੇ ਗੱਜ ਵੱਜ ਕੇ ਕਹੇ ਉਨ੍ਹਾਂ ਨੇ ਸਾਰੇ ਪਾਖੰਡੀ ਧਰਮਾਂ ਦੇ ਪਾਜ ਉਘੇਡ਼ੇ। ਦੂਸਰੇ ਧਰਮਾਂ ਦੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਹਨਾਂ ਦੀ ਜਬਰਦਸਤ ਅਲੋਚਨਾ ਕੀਤੀ। ਬੇਹੱਦ ਬਹਿਸ ਅਤੇ ਦਲੀਲਬਾਜੀ ਤੋਂ ਬਾਅਦ, ਰਿਸ਼ੀ ਵਾਲਮੀਕਿ, ਗੁਰੂ ਰਵਿਦਾਸ, ਗੁਰੂ ਕਬੀਰ ਅਤੇ ਗੁਰੂ ਨਾਮਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਇਹ ਫੈਸਲਾ ਕੀਤਾ ਗਿਆ ਕਿ ਅਛੂਤਾਂ ਨੂੰ ਆਦਿ-ਧਰਮੀ ਕਿਹਾ ਜਾਵੇ। ਕਾਨਫਰੰਸ ਵਿਚ ਸਰਬ ਸੰਮਤੀ ਨਾਲ 25 ਮਤੇ ਪਾਸ ਕੀਤੇ ਗਏ। ਇਕ ਸੌ ਮੈਂਬਰੀ ਕਮੇਟੀ ਬਣਾਈ ਗਈ। ਇਸ ਤਰਾਂ ਆਦਿ ਧਰਮ ਅੰਦੋਲਨ ਹੋਂਦ ਵਿਚ ਆਇਆ।
ਪ੍ਰਸ਼ਨ- ਡਾਕਟਰ ਅੰਬੇਡਕਰ ਤੋਂ ਬਾਅਦ ਦੇ ਦਲਿਤ ਅੰਦੋਲਨ, ਰਿਪਬਲਿਕਨ ਪਾਰਟੀ ਅਤੇ ਦਲਿਤ ਪੈਂਥਰ ਬਾਰੇ ਵੀ ਕੁੱਝ ਜਾਣਕਾਰੀ ਦਿਓ?
ਉੱਤਰ- ਭਾਰਤ ਦੇ ਇਤਿਹਾਸ ਵਿੱਚ ਰਿਪਬਲਿਕਨ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਨੇ ਮਜ਼ਦੂਰਾਂ, ਦਲਿਤਾਂ ਅਤੇ ਪੀਡ਼ਤ ਲੋਕਾਂ ਦੀਆਂ 14 ਮੰਗਾਂ ਨੂੰ ਲੈ ਕੇ 1964 ਵਿੱਚ ਦੇਸ਼ ਪੱਧਰ ਤੇ ਮੋਰਚਾ ਲਗਾਇਆ। ਜਿਸ ਵਿੱਚ ਤਿੰਨ ਲੱਖ 64 ਹਜਾਰ ਤੋਂ ਉੱਪਰ ਵਰਕਰ ਜੇਲ੍ਹਾਂ ਵਿੱਚ ਗਏ। ਇਸ ਮੋਰਚੇ ਸਦਕਾ ਹੀ ਲੱਖਾਂ ਏਕਡ਼ ਬੰਜਰ, ਸਰਕਾਰੀ ਅਤੇ ਵਾਧੂ ਜਮੀਨ ਬੇ ਜਮੀਨੇ ਲੋਕਾਂ ਨੂੰ ਦਿੱਤੀ ਗਈ। ਡਾਕਟਰ ਅੰਬੇਡਕਰ ਦਾ ਬੁੱਤ ਪਾਰਲੀਆਮੈਂਟ ਵਿੱਚ ਲੱਗਾ। ਬੈਂਕਾਂ ਦਾ ਕੌਮੀਕਰਣ ਹੋਇਆ। ਸਿੱਟੇ ਵਜ਼ੋ 1967 ਵਿੱਚ ਰਿਪਬਲੀਕਨ ਪਾਰਟੀ ਦੇ ਐਮ. ਪੀ. ਬਣੇ। ਪ੍ਰੰਤੂ ਰਪਬਲਿਕਨ ਨੇਤਾਵਾਂ ਨੇ ਬਾਬਾ ਸਾਹਿਬ ਦੇ ਧੱਮ ਅੰਦੋਲਨ ਨੂੰ ਅੱਖੋਂ ਓਹਲੇ ਕਰ ਦਿੱਤਾ। ਨੇਤਾ ਲੋਕ ਰਾਜਨੀਤਿਕ ਅੰਦੋਲਨ ਲਡ਼ਦੇ ਰਹੇ। ਸਿੱਟੇ ਵਜ਼ੋਂ ਨੇਤਾਵਾਂ ਵਿੱਚ ਸਦਾਚਾਰ ਨਹੀਂ ਰਿਹਾ। ਉਹ ਰਾਜਨੀਤਕ ਲਾਲਸਾਵਾਂ ਤਹਿਤ ਮੰਤਰੀ ਬਣਨ ਲਈ ਵਿਕਣ ਲੱਗੇ। ਵੀ. ਪੀ. ਮੋਰੀਆ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਪਿਆਰਾ ਰਾਮ ਧੰਨੋਆਲੀ ਕਾਂਗਰਸ ਨਾਲ ਜਾ ਮਿਲੇ ਤਾਂ ਪਾਰਟੀ ਦੋ ਫਾਡ਼ ਹੋ ਗਈ। ਬਹੁਜਨ ਦਲਿਤ ਸਮਾਜ ਵਿੱਚ ਨਿਰਾਸ਼ਾ ਛਾ ਗਈ। ਸਿੱਟੇ ਵਜ਼ੋਂ ਰਿਪਬਲਿਕਨ ਪਾਰਟੀ ਕਮਜ਼ੋਰ ਹੋ ਗਈ।
1972 ਵਿੱਚ ਪੂਨਾ ਨਜ਼ਦੀਕ ਸੋਨਾ ਪਿੰਡ ਵਿੱਚ ਦਲਿਤ ਔਰਤਾਂ ਨੂੰ ਨੰਗੀਆਂ ਕਰਕੇ ਘੁਮਾਇਆ। ਸੁਆਰਥੀ ਨੇਤਾਵਾਂ ਨੇ ਚੁੱਪ ਧਾਰੀ ਰੱਖੀ। ਅੱਤਿਆਚਾਰਾਂ ਖਿਲਾਫ ਕੁੱਝ ਨਾ ਕੀਤਾ। ਸਿੱਟੇ ਵਜ਼ੋਂ ਪਡ਼੍ਹੇ ਲਿਖੇ ਨੌਜਵਾਨ ਉੱਠੇ ਤੇ ਇਹਨਾ ਸੋਨਾ ਪਿੰ²ਡ ਜਾ ਕੇ ਰੋਸ ਮਾਰਚ ਕੀਤਾ ਤਾਂ ਇੱਕ ਜੁਲਾਈ 1972 ਨੂੰ ਅੰਬੇਡਕਰੀ ਅੰਦੋਲਨ, ਦਲਿਤ ਪੈਂਥਰ ਅੰਦੋਲਨ ਵਿੱਚ ਪ੍ਰੀਵਰਤਿਤ ਹੋ ਗਿਆ। ਦਲਿਤ ਪੈਂਥਰਾਂ ਨੇ ਮਰਾਠਵਾਡ਼ਾ ਕਾਂਡ, ਗਵਈ ਕਾਂਡ, ਚਾਨਣ ਰਾਮ ਕਾਂਡ, ਵਰਲੀ ਕਾਂਡ, ਗੁਜ਼ਰਾਤ ਕਾਂਡ ਆਦਿ ਅੰਦੋਲਨ ਕੀਤੇ। ਦਲਿਤ ਪੈਂਥਰਾਂ ਦੇ ਡਾ. ਬਾਬਾ ਸਾਹਿਬ ਅੰਬੇਡਕਰ, ਮਰਾਠਵਾਡ਼ਾ ਯੂਨੀਵਰਸਿਟੀ ਅੰਦੋਲਨ ਨੇ ਸੰਸਾਰ ਭਰ ਦੇ ਚਿੰਤਕਾਂ ਨੂੰ ਆਕਰਸ਼ਿਤ ਕੀਤਾ। ਲੌਂਗ ਮਾਰਚ ਵਿੱਚ 1 ਲੱਖ 30 ਹਜ਼ਾਰ ਲੋਕ ਗ੍ਰਿਫਤਾਰ ਹੋਏ। ਅਸੀਂ ਵੀ ਪੰਜਾਬ ਤੋਂ ਲੌਂਗ ਮਾਰਚ ਵਿੱਚ ਸ਼ਾਮਲ ਹੋਏ। ਐਮਰਜੈਂਸੀ ਵਿੱਚ ਦਲਿਤ ਪੈਂਥਰ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਸਿੱਟੇ ਵਜ਼ੋਂ ਦਲਿਤ ਪੈਂਥਰ ਅੰਦੋਲਨ ਕਮਜ਼ੋਰ ਪੈ ਗਿਆ ਤਾਂ ਬਾਬੂ ਕਾਂਸ਼ੀ ਰਾਮ, ਡੀ. ਕੇ. ਖਾਪਰਡੇ ਆਦਿ ਨੇ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਦਲਿਤ ਅੰਦੋਲਨ ਨੂੰ ਬਾਮਸੇਫ ਦਾ ਰੂਪ ਦੇ ਦਿੱਤਾ। ਬਾਮਸੇਫ ਦੇ ਮਿਸ਼ਨਰੀਆਂ ਨੇ ਘਾਲਣਾ ਘਾਲ ਕੇ ਬਹੁਜਨ ਅੰਦੋਲਨ ਖਡ਼੍ਹਾ ਕੀਤਾ ਤਾਂ 1981 ਵਿੱਚ ਉਸਨੇ ਡੀ. ਐਸ. ਫੋਰ ਦਾ ਰੂਪ ਧਾਰਣ ਕਰ ਲਿਆ। ਡੀ. ਐਸ. ਫੋਰ ਜਿਸ ਦਾ ਪੂਰਾ ਨਾਮ 'ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ' ਹੈ। 14 ਅਪ੍ਰੈਲ 1984 ਨੂੰ ਡੀ. ਐਸ. ਫੋਰ ਬਹੁਜਨ ਸਮਾਜ ਪਾਰਟੀ ਵਿੱਚ ਬਦਲ ਗਈ।
ਪ੍ਰਸ਼ਨ- ਤੁਸੀ ਰਾਜਨੀਤੀ ਵਿਚ ਕਿਓ ਨਹੀ ਆਉਂਦੇ?
ਉੱਤਰ- ਵੈਸੇ ਤਾਂ ਸੰਸਾਰ ਵਿੱਚ ਕੋਈ ਵੀ ਅਜਿਹਾ ਮਨੁੱਖ ਨਹੀਂ ਜੋ ਰਾਜਨੀਤੀ ਨਾਲ ਸਬੰਧ ਨਹੀਂ ਰੱਖਦਾ। ਹਰ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਰਾਜਨੀਤੀ ਨਾਲ ਸਬੰਧਤ ਹੈ। ਪਹਿਲੀ ਗੱਲ ਤਾਂ ਇਹ ਕਿ ਰਾਜਨੀਤੀ ਇਕ ਗੰਦੀ ਖੇਡ ਹੈ। ਫਿਰ ਇਹ ਗੰਦੇ ਲੋਕਾਂ ਦੁਆਰਾ ਖੇਡੀ ਜਾਂਦੀ ਹੈ। ਅੰਤ ਇਸ ਦੇ ਸਿੱਟੇ ਵੀ ਗੰਦੇ ਹੀ ਨਿਕਲਦੇ ਹਨ। ਅੱਜ ਰਾਜਨੀਤਕ ਲੋਕਾਂ ਨੇ ਰਾਜਨੀਤੀ ਨੂੰ ਰੋਜ਼ਗਾਰ ਅਤੇ ਰਾਜਨੀਤਕ ਪਾਰਟੀਆਂ ਨੇ ਪੈਸਾ, ਧਰਮ ਅਤੇ ਜਾਤ ਨੂੰ ਰਾਜਨੀਤੀ ਦਾ ਹੱਥ ਠੋਕਾ ਬਣਾ ਲਿਆ ਹੈ। ਇਹਨਾਂ ਸਹਾਰੇ ਹੀ ਅੱਜ ਸਭ ਪਰਟੀਆਂ ਦੀ ਰਾਜਨੀਤੀ ਚਲਦੀ ਹੈ। ਇਹਨਾਂ ਜਰੀਏ ਹੀ ਹਕੂਮਤਾਂ ਦੇ ਤਖਤ ਉਸਾਰੇ ਅਤੇ ਗਿਰਾਏ ਜਾ ਰਹੇ ਹਨ। ਸਮੂਹ ਰਾਜਨੀਤਕ ਪਾਰਟੀਆਂ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਦੀਆਂ ਰਖੇਲਾਂ ਬਣ ਚੁੱਕੀਆਂ ਹਨ। ਧੋਖਾਧਡ਼ੀ, ਫਰੇਬ, ਮੱਕਾਰੀ ਅਤੇ ਵਿਸ਼ਵਾਸਘਾਤ ਅੱਜ ਦੀ ਰਾਜਨੀਤੀ ਦੀ ਅਧਾਰਸ਼ਿਲਾ ਹੈ। ਕਿਸੇ ਵੀ ਢੰਗ ਨਾਲ ਵੱਧ ਤੋਂ ਵੱਧ ਪੈਸਾ ਕਮਾਓ, ਧਡ਼ੇ ਬੰਦੀ ਬਣਾਓ, ਦਲ ਬਦਲੀ ਕਰੋ, ਡਰਾਓ ਧਮਕਾਓ, ਝੂਠੇ ਵਾਇਦੇ ਕਰੋ, ਬਨਾਵਟੀ ਹਮਦਰਦੀ ਜਾਹਰ ਕਰਕੇ ਸੱਤਾ ਪ੍ਰਾਪਤ ਕਰੋ, ਆਪਣਾ ਦਬ ਦਬਾਅ ਰੱਖੋ। ਬੱਸ! ਇਹੀ ਮਜ਼ੂਦਾ ਰਾਜਨੀਤੀ ਦਾ ਰਾਜ ਹੈ।
ਰਾਜਨੀਤਕ ਲੋਕਾਂ ਅਤੇ ਪਾਰਟੀਆ ਦੀ ਇਸ ਸੋਚ ਨੇ ਇਖਲਾਕੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਜੀਵਨ ਵਿੱਚ ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਨੂੰ ਅਧਾਰ ਬਣਾ ਲਿਆ ਹੈ। ਸਮੁੱਚੇ ਰਾਜਨੀਤਕ ਢਾਂਚੇ ਦਾ ਭ੍ਰਿਸ਼ਟਾਕਰਨ, ਅਪਰਾਧੀਕਰਨ ਅਤੇ ਫਿਰਕੂਕਰਨ ਹੋ ਚੁੱਕਾ ਹੈ। ਮੇਹਨਤਕਸ਼ ਜਨਤਾ ਦੇ ਪੈਸੇ ਨੂੰ ਲੀਡਰ, ਅਫਸਰ ਅਤੇ ਪ੍ਰੋਹਿਤ ਹਡ਼ੱਪ ਕਰੀ ਜਾਂਦੇ ਹਨ। ਦੇਸ਼ ਦਾ ਹਰ ਅਧਿਕਾਰੀ ਅਤੇ ਵੱਡਾ ਨੇਤਾ ਸ਼ੱਕ ਦੇ ਘੇਰੇ ਵਿੱਚ ਹੈ। ਦੇਸ਼ ਦਾ ਅੱਧ ਤੋਂ ਵੱਧ ਸਰਮਾਇਆ, ਇਹਨਾਂ ਭ੍ਰਿਸ਼ਟਾਚਾਰੀ ਲੋਕਾਂ ਦੇ ਕਬਜੇ ਵਿੱਚ ਕਾਲਾ ਧਨ ਹੈ। ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨੈਂਸ ਐਂਡ ਪਾਲਿਸੀ ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ ਇਸ ਸਮੇਂ ਦੇਸ਼ ਵਿੱਚ 70,000 ਕਰੋਡ਼ ਰੁਪਏ ਦਾ ਕਾਲਾ ਧੰਨ ਹੈ। ਗੈਰ ਸਰਕਾਰੀ ਸੂਤਰਾਂ ਅਨੁਸਾਰ 100,000 ਕਰੋਡ਼ ਰੁਪਏ ਦਾ ਕਾਲਾ ਧਨ ਹੈ।
ਦੂਜੇ ਪਾਸੇ ਦੇਸ਼ ਦੀ ਬਹੁ ਸੰਖਿਅਕ ਜਨਤਾ ਬੁਨਿਆਦੀ ਜ਼ਰੂਰਤਾਂ ਰੋਟੀ, ਕੱਪਡ਼ਾ, ਮਕਾਨ, ਦੁਵਾਈਆਂ, ਪਾਣੀ, ਸਿੱਖਿਆ, ਸੁਰੱਖਿਆ, ਸਨਮਾਨ ਤੋਂ ਸੱਖਣੀ ਹੈ। ਦੇਸ਼ ਵਿੱਚ ਭੁੱਖਮਰੀ, ਬੇਰੋਜਗਾਰੀ, ਅਨਪਡ਼੍ਹਤਾ ਦੇ ਦੈਂਤ ਮੂੰਹ ਅੱਡੀ ਖਲੋਤੇ ਹਨ। ਬਹੁ ਸੰਖਿਅਕ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਨਹੀ ਮਿਲ ਰਿਹਾ। ਦੇਸ਼ ਵਾਸੀ ਕਦੀ ਠੰਡ ਨਾਲ, ਕਦੀ ਹਡ਼ ਨਾਲ ਅਤੇ ਕਦੀ ਲੂ ਨਾਲ ਮਰਨ ਲਈ ਮਜ਼ਬੂਰ ਹਨ। ਦੇਸ਼ ਦੀ ਅਬਾਦੀ ਦਾ ਬਹੁਤ ਵੱਡਾ ਹਿੱਸਾ ਰੇਲਾਂ ਦੀਆਂ ਪਟਰੀਆਂ ਤੇ, ਗੰਦੇ ਨਾਲਿਆਂ ਤੇ ਝੁਗੀਆਂ ਬਣਾ ਕੇ ਦਿਨ ਕਟੀ ਕਰ ਰਿਹਾ ਹੈ। ਆਦਿ ਵਾਸੀ ਜੰਗਲਾਂ ਵਿੱਚ ਭਟਕ ਰਹੇ ਹਨ। ਉਹਨਾਂ ਪਾਸ ਪਹਿਨਣ ਲਈ ਕੱਪਡ਼ੇ ਨਹੀਂ ਹਨ। ਉਹ ਪੌਦਿਆਂ ਦੇ ਪੱਤੇ ਅਤੇ ਜਡ਼੍ਹਾਂ ਖਾਕੇ ਦਿਨ ਟਪਾ ਰਹੇ ਹਨ। ਦੇਸ਼ ਦੀ ਅੱਧੀ ਜਨਤਾ ਗਰੀਬੀ ਦੀ ਰੇਖਾ ਤੋਂ ਵੀ ਨੀਚੇ ਜੀ ਰਹੀ ਹੈ। ਦੇਸ਼ ਦੀ 75% ਜਨਤਾ ਅਨਪਡ਼੍ਹ ਹੈ? ਦੱਸ ਕਰੋਡ਼ ਲੋਕ ਬੇਰੋਜ਼ਗਾਰ ਹਨ। ਇੱਕ ਕਰੋਡ਼ ਲੋਕ ਅੰਨੇ ਹਨ। ਤੀਹ ਲੱਖ ਵੇਸ਼ਵਾਵਾ ਸਰੀਰ ਵੇਚ ਕੇ ਪੇਟ ਭਰਦੀਆਂ ਹਨ। ਝੁੱਗੀ ਝੌਂਪਡ਼ੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਦੱਸ ਕਰੋਡ਼ ਤੋਂ ਉੱਪਰ ਹੈ। ਉਹ ਅਜ਼ਾਦ ਦੇਸ਼ ਦੇ ਨਾਗਰਿਕ ਹੁੰਦੇ ਹੋਏ ਵੀ ਗੁਲਾਮਾਂ ਤੋਂ ਵੀ ਬਦਤਰ ਜੀਵਨ ਜਿਉ ਰਹੇ ਹਨ। ਪਿਛਲੇ 50 ਸਾਲਾਂ ਵਿੱਚ ਬਣੇ ਐਮ. ਐਲ. ਏ. ਤੇ ਐਮ. ਪੀ., ਪੀ. ਸੀ. ਐਸ., ਆਈ. ਏ. ਐਸ. ਤੇ ਆਈ. ਪੀ. ਐਸ. ਅਫਸਰਾਂ ਦੀ ਜਾਇਦਾਦ ਸਬੰਧੀ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ ਕਿ ਆਮ ਲੋਕਾਂ ਨੂੰ ਇਹ ਸਪੱਸ਼²ਟ ਹੋ ਜਾਵੇ ਕਿ ਸ਼ੁਰੂ ਵਿਚ ਇਹਨਾਂ ਦੀ ਪ੍ਰਾਪਰਟੀ ਕੀ ਸੀ ਤੇ ਅੱਜ ਇਹਨਾਂ ਦੀ ਪ੍ਰਾਪਰਟੀ ਕੀ ਹੈ ਤੇ ਹੁਣ ਇਹਨਾ ਨਾਲ ਕਿਵੇ ਨਜਿੱਠਣਾ ਹੈ।
ਅਸੀਂ ਰਾਜਨੀਤੀ ਨਹੀ, ਲਹਿਰ ਚਲਾਵਾਗੇ। ਲਹਿਰ ਮਿਸ਼ਨ ਹੁੰਦਾ ਹੈ। ਬਾਬ ਸਾਹਿਬ ਅੰਬੇਡਕਰ ਕਹਿੰਦੇ ਮਿਸ਼ਨ ਜਾਂ ਪਾਰਟੀ ਵਿੱਚ ਫਰਕ ਹੁੰਦਾ ਹੈ। ਪਾਰਟੀ ਵਿੱਚ ਵਰਕਰ ਨਿੱਜੀ ਸਵਾਰਥ, ਔਹਦੇ ਜਾਂ ਟਿਕਟ ਲਈ ਕੰਮ ਕਰਦਾ ਹੈ। ਜੇ ਉਸ ਦਾ ਨਿੱਜੀ ਸਵਾਰਥ ਹੱਲ ਨਹੀਂ ਹੁੰਦਾ ਤਾਂ ਉਹ ਪਾਰਟੀ ਨੂੰ ਛੱਡਕੇ ਕਿਸੇ ਹੋਰ ਪਾਰਟੀ ਵਿੱਚ ਜਾਂ ਫਿਰ ਆਪਣੀ ਅਲੱਗ ਪਾਰਟੀ ਬਣਾ ਲੈਂਦਾ ਹੈ। ਜਿਹਡ਼ੀ ਲਹਿਰ ਜਾਂ ਮਿਸ਼ਨ ਹੁੰਦਾ ਹੈ, ਉਹ ਨਿਰਸਵਾਰਥ ਹੁੰਦਾ ਹੈ। ਡਾ. ਅੰਬੇਡਕਰ ਜੀ ਨੂੰ ਇੱਕ ਵਾਰੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਗਾਂਧੀ ਜੀ ਅਤੇ ਤੁਹਾਡੇ ਦੋਹਾਂ ਦੇ ਦਲਿਤਾਂ ਪ੍ਰਤੀ ਕੰਮ ਕਰਨ ਦੇ ਨਜ਼ਰੀਏ ਵਿੱਚ ਕੀ ਫਰਕ ਹੈ? ਤੁਸੀਂ ਵੀ ਦਲਿਤਾਂ ਦੀ ਗੱਲ ਕਰਦੇ ਹੋ, ਗਾਂਧੀ ਜੀ ਵੀ ਦਲਿਤਾਂ ਦੀ ਗੱਲ ਕਰਦੇ ਹਨ। ਤਾਂ ਡਾ. ਅੰਬੇਡਕਰ ਜੀ ਨੇ ਉੱਤਰ ਦਿੱਤਾ ਕਿ ਮੇਰੇ ਤੇ ਗਾਂਧੀ ਜੀ ਦੇ ਕੰਮ ਕਰਨ ਵਿੱਚ ਉੱਨਾ ਹੀ ਫਰਕ ਹੈ ਜਿੰਨਾ ਇੱਕ ਮਾਂ ਤੇ ਨਰਸ ਵਿੱਚ ਹੁੰਦਾ ਹੈ। ਬੱਚੇ ਦਾ ਪਾਲਣ ਪੋਸ਼ਣ ਨਰਸ ਵੀ ਕਰਦੀ ਹੈ ਅਤੇ ਮਾਂ ਵੀ ਕਰਦੀ ਹੈ। ਨਰਸ ਨੂੰ ਜੇਕਰ ਤਨਖਾਹ ਨਾ ਮਿਲੇ ਤਾਂ ਉਹ ਹਡ਼ਤਾਲ ਤੇ ਚਲੇ ਜਾਂਦੀ ਹੈ। ਉਸ ਦਾ ਇਸ ਪਿੱਛੇ ਸਵਾਰਥ ਹੈ। ਪਰ ਮਾਂ ਕਦੇ ਹਡ਼ਤਾਲ ਤੇ ਨਹੀਂ ਜਾਂਦੀ। ਬੱਚੇ ਦਾ ਪਾਲਣ ਪੋਸ਼ਣ ਕਰਨਾ ਮਾਂ ਦੀ ਨੈਤਿਕਤਾ ਹੈ। ਜਿਵੇਂ ਗਾਂਧੀ ਜੀ ਦਾ ਜਦ ਲੰਡਨ ਗੋਲਮੇਜ਼ ਕਾਨਫਰੰਸਾਂ ਵਿੱਚ ਸਵਾਰਥ ਹੱਲ ਨਹੀਂ ਹੋਇਆ ਤਾਂ ਉਹਨਾਂ ਬੱਚੇ ਦਾ ਪਾਲਣ ਪੋਸ਼ਣ ਤਾਂ ਕੀ ਕਰਨਾ ਸੀ, ਉਹ ਤਾਂ ਬੱਚੇ ਦਾ ਦੁੱਧ ਖੋਹਣ ਲਈ (ਦਲਿਤਾਂ ਦੇ ਅਲੱਗ ਮਨੁੱਖੀ ਅਧਿਕਾਰਾਂ ਵਿਰੁੱਧ) ਮਰਨ ਵਰਤ ਤੇ ਬੈਠ ਗਏ। ਤਾਂ ਸਿੱਟੇ ਵਜ਼ੋਂ ਮਜਬੂਰਨ ਡਾ, ਅੰਬੇਡਕਰ ਨੂੰ ਪੂਨਾ ਪੈਕਟ ਕਰਨਾ ਪਿਆ। ਪੂਨਾ ਪੈਕਟ ਤੋਂ ਬਾਅਦ ਡਾਕਟਰ ਅੰਬੇਡਕਰ ਜੀ ਨੂੰ ਪੱਤਰਕਾਰਾਂ ਨੇ ਫਿਰ ਪੁੱਛਿਆ ਕਿ ਤੁਸੀਂ ਪੂਨਾ ਪੈਕਟ ਵਿੱਚੋਂ ਕੀ ਖੱਟਿਆ? ਤਾਂ ਬਾਬਾ ਸਾਹਿਬ ਨੇ ਉੱਤਰ ਦਿੱਤਾ ਕਿ ਸੰਤਰੇ ਦਾ ਰਸ ਗਾਂਧੀ ਜੀ ਪੀ ਗਏ, ਛਿਲਕਾਂ 'ਫੋਟਕ' ਮੇਰੇ ਮੂੰਹ ਤੇ ਮਾਰਿਆ। ਇਸ ਤਰ੍ਹਾਂ ਗਾਂਧੀ ਜੀ ਬੱਚੇ (ਦਲਿਤ) ਦਾ ਦੁੱਧ ਹੀ ਪੀ ਗਏ। ਲਾ ਪਾ ਕੇ ਬੱਚੇ ਨੂੰ ਸਪਰੇਟਾ ਦੁੱਧ ਮਿਲਿਆ। ਸਿੱਟੇ ਵਜ਼ੋਂ ਬੱਚਾ (ਦਲਿਤ) ਅੱਜ ਵੀ ਅਪੰਗ ਤੇ ਕਮਜ਼ੋਰ ਹੈ। ਬੱਸ! ਇਹ ਹੀ ਇੱਕ ਮਿਸ਼ਨਰੀ ਤੇ ਪਾਰਟੀ ਵਰਕਰ ਵਿੱਚ ਫਰਕ ਹੈ।
ਅੰਬੇਡਕਰਵਾਦ ਇੱਕ ਰਾਜਨੀਤੀ ਹੀ ਨਹੀਂ, ਇੱਕ ਮਿਸ਼ਨ ਵੀ ਹੈ। ਵਿਵਸਥਾ ਪਰਿਵਰਤਨ ਕਰਨ ਦਾ ਮਿਸ਼ਨ ਹੈ। ਜਿਸਨੂੰ ਅੱਜ ਸੱਭਿਆਚਾਰਕ ਇਨਕਲਾਬ ਵੀ ਕਿਹਾ ਜਾ ਸਕਦਾ ਹੈ। ਡਾਕਟਰ ਅੰਬੇਡਕਰ ਇਸ ਨੂੰ ਧੱਮ ਇਨਕਲਾਬ ਕਹਿੰਦੇ ਹਨ। ਉਹਨਾ ਸਪੱਸ਼ਟ ਕਿਹਾ ਕਿ ਮਨੁੱਖ ਕਿਸੇ ਰਾਜਨੀਤਕ ਪਾਰਟੀ ਦਾ ਮੈਂਬਰ ਬਣੇ ਜਾਂ ਨਾ ਬਣੇ ਉਸ ਦਾ ਜੀਵਨ ਚਲ ਸਕਦਾ ਹੈ। ਪ੍ਰੰਤੂ ਮਨੁੱਖ ਧਰਮ ਬਿਨਾ ਨਹੀ ਰਹਿ ਸਕਦਾ। ਧਰਮ ਬਿਨਾ ਸਮਾਜ ਦਾ ਕੰਮ ਚਲ ਹੀ ਨਹੀ ਸਕਦਾ। ਧੱਮ ਹੀ ਮਨੁੱਖ ਨੂੰ ਦੁਰਾਚਾਰੀ ਤੋਂ ਸਦਾਚਾਰੀ ਬਣਾ ਸਕਦਾ ਹੈ। ਸਦਾਚਾਰ ਹੀ ਸੁੱਖ ਸ਼ਾਂਤੀ ਵਰਸਾ ਸਕਦਾ ਹੈ। ਇਸ ਕਰਕੇ ਹੀ ਤਿਲਕ, ਗਾਂਧੀ, ਲੋਹੀਆ ਤੇ ਜੈ ਪ੍ਰਕਾਸ਼ ਆਦਿ ਦੀ ਰਾਜਨੀਤੀ ਤੋਂ ਬਾਬਾ ਸਾਹਿਬ ਅੰਬੇਡਕਰ ਦੀ ਰਾਜਨੀਤੀ ਇਕਦਮ ਅਲੱਗ ਸੀ। ਰਾਜਨੀਤਕ ਲੋਕਾਂ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਸੱਤਾ, ਸੰਪਤੀ ਤੇ ਸਮਾਜ ਤੇ ਸਰਦਾਰੀ ਬਣਾਈ ਰੱਖਣ ਦੀ ਲਾਲਸਾ ਅਤੇ ਮੌਜੂਦਾ ਚਰਿਤਰ ਨੂੰ ਵੇਖਦੇ ਹੋਏ ਧੱਮ ਇਨਕਲਾਬ ਅੱਜ ਅਤਿ ਅਵੱਸ਼ਕ ਹੋ ਗਿਆ ਹੈ।
ਪ੍ਰਸ਼ਨ- ਬਾਬਾ ਸਾਹਿਬ ਅੰਬੇਡਕਰ ਦਾ ਇਹ ਧੱਮ ਇਨਕਲਾਬ ਕੀ ਹੈ?   ਉਤਰ- ਮੁੱਖ ਰੂਪ 'ਚ ਬਾਬਾ ਸਾਹਿਬ ਅੰਬੇਡਕਰ ਬ੍ਰਾਹਮਣਵਾਦੀ ਵਿਵਸਥਾ ਬਦਲਣੀ ਚਾਹੁੰਦੇ ਸਨ। ਉਹ ਪੁਰਾਣੀਆਂ ਗਲੀਆਂ ਸਡ਼ੀਆਂ ਪ੍ਰੰਪਰਾਵਾਂ, ਰੀਤੀ-ਰਿਵਾਜਾਂ ਤੇ ਮਾਨਤਾਵਾਂ ਦੀ ਥਾਂ ਤੇ ਮਨੁੱਖ ਲਈ ਨਵੀਂ ਵਿਵਸਥਾ ਅਧਾਰਤ ਸੋਚ ਤੇ ਦ੍ਰਿਸ਼ਟੀ ਪ੍ਰਦਾਨ ਕਰਨਾ ਚਾਹੁੰਦੇ ਸਨ। ਉਹ ਪੀਡ਼ਤ ਮਨੁੱਖ ਨੂੰ ਜੀਵਨ ਦਾ ਮਹੱਤਵ ਦੱਸਣਾ ਚਾਹੁੰਦੇ ਸਨ। ਇਸ ਲਈ ਹੀ ਉਨ੍ਹਾਂ ਨੇ ਰਾਸ਼ਟਰੀ ਸਤਰ ਪਰ ਧੱਮ ਇਨਕਲਾਬ ਦਾ ਚੱਕਰ ਚਲਾਇਆ।
ਬਾਬਾ ਸਾਹਿਬ ਕਹਿੰਦੇ ਕਿ ਅਨਿਆਂ, ਅਪਮਾਨ ਅਤੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਕਿਸੇ ਵੀ ਪੀਡ਼ਤ ਵਰਗ ਦੀ ਗਿਣਤੀ ਦਾ ਵਧਣਾ ਅਤੇ ਸੰਗਠਤ ਹੋਣਾ ਲਾਜ਼ਮੀ ਹੈ। ਅੱਜ ਬਹੁਜਨ ਦਲਿਤ ਸਮਾਜ ਦੀਆਂ ਵੱਖ-ਵੱਖ ਜਾਤਾਂ ਤੇ ਵੱਖ-ਵੱਖ ਵਿਚਾਰ ਅਤੇ ਵੱਖ-ਵੱਖ ਗੁਰੂ ਪੀਰ ਹਨ। ਧੱਮ ਇਨਕਲਾਬ ਨਾਲ ਬਹੁਜਨ ਦਲਿਤਾਂ ਵਿਚ ਇਕ ਵਿਚਾਰਧਾਰਾ ਆਵੇਗੀ, ਜੋ ਉਹਨਾਂ ਨੂੰ ਸੰਗਠਤ ਹੋਣ ਲਈ ਪ੍ਰੇਰਤ ਕਰੇਗੀ। ਸੰਗਠਨ ਨਾਲ ਸਮਾਜ ਬਣਦਾ ਹੈ। ਸਮਾਜ ਇਕ ਜਮਾਤ ਹੋਵੇਗੀ। ਜਮਾਤੀ ਸੰਗਠਨ, ਅਨਿਆਂ, ਅਪਮਾਨ ਅਤੇ ਅਤਿਆਚਾਰਾਂ ਵਿਰੁੱਧ ਸੰਘਰਸ਼ ਲਈ ਪ੍ਰੇਰੇਗਾ। ਜਿਸ ਨਾਲ ਗੁਲਾਮੀ ਦੀਆਂ ਜੰਜੀਰਾਂ ਟੁੱਟਣਗੀਆਂ। ਆਜ਼ਾਦੀ, ਸਮਾਨਤਾ ਆਏਗੀ...ਜ਼ਰੂਰ ਆਏਗੀ. 

No comments: