Thursday, August 11, 2011

ਜ਼ਿੰਦਗੀ ਮਹਿੰਗੀ ਵੀ---ਜ਼ਿੰਦਗੀ ਸਸਤੀ ਵੀ...

ਕਿਓਂ ਤੁਹਾਨੂੰ ਹੈਰਾਨੀ ਹੋ ਰਹੀ ਹੈ ਨਾ ਇਹ ਸੁਣਕੇ.....ਕਿ ਜ਼ਿੰਦਗੀ ਮਹਿੰਗੀ ਕਿਵੇਂ..ਤੇ..ਜ਼ਿੰਦਗੀ ਸਸਤੀ ਕਿਵੇਂ....? ਗੱਲ ਸਚੀਂ ਬੜੀ ਅਜੀਬ ਜਿਹੀ ਲੱਗਦੀ ਹੈ...ਭਲਾ ਜ਼ਿੰਦਗੀ ਕਿਸੇ ਬਜ਼ਾਰ ਦੀ ਦੁਕਾਨ ਤੇ ਪਈ ਹੋਈ ਕੋਈ ਸ਼ੈਅ ਹੈ....? ਇਹ ਕੋਈ ਵਿਕਾਊ ਚੀਜ਼ ਹੈ....ਜਿਸਦੀ ਖਰੀਦੋ ਫ਼ਰੋਖ਼ਤ ਵੀ ਹੋ ਸਕਦੀ ਹੋਵੇ...! ਪਰ ਕਦੇ ਕਦੇ ਕੁਝ ਅਜਿਹਾ ਹੀ ਮਹਿਸੂਸ ਹੁੰਦਾ ਹੈ. ਇੱਕ ਸ਼ਾਇਰ ਨੇ ਆਖਿਆ ਸੀ:
ਜ਼ਿੰਦਗੀ ਹੈ ਯਾ ਕੋਈ ਤੁਫਾਨ ਹੈ, 
ਹਮ ਤੋ ਇਸ ਜੀਨੇ ਕੇ ਹਾਥੋਂ ਮਰ ਚਲੇ. 
ਜ਼ਿੰਦਗੀ ਦੀ ਉਪਲਭਤਾ ਅਤੇ ਇਸ ਦੀ ਦੁਰਲਭਤਾ ਦੀ ਦਾਸਤਾਨ ਕੋਈ ਨਵੀਂ ਨਹੀਂ. ਭਾਵੇਂ ਭਗਵਾਨ ਕ੍ਰਿਸ਼ਨ ਦੇ ਜਨਮ ਵੇਲੇ  ਕੰਸ ਦੇ ਹੁਕਮਾਂ ਦਾ ਫਿਰ ਸੀ ਅਤੇ ਭਾਵੇਂ ਭਗਵਾਨ ਰਾਮ ਨੂੰ ਮਿਲਿਆ ਵਨਵਾਸ...ਜ਼ਿੰਦਗੀ ਨੇ ਆਪਣੇ ਮਹਿੰਗੇ ਹੋਣ ਦਾ ਅਹਿਸਾਸ ਬਾਰ ਬਾਰ ਕਰਾਇਆ. ਜ਼ਿੰਦਗੀ ਕਈ ਵਾਰ ਕਿੰਨੀ ਮਹਿੰਗੀ ਹੋ ਜਾਂਦੀ ਹੈ ਇਸਦਾ ਪਤਾ ਮਾਛੀਵਾੜੇ ਦੇ ਜੰਗਲਾਂ ਚੋਂ ਲੱਗਦਾ ਹੈ, ਇਸਦਾ ਅਹਿਸਾਸ ਸਰਹੰਦ ਦੀਆਂ ਨੀਂਹਾਂ ਨੇੜੇ ਜਾ ਕੇ ਹੁੰਦਾ ਹੈ. ਇਸਦਾ ਪਤਾ ਸਤਲੁਜ ਦੇ ਕੰਢੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਤੇ ਜਾ ਕੇ ਲੱਗਦਾ ਹੈ. ਪੰਜਾਬੀ ਦੇ ਸ਼ਾਇਰ ਲਾਲ ਫਿਰੋਜ਼ਪੁਰੀ ਨੇ ਕਿਸੇ ਵੇਲੇ ਆਖਿਆ ਸੀ: 
ਮੌਤ ਮਿਲੀ ਜਦ ਕਿਸੇ ਬਜ਼ਾਰੋਂ ਜ਼ਿੰਦਗੀ ਨਾਲੋਂ ਸਸਤੀ, 
ਇੱਕ ਦੋ ਨਹੀਂ ਹਜ਼ਾਰਾਂ ਹੀ ਖਰੀਦਾਰ ਖਲੋਤੇ ਦਿੱਸੇ. 
ਪਰ ਫਿਰ ਵੀ ਜ਼ਿੰਦਗੀ ਦੇ ਮਹਿੰਗੇ ਸਸਤੇ ਹੋਣ ਦੀ ਗੱਲ ਸੁਣਕੇ ਪੈਦਾ ਹੋਈ ਤੁਹਾਡੀ ਹੈਰਾਨੀ ਜਾਇਜ਼  ਹੈ...ਤੁਹਾਡੇ ਮਨਾਂ ਵਿੱਚ ਉਠ ਰਹੇ ਸਾਰੇ ਸੁਆਲ ਵੀ ਜਾਇਜ਼ ਨੇ....ਪਰ ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਸੀਂ ਸਾਰੇ ਜਿਸ ਵਪਾਰਕ ਯੁਗ ਵਿੱਚ ਜੀ ਰਹੇ ਹਾਂ ਉਸ ਯੁਗ ਵਿੱਚ ਤਾਂ ਮਿੱਟੀ ਦਾ ਗੱਡਾ ਵੀ ਮੁਫਤ ਨਹੀਂ ਮਿਲਦਾ. ਵਿਗਿਆਨ ਦੇ ਇਸ ਯੁਗ ਵਿੱਚ ਪੈਸੇ ਦੀ ਵਰਤੋਂ ਵਧਣ ਦੇ ਨਾਲ ਹੀ ਸਭ ਕੁਝ ਦਿਨ-ਬ-ਦਿਨ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ. ਹਰ ਚੀਜ਼ ਵਿਕ ਰਹੀ ਹੈ. ਜ਼ਿੰਦਗੀ ਨਾਂ ਦੀ ਸ਼ੈਅ ਵਾਲੇ ਖਾਸ ਬਜ਼ਾਰ ਤਾਂ ਭਾਵੇਂ ਆਮ ਤੌਰ ਤੇ ਨਜ਼ਰ ਹੀ ਨਹੀਂ ਆਉਂਦੇ ਪਰ ਆਮ ਬਾਜ਼ਾਰਾਂ ਵਿੱਚ ਹੀ ਰਾਤ ਨੂੰ ਚੈਨ ਨਾਲ ਸੌਂ ਸਕਣ ਵਾਲੀ ਦਵਾਈ ਵੀ ਮਿਲਦੀ ਹੈ, ਸਵੇਰੇ ਚੁਸਤੀ ਅਤੇ ਫੁਰਤੀ ਨਾਲ ਉਠਣ ਵਾਲੇ ਟਾਨਿਕ ਵੀ, ਦਿਮਾਗ ਦੀ ਸ਼ਕਤੀ ਨੂੰ ਵਧਾਉਣ ਵਾਲੇ ਵਿਟਾਮਿਨ ਵੀ, ਸਰੀਰ ਦੇ ਵੱਖ ਵੱਖ ਅੰਗਾਂ ਦਾ ਦਰਦ ਹਟਾਉਣ ਵਾਲੀਆਂ ਦਵਾਈਆਂ ਵੀ ਅਤੇ ਮਨ ਦੀ ਖੁਸ਼ੀ ਨੂੰ ਕਾਇਮ ਰੱਖਣ ਵਾਲੇ ਬਹੁਤ ਸਾਰੇ ਫਾਰਮੂਲੇ ਵੀ. ਇਹਨਾਂ ਬਜਾਰਾਂ ਵਿੱਚ ਤਾਂ ਲਾੜੇ ਅਤੇ ਲਾੜੀ ਦੀ ਵੀ ਬੋਲੀ ਲੱਗਦੀ ਹੈ.ਬਾਪ ਬੜਾ ਨਾ ਭਯੀਆ..ਸਬ ਸੇ ਬੜਾ ਰੁਪ੍ਯੀਆ ਵਾਲੀ ਕਹਾਵਤ ਹੁਣ ਕਦਮ ਕਦਮ ਤੇ ਆਪਣੀ ਹਕੀਕਤ ਦਾ ਅਹਿਸਾਸ ਕਰਾਉਂਦੀ ਹੈ.   
ਨਤਾਲੀਆ ਏਸਤਿਮਿਰੋਵਾ
 ਸਿਰਫ ਦਵਾਈਆਂ, ਵਿਟਾਮਿਨਾਂ ਅਤੇ ਟਾਨਿਕਾਂ  ਦੀ ਗੱਲ ਹੀ ਨਹੀਂ ਇਹਨਾਂ ਤੋਂ ਬਿਲਕੁਲ ਵੱਖਰੇ ਢੰਗ ਤਰੀਕਿਆਂ ਦਾ ਬਾਜ਼ਾਰ ਵੀ ਗਰਮ ਹੈ. ਤੁਸੀਂ ਮਨ ਦੀ ਇਕਾਗਰਤਾ ਹਾਸਿਲ ਕਰਨੀ ਹੈ ਜਾਂ ਇਸਨੂੰ ਸ਼ਾਂਤ ਕਰਨਾ ਹੈ, ਦਿਮਾਗ ਨੂੰ ਗੁੱਸੇ ਤੋਂ ਮੁਕਤ ਰੱਖਣਾ ਹੈ ਜਾਂ ਫੇਰ ਮੈਡੀਟੇਸ਼ਨ ਵਿਚ ਡੁਬਕੀ ਲਗਾਉਣੀ ਹੈ, ਯੋਗ ਸਾਧਨਾ ਨਾਲ ਸਰੀਰ ਨੂੰ ਤੰਦਰੁਸਤ ਅਤੇ ਖੂਬਸੂਰਤ ਬਣਾਉਣਾ ਹੈ ਜਾਂ ਫੇਰ ਆਪਣੀ ਆਵਾਜ਼ ਸੁਰੀਲੀ ਬਣਾਉਣੀ ਹੈ ਤਾਂ ਇਹ ਸਭ ਕੁਝ ਵੀ ਵਿਕਦਾ ਹੈ...ਤੇ ਉਹ ਵੀ ਬੜੇ ਹੀ ਮਹਿੰਗੇ ਭਾਵਾਂ ਤੇ. ਇਹ ਠੀਕ ਹੈ ਕਿ ਕੁਝ ਸਮਾਂ ਪਹਿਲਾਂ ਬਹੁਤ ਦੇਰ ਤੱਕ ਅਜਿਹਾ ਸਭ ਕੁਝ ਇੱਕ ਤਰਾਂ ਨਾਲ ਮੁਫਤ ਦੇ ਭਾਅ  ਹੀ ਮਿਲ ਜਾਇਆ ਕਰਦਾ ਸੀ ਪਰ ਅੱਜ ਕੱਲ ਦੇ ਕਾਰੋਬਾਰੀ ਯੁਗ ਵਿੱਚ ਹੁਣ ਇਸਦਾ ਵੀ ਮੁਲ ਤਾਰਨਾ ਪੈਂਦਾ ਹੈ. ਜਿੰਨੀ ਦੇਰ ਹੁੰਦੀ ਹੈ ਓਨਾ ਹੀ ਮੁੱਲ ਵਧ ਜਾਂਦਾ ਹੈ.
 ਜਦੋਂ ਕਿਸੇ ਦਿਨ ਅੱਖਾਂ ਜੁਆਬ ਦੇ ਜਾਂਦੀਆਂ ਹਨ ਜਾਂ ਫੇਰ ਕੰਨ ਉੱਚਾ ਸੁਨਣ ਲੱਗ ਪੈਂਦੇ ਹਨ ਤਾਂ ਉਦੋਂ ਪਤਾ ਲੱਗਦਾ ਹੈ ਕਿ ਬੰਦਾ ਕਿੰਨਾ ਬਦਨਸੀਬ ਹੋ ਗਿਆ ਹੈ. ਇਹ ਅਹਿਸਾਸ ਉਸ ਵੇਲੇ ਬਿਜਲੀ ਦੇ ਕਰੰਟ ਵਾਂਗੂ ਲੱਗਦਾ ਹੈ ਜਦੋਂ ਅਚਾਨਕ ਹੀ ਡਾਕਟਰ ਦਸਦਾ ਹੈ ਕਿ ਹੁਣ ਦਿਲ ਖਤਰਨਾਕ ਸਟੇਜ ਤੇ ਹੈ ਅਤੇ ਹੁਣ ਗੁਰਦੇ ਫੇਹਲ ਹੋਣ ਵਾਲੇ ਹਨ. ਜ਼ਿੰਦਗੀ ਕਿੰਨੀ ਕੀਮਤੀ ਅਤੇ ਦੁਰਲਭ ਹੋ ਜਾਂਦੀ ਹੈ ਇਹ ਉਸ ਮਰੀਜ਼ ਨੂੰ ਪੁਛੋ ਜਿਸਨੂੰ ਡਾਕਟਰਾਂ ਨੇ ਦਸ ਦਿੱਤਾ ਹੋਵੇ ਕਿ ਬਸ ਹੁਣ ਉਹ ਚੰਦ ਦਿਨਾਂ ਦਾ ਮਹਿਮਾਣ ਹੈ...ਜਾਂ ਫੇਰ ਚੰਦ ਘੰਟਿਆਂ ਦਾ....ਜ਼ਿੰਦਗੀ ਦੀ ਕੀਮਤ ਉਹਨਾਂ ਲੋਕਾਂ ਕੋਲੋਂ ਪੁਛੋ ਜਿਹਨਾਂ ਨੂੰ ਪਤਾ ਲੱਗ ਗਿਆ ਹੋਵੇ ਕਿ ਉਹਨਾਂ ਦਾ ਬੇਟਾ. ਭਰਾ, ਮਾਂ,ਪਿਤਾ ਜਾਂ ਫੇਰ ਕੋਈ ਹੋਰ ਮਿਤਰ ਪਿਆਰਾ ਉਹਨਾਂ ਦੇ ਹੱਥਾਂ ਚੋਂ ਨਿਕਲ ਕੇ ਬੜੀ ਹੀ ਤੇਜ਼ੀ ਨਾਲ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ....ਓਹ ਸਾਰੀ ਦੌਲਤ ਖਰਚ ਕੇ ਜਾਂ ਆਪਣੇ ਰੁਤਬੇ ਦੀ ਸਾਰੀ ਤਾਕਤ ਲਗਾ ਕੇ ਵੀ ਉਸ ਨੂੰ ਕੁਝ ਹੋਰ ਪਲਾਂ ਲਈ ਆਪਣੇ ਕੋਲ ਰੱਖ ਸਕਣ ਤੋਂ ਅਸਮਰਥ ਹੁੰਦੇ ਹਨ. 
ਉਸ ਵੇਲੇ ਡਾਕਟਰਾਂ ਦੇ ਤਰਲੇ ਕੀਤੇ ਜਾਂਦੇ ਹਨ....ਮਿੰਨਤਾਂ ਕੀਤੀਆਂ ਜਾਂਦੀਆਂ ਹਨ ਕਿ ਬਸ ਡਾਕਟਰ ਸਾਹਿਬ ਇਸਨੂੰ ਕੁਝ ਪਲ ਹੋਰ ਜ਼ਿੰਦਾ ਰੱਖ ਲਓ. ਮਰੀਜ਼ ਦੇ ਦਮ ਤੋੜ ਜਾਣ ਮਗਰੋਂ ਵੀ ਕਿਹਾ ਜਾਂਦਾ ਹੈ...ਬਸ ਇੱਕ ਵਾਰ ਇਹ ਅਖਾਂ ਖੋਹਲ ਕੇ ਵੇਖ ਲਵੇ...ਬਸ ਇੱਕ ਵਾਰ ਇਹ ਸਾਡੇ ਨਾਲ ਗੱਲਾਂ ਕਰ ਲਵੇ...ਪਰ ਇਹ ਇਛਾ ਤਾਂ ਉਸ ਵੇਲੇ ਸਭ ਕੁਝ ਦੇ ਕੇ ਵੀ ਪੂਰੀ ਹੋ ਸਕਣ ਵਾਲੀ ਨਹੀਂ ਹੁੰਦੀ...ਉਦੋਂ ਜ਼ਿੰਦਗੀ ਕਿਸੇ ਭਾਅ ਵੀ ਨਹੀਂ ਮਿਲਦੀ...ਕਿਸੇ ਵੀ ਕੀਮਤ ਤੇ ਨਹੀਂ. 
           ਜਿਹਨਾਂ ਨੇ ਆਪਣੀ ਉਮਰ ਦੇ ਚੰਗੇਰੇ ਵਰ੍ਹਿਆਂ ਵਿੱਚ ਜ਼ਿੰਦਗੀ ਦੀ ਕਦਰ ਨਹੀਂ ਕੀਤੀ ਹੁੰਦੀ ਜਾਂ ਫੇਰ ਆਪਣੇ ਸੱਜਣਾਂ  ਮਿਤਰਾਂ ਨਾਲ ਪਿਆਰ ਦੇ ਦੋ ਬੋਲ ਬੋਲਣ ਵਾਸਤੇ ਉਚੇਚਾ ਸਮਾਂ ਨਹੀਂ ਕਢਿਆ ਹੁੰਦਾ....ਉਹਨਾਂ ਲਈ ਪਛਤਾਵੇ ਦੀਆਂ ਇਹ ਘੜੀਆਂ ਬਹੁਤ ਹੀ ਜ਼ਿਆਦਾ ਅਫਸੋਸਨਾਕ ਬਣ ਜਾਂਦੀਆਂ ਹਨ.....ਉਹਨਾਂ ਨੂੰ ਉਦੋਂ ਪਤਾ ਲੱਗਦਾ ਹੈ ਕਿ ਦੌਲਤ ਅਤੇ  ਸ਼ੋਹਰਤ ਕਮਾਉਣ ਦੇ ਚੱਕਰਾਂ ਵਿੱਚ ਓਹ ਕੀ ਕੀ ਗੁਆ ਬੈਠੇ ਹਨ....!      
         ਉਹਨਾਂ ਨੂੰ ਜ਼ਿੰਦਗੀ ਦਾ ਉਹ ਗੀਤ  ਬੜੀ ਹੀ ਦੇਰ ਨਾਲ ਸੁਣਦਾ ਹੈ....
             ਆ ਸੋਹਣਿਆ ਵੇ ਜੱਗ ਜਿਊਂਦਿਆਂ ਦੇ ਮੇਲੇ...! 
ਉਹਨਾਂ ਨੂੰ ਇਸ ਗੀਤ ਦੇ ਬੋਲ ਬੜੀ ਹੀ ਦੇਰ ਨਾਲ ਸਮਝ ਆਉਂਦੇ ਹਨ ਜਿਹਨਾਂ ਵਿੱਚ ਬੜੀ ਹੀ ਖੂਬਸੂਰਤੀ ਨਾਲ ਕਿਹਾ ਗਿਆ ਹੈ:...
ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ...
ਆ ਸੋਹਣਿਆ ਵੇ ਜੱਗ ਜਿਊਂਦਿਆਂ ਦੇ ਮੇਲੇ.....!
ਬਰਾਡ ਵਿਲ 
ਅਸਲ ਵਿੱਚ ਜਦੋਂ ਤੱਕ ਤਾਂ ਜ਼ਿੰਦਗੀ ਕਿਸੇ ਤੇ ਮੇਹਰਬਾਨ ਰਹਿੰਦੀ ਹੈ ਉਦੋਂ ਤੱਕ  ਨਾਂ ਤਾਂ ਇਸਦੇ ਹੋਣ ਦਾ ਅਹਿਸਾਸ ਹੁੰਦਾ ਹੈ ਅਤੇ ਨਾ ਹੀ ਇਸਦੀਆਂ ਅਨਮੋਲ ਮੇਹਰਬਾਨੀਆਂ ਦਾ. ਮੁਫਤ ਵਿੱਚ ਮਿਲੀ ਇਸ ਦੌਲਤ ਦੀ ਅਸੀਂ ਕਦਰ ਹੀ ਨਹੀਂ ਜਾਣੀ ਹੁੰਦੀ. ਪਰ ਜਿਊਂ ਹੀ ਜ਼ਿੰਦਗੀ ਆਪਣੇ ਮੱਥੇ ਤੇ ਮਾਮੂਲੀ ਜਿਹੀ ਵੀ ਤਿਊੜੀ ਪਾ ਕੇ ਆਪਣਾ ਰਸਤਾ ਬਦਲਣ ਦੀ ਤਿਆਰੀ ਕਰਦੀ ਹੈ ਤਾਂ ਇਸਦੇ ਕਈ ਭੇਦ ਖੁੱਲਣ ਲੱਗਦੇ ਹਨ. ਓਹ ਭੇਦ; ਜਿਹੜੇ ਆਮ ਤੌਰ ਤੇ ਉਮਰ ਭਰ ਸਾਨੂੰ ਸਮਝ ਹੀ ਨਹੀਂ ਆਏ ਹੁੰਦੇ.....ਸਿਰਫ ਏਸ ਲਈ ਕਿ ਅਸੀਂ ਆਲਤੂ ਫਾਲਤੂ ਝਮੇਲਿਆਂ ਵਿੱਚ ਉਲਝਕੇ ਇਹਨਾਂ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੋਏ ਹੁੰਦੇ. ਸਾਨੂੰ ਆਪਣੇ ਸੱਜਣਾਂ ਮਿੱਤਰਾਂ, ਸਨੇਹੀਆਂ ਅਤੇ ਦੋਸਤਾਂ ਦੀ ਪਾਕ ਪਵਿੱਤਰ ਮੋਹੱਬਤ ਦਾ ਅਹਿਸਾਸ ਵੀ ਅਕਸਰ ਉਦੋਂ ਹੀ ਹੁੰਦਾ ਹੈ ਜਦੋਂ ਓਹ ਵਕ਼ਤ ਦੇ ਨਾਲ ਸਾਡੀ ਪਹੁੰਚ ਵਿੱਚੋਂ ਬਾਹਰ ਚਲੇ ਜਾਂਦੇ ਨੇ. ਦੂਰੀਆਂ ਅਤੇ ਵਿਛੋੜਿਆਂ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ ਕੀ ਅਸੀਂ ਕਿੰਨੇ ਭਾਗੰਵਾਲੇ ਸਨ, ਓਹ ਸਾਡੇ ਕਿੰਨਾ ਹੀ ਨੇੜੇ ਸਨ.......ਪਰ ਅਸੀਂ ਤਾਂ ਵਕ਼ਤ ਹੀ ਨਹੀਂ ਕਢਿਆ, ਅਸੀਂ ਤਾਂ ਉਹਨਾਂ ਦੀ ਕਦਰ ਹੀ ਨਹੀਂ ਜਾਣੀ..ਗਿਲਿਆਂ ਸ਼ਿਕਵਿਆਂ ਦੇ ਜੰਜਾਲ ਵਿੱਚ ਫਸ ਕੇ ਅਸੀਂ ਉਸ ਅੰਮ੍ਰਿਤ ਧਾਰਾ ਤੋਂ ਵਾਂਝੇ ਰਹਿ ਗਏ ਜਿਸ ਦੀ ਇੱਕ ਬੂੰਦ ਨਾਲ ਹੀ ਸਾਡਾ ਉਹ ਵੇਲਾ ਵੀ ਮਿਠਾਸ ਨਾਲ ਭਰ ਜਾਣਾ ਸੀ ਅਤੇ ਇਹ ਵੇਲਾ ਵੀ.  ਉਹਨਾਂ ਮਿਠੀਆਂ ਯਾਦਾਂ ਦਾ ਅਮੁੱਕ ਸਰਮਾਇਆ ਸਾਡੇ ਕੋਲੋਂ ਕਦੇ ਵੀ ਨਹੀਂ ਸੀ ਮੁੱਕਣਾ. 
                ਹਕੀਕਤ ਵਿੱਚ ਜਿਹਨਾਂ ਨੇ ਇਸ ਸਚ ਨੂੰ ਵੇਲੇ ਸਿਰ ਹੀ ਪਛਾਣ ਲਿਆ ਹੁੰਦਾ ਹੈ ਉਹਨਾਂ ਕੋਲੋਂ ਤਾਂ ਮੌਤ ਵੀ ਕੁਝ ਨਹੀਂ ਖੋਹ ਸਕਦੀ. ਬੂੰਦ ਨਾਲ ਕੀਤਾ ਪਿਆਰ ਉਹਨਾਂ ਨੂੰ ਸਾਗਰਾਂ ਨਾਲ ਮਿਲਾ ਦੇਂਦਾ ਹੈ. ਕਿਸੇ ਇੱਕ ਦੀ ਮੋਹੱਬਤ ਹੀ ਉਹਨਾਂ ਨੂੰ ਪੂਰੀ ਦੁਨੀਆ ਦੇ ਦਰਦ ਦਾ ਅਹਿਸਾਸ ਕਰਵਾ ਦੇਂਦੀ ਹੈ. ਜ਼ਿੰਦਗੀ ਦੇ ਤੱਤ ਸਾਰ ਨੂੰ ਵੇਲੇ ਸਿਰ ਸਮਝ ਲੈਣ ਵਾਲੇ, ਇਸ ਨੂੰ ਅਥਾਹ ਪਿਆਰ ਕਰਨ ਵਾਲੇ ਕੁਝ ਵਿਰਲੇ ਹੀ ਹੁੰਦੇ ਹਨ ਜਿਹੜੇ ਮੌਤ ਨੂੰ ਮਖੋਲਾਂ ਕਰ ਸਕਦੇ ਹਨ ਅਤੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਖ ਸਕਦੇ ਹਨ........:
 ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ....
ਦੇਖਣਾ ਹੈ ਜ਼ੋਰ ਕਿਤਨਾ ਬਾਜੂ-ਏ-ਕਾਤਿਲ ਮੇਂ ਹੈ...! 
 ਹਕੀਕਤ ਵਿੱਚ ਇਹਨਾਂ ਨੂੰ ਹੀ ਸਮਝ ਆਉਂਦੀ ਹੈ ਉਸ ਰਮਜ਼ ਦੀ ਜਿਸ ਵਿੱਚ ਬੜੀ ਡੂੰਘੀ ਗੱਲ ਆਖੀ ਗਈ ਹੈ....
ਜਓ ਤਓ ਪ੍ਰੇਮ ਖੇਲਣ ਕਾ ਚਾਓ
ਸਿਰ ਧਰ ਤਲੀ ਗਲੀ ਮੇਰੀ ਆਓ॥ .....
      ਰੰਗ ਦੇ ਬਸੰਤੀ ਚੋਲਾ ਗਾਉਣ ਵਾਲੇ ਇਹਨਾਂ ਬਹਾਦਰਾਂ ਨੂੰ ਜ਼ਿੰਦਗੀ ਦੇ ਜਿਹੜੇ ਅਰਥ ਸਮਝ ਆਉਂਦੇ ਹਨ....ਇਹਨਾਂ  ਨੂੰ ਜ਼ਿੰਦਗੀ ਦਾ ਜੋ ਦੀਦਾਰ ਹੁੰਦਾ ਹੈ....ਉਹ ਹਰ ਕਿਸੇ ਦੇ ਨਸੀਬਾਂ ਵਿੱਚ ਵੀ ਨਹੀਂ ਹੁੰਦਾ. ਇਸ ਦੀਦਾਰ ਤੋਂ ਬਾਅਦ ਹੀ ਪਤਾ ਲੱਗਦਾ ਹੈ....
ਜਿਸ ਮਰਨੇ ਤੇ ਜਗ ਡਰੇ...ਮੇਰੇ ਮਨਿ ਆਨੰਦ, 
ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ. 
      ਜਿਹੜੇ ਕਿਸੇ ਬਿਮਾਰੀ ਕਾਰਣ ਮੰਜੇ ਤੇ ਪਿਆਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਵਿਚਾਰਿਆਂ ਦੀ ਮੌਤ ਦਾ ਪਤਾ ਕਈ ਵਾਰ ਤਾਂ ਉਹਨਾਂ ਦੇ ਗੁਆਂਡੀਆਂ ਜਾਂ ਫਿਰ ਖੁਦ ਪਰਿਵਾਰ  ਵਾਲਿਆਂ ਨੂੰ ਵੀ ਨਹੀਂ ਲੱਗਦਾ ਜਦਕਿ ਦੂਜੇ ਪਾਸੇ ਦੇਸ਼ ਕੌਮ ਜਾਂ ਆਪਣੇ ਵਿਚਾਰਾਂ ਲਈ ਹਸਦਿਆਂ ਹਸਦਿਆਂ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਦਾ ਜ਼ਿਕਰ ਸਦੀਆਂ ਮਗਰੋਂ ਵੀ ਬੜੇ ਹੀ ਫਖਰ ਨਾਲ ਕੀਤਾ ਜਾਂਦਾ ਹੈ. ਉਹ ਫਾਂਸੀ ਦੇ ਤਖਤੇ ਤੇ ਚੜ੍ਹ ਕੇ ਵੀ ਆਬ-ਏ-ਹਯਾਤ ਦਾ ਜਾਮ ਪੀ ਲੈਂਦੇ ਨੇ. ਮੌਤ ਦੇ ਕਲਾਵੇ ਵਿੱਚੋਂ ਵੀ ਉਹ ਅਮ੍ਰਿਤ ਦੀ ਭਾਲ ਕਰ ਲੈਂਦੇ ਨੇ.  
      ਜ਼ਿੰਦਗੀ ਦੇ ਇਹਨਾਂ ਰੰਗਾਂ ਨੂੰ ਦੇਖਣਾ ਵੀ ਇੱਕ ਕਲਾ ਹੈ. ਸਮੁਚਤਾ ਨੂੰ ਦੇਖਣ ਦੀ ਕੋਸ਼ਿਸ਼ ਤੋਂ ਬਿਨਾ ਤਾਂ ਇਹ ਰੰਗ ਵੀ ਹਰ ਕਿਸੇ ਨੂੰ ਨਜ਼ਰੀਂ ਨਹੀਂ ਪੈਂਦੇ. ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ....
ਫਰੀਦਾ ਦਰੀਆਵੈ ਕੰਨੈ ਬਗੁਲਾ, ਬੈਠਾ ਕੇਲ ਕਰੇ,
ਕੇਲ ਕਰੇਂਦੇ ਹੰਝ  ਨੋ ਅਚਿੰਤੇ ਬਾਜ ਪਏ....
        ਸੰਸਾਰੀਕਰਨ ਅਤੇ ਵਪਾਰੀਕਰਨ ਦੇ ਇਸ ਦੌਰ ਵਿੱਚ ਅਜਿਹਾ ਬੜਾ ਕੁਝ ਵਾਪਰ ਰਿਹਾ ਹੈ ਜਿਸ ਨੂੰ ਦੇਖ ਸੁਣ ਕੇ ਰੋੰਗਟੇ ਖੜੇ ਹੋ ਜਾਂਦੇ ਨੇ. ਕਿਤੇ ਬੱਦਲ ਫਟ ਜਾਂਦਾ ਹੈ, ਕਿਤੇ ਭੂਚਾਲ ਆ ਜਾਂਦਾ ਹੈ, ਕਿਤੇ ਹੜ੍ਹਾਂ ਦਾ ਪਾਣੀ ਆ ਘੇਰਦਾ ਹੈ, ਕਿਤੇ ਗੈਸ ਲੀਕ ਹੋ ਜਾਂਦੀ ਹੈ, ਕਿਤੇ ਬੰਬ ਧਮਾਕਾ ਹੋ ਜਾਂਦਾ ਹੈ, ਕਿਤੇ ਟ੍ਰੇਨਾਂ ਦੀ ਟੱਕਰ ਅਤੇ ਅਤੇ ਕਿਤੇ ਏਅਰ ਕਰੈਸ਼.......ਇਹਨਾਂ ਵਿੱਚ ਨਿੱਕੇ ਨਿੱਕੇ ਮਾਸੂਮ ਵੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਅਤੇ ਓਹ ਜਵਾਨ ਵੀ ਜਿਹਨਾਂ ਨੇ ਸਾਰੀ ਪੜ੍ਹਾਈ ਲਿਖਾਈ ਪੂਰੀ ਕਰਕੇ ਅਜੇ ਜ਼ਿੰਦਗੀ ਦੀ ਸ਼ੁਰੂਆਤ ਹੀ ਕਰਨੀ ਹੁੰਦੀ ਹੈ. ਇਹ ਘਟਨਾਵਾਂ  ਅਚਨਚੇਤੀ ਝਪਟ ਕੇ ਉਹਨਾਂ ਕੋਲੋਂ ਜ਼ਿੰਦਗੀ ਜੀਊਣ ਦਾ ਅਧਿਕਾਰ ਹੀ ਖੋਹ ਲੈਂਦੀਆਂ ਹਨ. ਸਮਝ ਨਹੀਂ ਆਉਂਦਾ ਕਿ ਇਹਨਾਂ ਅਨਮੋਲ  ਜਿੰਦੜੀਆਂ ਦੀ ਜਾਨ ਏਨੀ ਸਸਤੀ ਕਿਓਂ ਸੀ. ਆਖਿਰ ਉਹਨਾਂ ਦਾ ਕਸੂਰ ਕੀ ਸੀ....? 
           ਅਜਿਹਾ ਬਹੁਤ ਕੁਝ ਇਹਨਾਂ ਹਾਦਸਿਆਂ ਤੋਂ ਬਿਨਾ ਵੀ ਵਾਪਰ ਜਾਂਦਾ ਹੈ. ਕਿਸੇ ਨੇ ਅਜੇ ਨੌਕਰੀ ਸ਼ੁਰੂ ਹੀ ਕੀਤੀ ਹੁੰਦੀ ਹੈ. ਪਹਿਲੀ ਤਨਖਾਹ ਮਿਲਦੀ ਹੈ...ਬੜੇ ਚਾਅ ਹੁੰਦੇ ਹਨ ਪਰ ਰਸਤੇ ਵਿੱਚ ਕੋਈ ਛੁਰਾ ਮਾਰ ਜਾਂਦਾ ਹੈ. ਨਿਸਚੇ ਹੀ ਛੁਰਾ ਮਾਰਨ ਵਾਲੇ ਦੀ ਨਜ਼ਰ ਵਿੱਚ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੋਣੀ . ਇਹ ਕੁਝ ਗਲੀਆਂ ਬਜ਼ਾਰਾਂ ਦੀਆਂ ਹਨੇਰੀਆਂ ਨੁੱਕਰਾਂ ਵਿੱਚ ਹੀ ਨਹੀਂ ਬਲਕਿ ਉਸ ਸਮਾਜ ਦੇ ਰੋਸ਼ਨ ਇਲਾਕਿਆਂ ਵਿੱਚ ਵੀ ਵਾਪਰਦਾ ਹੈ ਜਿਸ ਨੂੰ ਬੜਾ ਸਭਿਅਕ ਆਖਿਆ ਜਾਂਦਾ ਹੈ. ਕਦੇ ਕਿਸੇ ਨਵ ਵਿਆਹੀ ਨੂੰ ਸਾੜ ਦਿੱਤਾ ਜਾਂਦਾ ਹੈ, ਕਦੇ ਕੋਈ ਖੁਦਕੁਸ਼ੀ ਕਰ ਲੈਂਦੀ ਹੈ. ਬਹੁਤ ਸਾਰਿਆਂ ਮੁੰਡਿਆਂ ਕੁੜੀਆਂ ਨੂੰ ਤਾਂ ਵਿਆਹ ਜੋਗਾ ਦਾਜ ਇੱਕਠਾ ਕਰਨ ਜਾਂ ਫੇਰ ਘਰ ਚਲਾਉਣ ਜੋਗਾ ਹੋਣ ਵਾਸਤੇ ਹੀ ਏਨੇ ਸਾਲ ਕੰਮ ਕਰਨਾ ਪੈਂਦਾ ਹੈ ਕਿ ਜਾਂ ਤੇ ਉਹਨਾਂ ਦੀ ਵਿਆਹ ਸ਼ਾਦੀ ਵਾਲੀ ਉਮਰ ਹੀ ਨਿਕਲ ਜਾਂਦੀ ਹੈ ਅਤੇ ਜਾਂ ਫੇਰ ਬੱਚਿਆਂ ਦੀ ਉਮਰ. ਆਰਥਿਕ ਆਜ਼ਾਦੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਬਹੁਤ ਸਾਰੇ ਲੋਕ ਉਦੋਂ ਮਾਤਾ ਪਿਤਾ ਬਣਦੇ ਹਨ ਜਦੋਂ ਨਾ ਹੀ ਸਿਹਤ ਇਸ ਗੱਲ ਦੀ ਇਜਾਜ਼ਤ ਦੇਂਦੀ ਹੈ, ਨਾ ਹੀ ਸਰੀਰ ਅਤੇ ਨਾਂ ਹੀ ਵਿਗਿਆਨ. ਏਥੋਂ ਤੱਕ ਕਿ ਸਮਾਜ ਵੀ ਉਹਨਾਂ ਬਾਰੇ ਗੱਲਾਂ ਕਰਨ ਲੱਗ ਪੈਂਦਾ ਹੈ. ਖਪਤ ਦੇ ਇਸ ਭੌਤਿਕਵਾਦੀ ਯੁਗ ਵਿੱਚ ਹਰ ਚੀਜ਼ ਦੀ ਕੀਮਤ ਹੈ, ਹਰ ਪਲ ਦੀ ਕੀਮਤ ਹੈ. ਜੇ ਜ਼ਿੰਦਗੀ ਅਨਮੋਲ ਹੈ ਤਾਂ ਇਸਦੀ ਕੀਮਤ ਵੀ ਅਨਮੋਲ ਹੈ ਜੋ ਤਾਰਨੀ ਹੀ ਪੈਂਦੀ ਹੈ. 
      ਮੰਨੇ ਪਰਮੰਨੇ ਭੌਤਿਕ ਵਿਗਿਆਨੀ ਸਟੀਫ਼ਨ ਹਾਕਿੰਜ਼ ਨੇ ਆਪਣੀ ਪ੍ਰਸਿਧ ਕਿਤਾਬ ਏ ਹਿਸਟਰੀ ਆਫ਼ ਟਾਈਮ ਦੇ ਨਵੇਂ ਐਡੀਸ਼ਨ ਵਿੱਚ ਆਖਿਆ ਹੈ ਕਿ ਇਸ ਬ੍ਰਹਮੰਡ ਦੀ ਰਚਨਾ ਵਿੱਚ ਕਿਸੇ ਪ੍ਰਮਾਤਮਾ ਦਾ ਕੋਈ ਹੱਥ ਨਹੀਂ. ਸਰ ਆਈਜ਼ਕ  ਨਿਊਟਨ ਦੀ ਧਾਰਨਾ ਨੂੰ ਖਾਰਜ ਕਰਨ ਵਾਲੇ ਇਸ ਵਿਚਾਰ ਦੀ ਚਰਚਾ ਦੁਨੀਆ ਭਰ ਦੇ ਮੀਡੀਆ ਵਿੱਚ ਹੋਈ ਹੈ. ਜ਼ਿਕਰਯੋਗ ਹੈ ਕਿ ਨਿਊਟਨ ਨੇ ਆਖਿਆ ਸੀ ਕਿ ਇਹ ਬ੍ਰਹਮੰਡ ਆਪਣੇ ਆਪ ਹੀ ਬਣਨਾ ਸ਼ੁਰੂ ਨਹੀਂ ਹੋਇਆ ਬਲਕਿ ਪ੍ਰਮਾਤਮਾ ਨੇ ਹੀ ਇਸ ਨੂੰ ਗਤੀ ਦਿੱਤੀ. ਪਰ ਇਸ ਧਾਰਨਾ ਨੂੰ ਚੁਨੌਤੀ ਦੇਣ ਵਾਲੀ ਇਸ ਖਬਰ ਨਾਲ ਉਹਨਾਂ ਸਾਰਿਆਂ ਦੀ ਜ਼ਿੰਦਗੀ ਤੇ ਅਸਰ ਪੈਣ ਵਾਲਾ ਹੈ ਜਿਹੜੇ ਦਿਨ ਰਾਤ ਰੱਬ ਦੀ ਚਰਚਾ ਵਿੱਚ ਮਗਨ ਹਨ. 
ਇਸ ਖਬਰ ਦੇ ਨਾਲ ਹੀ ਇੱਕ ਹੋਰ ਖਬਰ ਵੀ ਰਲੀਜ਼ ਹੋਈ ਮਾਸਕੋ ਤੋਂ ਜਿਸ ਵਿੱਚ ਰੂਸ ਦੇ ਵਿੱਤ ਮੰਤਰੀ ਵੱਲੋਂ ਆਪਣੇ ਦੇਸ਼ ਦੇ ਲੋਕਾਂ ਨੂੰ ਸਲਾਹ ਦੇਂਦਿਆਂ ਕਿਹਾ ਗਿਆ ਕਿ ਓਹ ਵਧ ਤੋਂ ਵਧ ਸਿਗਰਟਨੋਸ਼ੀ ਕਰਨ ਅਤੇ ਵਧ ਤੋਂ ਵਧ ਦਾਰੂ ਪੀਣ. ਇਸ ਸਲਾਹ ਨੂੰ ਜਾਇਜ਼ ਠਹਿਰਾਉਂਦਿਆਂ ਮੰਤਰੀ ਨੇ ਸਪਸ਼ਟ ਆਖਿਆ ਕਿ ਇਸ ਨਾਲ ਸਰਕਾਰ ਦੀ ਆਮਦਨੀ ਵਧੇਗੀ. ਹੁਣ ਭਲਾ ਜੇ ਸਰਕਾਰਾਂ ਵੀ ਏਸ ਯੁਗ ਵਿੱਚ ਏਸ ਢੰਗ ਨਾਲ ਸੋਚਣ ਲੱਗ ਪਈਆਂ ਹਨ ਤਾਂ ਫੇਰ ਇਸਦਾ ਅਸਰ ਬਾਕੀਆਂ ਤੇ ਵੀ ਤਾਂ ਪੈਣਾ ਹੀ ਹੈ.
ਪਰ ਇੱਕ ਵਰਗ ਹੋਰ ਵੀ ਹੁੰਦਾ ਹੈ. ਇਸ ਵਰਗ ਨੂੰ ਜ਼ਿੰਦਗੀ ਨਾਲ ਬਹੁਤ ਹੀ ਪਿਆਰ ਹੁੰਦਾ ਹੈ ਪਰ ਹਾਲਾਤ ਕੁਝ ਅਜਿਹੇ ਬਣ ਜਾਂਦੇ ਹਨ ਕਿ ਇਹਨਾਂ ਸਾਹਮਣੇ ਮੌਤ ਨੂੰ ਗਲੇ ਲਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਹੀ ਨਹੀਂ ਬਚਦਾ. ਅਕਸਰ ਇਹਨਾਂ ਦਾ ਕਸੂਰ ਕੇਵਲ ਏਨਾ ਹੀ ਹੁੰਦਾ ਹੈ ਕਿ ਇਹ ਜ਼ਿੰਦਗੀ ਨੂੰ ਆਪਣੇ ਢੰਗ ਤਰੀਕਿਆਂ ਨਾਲ ਜਿਊਂਦੇ ਹਨ. ਸਲਮਾਨ ਰਸ਼ਦੀ ਅਤੇ ਤਸਲੀਮਾ ਨਸਰੀਨ ਵਰਗੇ ਬਹੁਤ ਸਾਰੇ ਇਹ ਲੋਕ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਹਟਦੇ. ਇਹਨਾਂ ਨੂੰ ਜ਼ਮੀਰ ਦੇ ਕੈਦੀ ਵੀ ਆਖਿਆ ਜਾਂਦਾ ਹੈ ਅਰਥਾਤ  (Prisoners of conscience). ਕਿਓਂਕਿ ਇਹ ਲੋਕ ਆਪਣੀ ਅੰਤਰ ਆਤਮਾ ਦੀ ਆਵਾਜ਼ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੁਣਦੇ. ਰੂਸ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਦਿਆਂ ਐਵਾਰਡ ਜਿੱਤਣ ਵਾਲੀ Natalya Khusainovna Estemirova ਨਤਾਲੀਆ ਏਸਤਿਮਿਰੋਵਾ ਵੀ ਤਾਂ ਅਜਿਹੀ ਹੀ ਸੀ.ਆਹ ਅਜੇ ਪਿਛਲੇ ਸਾਲ ਹੀ 15 ਜੁਲਾਈ 2009 ਵਾਲੇ ਦਿਨ ਉਹ ਆਪਣੇ ਏਸੇ ਫਰਜ਼ ਦੀ ਹੀ ਪੂਰਤੀ ਕਰ ਰਹੀ ਸੀ ਕਿ ਉਸ ਨੂੰ ਅਚਾਨਕ ਹੀ ਸਵੇਰੇ ਸਾਢ਼ੇ ਕੁ ਅਠ ਵਜੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਘੇਰ ਲਿਆ ਅਤੇ ਚੁੱਕ ਕੇ ਕਾਰ ਵਿੱਚ ਸੁੱਟ ਲਿਆ. ਸ਼ਾਮ ਨੂੰ ਸਾਢ਼ੇ ਚਾਰ ਵਜੇ ਉਸ ਦੀ ਲਾਸ਼ ਸੜਕ ਤੋਂ 100 ਮੀਟਰ ਦੂਰ ਇੱਕ ਜੰਗਲੀ ਇਲਾਕੇ ਵਿੱਚੋਂ ਮਿਲੀ. ਉਸ ਨੂੰ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ. 
ਏਸੇ ਤਰਾਂ Brad Will ਅਮਰੀਕਾ ਦਾ ਇੱਕ ਵੀਡੀਓ ਜਰਨਲਿਸਟ ਸੀ. ਡਾਕੂਮੈਂਟਰੀ ਫਿਲਮਾਂ ਬਣਾ ਕੇ ਲੋਕਾਂ ਤੱਕ ਸਚ ਪਹੁੰਚਾਉਣਾ ਉਸ ਦਾ ਕਿੱਤਾ ਸੀ.  ਟੂਰਿਸਟ ਵੀਜ਼ਾ ਬਣਵਾ ਕੇ ਉਹ 27 ਅਕਤੂਬਰ 2006 ਵਾਲੇ ਦਿਨ ਦੱਖਣੀ ਮੈਕਸੀਕੋ ਦੇ Oaxaca ਇਲਾਕੇ ਵਿੱਚ ਪਹੁੰਚਿਆ ਜਿੱਥੇ ਕਿ ਟੀਚਰਾਂ ਦੀ ਹੜਤਾਲ ਚੱਲ ਰਹੀ ਸੀ. ਜਦੋਂ ਉਹ ਇਸ ਮੌਕੇ ਤੇ ਹੋਏ ਟਕਰਾਓ ਦੀ ਕਵਰੇਜ ਕਰਨ ਲੱਗਿਆ ਤਾਂ ਉਸਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ. ਉਹ ਪੱਤਰਕਾਰ ਹੋਣ ਦੇ ਨਾਲ ਨਾਲ ਇੱਕ ਸ਼ਾਇਰ ਵੀ ਸੀ ਅਤੇ ਇੱਕ ਸਟੇਜ ਕਲਾਕਾਰ ਵੀ ਪਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ;...ਸਿਰਫ ਛੱਤੀਆਂ  ਸਾਲਾਂ ਦੀ ਉਮਰ ਵਿੱਚ ਕਿਓਂਕਿ ਉਹ ਵੀ ਆਪਣੀ ਅੰਤਰ ਆਤਮਾ ਦੀ ਅਵਾਜ਼ ਸੁਣਦਾ ਸੀ.
ਹੁਣ ਇਰਾਨ ਵਿਚ ਸਕੀਨਾ ਉਡੀਕ ਰਹੀ ਹੈ ਉਸ ਦਿਨ ਨੂੰ ਜਦੋਂ ਉਸ ਨੂੰ ਸਾਰਿਆਂ ਦੇ ਸਾਹਮਣੇ ਪੱਥਰ ਮਾਰ ਮਾਰ ਕੇ 
ਬੜੀ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ. ਉਸਦੇ ਬੱਚੇ. ਉਸਦੇ ਪਰਿਵਾਰਿਕ ਮੈਂਬਰ ਅਤੇ ਕਈ ਮਨੁੱਖੀ ਅਧਿਕਾਰ ਸੰਗਠਨ ਉਸਦੀ ਜ਼ਿੰਦਗੀ ਬਚਾਉਣ ਲਈ ਇੱਕ ਮੁਹਿੰਮ ਚਲਾ ਰਹੇ ਹਨ. ਅਮਨੈਸਟੀ ਇੰਟਰਨੈਸ਼ਨਲ ਨੇ ਵੀ ਉਸਦੇ ਹੱਕ ਵਿੱਚ ਆਵਾਜ਼ ਉਠਾਈ ਹੈ.ਫਿਲਹਾਲ ਉਸਦੀ ਸਜ਼ਾ ਤੇ ਅਮਲ ਰੋਕ ਵੀ ਦਿੱਤਾ ਗਿਆ ਹੈ ਪਰ ਸਜ਼ਾ ਅਜੇ ਕਾਇਮ ਹੈ.
 ਇਸ ਤਰਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ. ਬੀਤੇ ਸਮੇਂ ਦੀਆਂ ਵੀ ਅਤੇ ਹੁਣ ਦੀਆਂ ਵੀ ਜਿਹਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਪਰ ਇਹ ਸਭ ਕੁਝ ਫਿਰ ਕਦੇ ਸਹੀ ਫਿਲਹਾਲ ਤਾਂ ਤੁਸੀਂ ਜ਼ਰਾ ਇਹ ਸੋਚੋ ਕਿ ਇਹਨਾਂ ਲੋਕਾਂ ਲਈ ਇਹ ਮਨੁੱਖੀ ਜ਼ਿੰਦਗੀ ਕਿੰਨੀ ਕੁ ਮਹਿੰਗੀ ਅਤੇ ਕਿੰਨੀ ਕੁ ਸਸਤੀ ਹੈ. ਇਸ ਦੇ ਨਾਲ ਹੀ ਸਾਨੂੰ ਇਹ ਅਹਿਸਾਸ ਹੋ ਸਕੇਗਾ ਕਿ ਸਾਨੂੰ ਸਾਡੀ ਜ਼ਿੰਦਗੀ ਕੀ ਭਾਅ ਪੈ ਰਹੀ ਹੈ.....ਮਹਿੰਗੀ ਜਾਂ ਸਸਤੀ....???? ਇਸ ਬਾਰੇ ਆਪਣੇ ਵਿਚਾਰ ਆਕਾਸ਼ਵਾਣੀ ਨੂੰ ਭੇਜਣਾ ਭੁੱਲ ਨਾ ਜਾਣਾ....!  
 --ਕਲਿਆਣ ਕੌਰ           --(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ) 

ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ 
ਇੱਕ ਚਿਣਗ ਮੈਨੂੰ ਵੀ ਚਾਹੀਦੀ 
ਪ੍ਰਧਾਨ ਮੰਤਰੀ ਗਣਤੰਤਰ ਦਿਵਸ ਕਲਾਕਾਰਾਂ ਨਾਲ 
ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 



No comments: