Sunday, November 27, 2011

ਇਕ ਚਿਣਗ ਮੈਨੂੰ ਵੀ ਚਾਹੀਦੀ//ਕਲਿਆਣ ਕੌਰ

ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇ,ਮਗਰ ਕੋਈ ਚਿਹਰਾ ਭੀ ਤੁਮਨੇ ਪਡ਼੍ਹਾ ਹੈ  ?  
ਫਿਲਮ ਬਾਜੀਗਰ ਦੇ ਇੱਕ ਗੀਤ ਵਿੱਚ ਪੁਛਿਆ ਗਿਆ ਇਹ ਸੁਆਲ ਅੱਜ ਤੁਹਾਡੇ ਲਈ ਵੀ ਹੈ ਕਿਓਂਕਿ ਹਕੀਕਤ ਇਹੀ ਹੈ ਕਿ ਪੰਜਾਬੀ ਵਿੱਚ ਪੁਸਤਕਾਂ ਪੜ੍ਹਨ ਦਾ ਓਨਾ ਚਾਅ ਨਹੀਂ ਜਿੰਨਾ ਹੋਣਾ ਚਾਹੀਦਾ ਹੈ, ਇਸ ਰਾਹ ਦੀ ਉਹ ਚਾਹ ਨਹੀਂ ਜਿੰਨੀ ਹੋਣੀ ਚਾਹੀਦੀ ਹੈ. ਇਸ ਸਚਾਈ ਦੇ ਬਾਵਜੂਦ ਪੰਜਾਬੀ ਵਿੱਚ ਕਿਤਾਬਾਂ ਦੇ ਓਹ ਸ਼ੈਦਾਈ ਵੀ ਮੌਜੂਦ ਹਨ ਜਿਹੜੇ ਕਿਤਾਬਾਂ ਲਈ ਜ਼ਿੰਦਗੀ ਲਾ ਦੇਂਦੇ ਹਨ. ਇਸਦੀ ਚਰਚਾ ਪਿਛੇ ਜਿਹੇ ਮੈਂ ਆਪਣੀ ਇੱਕ ਰੇਡੀਓ  ਪ੍ਰੋਗਰਾਮ   ਵੀ ਕੀਤਾ ਸੀ. ਉਸ ਪ੍ਰੋਗਰਾਮ ਦੇ ਬਹੁਤ ਸਾਰੇ ਅੰਸ਼ ਇਸ ਲੇਖ ਵਿੱਚ ਵੀ ਹਨ ਪਰ ਅਫਸੋਸ ਹੈ ਕਿ ਕੁਝ ਵਿਦਵਾਨਾਂ ਦੇ ਵਿਚਾਰ ਤਕਨੀਕੀ ਕਾਰਨਾਂ ਕਰਕੇ ਇਥੇ ਨਹੀਂ ਦਿੱਤੇ ਜਾ ਸਕੇ. ਇਸ ਲਈ ਓਹ ਫੇਰ ਕਦੇ ਸਹੀ.

ਜੀ ਹਾਂ ਪਡ਼੍ਹਨ ਵਾਲੇ ਸਚਮੁਚ ਬਹੁਤ ਸਾਰੀਆਂ ਕਿਤਾਬਾਂ ਪਡ਼੍ਹਦੇ ਹਨ. ਦਿਨ ਹੋਵੇ ਜਾਂ ਰਾਤ. ਘਰ ਹੋਵੇ ਜਾਂ ਦਫਤਰ, ਬਸ ਹੋਵੇ ਜਾਂ ਟ੍ਰੇਨ ...ਕਿਤਾਬਾਂ ਨਾਲ ਉਹਨਾਂ ਦਾ ਇਸ਼ਕ਼ ਲਗਾਤਾਰ ਨਿਭਦਾ ਹੈ. ਆਮਦਨ ਦਾ ਬਹੁਤ ਸਾਰਾ ਹਿੱਸਾ ਵੀ ਕਿਤਾਬਾਂ ਦੀ ਭੇਂਟ ਹੀ ਹੋਇਆ ਕਰਦਾ ਹੈ ਅਤੇ ਅਜਿਹੇ ਲੋਕਾਂ ਨੂੰ ਖੁਸ਼ ਰੱਖਣ ਲਈ ਉਹਨਾਂ ਦੇ ਮਿੱਤਰ ਅਤੇ ਮਿਲਣ ਗਿਲਣ ਵਾਲੇ ਅਕਸਰ ਸੌਗਾਤ ਵੀ ਕਿਸੇ ਚੰਗੀ ਜਿਹੀ ਕਿਤਾਬ ਦੀ ਹੀ ਦੇਂਦੇ ਹਨ. ਜੇ ਇਹ ਕਹਿ ਲਿਆ ਜਾਏ ਕਿ ਸਾਰੀ ਕਿਤਾਬ ਇੰਡਸਟਰੀ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦੀ ਹੈ ਤਾਂ ਸ਼ਾਇਦ ਕੋਈ ਅਤਿਕਥਨੀ ਨਾ ਹੋਵੇ. ਕਿਤਾਬਾਂ ਦਾ ਲਗਾਤਾਰ ਅਧਿਐਨ ਇਹਨਾਂ ਲੋਕਾਂ ਦੀ ਜ਼ਿੰਦਗੀ ਤੇ ਵੀ ਅਸਰ ਪਾਉਂਦਾ ਹੈ. ਇਹਨਾਂ ਲੋਕਾਂ ਨੂੰ ਅਕਸਰ ਅਜਿਹੇ ਸੁਆਲ ਸੁਣਨੇ ਪੈਂਦੇ ਹਨ ਜਿਵੇਂ ਕਿ ਇਹ ਸੁਆਲ ਹੈ.....ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇ,ਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ?

ਹੁਣ ਸੁਆਲ ਕਰਨ ਵਾਲਿਆਂ ਨੂੰ ਕੌਣ ਸਮਝਾਵੇ ਕਿ ਇਹ ਤਾਂ ਚਿਹਰਾ ਦੇਖੇ ਬਿਨਾ ਵੀ ਦਿਲਾਂ ਦੇ ਸਮੁੰਦਰਾਂ ਦੀ ਡੂੰਘੀ ਤੱਕ ਪੁੱਜ ਜਾਂਦੇ ਨੇ. ਮੈਂ ਖੁਦ ਵੀ ਅਜਿਹੀਆਂ ਕਈ ਰਚਨਾਵਾਂ ਪੜ੍ਹੀਆਂ ਜਿਹਨਾਂ ਦੇ ਲੇਖਕਾਂ ਨੂੰ ਮੈਂ ਕਦੇ ਨਹੀਂ ਮਿਲ ਸਕੀ ਪਰ ਹਰ ਵਾਰ ਇਹੀ ਜਾਪਿਆ ਕਿ ਉਹਨਾਂ ਨੇ ਸਿਰਫ ਮੇਰੇ ਹੀ ਦਿਲ ਦੀ ਗੱਲ ਕੀਤੀ ਹੈ. ਬੜੀ ਹੈਰਾਨੀ ਹੁੰਦੀ ਕਿ ਦੁਨਿਆ ਦੇ ਦੂਜੇ ਕੋਨੇ ਵਿਚ ਬੈਠੇ ਜਾਨ ਫਿਰ ਮੇਰੇ ਜਨਮ ਤੋਂ ਵੀ ਪਹਿਲਾਂ ਇਸ ਦੁਨੀਆ  ਨੂੰ ਅਲਵਿਦਾ ਕਹਿ ਚੁੱਕੇ  ਇਹਨਾਂ ਕਲਮਕਾਰਾਂ ਨੂੰ ਮੇਰੇ ਦਿਲ ਦਿਮਾਗ ਦੀ ਹਾਲਤ ਕਿਵੇਂ ਪਤਾ ਲੱਗੀ? ਉਹਨਾਂ ਨੇ ਕਿਵੇਂ ਜਾਂ ਲਿਆ ਕਿ ਮੇਰੇ ਨਾਲ ਆਹ ਕੁਝ ਹੋਇਆ ਜਾਣ ਫਿਰ ਆਹ ਕੁਝ ਹੋਣਾ ਹੈ ? ਮੈਂ ਕਦੇ ਵੀ ਜੋਤਿਸ਼ ਜਾਂ ਜੋਤਿਸ਼ੀਆਂ ਨਾਲ ਕੋਈ ਵਾਹ ਨਹੀਂ ਰੱਖਿਆ ਪਰ ਸੁਣਿਆ ਹੈ ਕਿ ਜੋਤਿਸ ਦੇ ਭ੍ਰਿਗੂ ਸ਼ਾਸਤਰ ਸਟਾਈਲ ਵਿੱਚ ਜੇ ਸਹੀ ਪੱਤਰਾ ਮਿਲ ਜਾਵੇ ਤਾਂ ਉਸ ਵਿੱਚ ਉਥੇ ਆਉਣ ਵਾਲੇ ਦਾ ਨਾਮ-ਪਤਾ ਅਤੇ ਤਾਰੀਖ-ਸਮਾਂ ਵੀ ਪਹਿਲਾਂ ਹੀ ਲਿਖਿਆ ਹੁੰਦਾ ਹੈ ਅਤੇ ਪੁੱਚੇ ਜਾਂ ਵਾਲੇ ਸੁਆਲ ਦਾ ਜੁਆਬ ਵੀ. ਮੈਨੂੰ ਕਦੇ ਵੀ ਇਸ ਗੱਲ ਤੇ ਯਕੀਨ ਨਹੀਂ ਹੋਇਆ ਪਰ ਜਦੋਂ ਦੂਰ ਦੁਰਾਡੇ ਬੈਠੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਆਪਣੇ ਦਿਲ ਦੀ ਹਾਲਤ, ਆਪਣੀ ਹੀ ਜ਼ਿੰਦਗੀ ਵਾਰ੍ਗਿਓ ਦਾਸਤਾਨ ਲਿਖੀ ਪੜ੍ਹੀ ਤਾਂ ਜਾਪਣ ਲੱਗ ਪਿਆ ਕਿ ਅਜਿਹੇ ਕਰਿਸ਼ਮੇ ਵੀ ਹੋ ਸਕਦੇ ਹਨ. 

ਅਸਲ ਵਿੱਚ ਕਿਤਾਬਾਂ ਨਾਲ ਪ੍ਰੇਮ ਕਰਨ ਵਾਲੇ ਅਜਿਹੇ ਲੋਕ ਤੁਹਾਨੂੰ ਜ਼ਿੰਦਗੀ ਵਿੱਚ ਕਿਤੇ ਵੀ ਮਿਲ ਜਾਣਗੇ ਪਰ ਪੁਸਤਕ ਮੇਲੇ ਜਾਂ ਫਿਰ ਕੋਈ ਲਾਇਬ੍ਰੇਰੀ ਇਹਨਾਂ ਦਾ ਮਨ ਪਸੰਦ ਥਾਂ ਹੁੰਦਾ ਹੈ. ਪੁਸਤਕ ਪ੍ਰਦਰਸ਼ਨੀ ਜਾਂ ਫਿਰ ਕਿਸੇ ਪੁਸਤਕ ਮੇਲੇ ਵਿੱਚ ਜਾ ਕੇ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਮੇਲੇ ਚੋਂ ਵਾਪਿਸ ਪਰਤਦਿਆਂ ਭਾਵੇਂ ਜੇਬ ਵਿਚਲੇ ਸਾਰੇ ਪੈਸੇ ਕਿਤਾਬਾਂ ਤੇ ਹੀ ਖਰਚ ਕਰ ਦੇਣ ਲੇਕਿਨ ਇਹ ਬਹੁਤ ਖੁਸ਼ ਹੁੰਦੇ ਹਨ. ਇਹਨਾਂ ਨੂੰ ਇੱਕ ਅਲੌਕਿਕ ਖੁਸ਼ੀ ਮਿਲਦੀ ਹੈ ਇੱਕ ਅਜਿਹਾ ਸਕੂਨ ਜਿਹਡ਼ਾ ਸਾਰਿਆਂ ਦੀ ਕਿਸਮਤ ਵਿੱਚ ਹੀ ਨਹੀਂ ਹੁੰਦਾ.  ਕਿਤਾਬਾਂ ਦਾ ਭਾਰ ਵੀ ਇਹ ਖੁਸ਼ੀ ਖੁਸ਼ੀ ਚੁੱਕਦੇ ਹਨ ਅਤੇ ਤੇਜ਼ੀ ਨਾਲ ਘਰ ਪਹੁੰਚਦੇ ਹਨ ਤਾਂ ਕਿ ਜਲਦੀ ਤੋਂ ਜਲਦੀ ਕਿਤਾਬ ਦੇ ਰੂਬਰੂ ਹੋਇਆ ਜਾਵੇ. ਪੁਸਤਕ ਮੇਲਿਆਂ ਵਿੱਚ ਪੁਸਤਕ ਪ੍ਰੇਮੀਆਂ ਨੂੰ ਖਾਸ ਛੂਟ ਵੀ ਦਿੱਤੀ ਜਾਂਦੀ ਹੈ ਕਿਓਂਕਿ ਇਹ ਮੇਲੇ ਤਾਂ ਹੁੰਦੇ ਹੀ ਖਾਸ ਤੌਰ ਤੇ ਉਹਨਾਂ ਲਈ ਹਨ.                                          

ਨੈਸ਼ਨਲ ਬੁਕ ਟਰਸਟ ਦੀ ਨਿਰਦੇਸ਼ਕ ਨੁਜਹਤ ਹਸਨ

ਪਿਛੇ ਜਿਹੇ ਜਦੋਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 19ਵਾਂ  ਵਿਸ਼ਵ ਪੁਸਤਕ ਮੇਲਾ ਲੱਗਿਆ ਤਾਂ ਇਸ  ਵਿੱਚ  ਕਿਤਾਬਾਂ ਦੀ ਦੁਨੀਆ ਦਾ ਇਕ ਅਜਿਹਾ ਰੰਗ ਰੂਪ ਸਾਹਮਣੇ ਆਇਆ ਜਿਸਤੇ ਹੁਣ ਵੀ ਰਸ਼ਕ ਕੀਤਾ  ਜਾ ਸਕਦਾ ਹੈ. ਕਿਤਾਬਾਂ ਨੇ ਇਸ ਮੇਲੇ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ. ਇਹ ਮੇਲਾ 9 ਦਿਨਾਂ ਤੱਕ ਚੱਲਿਆ ਅਤੇ ਇਸ ਵਿੱਚ ਦੇਸ਼ ਵਿਦੇਸ਼ ਦੇ ਕਰੀਬ 1200 ਪ੍ਰਕਾਸ਼ਕਾਂ ਨੇ ਭਾਗ ਲਿਆ. ਇੱਕ ਨਵਾਂ ਇਤਿਹਾਸ ਰਚਣ ਵਾਲੇ ਇਸ ਮੇਲੇ ਦਾ ਰਕਬਾ ਵੀ ਬਡ਼ਾ ਵਿਸ਼ਾਲ ਸੀ. ਬਿਆਲੀ (42 ) ਹਜ਼ਾਰ  ਵਰਗ ਮੀਟਰ ਵਿੱਚ ਫੈਲੇ ਹੋਏ ਇਸ ਪੁਸਤਕ ਮੇਲੇ ਵਿੱਚ 2400 ਸਟਾਲ ਅਤੇ ਸਟੈਂਡ ਲਗਾਏ ਗਏ ਸਨ ਜਿਹਨਾਂ ਤੇ ਸੁਸ਼ੋਭਿਤ ਸਨ ਤਰਾਂ ਤਰਾਂ ਦੀਆਂ ਕਿਤਾਬਾਂ. ਮੇਲਾ ਖਤਮ ਹੋਣ ਤੋਂ ਤਿੰਨ ਕੁ ਦਿਨ ਪਹਿਲਾਂ ਨੈਸ਼ਨਲ ਬੁਕ ਟਰਸਟ ਦੀ ਨਿਰਦੇਸ਼ਕ ਨੁਜਹਤ ਹਸਨ ਨੇ ਦੱਸਿਆ ਇਸ ਮੇਲੇ ਵਿੱਚ ਇੱਕਲੇ ਨੈਸ਼ਨਲ ਬੁਕ ਟਰਸਟ ਨੇ ਹੀ 18 ਲੱਖ  ਰੁਪਏ ਦੀਆਂ ਕਿਤਾਬਾਂ ਵੇਚੀਆ ਹਨ. ਮੇਲਾ ਖਤਮ ਹੋਣ ਤੱਕ ਇਹ ਅੰਕਡ਼ਾ 35 ਲੱਖ ਨੂੰ ਪਾਰ ਕਰ ਜਾਣ ਦੀ ਉਮੀਦ ਵੀ ਉਹਨਾਂ ਜ਼ਾਹਿਰ ਕੀਤੀ ਸੀ. ਸਪੋਰਟਸ ਪੈਵਿਲੀਅਨ ਵਿੱਚ 800 ਤੋਂ ਜਿਆਦਾ ਕਿਤਾਬਾਂ ਖੇਡਾਂ ਨਾਲ ਹੀ ਸਬੰਧਿਤ ਸਨ. ਬੱਚਿਆਂ ਲਈ ਬਣੇ ਹਾਲ ਨੰਬਰ ਸੱਤ ਈ ਵਿੱਚ ਬਾਲ ਮਨ ਵਾਲੀਆਂ ਪੁਸਤਕਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ. ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਲਿਖੀਆਂ ਪੁਸਤਕਾਂ ਇਸ ਮੇਲੇ ਵਿੱਚ ਵਿਸ਼ੇਸ਼ ਆਕਰਸ਼ਨ  ਦਾ ਕੇਂਦਰ ਬਣੀਆਂ ਹੋਈਆਂ ਸਨ. ਇਤਿਹਾਸ ਅਤੇ ਕਲਾ ਜਗਤ ਨਾਲ ਸਬੰਧਿਤ ਪੁਸਤਕਾਂ ਨੇ ਵੀ ਆਪਣੀ ਮੌਜੂਦਗੀ ਨੂੰ ਯਾਦਗਾਰੀ ਬਣਾਇਆ ਹੋਇਆ ਸੀ. ਦਿਲਚਸਪ ਗੱਲ ਹੈ ਕਿ ਪ੍ਰਿੰਟ ਐਡੀਸ਼ਨ ਵਾਲੀਆਂ ਇਹਨਾਂ ਕਿਤਾਬਾਂ ਦੇ ਨਾਲ ਨਾਲ  ਆਧੁਨਿਕ ਤਕਨੀਕ ਵਾਲੀਆਂ ਡਿਜੀਟਲ ਕਿਤਾਬਾਂ ਨੇ ਵੀ ਇਸ ਮੇਲੇ ਵਿੱਚ ਆ ਕੇ ਆਪਣੀ ਦਸਤਕ ਜਬਰਦਸਤ ਢੰਗ ਨਾਲ ਦਿੱਤੀ. ਨੈਸ਼ਨਲ ਕੋਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੀ ਸੀਡੀ ਨੇ ਵੀ ਆਪਣੀ ਚਡ਼ਤ ਜੋਰ ਸ਼ੋਰ ਨਾਲ ਦਰਜ ਕਰਾਈ ਸੀ. ਇਸ ਸੀ ਡੀ ਵਿੱਚ ਇਤਿਹਾਸ ਅਤੇ ਕਲਾ ਵਰਗੇ ਦਿਲਚਸਪ ਵਿਸ਼ਿਆਂ ਦੇ ਨਾਲ ਨਾਲ ਹਿਸਾਬ ਵਰਗੇ ਵਿਸ਼ੇ ਨੂੰ ਵੀ ਬਡ਼ੇ ਹੀ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਸੀ.

ਇਸ ਤੋਂ ਬਾਅਦ ਜਦੋਂ ਜਨਵਰੀ ਮਹੀਨੇ ਦੀ ਕਡ਼ਾਕੇਦਾਰ ਠੰਡ ਜੋਰਾਂ ਤੇ ਸੀ ਤਾਂ ਬਠਿੰਡਾ ਵਿੱਚ ਪੁਸਤਕ ਮੇਲਾ ਲੱਗਿਆ ਜਿਸ ਨੇ ਕਿਤਾਬਾਂ ਦੀ ਵਧ ਰਹੀ ਮੰਗ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ.ਉਦੋਂ ਵੀ ਕਰੀਬ 45 ਲੱਖ ਰੁਪਏ ਦੀਆਂ ਪੁਸਤਕਾਂ ਵਿਕ ਗਈਆਂ. ਇੱਕ ਫਖਰਯੋਗ ਗੱਲ ਸੀ ਕਿ ਇਸ ਮੇਲੇ ਦੌਰਾਨ ਅੰਗ੍ਰੇਜ਼ੀ ਅਤੇ ਪੰਜਾਬੀ ਪੁਸਤਕਾਂ ਦੀ ਵਿਕਰੀ ਵਿੱਚ ਬਡ਼ਾ ਹੀ ਨੇਡ਼ੇ ਦਾ ਮੁਕਾਬਲਾ ਰਿਹਾ. ਉਰਦੂ ਦੀਆਂ 16  ਹਜ਼ਾਰ ਕਿਤਾਬਾਂ ਦੀ ਵਿਕਰੀ ਨੇ ਵੀ ਸਾਬਿਤ ਕੀਤਾ ਕਿ ਕੌਣ ਕਹਿੰਦਾ ਹੈ ਕਿ ਅੱਜ ਕੱਲ ਉਰਦੂ ਨਹੀਂ ਪਡ਼੍ਹਿਆ ਜਾਂਦਾ. 

ਪੁਸਤਕ ਪ੍ਰੇਮੀ ਕਰੀਨਾ ਕਪੂਰ 

ਕਰੀਬ 9 ਦਿੰਨ ਤੱਕ ਚੱਲੇ ਇਸ ਮੇਲੇ ਦੀ ਸਮਾਪਤੀ ਮੌਕੇ ਨੈਸ਼ਨਲ ਬੁਕ ਟਰਸਟ ਦੇ ਮੁੱਖ ਪ੍ਰਬੰਧਕ ਡਾ.ਬਲਦੇਵ ਸਿੰਘ ਬਧਣ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਦਾਅਵਾ ਕੀਤਾ ਕਿ ਇਸ ਪੁਸਤਕ ਮੇਲੇ ਵਿੱਚ 70 ਤੋਂ 75 ਲੱਖ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਹੈ. ਇਸ ਪੁਸਤਕ ਮੇਲੇ ਵਿੱਚ ਹਰ ਰੋਜ਼ ਲੇਖਕਾਂ ਨਾਲ ਮਿਲਣੀ ਵੀ ਕਰਾਈ ਜਾਂਦੀ ਸੀ ‘ਇਸ ਪ੍ਰੋਗਰਾਮ ਅਧੀਨ ਦਰਜਨਾਂ ਕਲਮਕਾਰ ਆਪਣੇ ਪਾਠਕਾਂ ਦੇ ਰੂਬਰੂ ਹੋਏ. ਮੇਲੇ ਵਿੱਚ ਤਕਰੀਬਨ 50 ਪ੍ਰਕਾਸ਼ਕਾਂ ਵੱਲੋਂ 72 ਸਟਾਲ ਲਾਏ ਗਏ ਸਨ ਮੌਸਮ ਦੀ ਸਖ਼ਤ ਠੰਡ ਦੇ ਬਾਵਜੂਦ ਮੇਲੇ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ. ਪਰਾਪਤ ਵੇਰਵੇ ਮੁਤਾਬਿਕ ਇਸ ਮੇਲੇ ਵਿੱਚ ਪੰਜਾਬੀ ਕਿਤਾਬਾਂ 18 ਲਖ ਰੁਪਏ ਦੀਆਂ ਵਿਕੀਆਂ ਜਦਕਿ ਅੰਗ੍ਰੇਜ਼ੀ ਕਿਤਾਬਾਂ 16 ਲੱਖ ਰੁਪਏ ਦੀਆਂ. ਧਾਰਮਿਕ ਕਿਤਾਬਾਂ ਅਤੇ ਬਾਲ ਸਾਹਿਤ ਨਾਲ ਸਬੰਧਿਤ ਪੁਸਤਕਾਂ ਨੇ ਵੀ ਵਿਕਰੀ ਦੇ ਮਾਮਲੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ. ਵਿਕਰੀ ਦੇ ਮਾਮਲੇ ਵਿੱਚ ਹਿੰਦੀ ਭਾਸ਼ਾ ਦੀਆਂ ਕਿਤਾਬਾਂ ਦਾ ਸਥਾਨ ਤੀਸਰਾ ਰਿਹਾ.  ਜ਼ਿਕਰਯੋਗ ਹੈ ਕਿ ਇਹ ਪੰਜਾਬ ਦਾ 12 ਵਾਂ ਪੁਸਤਕ ਮੇਲਾ ਸੀ.

ਅਜਿਹੇ ਮੇਲਿਆਂ ਤੋਂ ਇਲਾਵਾ ਨੈਸ਼ਨਲ ਬੁਕ ਟਰਸਟ ਵੱਲੋਂ ਪੰਜਾਬ ਵਿੱਚ ਕਿਤਾਬਾਂ ਦੀਆਂ ਢਾਈ ਸੋ ਪ੍ਰਦਰਸ਼ਨੀਆਂ  ਵੀ  ਆਯੋਜਿਤ ਕਰਾਈਆਂ ਗਈਆਂ. ਪਹਿਲੀ ਜਨਵਰੀ 2011 ਨੂੰ ਲੱਗਿਆਂ ਬਠਿੰਡੇ ਵਾਲਾ ਪੁਸਤਕ ਮੇਲਾ ਪੰਜਾਬ ਵਿੱਚ ਅਜਿਹਾ 12 ਵਾਂ  ਮੇਲਾ ਸੀ. ਡਾਕਟਰ ਬਧਣ ਨੇ ਆਖਿਆ ਸੀ ਕਿ ਅਜਿਹੇ ਪੁਸਤਕ ਮੇਲਿਆਂ ਅਤੇ ਪ੍ਰਦਰਸ਼ਨੀਆਂ ਦੇ ਆਯੋਜਨ ਰਾਹੀਂ ਸਾਡਾ ਮਕ਼ਸਦ ਸਿਰਫ ਕਿਤਾਬਾਂ ਵੇਚਣਾ ਹੀ ਨਹੀਂ, ਅਸੀਂ ਪੁਸਤਕ ਸਭਿਆਚਾਰ ਵੀ ਪੈਦਾ ਕਰਨਾ ਚਾਹੁੰਦੇ ਹਾਂ. ਪੁਸਤਕ ਸਭਿਆਚਾਰ ਵਾਲੇ ਇਸ ਨਵੇਂ ਸਮਾਜ ਦੀ ਸਿਰਜਣਾਂ ਵਿੱਚ ਯੋਗਦਾਨ ਪਾਉਣ ਵਾਲੇ ਇਸ ਯਾਦਗਾਰੀ ਉਪਰਾਲੇ ਵਿੱਚ ਸਮਾਜ ਦੇ ਲੋਕ ਵੀ ਵਧ ਚਡ਼੍ਹ ਕੇ ਅੱਗੇ ਆਏ.  ਸਮਾਜ ਦੇ ਵੱਖ ਵਰਗਾਂ ਨਾਲ ਜੁਡ਼ੇ ਹੋਏ ਲੋਕਾਂ ਨੇ ਇਹਨਾਂ ਆਯੋਜਨਾਂ ਦੀ ਸਫਲਤਾ ਲਈ ਆਪੋ ਆਪਣਾ ਤਾਣ ਲਾਇਆ.
                 ਮੀਡੀਆ ਰਿਪੋਰਟਾਂ ਮੁਤਾਬਿਕ ਇਸ ਪੁਸਤਕ ਮੇਲੇ ਵਿੱਚ ਸਭ ਤੋਂ ਵੱਧ ਵਿਕਰੀ ਮਦਾਨ ਬੁੱਕ ਹਾਊਸ ਪਟਿਆਲਾ ਵਾਲਿਆਂ ਦੇ ਸਟਾਲ ਤੋਂ ਹੋਈ. ਇਸ ਅਦਾਰੇ  ਵੱਲੋਂ 10 ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਗਈਆਂ ਜਦੋਂ ਕਿ ਨੈਸ਼ਨਲ ਬੁੱਕ ਟਰੱਸਟ ਵੱਲੋਂ 5.50 ਲੱਖ ਦੀਆਂ ਪੁਸਤਕਾਂ ਵੇਚੀਆਂ ਗਈਆਂ ਸਨ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਲ ਤੋਂ ਡੇਢ ਲੱਖ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਸੀ. ਇਸੇ ਤਰ੍ਹਾਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ 1.05 ਲੱਖ ਦੀਆਂ ਕਿਤਾਬਾਂ ਵੇਚੀਆਂ ਗਈਆਂ ਸਨ. ਚੇਤਨਾ ਪ੍ਰਕਾਸ਼ਨ ਦੇ ਸਟਾਲ ਤੋਂ 3.50 ਲੱਖ ਦੀਆਂ ਕਿਤਾਬਾਂ ਵਿਕੀਆਂ ਤੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਢਾਈ ਲੱਖ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਕੀਤੀ ਗਈ. ਭਾਸ਼ਾ ਵਿਭਾਗ ਪੰਜਾਬ ਦੀਆਂ ਕੇਵਲ 30 ਹਜ਼ਾਰ ਦੀਆਂ ਪੁਸਤਕਾਂ ਵਿਕੀਆਂ ਤੇ ਓਸ਼ੋ ਫਾਊਡੇਸ਼ਨ ਦੀਆਂ 90 ਹਜ਼ਾਰ ਰੁਪਏ ਦੀਆਂ ਕਿਤਾਬਾਂ ਵਿਕੀਆਂ ਸਨ. ਆਰਸੀ ਦਿੱਲੀ ਦੇ ਸਟਾਲ ਤੋਂ 80 ਹਜ਼ਾਰ ਰੁਪਏ ਤੇ ਨਵਯੁਗ ਦਿੱਲੀ ਵਾਲੇ ਸਟਾਲ ਤੋਂ 60 ਹਜ਼ਾਰ ਰੁਪਏ ਦੀਆਂ ਪੁਸਤਕਾਂ ਵਿਕੀਆਂ. ਏਸੇ ਤਰਾਂ  ਲੱਖੀ ਜੰਗਲ ਪੰਜਾਬੀ ਸੱਥ ਦੇ ਸਟਾਲ ਤੋਂ 68 ਹਜ਼ਾਰ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਈ.

ਅਸਲ ਵਿੱਚ ਅਜਿਹੇ ਮੇਲੇ ਲੇਖਕਾਂ, ਪ੍ਰਕਾਸ਼ਕਾਂ ਅਤੇ ਪਾਠਕਾਂ ਦਰਮਿਆਨ ਅਜਿਹਾ ਪੁਲ ਵੀ ਸਿਰਜਦੇ ਹਨ ਜਿਸ ਨਾਲ ਇਹਨਾਂ ਤਿੰਨਾਂ ਧਿਰਾਂ ਦਰਮਿਆਨ ਪੈਦਾ ਹੋਈ ਨੇਡ਼ਤਾ ਅਤੇ ਸਮਝ ਇੱਕ ਨਵੇਂ ਆਦਰਸ਼ਕ ਸਮਾਜ ਦੀ ਸਿਰਜਨਾਂ ਵਿੱਚ ਸਹਾਇਕ ਸਾਬਿਤ ਹੁੰਦੀ ਹੈ.ਨੌਜਵਾਨਾਂ ਵੱਲੋਂ ਇਨਕਲਾਬੀ ਸਾਹਿਤ ਖਰੀਦਿਆ ਜਾਂਦਾ ਹੈ ਅਤੇ ਇਨਕਲਾਬੀ ਪੋਸਟਰ ਵੀ ਵੱਡੀ ਗਿਣਤੀ ਵਿੱਚ ਖਰੀਦੇ ਜਾਂਦੇ ਹਨ. ਪੁਸਤਕ ਮੇਲਿਆਂ ਵਿੱਚ ‘ਲੇਖਕ ਨਾਲ ਮਿਲਣੀ’ ਪ੍ਰੋਗਰਾਮ ਵੀ ਉਸਾਰੂ ਸਾਬਿਤ ਹੁੰਦੇ ਹਨ ਅਤੇ ਆਮ ਜਾਂ ਸਾਧਾਰਣ ਪਾਠਕ ਅਰਥਾਂ ਦੇ ਅਨਰਥ ਵਾਲੀ ਸਥਿਤੀ ਤੋਂ ਬਚ ਕੇ ਲੇਖਕ ਜਾਂ ਸ਼ਾਇਰ ਨੂੰ ਖੁਦ ਪੁਛ ਸਕਦਾ ਹੈ ਕਿ ਉਹ ਆਪਣੀ ਕਿਸ ਰਚਨਾ ਵਿੱਚ ਕੀ ਕਹਿਣਾ ਚਾਹੁੰਦਾ ਹੈ.
ਮੇਲਿਆਂ ਦੇ ਨਾਲ ਨਾਲ ਕਈ ਸ਼ਖਸੀਅਤਾਂ ਨਿਜੀ ਤੌਰ ਤੇ ਵੀ ਸਰਗਰਮ ਹਨ. ਪੁਸਤਕਾਂ ਦੇ ਤੋਹਫ਼ੇ, ਪੁਸਤਕਾਂ ਨਾਲ ਸਨਮਾਣ, ਪੁਸਤਕਾਂ ਦਾ ਦਾਨ ਕੁਝ ਅਜਿਹੇ ਹੀ ਉਪਰਾਲੇ ਹਨ. ਕਰੀਨਾ ਕਪੂਰ ਅੱਜ ਦੀ ਤਾਰੀਖ ਵਿੱਚ ਬਾਲੀਵੁਡ ਦੀ ਸਭ ਤੋਂ ਜ਼ਿਆਦਾ ਬਿਜ਼ੀ ਅਭਿਨੇਤਰੀਆਂ ਵਿੱਚੋਂ ਗਿਣੀ ਜਾਂਦੀ ਹੈ. ਇਸ ਦੇ ਬਾਵਜੂਦ ਉਹ ਸਮਾਜਕ ਸਰੋਕਾਰਾਂ ਨਾਲ ਜੁਡ਼ੇ ਕੰਮਾਂ ਲਈ ਸਮਾਂ ਕੱਢ ਲੈਂਦੀ ਹੈ. ਉਸਦੇ ਦਿਲ ਤੇ ਜਿਹਡ਼ੇ ਲੋਕ ਰਾਜ ਕਰਦੇ ਹਨ ਉਹਨਾਂ ਵਿੱਚ ਕਿਤਾਬਾਂ ਵੀ ਸ਼ਾਮਿਲ ਹਨ. ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਬਡ਼ੀ ਹੀ ਚੁਲਬੁਲੀ ਜਿਹੀ ਨਜ਼ਰ ਆਉਣ ਵਾਲੀ ਕਰੀਨਾ ਕਪੂਰ ਉਂਝ ਬਹੁਤ ਗੰਭੀਰ ਹੈ.  ਕਰੀਨਾ ਕਪੂਰ ਨੂੰ ਸਿਖਿਆ ਦੇ ਪ੍ਰਸਾਰ ਵਿੱਚ ਡੂੰਘੀ ਦਿਲਚਸਪੀ ਹੈ ਅਤੇ ਇਸ ਲਈ ਉਹ ਮੁੰਬਈ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਮੇਂ-ਸਮੇਂ ‘ਤੇ ਕਿਤਾਬਾਂ ਅਤੇ ਸਟੇਸ਼ਨਰੀ ਆਦਿ ਦਾਨ ਕਰਦੀ ਰਹਿੰਦੀ ਹੈ.
ਡਾਕਟਰ ਸਰੂਪ ਸਿੰਘ ਅਲਗ
ਏਸੇ ਤਰਾਂ ਸਵਾਰਥ ਦੇ ਇਸ ਯੁਗ ਵਿੱਚ ਵੀ ਪੂਰੀ ਤਰਾਂ ਨਿਸ਼ਕਾਮ ਸੇਵਾ ਵਾਲੀ ਇੱਕ ਮਿਸਾਲ ਕਾਇਮ ਕੀਤੀ ਹੈ ਡਾਕਟਰ ਸਰੂਪ ਸਿੰਘ ਅਲਗ ਨੇ. ਉਹਨਾਂ ਨੇ ਲਗਾਤਾਰ ਕਈ ਸਾਲਾਂ ਤੱਕ ਆਪਣੀ ਤਨਖਾਹ ਦਾ ਦੋ ਤਿਹਾਈ ਹਿਸਾ ਸਿੱਖ ਧਰਮ ਅਤੇ ਨਰੋਏ ਸਮਾਜ ਦੀ ਸਿਰਜਣਾ ਨਾਲ ਸਬੰਧਿਤ ਵਿਸ਼ਿਆਂ ਵਾਲੀਆਂ ਮੌਲਿਕ ਕਿਤਾਬਾਂ ਦੀ ਛਪਾਈ ਤੇ ਖਰਚਿਆ ਅਤੇ ਖੁਦ ਸਾਧਾਰਣ ਚੱਦਰ ਵਾਲੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕੀਤਾ. ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਉਹਨਾਂ ਇਸ ਯੱਗ ਵਿੱਚ ਹੀ ਅਰਪਿਤ ਕਰ ਦਿੱਤੇ. ਇਹਨਾਂ ਔਖਿਆਈਆਂ ਨੂੰ ਗਲੇ ਲਗਾ ਕੇ ਉਹਨਾਂ ਨੇ ਕਿਤਾਬਾਂ ਛਾਪਣ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਕਿ ਕ੍ਰਾਂਤੀਕਾਰੀ ਸੀ. ਲੋਕਾਂ ਨੇ ਉਹਨਾਂ ਦੀ ਇਸ ਘਾਲਣਾ ਨੂੰ ਜਲਦੀ ਹੀ ਸ਼ਬਦ ਯੱਗ ਦਾ ਨਾਮ ਦੇ ਦਿੱਤਾ. ਓਹ ਆਪਣੀਆਂ ਸਾਰੀਆਂ ਕਿਤਾਬਾਂ ਬਿਨਾ ਕਿਸੇ ਭੇਟਾ ਦੇ ਵੰਡਦੇ ਅਤੇ ਜਾਂ ਫੇਰ ਇਹਨਾਂ ਕਿਤਾਬਾਂ ਨਾਲ ਹੀ ਆਪਣੇ ਮਹਿਮਾਨਾਂ ਅਤੇ ਚਾਹੁਣ ਵਾਲਿਆਂ ਦਾ ਸਨਮਾਣ ਕਰਦੇ. ਅੱਜ ਉਹਨਾਂ ਦੀ ਕਦਰ ਕਰਨ ਵਾਲੇ ਕਈ ਸਪਾਂਸਰ ਅਤੇ ਸਰਗਰਮ ਸਹਿਯੋਗੀ  ਦੁਨੀਆ ਭਰ ਵਿੱਚ ਮੌਜੂਦ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਬਡ਼ੀ ਮਹਿੰਗੀ ਛਪਾਈ ਅਤੇ ਆਕਰਸ਼ਕ ਦਿੱਖ ਵਾਲੀਆਂ ਕਿਤਾਬਾਂ ਛਾਪਦੇ ਹਨ ਅਤੇ ਓਸੇ ਤਰਾਂ ਬਿਲਕੁਲ ਫਰੀ ਵੰਡਦੇ ਹਨ ਜਿਵੇਂ ਕਿ ਪਹਿਲਾਂ ਆਪਣੀ ਇਸ ਮੁਹਿੰਮ ਦੇ ਸ਼ੁਰੂ ਸ਼ੁਰੂ ਵਿੱਚ ਵੰਡਿਆ ਕਰਦੇ ਸਨ. ਇਹ ਗੱਲ ਵੱਖਰੀ ਹੈ ਕਿ ਡਾਕਟਰ ਸ੍ਰੁਉਪ ਸਿੰਘ ਅਲਗ ਦੀ ਏਸ ਸ਼ੁਭ ਭਾਵਨਾ ਦਾ ਫਾਇਦਾ ਉਠਾ ਕੇ ਆਪਣੀਆਂ ਜੇਬਾਂ ਭਰਨ ਵਾਲੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਗੁਰੂ ਘਰ ਅਤੇ ਗੁਰਬਾਣੀ ਦੇ ਏਸ ਪ੍ਰਚਾਰ ਵਿੱਚ ਵੀ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆਉਂਦੇ. ਇਹਨਾਂ ਸ੍ਵਾਰਥੀ ਅਨਸਰਾਂ ਦੀ ਚਰਚਾ ਫੇਰ ਕਦੇ ਕੀਤੀ ਜਾਵੇਗੀ ਕਿਸ ਏ ਵੱਖਰੇ ਲੇਖ ਜਾਂ ਰਿਪੋਰਟ ਵਿੱਚ ਜੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਹਮਣੇ ਲਿਆਓ ਫਿਲਹਾਲ ਗੱਲ ਕਰਦੇ ਹਾਂ ਕਤਾਬਾਂ ਰਹਿਣ ਗਈਆਂ ਦਾ ਚੰਨਾਂ ਫੈਲਾਉਣ ਵਾਲਿਆਂ ਅਤੇ ਕੁਝ ਕਰ ਦਿਖਾਉਣ ਵਾਲਿਆਂ ਦੀ. ਡਾਕਟਰ ਅਲਗ ਦੀ ਘਾਲਣਾ ਵੱਲ ਦੇਖੀਏ ਤਾਂ ਖੁਸ਼ੀ ਵੀ ਮਿਲਦੀ ਹੈ ਅਤੇ ਤੱਸਲੀ ਵੀ.ਨਿਸਚੇ ਹੀ ਇਹ ਸਾਰੀਆਂ ਖਬਰਾਂ ਬਡ਼ੀਆਂ ਚੰਗੀਆਂ ਚੰਗੀਆਂ ਲੱਗਦੀਆਂ ਹਨ. ਤਕਨੀਕ ਦੇ ਇਸ ਕਾਰੋਬਾਰੀ ਅਤੇ ਅਤਿ ਆਧੁਨਿਕ ਯੁਗ ਵਿੱਚ ਵੀ ਨਾਂ ਤਾਂ ਲੋਕ ਅਜੇ ਕਿਤਾਬਾਂ ਨੂੰ ਭੁੱਲੇ ਹਨ ਅਤੇ ਨਾਂ ਹੀ ਜਜਬਾਤਾਂ ਨੂੰ. ਪਰ ਇਹ ਮੁਕੰਮਲ ਸਚਾਈ ਨਹੀਂ ਹੈ.

                  ਇਸ ਦੁਨੀਆ ਵਿੱਚ ਓਹ ਲੋਕ ਵੀ ਹਨ ਜਿਹਡ਼ੇ ਜਾਂ ਤਾਂ ਜਜ਼ਬਾਤਾਂ ਤੋਂ ਬਹੁਤ ਦੂਰ ਹਨ ਅਤੇ ਜਾਂ ਫੇਰ ਏਨੇ ਸ਼ਾਤਿਰ ਹਨ ਕਿ ਓਹ ਦਿਲ ਅਤੇ ਦਿਮਾਗ 'ਚ ਚੱਲ ਰਹੀਆਂ ਭਾਵਨਾਵਾਂ ਨੂੰ ਕੰਟ੍ਰੋਲ ਕਰਕੇ ਉਹਨਾਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੀ ਪੂਰੀ ਤਰਾਂ ਮਾਹਿਰ ਹਨ.  ਉਹਨਾਂ ਨੇ ਵੀ ਇਸ ਤਕਨੀਕ ਦਾ ਪੂਰਾ ਪੂਰਾ ਫਾਇਦਾ ਉਠਾਇਆ ਹੈ. ਕਿਸੇ ਵੀ ਬੁਕ  ਸਟਾਲ ਤੇ ਜਾ ਕੇ ਜਾਂ ਫੇਰ ਕਿਤਾਬਾਂ ਦੀ ਵਣਗੀ ਅਤੇ ਗਿਣਤੀ ਦੇਖ ਕੇ ਬੰਦਾ ਚਕਰਾ ਜਾਂਦਾ ਹੈ. ਇੱਕੋ ਇੱਕੋ ਵਿਸ਼ੇ ਤੇ ਹੀ ਏਨੀਆਂ ਏਨੀਆਂ ਕਿਤਾਬਾਂ ਮੌਜੂਦ ਹਨ ਕਿ ਸਮਝ ਨਹੀਂ ਆਉਂਦੀ ਕਿ ਕਿਹਡ਼ੀ ਪੁਸਤਕ ਪ੍ਰਮਾਣਿਕ ਹੈ, ਕਿਹਡ਼ੀ ਪੁਸਤਕ ਅਸਲੀ ਹੈ, ਕਿਹਡ਼ੀ ਕਿਤਾਬ ਪਡ਼੍ਹੀ ਜਾਏ ਕਿਹਡ਼ੀ ਛੱਡੀ ਜਾਏ ?

                 ਮੇਰੇ ਵਾਂਗ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਹੋਵੇਗਾ ਸਕੂਲੀ ਪਡ਼੍ਹਾਈ ਦੇ ਆਰੰਭ ਦਾ ਉਹ ਜ਼ਮਾਨਾ ਜਦੋਂ ਸਕੂਲ ਦੇ ਸਿਲੇਬਸ ਵਾਲੀਆਂ  ਕਿਤਾਬਾਂ ਬਸ ਗਿਣਤੀ ਦੀਆਂ ਹੀ ਹੁੰਦੀਆਂ ਸਨ. ਜਿਹਡ਼ੇ ਬੱਚੇ ਕਿਸੇ ਵੀ ਕਾਰਣ ਆਪੋ ਆਪਣੀ ਕਲਾਸ ਦੀਆਂ ਪੂਰੀਆਂ ਕਿਤਾਬਾਂ ਖਰੀਦ ਨਹੀਂ ਸਨ ਸਕਦੇ  ਜਾਂ ਫੇਰ ਪਡ਼੍ਹ ਨਹੀਂ ਸਨ ਸਕਦੇ ਓਹ ਫਿਰ ਇਮਤਿਹਾਨਾਂ ਦੇ ਨੇਡ਼ੇ ਜਾ ਕੇ ਇੱਕ ਹੋਰ ਕਿਤਾਬ ਦਾ ਸਹਾਰਾ ਲੈਂਦੇ ਸਨ. ਇਸ ਕਿਤਾਬ ਨੂੰ ਕਿਹਾ ਜਾਂਦਾ ਸੀ ਸਫਲਤਾ ਦੀ ਕੁੰਜੀ. ਜੇ ਟੀਚਰ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਬੱਚੇ ਕੋਲ ਸਫਲਤਾ ਦੀ ਕੁੰਜੀ  ਹੈ ਤਾਂ ਉਸ ਨੂੰ ਸਜ਼ਾ ਮਿਲਦੀ ਸੀ. ਉਸਦੀ ਝਾਡ਼ ਝੰਭ ਹੁੰਦੀ ਸੀ. ਉਸ ਨੂੰ ਪੁਛਿਆ ਜਾਂਦਾ ਸੀ ਕਿ ਅਖੀਰ ਤੂੰ ਆਪਣੀ ਕਿਤਾਬ ਵਿਚੋਂ ਸਿਧਾ ਸਿਧਾ ਕਿਓਂ ਨਹੀਂ ਪਡ਼੍ਹ ਸਕਦਾ ? ਕਿਓਂ ਨਹੀਂ ਸਮਝ ਸਕਦਾ ਅਤੇ ਫਿਰ ਉਸ ਨੂੰ ਆਪਣੀ ਕਿਤਾਬ ਸਿਧਿਆਂ ਸਮਝਣ ਦਾ ਆਦਤ ਪਾਈ ਜਾਂਦੀ ਸੀ. ਫਿਰ ਜ਼ਮਾਨਾ ਬਦਲਿਆ ਤਾਂ ਅਜਿਹਾ ਬਦਲਿਆ ਕਿ ਅੱਜ ਸਕੂਲਾਂ ਵਿੱਚ ਸਾਫ਼ ਸਾਫ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਫਲਾਂ ਫਲਾਂ ਗਾਈਡ ਖਰੀਦੋ. ਵੱਖ ਵੱਖ ਪ੍ਰਕਾਸ਼ਕ ਆਪੋ ਆਪਣੀ ਗਾਈਡ ਦੇ ਹੱਕ ਵਿੱਚ ਸਕੂਲੀ ਬੱਚਿਆਂ ਨੂੰ ਸਲਾਹ ਜਾਂ ਹਦਾਇਤ ਦਵਾਉਣ ਲਈ ਮਹਿੰਗੀਆਂ ਸੌਗਾਤਾਂ ਅਤੇ ਕਮਿਸ਼ਨਾਂ ਸਮੇਤ ਓਹ ਸਾਰੀਆਂ ਤਰਕੀਬਾਂ ਵਰਤਦੇ ਹਨ ਜਿਹਡ਼ੀਆਂ ਬਾਜ਼ਾਰ ਦੀ ਮੰਗ ਮੁਤਾਬਿਕ ਜ਼ਰੂਰੀ ਹੁੰਦੀਆਂ ਹਨ. ਅੱਜ ਕਲ ਸਫਲਤਾ ਦੀ ਕੁੰਜੀ ਦਾ ਨਵਾਂ ਅਤੇ ਪਾਪੂਲਰ ਨਾਮ ਗਾਈਡ ਹੈ. ਸਮਝ ਨਹੀਂ ਆਉਂਦੀ ਕਿ ਜੇ ਇਸ ਤਰਾਂ ਗਾਈਡ ਬਜ਼ਾਰੋਂ ਮਿਲਦੇ ਹਨ ਤਾਂ ਫਿਰ ਸਕੂਲ ਵਿੱਚ ਪਡ਼੍ਹਾ ਰਿਹਾ ਟੀਚਰ ਆਪਣੇ ਸਟੂਡੈਂਟ ਨੂੰ ਕੀ ਗਾਈਡ ਕਰ ਰਿਹਾ ਹੈ ? ਕਿਤਾਬਾਂ ਬਾਰੇ ਕਿਤਾਬਾਂ ਦਾ ਇਹ ਸਿਲਸਿਲਾ ਭਾਵੇਂ ਕਿਸੇ ਚੰਗੀ ਭਾਵਨਾ ਨਾਲ ਹੀ ਸ਼ੁਰੂ ਹੋਇਆ ਹੋਵੇ ਪਰ ਇਸਦੀ ਵਿਕਰੀ ਵਿੱਚ ਆਉਂਦੀ ਤੇਜ਼ੀ ਨੇ ਪ੍ਰਕਾਸ਼ਕਾਂ ਨੂੰ ਬਹੁਤ ਹੀ ਥੋਹਡ਼ੇ ਸਮੇਂ ਵਿੱਚ ਮਾਲੋਮਾਲ ਕਰ ਦਿੱਤਾ. ਉਹਨਾਂ ਦੀ ਦੇਖਾ ਦੇਖੀ ਕਈ ਨਵੇਂ ਲੋਕ ਆਉਂਦੇ ਗਏ ਅਤੇ ਬਾਜ਼ਾਰਾਂ ਵਿੱਚ ਵਧ ਗਈ ਕਿਤਾਬਾਂ ਦੀ ਭੀਡ਼. ਕਿਤਾਬਾਂ ਦੇ ਇਸ ਢੇਰ ਵਿੱਚ ਪਈਆਂ ਕਿਤਾਬਾਂ ਵੱਲ ਨਜ਼ਰ ਮਾਰੀ ਜਾਏ ਤਾਂ ਤਕਰੀਬਨ ਹਰ ਕਿਤਾਬ ਤੇ ਹੁੰਦਾ ਹੈ ਜ਼ਬਰਦਸਤ ਦਾਅਵਾ. ਹਰ ਕਿਤਾਬ ਦੇ ਅਸਲੀ ਹੋਣ ਦੀ ਗਾਰੰਟੀ. ਇਹ ਭੰਬਲਭੂਸਾ ਏਨਾ ਵਧਿਆ ਕਿ ਆਰਥਿਕ, ਧਾਰਮਿਕ ਅਤੇ ਸਮਾਜਿਕ ਖੇਤਰਾਂ ਤੱਕ ਵੀ ਫੈਲ ਗਿਆ. ਬਾਜ਼ਾਰ ਜਾ ਕੇ ਕਿਸੇ ਸਟਾਲ ਤੇ ਜਾਂ ਫੇਰ ਇਹਨਾਂ ਦੇ ਇਸ਼ਤਿਹਾਰਾਂ ਵੱਲ ਨਜ਼ਰ ਮਾਰੀ ਜਾਏ ਤਾਂ ਆਮ ਦੇਖਿਆ ਜਾ ਸਕਦਾ ਹੈ ਕਿ ਜਿਹਡ਼ੀ ਕਿਤਾਬ ਤੁਸੀਂ ਲਭਣਾ ਚਾਹ ਰਹੇ ਹੋ ਉਹ ਆਸਾਨੀ ਨਾਲ ਨਹੀਂ ਮਿਲੇਗੀ. ਉਸ ਵਰਗੀਆਂ ਬਡ਼ੀਆਂ ਕਿਤਾਬਾਂ ਹੋਣਗੀਆਂ. ਬਡ਼ਾ ਮੋਟਾ ਮੋਟਾ ਲਿਖਿਆ ਹੋਵੇਗਾ ਜਿਸ ਦਾ ਅਰਥ ਹੋਵੇਗਾ ਬਸ ਇਹੀ ਹੈ ਅਸਲੀ ਕਿਤਾਬ. ਇਹੀ ਹੈ ਅਸਲੀ ਲੇਖਕ. ਇਹੀ ਹੈ ਤੁਹਾਡੀ ਤਲਾਸ਼. ਬਸ ਇਹੀ ਕਿਤਾਬ ਆਈ ਹੈ ਤੁਹਾਡੇ ਸਾਹਮਣੇ ਪਹਿਲੀ ਵਾਰ.
          ਇਸ ਭੀਡ਼ ਵਿੱਚ ਅਸਲੀ ਕਿਤਾਬ ਸਚਮੁਚ ਗੁਆਚ ਚੁਕੀ ਹੈ. ਕਾਲੇ ਅੱਖਰਾਂ ਦੇ ਨਾਲ ਨਾਲ ਰੰਗ ਬਰੰਗੇ ਅਖਰਾਂ ਦਾ ਇਹ ਚਾਨਣ ਏਨਾ ਤੇਜ਼ ਹੈ ਕਿ ਇਸ ਵਿੱਚ ਅੱਖਾਂ ਚੁੰਧਿਆ ਜਾਂਦੀਆਂ ਹਨ. ਇਸ ਧੁੰਦ ਵਿੱਚ ਵੀ ਖੱਡਾਂ ਵਾਲਾ ਰਸਤਾ ਓਨਾ ਹੀ ਖਤਰਨਾਕ ਹੋ ਜਾਂਦਾ ਹੈ ਜਿੰਨਾ ਕਿ ਕਾਲੇ ਸੰਘਣੇ ਹਨੇਰੇ ਵਿੱਚ. ਬਲਕਿ ਕਈ ਵਾਰ ਤਾਂ ਰਾਤ ਦੇ ਹਨੇਰੇ ਨਾਲੋਂ ਵੀ ਵਧ ਖਤਰਨਾਕ ਹੋ ਜਾਂਦਾ ਹੈ ਇਹ ਚੁੰਧਿਆ ਦੇਣ ਵਾਲਾ ਚਾਨਣ. ਇਸ ਚਿੱਟੇ ਹਨੇਰੇ ਨੇ ਹੀ ਲੋਕਾਂ ਵਿਚ ਕਿਤਾਬਾਂ ਪਡ਼੍ਹਨ ਵਾਲਿਆਂ ਬਾਰੇ ਕਈ ਤਰਾਂ ਦੇ ਸ਼ੰਕੇ ਪੈਦਾ ਕੀਤੇ ਅਤੇ ਓਹ ਕਿਤਾਬਾਂ ਪਡ਼੍ਹਨ ਵਾਲਿਆਂ ਕੋਲੋਂ ਪੁਛਣ ਲੱਗ ਪਏ....:ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ? 
                ਤਕਨੀਕ ਵਾਲੇ ਇਸ ਯੁਗ ਦੀ ਤੇਜ਼ ਰਫਤਾਰੀ ਵਿੱਚ ਜਦੋਂ ਇੰਟਰਨੈਟ ਆਮ ਲੋਕਾਂ ਤੱਕ ਪਹੁੰਚਿਆ ਤਾਂ ਇਸਨੇ ਕਿਤਾਬਾਂ ਪਡ਼੍ਹਨ ਵਾਲਿਆਂ ਤੇ ਵੀ ਅਸਰ ਪਾਇਆ. ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਕਿਤਾਬਾਂ ਇੰਟਰਨੈਟ ਤੇ ਆਮ ਹੋ ਗਈਆਂ. ਇੱਕ ਵਧੀਆ ਜਿਹਾ ਮੋਬਾਈਲ ਸੈਟ ਤੇ ਕਿਤਾਬਾਂ ਦੀ ਦੁਨੀਆ ਆ ਗਈ ਤੁਹਾਡੀ ਮੁਠੀ ਵਿੱਚ. ਸਰਚ ਕਰੋ ਤੇ ਜਦੋਂ ਚਾਹੋ, ਜਿਥੇ ਚਾਹੋ ਕੋਈ ਵੀ ਕਿਤਾਬ ਪਡ਼੍ਹ ਲਓ. ਪੁਸਤਕ ਪ੍ਰੇਮੀਆਂ ਲਈ ਤਾਂ ਇਹ ਸਿਸਟਮ ਇੱਕ ਵਰਦਾਨ ਬਣ ਕੇ ਆਇਆ. ਨਾਂ ਅਲਮਾਰੀਆਂ ਦਾ ਖਰਚਾ, ਨਾਂ ਰੱਖ ਰਖਾਅ ਵਾਲੀ ਖੇਚਲ ਤੇ ਨਾਂ ਹੀ ਸਿਓਂਕ ਲੱਗਣ ਦਾ ਕੋਈ ਡਰ. ਨਾਲ ਹੀ ਨਵੀਆਂ ਵੈਬ ਕਿਤਾਬਾਂ ਦਾ ਛਾਪਣਾ ਵੀ ਸਸਤਾ ਸੌਖਾ ਅਤੇ ਟਿਕਾਊ. ਕਾਗਜ਼ ਅਤੇ ਜਿਲਦ ਸਿਸਟਮ ਵਾਲੀ ਪ੍ਰਿੰਟਿੰਗ ਦੀ ਮੁਕਾਬਲੇ ਤੇ ਸੀਡੀ ਵਾਲੀ ਕਿਤਾਬ ਸਸਤੀ ਪੈਣ ਲੱਗ ਪਈ. ਇਸ ਨਾਲ ਕਿਤਾਬਾਂ ਦੀ ਗਿਣਤੀ ਹੋਰ ਵਧ ਗਈ ਤੇ ਨਾਲ ਹੀ ਵਧ ਗਿਆ ਇੱਕ ਖਤਰਾ. ਅਖਾਂ ਰਾਹੀਂ ਦਿਲ ਦਿਮਾਗ ਵਿੱਚ ਅਜਿਹੇ ਵਿਸ਼ੇ ਦਾਖਿਲ ਹੋਣ ਲੱਗ ਪਏ ਜਿਹਨਾਂ ਬਾਰੇ ਕਦੇ ਕਿਸੇ ਨੇ ਕੁਝ ਨਹੀਂ ਸੋਚਿਆ ਹੁੰਦਾ. ਇੱਕ ਸਬਜੈਕਟ ਸਰਚ ਕਰੋ ਤਾਂ ਕਿਤਾਬਾਂ ਦੀ ਬਹੁਤ ਵੱਡੀ ਗਿਣਤੀ ਸਾਹਮਣੇ ਆਉਣ ਲੱਗ ਪਈ. ਬੰਦਾ ਪਡ਼੍ਹਦਾ ਗਿਆ ਪਡ਼੍ਹਦਾ ਗਿਆ ਤੇ ਏਨਾ ਗੁਆਚਣ ਲੱਗ ਪਿਆ ਕਿ ਅਸਲ ਜ਼ਿੰਦਗੀ ਵਿੱਚ ਬਾਰ ਬਾਰ ਉਸਨੂੰ ਇਹੀ ਸੁਆਲ ਸੁਣਨਾ ਪੈਂਦਾ
ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ? 

ਕਿਸੇ ਤੁਫਾਨ ਵਾਂਗ ਆਇਆ ਡਿਜਿਟਲ ਕਿਤਾਬਾਂ ਦਾ ਇਹ ਰੁਝਾਨ ਵਿਦੇਸ਼ਾਂ ਵਿੱਚ ਕਾਫੀ ਪੁਰਾਣਾ ਹੋ ਚੁੱਕਿਆ ਹੈ ਪਰ ਨਾਂ ਤਾਂ ਉਥੇ ਕਾਗਜ਼ ਤੇ ਛਪਣ ਵਾਲਿਆਂ ਅਖਬਾਰਾਂ ਦੀ ਗਿਣਤੀ ਘਟੀ ਅਤੇ ਨਾਂ ਹੀ ਕਾਗਜ਼ ਤੇ ਛਪਣ ਵਾਲੀਆਂ ਕਿਤਾਬਾਂ ਦੀ. ਉਥੇ ਇਹਨਾਂ ਦੋਹਾਂ ਤਰਾਂ ਦੇ ਤਕਨੀਕੀ ਰੁਝਾਨਾਂ ਨੇ ਇੱਕ ਦੂਸਰੇ ਨੂੰ ਫਾਇਦਾ ਹੀ ਪਹੁੰਚਾਇਆ. ਜਿਹਡ਼ੀਆਂ ਕਿਤਾਬਾਂ ਜਾਂ ਪਰਚੇ ਸੀਮਤ ਛਪਾਈ ਜਾਂ ਭੂਗੋਲਿਕ ਦੂਰੀਆਂ ਕਾਰਣ ਸ਼੍ਸਾਰ ਦੇ ਕਿਸੇ ਦੂਜੇ ਕੋਨੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਉਹਨਾਂ ਦੇ ਚਾਹੁਣ ਵਾਲੇ ਨੈਟ ਐਡੀਸ਼ਨ ਤੇ ਪਡ਼੍ਹ ਲੈਂਦੇ ਹਨ. ਤਕਰੀਬਨ ਹਰ ਚੰਗੀ ਅਖਬਾਰ ਦਾ ਇੰਟਰਨੈਟ ਐਡੀਸ਼ਨ ਵੀ ਨਿਕਲ ਰਿਹਾ ਹੈ. ਇਸਦੇ ਐਡੀਸ਼ਨ ਦੇ ਅੱਖਰ ਵੱਡੇ ਛੋਟੇ ਹੋ ਜਾਂਦੇ ਹਨ ਅਤੇ ਇਸ ਨੂੰ ਕਿਸੇ ਵੀ ਵੇਲੇ ਪਡ਼੍ਹਿਆ ਜਾ ਸਕਦਾ ਹੈ. ਇਸਦਾ ਕੋਈ ਪੁਰਾਣਾ ਐਡੀਸ਼ਨ ਵੀ ਝੱਟ ਪੱਟ ਤੁਹਾਡੇ ਸਾਹਮਣੇ ਆ ਜਾਂਦਾ ਹੈ. ਇਸ ਤਕਨੀਕ ਦਾ ਫਾਇਦਾ ਪੁਸਤਕਾਂ ਵਿਚ ਵੀ ਹੋ ਰਿਹਾ ਹੈ. ਡਿਜੀਟਲ ਲਾਇਬ੍ਰੇਰੀਆਂ ਵਧ ਰਹੀਆਂ ਹਨ.
           ਪਡ਼੍ਹਾਈ ਲਿਖਾਈ ਦੇ ਇਸ ਆਧੁਨਿਕ ਯੁਗ ਇਕ ਅਜਿਹਾ ਦੌਰ ਵੀ ਆਇਆ ਜਦੋਂ ਨੀਮ ਹਕੀਮਾਂ ਨੇ ਤਾਕਤ ਦੀ ਬਾਦਸ਼ਾਹੀ ਦੇ ਦਾਅਵੇ ਵੀ ਕੀਤੇ ਅਤੇ ਕਿਤਾਬਾਂ ਵੀ ਲਿਖੀਆਂ. ਨੀਮ ਹਕੀਮਾਂ ਦੀਆਂ ਇਹਨਾਂ ਅਧ ਕਚਰੀਆਂ ਕਾਰੋਬਾਰੀ ਕਿਤਾਬਾਂ ਨੇ ਕਿੰਨੇ ਲੋਕਾਂ ਨੂੰ ਬੀਮਾਰ ਕੀਤਾ ਹੋਵੇਗਾ ਇਸਦਾ ਸਹੀ ਸਹੀ ਅੰਦਾਜ਼ਾ ਲਗਾ ਸਕਣਾ ਵੀ ਮੁਸ਼ਕਿਲ ਹੈ. ਤਕਰੀਬਨ ਤਕਰੀਬਨ ਇਹੀ ਹਾਲ ਕੁਝ ਹੋਰਨਾਂ ਖੇਤਰਾਂ ਵਿੱਚ ਵੀ ਹੋਇਆ.  ਜਦੋਂ ਤੱਕ ਇਹ ਬੀਮਾਰ ਆਪਣੇ ਅਸਲੀ ਡਾਕਟਰ ਕੋਲ ਪਹੁੰਚਦੇ ਹਨ ਉਦੋਂ ਤੱਕ ਬਡ਼ੀ ਦੇਰ ਹੋ ਜਾਂਦੀ.
              ਕਿਤਾਬਾਂ ਨੇ ਹੰਕਾਰ ਦਾ ਹਨੇਰਾ ਵੀ ਫੈਲਾਇਆ. ਕਈ ਅਜਿਹੇ ਲੋਕ ਦੇਖੇ ਜਾਂਦੇ ਹਨ ਜਿਹਡ਼ੇ ਪਡ਼੍ਹੀ ਜਾਂਦੇ ਹਨ, ਪਡ਼੍ਹੀ ਜਾਂਦੇ ਹਨ ਤੇ ਏਨਾ ਪਡ਼੍ਹੀ ਜਾਂਦੇ ਹਨ ਕਿ ਅਮਲੀ ਜ਼ਿੰਦਗੀ ਨਾਲੋਂ ਬਿਲਕੁਲ ਕੱਟੇ ਜਾਂਦੇ ਹਨ. ਜਦ ਕਦੇ ਜ਼ਿੰਦਗੀ 'ਚ ਆਉਂਦੀਆਂ ਔਕਡ਼ਾਂ ਦਾ ਚਡ਼੍ਹਿਆ ਹੋਇਆ ਸ਼ੂਕਦਾ ਦਰਿਆ ਤੈਰ ਕੇ ਪਾਰ ਕਰਨਾ ਪੈਂਦਾ ਹੈ ਤਾਂ ਓਹ ਘਬਰਾ ਜਾਂਦੇ ਹਨ ਜਾਂ ਡੁੱਬ ਜਾਂਦੇ ਹਨ ਕਿਓਂਕਿ ਉਹਨਾਂ ਤੈਰਨਾ ਸਿੱਖਣ ਲਈ ਸਿਰਫ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ ਕਦੇ ਵੀ ਨਦੀ 'ਚ ਛਾਲ ਤਾਂ ਮਾਰੀ ਹੀ ਨਹੀਂ ਹੁੰਦੀ. ਇਸ ਲਈ ਜ਼ਰੂਰੀ ਹੈ ਕਿ ਥਿਊਰੀ ਅਤੇ ਪ੍ਰੈਕਟਿਸ ਦਾ ਸੰਤੁਲਨ ਬਣਾ ਕੇ ਚੱਲਿਆ ਜਾਏ. ਨਹੀਂ ਤਾਂ ਲੋਕ ਇਹੀ ਕਹਿਣਗੇ...

...ਤੂੰ ਇਲਮੋਂ ਬਸ ਕਰੀਂ ਓ ਯਾਰ....
ਕਿਤਾਬਾਂ ਦੇ ਢੇਰ ਕਿਵੇਂ ਹਨੇਰ ਕਰਦੇ ਰਹੇ ਇਸਦੀਆਂ ਕਈ ਕਹਾਣੀਆਂ ਮਿਲ ਜਾਣਗੀਆਂ. ਸ਼ਾਇਦ ਕੋਈ ਦੱਸ ਨਾਂ ਸਕੇ ਜਾਂ ਫੇਰ ਦੱਸਣਾ ਨਾਂ ਚਾਹੇ ਜਾਂ ਫੇਰ ਉਸਦੀ ਕੋਈ ਹੋਰ ਮਜਬੂਰੀ ਹੁੰਦੀ ਹੋਵੇ ਇਹ ਤਾਂ ਵੱਖਰੀ ਗੱਲ ਹੈ ਪਰ ਸਚ ਤਾਂ ਇਹੀ ਹੈ ਅਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਕਾਵਿ ਸਤਰਾਂ ਬਡ਼ੀ ਡੂੰਘੀ ਗੱਲ ਆਖ ਰਹੀਆਂ ਹਨ...ਲਓ ਤੁਸੀਂ  ਵੀ ਪੜ੍ਹੋ...ਤੁਸੀਂ ਵੀ ਮਹਿਸੂਸ ਕਰੋ....!

ਤੂੰ ਅਚਲ ,ਅਡੋਲ ,ਅਬੋਲ ਖਡ਼ੀ

ਹਿੱਕ ਤੇਰੀ ਨਾਲ ਯਕੀਨ ਭਰੀ
ਖਨਗਾਹ ਦੇ ਉਤੇ ਆਣ ਨਾਲ
ਇਕ ਦੀਵੇ ਦੇ ਟਿਮਕਾਣ ਨਾਲ
ਸਭ ਸੰਸੇ ਤੇਰੇ ਦੂਰ ਹੋਏ
ਹਿੱਕ-ਖੂੰਜੇ ਨੂਰੋ ਨੂਰ ਹੋਏ

ਪਰ ਪਡ਼੍ਹ ਪਡ਼੍ਹ ਪੁਸਤਕ ਢੇਰ ਕੁਡ਼ੇ
ਮੇਰਾ ਵਧਦਾ ਜਾਏ ਹਨ੍ਹੇਰ ਕੁਡ਼ੇ
ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ
ਮੈਨੂੰ ਮਾਰਿਆ ਕੀ ਕਿਉਂ ਕਿੱਦਾਂ ਨੇ

ਮੈਂ ਨਿਸਚੇ ਬਾਝੋਂ ਭਟਕ ਰਿਹਾ
ਜੱਨਤ ਦੋਜ਼ਖ਼ ਵਿਚ ਲਟਕ ਰਿਹਾ

ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ

ਇਹ ਅਵਸਥਾ ਆਮ ਤੌਰ ਤੇ ਹਰ ਉਸ ਵਿਅਕਤੀ ਤੇ ਆਉਂਦੀ ਹੈ ਜਿਸਨੇ ਕਿਤਾਬਾਂ ਨਾਲ ਪਿਆਰ ਕਰਦਿਆਂ ਜ਼ਿੰਦਗੀ ਨੂੰ ਵੀ ਪੂਰੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਪਿਆਰ ਕੀਤਾ ਹੁੰਦਾ ਹੈ. ਇਹ ਗੱਲ ਜ਼ਰੂਰ ਹੈ ਕਿ  ਇਹ ਹਨੇਰ ਉਸ ਖਤਰੇ ਤੋਂ ਬਿਲਕੁਲ ਵੱਖਰਾ ਹੈ ਜਿਸ ਬਾਰੇ ਕਿਹਾ ਗਿਆ ਸੀ ਕਿ ਇਲਮੋਂ ਬਸ ਕਰੀਂ ਓ ਯਾਰ....ਕਿਓਂਕਿ ਇਹ ਹਨੇਰਾ ਪਡ਼੍ਹਨ ਤੋਂ ਬਾਅਦ ਆ ਰਿਹਾ ਹੈ....ਆਓ ਸੋਚੀਏ ਕਿ ਚਾਨਣ ਵੰਡਣ ਵਾਲੀਂ ਕਿਤਾਬਾਂ ਨਾਲ ਹਨੇਰਾ ਕਿਓਂ ਪੈਦਾ ਹੋਣ ਲੱਗ ਪਿਆ.....ਜੇ ਖਾਨਗਾਹ ਤੇ ਗਈ ਕੁਡ਼ੀ ਕੋਲੋਂ ਚਿਣਗ ਮੰਗਣੀ ਪਵੇ ਤਾਂ ਨਿਸਚੇ ਹੀ ਉਹਨਾਂ ਕਿਤਾਬਾਂ ਵਿਚਲੇ ਖੋਖਲੇਪਨ ਬਾਰੇ ਸੋਚਣ ਦੀ ਲੋਡ਼ ਹੈ ਜਿਹਡ਼ੀਆਂ ਬਡ਼ੇ ਵੱਡੇ ਵੱਡੇ ਦਾਵੇ ਕਰਦੀਆਂ ਹਨ.....  ਛਪਾਈ ਦੇ ਰੰਗਾਂ ਦੀ ਚਮਕ ਅਤੇ ਸ਼ਾਨਦਾਰ ਦਿੱਖ ਵਾਲੀਂ ਕਿਤਾਬਾਂ ਵਿੱਚ ਚਾਨਣ ਵਾਲੀ ਅਸਲੀ ਗੱਲ ਵੀ ਹੈ ਕਿ ਨਹੀਂ ਹੁਣ ਪਾਠਕ ਇਹ ਵੀ ਦੇਖਣਗੇ...?                   --ਕਲਿਆਣ ਕੌਰ, (ਲੁਧਿਆਣਾ)

ਕਲਿਆਣ ਕੌਰ ਦੀਆਂ ਕੁਝ ਹੋਰ ਲਿਖਤਾਂ:--
ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ 



No comments: