Monday, March 11, 2013

ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ 12 ਮਾਰਚ ਤੋਂ ਚੰਡੀਗੜ੍ਹ ਵਿੱਚ

*'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਪੰਜ ਦਿਨਾਂ ਸੈਮੀਨਾਰ ਵਿੱਚ ਦੇਸ਼ ਭਰ ਤੋਂ ਆਏ
*ਵਿਦਵਾਨਾਂ ਅਤੇ ਕਾਰਕੁੰਨਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਮੂਲੀਅਤ ਹੋਵੇਗੀ
ਚੰਡੀਗੜ੍ਹ, 10 ਮਾਰਚ। 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ 12 ਮਾਰਚ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਹੇ ਪੰਜ ਦਿਨਾਂ ਸੈਮੀਨਾਰ ਵਿੱਚ ਭਾਰਤ ਵਿੱਚ ਸਮਾਜਿਕ ਤਬਦੀਲੀ ਨਾਲ਼ ਜੁੜੇ ਇਸ ਬੇਹੱਦ ਜ਼ਰੂਰੀ ਸਵਾਲ 'ਤੇ ਡੂੰਘੀ ਵਿਚਾਰ-ਚਰਚਾ ਹੋਵੇਗੀ। ਸੈਮੀਨਾਰ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿਧ ਵਿਦਵਾਨਾਂ, ਲੇਖਕਾਂ, ਸਮਾਜਿਕ ਕਾਰਕੁੰਨਾਂ ਦੇ ਨਾਲ਼ ਹੀ ਵਿਦੇਸ਼ਾਂ ਵਿੱਚ ਵੀ ਇਸ ਵਿਸ਼ੇ 'ਤੇ ਕੰਮ ਕਰਨ ਵਾਲ਼ੇ ਵਿਦਵਾਨ ਹਿੱਸੇਦਾਰੀ ਕਰਨਗੇ। ਬਾਬਾ ਸੋਹਨ ਸਿੰਘ ਭਕਨਾ ਭਵਨ (ਸੈਕਟਰ 29 ਡੀ, ਚੰਡੀਗੜ੍ਹ ਵਿਖੇ 12 ਤੋਂ 16 ਮਾਰਚ ਤੱਕ ਚੱਲਣ ਵਾਲ਼ੇ ਸੈਮੀਨਾਰ ਦੇ ਆਯੋਜਕ 'ਅਰਵਿੰਦ ਯਾਦਗਾਰੀ ਟਰੱਸਟ' ਦੀ ਮੁੱਖ ਟਰੱਸਟੀ ਮੀਨਾਕਸ਼ੀ ਨੇ ਦੱਸਿਆ ਕਿ ਜਾਤ ਦੇ ਸਵਾਲ ਦੇ ਸਾਰੇ ਪੱਖਾਂ ਨੂੰ ਲੈ ਕੇ ਏਨੀ ਵਿਆਪਕ ਅਤੇ ਡੂੰਘੀ ਵਿਚਾਰ ਚਰਚਾ ਸੰਭਵ ਤੌਰ 'ਤੇ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਖੱਬੇਪੱਖੀ ਲਹਿਰ ਅਤੇ ਮਾਰਕਸਵਾਦ ਨਾਲ਼ ਜੋੜਕੇ ਏਨੇ ਵਿਆਪਕ ਪੱਧਰ 'ਤੇ ਪਹਿਲਾਂ ਕਦੇ ਵਿਚਾਰ ਚਰਚਾ ਨਹੀਂ ਕੀਤੀ ਗਈ ਹੈ।
ਸੈਮੀਨਾਰ ਵਿੱਚ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ 'ਤੇ ਕੁੱਲ 14 ਪੇਪਰ ਪੇਸ਼ ਕੀਤੇ ਜਾਣਗੇ। ਸੈਮੀਨਾਰ ਦੇ ਅਧਾਰ ਪੇਪਰ 'ਜਾਤ ਦਾ ਸਵਾਲ ਅਤੇ ਉਸਦਾ ਹੱਲ — ਇਕ ਮਾਰਕਸਵਾਦੀ ਨਜਰੀਆ' ਤੋਂ ਇਲਾਵਾ ਪੰਜਾਬੀ ਰਸਾਲੇ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ 'ਅੰਬੇਦਕਰਵਾਦ ਅਤੇ ਦਲਿਤ ਮੁਕਤੀ' 'ਤੇ, ਹਿੰਦੀ ਰਸਾਲੇ 'ਆਹਵਾਨ' ਦੇ ਸੰਪਾਦਕ ਅਭਿਨਵ 'ਜਾਤ ਸਬੰਧੀ ਇਤਿਹਾਸ ਲੇਖਣੀ' ਉੱਪਰ, 'ਜਾਤ ਅਤੇ ਪਹਿਚਾਣ ਦੀ ਸਿਆਸਤ' ਉੱਤੇ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ, 'ਪੱਛਮੀ ਬੰਗਾਲ ਵਿੱਚ ਜਾਤ ਅਤੇ ਸਿਆਸਤ' ਉੱਤੇ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਈਂਸੇਸ, ਕਲਕੱਤਾ ਦੇ ਪ੍ਰਸਕਣਵਾ ਸਿੰਹਾਰੇ, 'ਮਾਰਕਸਵਾਦੀ ਪਰੰਪਰਾਵਾਂ 'ਤੇ ਜਾਤ ਅਤੇ ਸੈਕਸ' ਉੱਪਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਰਿਸਰਚਰ ਅਤੇ ਕਾਰਕੁੰਨ ਅਸਿਤ ਦਾਸ, ਪਹਿਚਾਣ ਦੀ ਸਿਆਸਤ 'ਤੇ ਬੀ.ਆਰ. ਅੰਬੇਦਕਰ ਕਾਲਜ, ਦਿੱਲੀ ਦੇ ਪ੍ਰਸ਼ਾਂਤ ਗੁਪਤਾ, ਮਾਰਕਸ (ਵਾਦ) ਅਤੇ ਅੰਬੇਦਕਰ (ਵਾਦ) ਦੀ ਪ੍ਰਸੰਗਿਕਤਾ 'ਤੇ ਪੰਜਾਬ ਦੇ ਸੁਖਦੇਵ ਸਿੰਘ ਜਨਾਗਲ ਅਤੇ ਜਾਤ ਅਤੇ ਪਹਿਚਾਣ ਦੀ ਸਿਆਸਤ ਦੀ ਸੀਮਾਵਾਂ ਬਾਰੇ 'ਜਾਤ ਵਿਰੋਧੀ ਲਹਿਰ' ਦੇ ਜੈ ਪ੍ਰਕਾਸ਼ ਪੇਪਰ ਪੇਸ਼ ਕਰਨਗੇ। 
ਇਸ ਤੋਂ ਇਲਾਵਾ ਪ੍ਰਸਿਧ ਇਤਿਹਾਸਕਾਰ ਪ੍ਰੋ. ਇਰਫਾਨ ਹਬੀਬ ਵੱਲੋਂ ਭਾਰਤ ਵਿੱਚ ਜਾਤ ਦੇ ਵਿਸ਼ੇ 'ਤੇ ਪਿੱਠਭੂਮੀ ਪੇਪਰ ਸੈਮੀਨਾਰ ਵਿੱਚ ਵੰਡਿਆ ਜਾਵੇਗਾ। ਏਕੀਕ੍ਰਿਤ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਮਾਓਵਾਦੀ) ਦੇ ਪੋਲਿਤ ਬਿਉਰੋ ਮੈਂਬਰ ਅਤੇ ਸੱਭਿਆਚਾਰਕ ਵਿਭਾਗ ਦੇ ਇੰਚਾਰਜ ਨਿਨੂ ਚਪਾਗਾਈ 'ਦਲਿਤ ਸਮੱਸਿਆ ਅਤੇ ਸੁਹਜਸ਼ਾਸਤਰ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ ਅਤੇ ਸ਼੍ਰਮਿਕ ਮੁਕਤੀ ਦਲ, (ਡੈਮੋਕ੍ਰੇਟਿਕ) ਪੁਣੇ ਦੇ ਡਾ. ਅਨੰਤ ਫੜਕੇ ਵੱਲੋਂ 'ਜਾਤਵਾਦੀ ਦਰਜਾਬੰਦੀ ਦੇ ਭੌਤਿਕ ਅਧਾਰ ਦੇ ਖਾਤਮੇ ਦਾ ਪ੍ਰੋਗਰਾਮ' ਉੱਤੇ ਪੇਪਰ ਪੇਸ਼ ਕੀਤਾ ਜਾਵੇਗਾ। ਗਲਾਸਗੋ ਯੂਨੀਵਰਸਿਟੀ, ਸਕਾਟਲੈਂਡ ਦੇ ਪ੍ਰੋ. ਪਾਲ ਕੌਕਸ਼ੌਟ ਇੰਟਰਨੈਟ ਲਿੰਕ ਰਾਹੀਂ ਆਪਣੀ ਗੱਲ ਰੱਖਣਗੇ ਅਤੇ ਆਪਣਾ ਪੇਪਰ 'ਡਾ. ਅੰਬੇਦਕਰ ਜਾਂ ਡਾ. ਮਾਰਕਸ' ਪੇਪਰ ਪੇਸ਼ ਕੀਤਾ ਜਾਵੇਗਾ।
ਸੈਮੀਨਾਰ ਵਿੱਚ ਵੱਖ ਵੱਖ ਸੈਸ਼ਨਾਂ ਵਿੱਚ ਹੋਣ ਵਾਲ਼ੀ ਵਿਚਾਰ-ਚਰਚਾ ਵਿੱਚ ਪ੍ਰਸਿੱਧ ਲੇਖਕ ਅਤੇ ਚਿੰਤਕ ਆਨੰਦ ਤੇਲਤੁੰਬੜੇ, ਪ੍ਰਸਿੱਧ ਇਤਿਹਾਸਕਾਰ ਅਤੇ ਜੇ.ਐਨ.ਯੂ. ਦੇ ਪ੍ਰੋ. ਤੁਲਸੀਰਾਮ, ਪ੍ਰਸਿੱਧ ਸਮਾਜਸਾਸਤਰੀ ਪ੍ਰੋ. ਸਤੀਸ਼ ਦੇਸ਼ਪਾਂਡੇ, ਪ੍ਰਸਿੱਧ ਲੇਖਿਕਾ (ਸ਼੍ਰੀਮਤੀ) ਵਿਮਲ ਥੋਰਾਟ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਪੀ. ਕੇ. ਵਿਜਯਨ ਅਤੇ ਡਾ. ਸਰੋਜ ਗਿਰੀ, ਪ੍ਰਸਿੱਧ ਕਵਿੱਤਰੀ ਅਤੇ ਸਮਾਜਿਕ ਕਾਰਕੁੰਨ ਕਾਤਿਆਇਨੀ, ਪੀਡੀਐਫਆਈ ਦੇ ਅਰਜੁਨ ਪ੍ਰਸਾਦ ਸਿੰਘ, ਸੀਪੀਐਨ (ਐਮ) ਦੇ ਸੀਨੀਅਰ ਮੈਂਬਰ ਤਿਲਕ ਪਰਿਹਾਰ, ਨੇਪਾਲੀ ਕਵੀ ਅਤੇ ਕਾਰਕੁੰਨ ਸੰਗੀਤ ਸ਼ਰੋਤਾ, ਨਾਗਪੁਰ ਤੋਂ ਨਾਮਦੇਵ ਲਾਗਵੇ, ਦਿੱਲੀ ਤੋਂ ਡਾ. ਸ਼ਿਆਮ ਬਿਹਾਰੀ ਰਾਏ ਅਤੇ ਅਦਿੱਤਯ ਨਾਰਾਇਣ ਸਿੰਘ, ਕੋਲਕਾਤਾ 'ਤੋਂ ਅਨੰਤ ਆਚਰਯ, ਰਿਪਬਲਿਕਨ ਪੈਂਥਰਜ਼, ਮੁਬੰਈ ਤੋਂ ਉੱਤਮਰਾਵ ਜਾਗੀਰਦਾਰ ਤੇ ਸ਼ਰਦ ਗਾਇਕਵਾੜ, ਹਿਮਾਚਲ ਪ੍ਰਦੇਸ਼ ਤੋਂ ਹਰਗੋਪਾਲ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰੋ. ਮਨਜੀਤ ਸਿੰਘ, ਜੇ.ਐਨ.ਯੂ. ਦੇ ਪ੍ਰੋ. ਚਮਨਲਾਲ, ਪੰਜਾਬ ਲੇਖਕ ਸੰਤੋਖ ਸਿੰਘ ਵਿਰਦੀ, ਮੁਬੰਈ ਦੇ ਪੱਤਰਕਾਰ ਵਿਜੇ ਪ੍ਰਕਾਸ਼ ਸਿੰਘ, ਲੇਖਕ ਅਰਵਿੰਦ ਸ਼ੇਸ਼ ਅਤੇ ਜਰਮਨੀ ਦੇ ਕਲਾਕਾਰ ਅਤੇ ਸਮਾਜਿਕ ਕਾਰਕੁੰਨ ਯੋਹਾਨੇਸ ਪੌਲ ਰੈਠਰ ਆਦਿ ਪ੍ਰਮੁੱਖ ਰੂਪ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ ਵੱਖ ਵੱਖ ਗਰੁੱਪਾਂ ਅਤੇ ਜੱਥੇਬੰਦੀਆਂ ਦੇ ਨੁਮਾਇੰਦੇ, ਲੇਖਕ-ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਸੈਮੀਨਾਰ ਵਿੱਚ ਭਾਗ ਲੈਣਗੇ।
ਸ਼੍ਰੀਮਤੀ ਮੀਨਾਕਸ਼ੀ ਨੇ ਕਿਹਾ ਕਿ ਜਾਤ ਦਾ ਸਵਾਲ, ਵਿਸ਼ੇਸ਼ ਤੌਰ 'ਤੇ ਦਲਿਤ ਸਵਾਲ ਅੱਜ ਭਾਰਤੀ ਸਮਾਜ ਦਾ ਇੱਕ ਅਜਿਹਾ ਭੱਖਵਾਂ ਮੁੱਦਾ ਹੈ, ਜਿਸਨੂੰ ਹੱਲ ਕਰਨ ਦੀ ਪ੍ਰਕਿਰਿਆ ਤੋਂ ਬਿਨਾਂ ਵਿਆਪਕ ਕਿਰਤੀ ਲੋਕਾਂ ਦੇ ਏਕੇ ਅਤੇ ਉਹਨਾਂ ਦੇ ਮੁਕਤੀ ਪ੍ਰੋਜੈਕਟ ਦੀ ਸਫ਼ਲਤਾ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਇਸ ਸਵਾਲ 'ਤੇ ਲੰਮੇ ਸਮੇਂ ਤੋਂ ਸੈਮੀਨਾਰ-ਗੋਸ਼ਟੀਆਂ ਹੁੰਦੀਆਂ ਰਹੀਆਂ ਹਨ ਪਰ ਇਸ ਗੰਭੀਰ ਇਤਿਹਾਸਕ ਸਵਾਲ ਦੇ ਹਰ ਪੱਖ 'ਤੇ ਗੰਭੀਰ ਖੋਜ ਅਤੇ ਤੁਅੱਸਬਾਂ ਤੋਂ ਮੁਕਤ ਲੰਮੀਆਂ ਬਹਿਸਾਂ ਦੀ ਅਣਹੋਂਦ ਰਹੀ ਹੈ। ਇਸ ਸੈਮੀਨਾਰ ਦਾ ਮਕਸਦ ਇਸੇ ਘਾਟ ਨੂੰ ਪੂਰਾ ਕਰਨਾ ਹੈ। 
'ਦਾਇਤਵਬੋਧ' ਮੈਗਜ਼ੀਨ ਦੇ ਸੰਪਾਦਕ ਅਤੇ ਜੁਝਾਰੂ ਖੱਬੇਪੱਖੀ ਇਨਕਲਾਬੀ ਕਾਰਕੁੰਨ ਅਤੇ ਬੁੱਧੀਜੀਵੀ ਦਿਵੰਗਤ ਕਾ. ਅਰਵਿੰਦ ਦੀ ਯਾਦ ਵਿੱਚ ਅਰਵਿੰਦ ਯਾਦਗਾਰੀ ਟਰੱਸਟ ਵੱਲੋਂ ਹਰ ਵਰ•ੇ ਭਾਰਤ ਵਿੱਚ ਸਮਾਜਿਕ ਬਦਲਾਅ ਨਾਲ਼ ਜੁੜੇ ਕਿਸੇ ਸਵਾਲ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਪਹਿਲੇ ਦੋ ਸੈਮੀਨਾਰ ਦਿੱਲੀ ਅਤੇ ਗੋਰਖਪੁਰ ਵਿੱਚ ਮਜ਼ਦੂਰ ਲਹਿਰ ਦੇ ਵੱਖ ਵੱਖ ਪੱਖਾਂ 'ਤੇ ਹੋਏ ਸਨ ਜਦ ਕਿ ਤੀਜਾ ਸੈਮੀਨਾਰ ਲਖਨਊ ਵਿੱਚ ਜਮਹੂਰੀ ਹੱਕਾਂ ਦੇ ਸਵਾਲ 'ਤੇ ਆਯੋਜਿਤ ਕੀਤਾ ਗਿਆ ਸੀ। ਇਸੇ ਲੜੀ ਵਿੱਚ ਚੌਥੇ ਸੈਮੀਨਾਰ ਦਾ ਪੰਜਾਬ ਵਿੱਚ ਆਯੋਜਨ ਦਾ ਇੱਕ ਵਿਸ਼ੇਸ ਮਹੱਤਵ ਵੀ ਹੈ ਕਿਉਂ ਕਿ ਇÎੱਥੇ ਖੱਬੇਪੱਖੀ ਲਹਿਰ ਅਤੇ ਜਾਤ ਦੇ ਸਵਾਲ ਦਾ ਆਪਣਾ ਵਿਸ਼ੇਸ਼ ਇਤਿਹਾਸ ਰਿਹਾ ਹੈ। ਸ਼੍ਰੀਮਤੀ ਮੀਨਾਕਸ਼ੀ ਨੇ ਉਮੀਦ ਜਾਹਰ ਕੀਤੀ ਕਿ ਪੰਜਾਬ ਦੇ ਸਮਾਜਿਕ-ਸਿਆਸੀ ਕਾਰਕੁੰਨ ਅਤੇ ਵਿਦਵਾਨ ਸੈਮੀਨਾਰ ਵਿੱਚ ਹੋਣ ਵਾਲ਼ੀ ਵਿਚਾਰ ਚਰਚਾ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਅਤੇ ਵਿਚਾਰ ਉਤੇਜ਼ਕ ਬਹਿਸ ਮੁਹਾਬਸੇ ਦੀ ਪਹਿਲਾਂ ਦੇ ਤਿੰਨ ਸੈਮੀਨਾਰਾਂ ਦੀ ਪਰੰਪਰਾ ਨੂੰ ਚੰਡੀਗੜ੍ਹ ਵਿੱਚ ਨਵਾਂ ਪੱਧਰ ਹਾਸਿਲ ਹੋਵੇਗਾ। 
ਮੀਨਾਕਸ਼ੀ (ਪ੍ਰਬੰਧਕ ਟਰੱਸਟੀ), 
ਆਨੰਦ ਸਿੰਘ (ਸੈਕਟਰੀ), 

ਅਰਵਿੰਦ ਯਾਦਗਾਰੀ ਟਰੱਸਟ


ਵੱਧ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ-
ਕਾਤਿਆਇਨੀ- 09936650658, ਸੱਤਿਅਮ-09910462009 , ਨਮਿਤਾ-97807102



ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ



No comments: