Tuesday, March 26, 2013

ਪ੍ਰੋ. ਭੁੱਲਰ ਦੀ ਰਿਹਾਈ ਲਈ ਅੰਦੋਲਨ ਹੋਰ ਤੇਜ਼

ਪੰਚ ਪਰਧਾਨੀ ਵਲੋਂ ਬਠਿੰਡਾ 'ਚ ਰੋਸ ਪ੍ਰਦਰਸ਼ਨ 30 ਮਾਰਚ ਨੂੰ...
ਗੁ: ਦਿਆਲਪੁਰਾ ਭਾਈ ਕਾ ਵਿਖੇ ਸਵੇਰੇ 10 ਵਜੇ ਪੁੱਜਣ ਦੀ ਅਪੀਲ
ਦੁਨੀਆ ਦੇ 71 ਫੀਸਦੀ ਦੇਸ਼ਾਂ ਨੇ ਖਤਮ ਕਰ ਦਿੱਤੀ ਹੈ ਫਾਂਸੀ ਦੀ ਸਜ਼ਾ 
ਮਾਨਸਾ, 25 ਮਾਰਚ 2013: (*ਜਸਪਾਲ ਸਿੰਘ ਮੰਝਪੁਰ): ਅਕਾਲੀ ਦਲ ਪੰਚ ਪਰਧਾਨੀ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾ ਕੇ ਰਿਹਾਈ ਲਈ ਬਠਿੰਡਾ ਵਿਖੇ 30 ਮਾਰਚ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਨੂੰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।ਇਸ ਪ੍ਰੋਗਰਾਮ ਦਾ ਐਲਾਨ ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਕੱਤਰ ਜਨਰਲ ਭਾਈ ਮਨਧੀਰ ਸਿੰਘ ਤੇ ਜਨਰਲ ਸਕੱਤਰ ਭਾਈ ਦਰਸ਼ਨ ਸਿੰਘ ਜਗ੍ਹਾ ਰਾਮਤੀਰਥ ਨੇ ਕੀਤਾ।

ਆਗੂਆਂ ਨੇ ਕਿਹਾ ਕਿ ਅਫਜਲ ਗੁਰੂ ਨੂੰ ਦਿੱਤੀ ਫਾਂਸੀ ਤੋਂ ਬਾਦ ਕਈ ਤਰ੍ਹਾ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਕੇਵਲ ਸਾਜ਼ਿਸ਼ (120-ਬੀ) ਵਿਚ ਸ਼ਾਮਲ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਨਹੀਂ? ਕੀ ਫਾਂਸੀ ਦੀ ਸਜ਼ਾ ਹੋਣੀ ਵੀ ਚਾਹੀਦੀ ਹੈ ਜਾਂ ਨਹੀਂ ? ਕੀ ਪਹਿਲਾਂ ਉਮਰ ਕੈਦ ਤੇ ਫਿਰ ਫਾਂਸੀ ਦੇ ਕੇ ਕਿਸੇ ਨੂੰ ਦੋਹਰੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ? ਕੀ ਫਾਂਸੀ ਦੀ ਸਜ਼ਾ ਦੇਣ ਸਮੇਂ ਕਿਸੇ ਵਿਅਕਤੀ ਦੀ ਵਰਤਮਾਨ ਸਰੀਰਕ ਤੇ ਮਾਨਸਿਕ ਹਾਲਤ ਨਹੀਂ ਵਾਚਣੇ ਚਾਹੀਦੇ? ਕੀ ਫਾਂਸੀ ਦੇਣ ਤੋਂ ਬਾਦ ਜੇ ਕਿਸੇ ਕਾਰਨ ਉਸਦੇ ਬੇ-ਕਸੂਰ ਹੋਣ ਬਾਰੇ ਪਤਾ ਲੱਗੇ ਤਾਂ ਕੀ ਫਾਂਸੀ ਲਾਉਂਣਾ ਜ਼ਾਇਜ ਕਿਹਾ ਜਾ ਸਕਦਾ ਹੈ? ਕੀ ਕਿਸੇ ਇਕ ਵਰਗ ਦੇ ਵਿਅਕਤੀ ਨੂੰ ਫਾਂਸੀ ਲਾਉਂਣ ਨਾਲ ਉਸ ਸਮੁੱਚੇ ਵਰਗ ਵਿਚ ਫੈਲਿਆ ਰੋਸ ਨਵੀਆਂ ਸਮੱਸਿਆਵਾਂ ਨੂੰ ਜਨਮ ਨਹੀਂ ਦੇਵੇਗਾ? ਦੁਨੀਆ ਦੇ ਲਗਭਗ 71 ਫੀਸਦੀ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਹੈ ਤੇ ਭਾਰਤ ਨੂੰ ਵੀ ਫਾਂਸੀ ਦੀ ਸਜ਼ਾ ਖਤਮ ਕਰ ਦੇਣੀ ਚਾਹੀਦੀ ਹੈ।

ਆਗੂਆਂ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਘੱਟਗਿਣਤੀਆਂ ਵਿਰੁੱਧ ਵਰਤਿਆ ਜਾ ਰਿਹਾ ਸਿਆਸੀ ਹਥਿਆਰ ਹੈ ਜਿਸ ਨੂੰ ਬੰਦ ਕਰਨਾ ਹੀ ਸਹੀ ਹੋਵੇਗਾ ਅਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਮੁਕਤੀ ਦਾ ਸਵਾਲ ਕੋਈ ਰਹਿਮ ਦੀ ਅਪੀਲ ਨਹੀ ਸਗੋਂ ਸਾਡਾ ਇਨਸਾਫ ਦਾ ਹੱਕ ਹੈ ਜਿਸ ਵਾਸਤੇ ਜਿੱਥੇ ਦੁਨੀਆਂ ਭਰ ਵਿਚ ਬੈਠੇ ਸਿੱਖ ਇਕ ਹਨ ਉੱਥੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਵੀ ਪੂਰਨ ਸਹਿਮਤੀ ਹੈ।ਉਹਨਾਂ ਕਿਹਾ ਕਿ ਦੁਨੀਆਂ ਵਿਚ ਅਮਨ ਕਾਇਮ ਕਰਨ ਲਈ ਸਰਕਾਰਾਂ ਨੂੰ ਇਨਸਾਫ ਦੀ ਨੀਤੀ ਅਪਣਾਉਂਣੀ ਚਾਹੀਦੀ ਹੈ।
ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ਼ ਕੀਤੀ ਕਿ ਪ੍ਰੋ. ਭੁੱਲਰ ਦੇ ਪਿੰਡ 30ਮਾਰਚ 2013 ਦਿਨ ਸ਼ਨੀਵਾਰ ਨੂੰ ਸਵੇਰੇ 10ਵਜੇ ਗੁਰਦੁਆਰਾ ਦਿਆਲਪੁਰਾ ਭਾਈ ਕਾ ਵਿਖੇ ਪੁੱਜਣ।


*ਜਸਪਾਲ ਸਿੰਘ ਮੰਝਪੁਰ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਹਨ ਅਤੇ ਸਿੱਖ ਸੰਘਰਸ਼ ਦੇ ਕਲਮੀ ਅਤੇ ਕਨੂੰਨੀ ਮੋਰਚੇ ਤੇ ਲਗਾਤਾਰ ਸਰਗਰਮ ਹਨ---
ਉਹਨਾਂ ਦਾ  ਸੰਪਰਕ ਨੰਬਰ ਹੈ--98554-01843

No comments: