Wednesday, February 20, 2013

ਗ਼ਦਰ ਪਾਰਟੀ ਦੀ ਜਨਮ-ਸ਼ਤਾਬਦੀ

ਸੂਬੇ ਭਰ ਵਿੱਚ 55 ਕਾਨਫਰੰਸਾਂ//ਸਰਾਭਾ ਵਿਖੇ ਵਿਸ਼ਾਲ ਕਾਨਫਰੰਸ
19 ਜ਼ਿਲਿਆਂ ਤੋਂ ਕਰਨਗੇ ਲੋਕ ਸ਼ਮੂਲੀਅਤ:ਕਾਮਰੇਡ ਅਜਮੇਰ


ਜਲੰਧਰ 20 ਫਰਵਰੀ: ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ 'ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਗ਼ਦਰ ਪਾਰਟੀ ਦੇ ਮਹਾਂਨਾਇਕ, ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ, ਸਰਾਭਾ ਵਿਖੇ 21 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਕਾਨਫਰੰਸ/ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਾਰਟੀ ਦੀ ਸੂਬਾ ਕਮੇਟੀ ਦੇ ਬੁਲਾਰੇ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੇ 19 ਜ਼ਿਲਿਆਂ ਵਿੱਚੋਂ 50,000 ਤੋਂ ਵਧੇਰੇ ਮਿਹਨਤਕਸ਼ ਲੋਕ, ਮਜ਼ਦੂਰ, ਕਿਸਾਨ, ਵਿਦਿਆਰਥੀ, ਔਰਤਾਂ ਅਤੇ ਨੌਜੁਆਨ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ। ਗ਼ਦਰ ਪਾਰਟੀ ਦਾ ਝੰਡਾ ਕਾਮਰੇਡ ਦਰਸ਼ਨ ਸਿੰਘ ਖਟਕੜ ਲਹਿਰਾਉਣਗੇ, ਕਾਨਫਰੰਸ ਦਾ ਉਦਘਾਟਨ ਸੁਤੰਤਰਤਾ ਸੰਗਰਾਮੀ ਕਿਰਤੀ ਪਾਰਟੀ ਤੋਂ ਲੈ ਕੇ ਨਕਸਲਬਾੜੀ ਤੱਕ ਲੋਕ-ਲਹਿਰਾਂ ਦੇ ਸਰਗਰਮ ਘੁਲਾਟੀਏ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਾਥੀ ਗੰਧਰਵ ਸੈਨ ਕੋਛੜ ਕਰਨਗੇ। ਕਾਨਫਰੰਸ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਸਾਥੀ ਦਰਸ਼ਨ ਸਿੰਘ ਖਟਕੜ ਅਤੇ ਸਰਦਾਰਾ ਸਿੰਘ ਮਾਹਿਲ ਤੋਂ ਬਿਨਾਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼੍ਰੀ ਗੁਰਮੀਤ ਸਿੰਘ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਸਾਥੀ ਕੁਲਵੀਰ ਸਿੰਘ ਸੰਘੇੜਾ ਸੰਬੋਧਨ ਕਰਨਗੇ।
ਸਾਥੀ ਅਜਮੇਰ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ 21 ਫਰਵਰੀ ਦੀ ਸਰਾਭਾ ਕਾਨਫਰੰਸ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਵੱਲੋਂ ਲੱਗਭੱਗ ਸਾਲ ਭਰ ਲੰਬੀ ਮੁਹਿੰਮ ਦੇ ਸਿਖਰ ਵਜੋਂ ਕੀਤੀ ਜਾ ਰਹੀ ਹੈ। ਇਸ ਸਾਮਰਾਜ ਵਿਰੋਧੀ ਮੁਹਿੰਮ ਦਾ ਆਗਾਜ਼ 12 ਅਪ੍ਰੈਲ 2012 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਕੀਤਾ ਗਿਆ ਸੀ। ਇਸ ਦੌਰਾਨ ਸੂਬੇ ਭਰ ਵਿੱਚ 55 ਕਾਨਫਰੰਸਾਂ ਕਰਨ ਤੋਂ ਇਲਾਵਾ ਕਨਵੈਨਸ਼ਨਾਂ, ਸੈਮੀਨਾਰ, ਜਾਗੋਆਂ ਅਤੇ ਜੱਥਾ ਮਾਰਚ ਕੀਤੇ ਗਏ। 2 ਲੱਖ ਦੁਵਰਕੀ ਵੰਡੀ ਗਈ ਅਤੇ 50 ਹਜ਼ਾਰ ਪੋਸਟਰ ਲਾਏ ਗਏ। ਇਸ ਸਮੁੱਚੀ ਮੁਹਿੰਮ ਦਾ ਸਿਖਰ ਇਹ ਕਾਨਫਰੰਸ ਹੋਵੇਗੀ।
ਸਾਥੀ ਅਜਮੇਰ ਸਿੰਘ ਨੇ ਗ਼ਦਰ ਪਾਰਟੀ ਦੀ ਵਰਤਮਾਨ ਵਿੱਚ ਪ੍ਰਸੰਗਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਗ਼ਦਰ ਪਾਰਟੀ ਦੇ ਜੁਝਾਰੂਆਂ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਦੇਸ਼ ਨੂੰ ਹਕੀਕੀ ਆਜ਼ਾਦੀ ਨਹੀਂ ਮਿਲੀ। ਸਾਮਰਾਜੀ ਪਰਦੇ ਪਿੱਛੇ ਚਲੇ ਗਏ ਹਨ ਅਤੇ ਦੇਸ਼ ਬਸਤੀ ਤੋਂ ਅਰਧ-ਬਸਤੀ ਬਣਕੇ ਰਹਿ ਗਿਆ ਹੈ। 1990 ਤੋਂ ਬਾਅਦ ਭਾਰਤ ਨੂੰ ਨਵ-ਬਸਤੀ ਬਣਨ ਵੱਲ ਧੱਕਿਆ ਜਾ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ ਦੇ ਕਰਜ਼ੇ ਦੀ ਸ਼ਰਤ ਵਜੋਂ ਡਾ. ਮਨਮੋਹਨ ਸਿੰਘ ਦਾ 1992 ਵਿੱਚ ਵਿੱਤ-ਮੰਤਰੀ ਬਣਨਾ ਅਤੇ ਭਾਰਤੀ ਹਾਕਮਾਂ ਵੱਲੋਂ ਦੇਸ਼-ਵੇਚੂ ਗਾਟ ਸਮਝੌਤੇ 'ਤੇ ਦਸਤਖਤ ਕਰਨਾ, ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ 'ਤੇ ਅਧਾਰਿਤ ਨਵੀਂ ਆਰਥਿਕ ਨੀਤੀ ਲਾਗੂ ਕਰਨਾ, 2005 ਵਿੱਚ ਅਮਰੀਕਾ ਨਾਲ 'ਸੁਰੱਖਿਆ ਚੌਖਟਾ' ਨਾਂ ਦੇ ਸਮਝੌਤੇ 'ਤੇ ਦਸਖਤ ਕਰਨਾ, ਪ੍ਰਮਾਣੂ-ਸਮਝੌਤਾ ਕਰਨਾ, ਪ੍ਰਚੂਨ ਖੇਤਰ/ਮੀਡੀਆ/ਬੈਂਕਾਂ/ਬੀਮਾ ਜਿਹੇ ਸੰਵੇਦਨਸ਼ੀਲ ਖੇਤਰਾਂ ਨੂੰ ਵਿਦੇਸ਼ੀ ਸਰਮਾਏ ਲਈ ਖੋਹਲਣਾ ਅਤੇ ਗਾਰ (71RR) ਦੇ ਅਮਲ ਨੂੰ ਵਿਦੇਸ਼ੀ ਕੰਪਨੀਆਂ ਦੇ ਦਬਾਅ ਤਹਿਤ ਮੁਲਤਵੀ ਕਰਨਾ, ਇਸ ਅਮਲ ਦੀਆਂ ਕੁੱਝ ਕੁ ਉਦਾਹਰਨਾਂ ਹਨ। ਗ਼ਦਰ ਪਾਰਟੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੇ ਹਕੀਕੀ ਆਜ਼ਾਦੀ ਦੇ ਸੁਪਨੇ ਨੂੰ ਪੂਰਾ ਕਰਨਾ ਅੱਜ ਦੇ ਸਮੇਂ ਦੀ ਭੱਖਵੀਂ ਲੋੜ ਹੈ। ਸਾਥੀ ਅਜਮੇਰ ਸਿੰਘ ਨੇ ਕਿਹਾ ਕਿ 21 ਫਰਵਰੀ ਦੀ ਕਾਨਫਰੰਸ ਆਜ਼ਾਦੀ ਦੀ ਇੱਕ ਹੋਰ ਲੜਾਈ ਦਾ ਆਗਾਜ਼ ਕਰੇਗੀ।


ਜਾਰੀ ਕਰਤਾ:
ਅਜਮੇਰ ਸਿੰਘ, ਸੂਬਾ ਆਗੂ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)
ਨਿਊ ਡੈਮੋਕਰੇਸੀ



ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


No comments: