Sunday, March 03, 2013

ਆਨੰਦ ਹੁਰਾਂ ਦੀ ਲਿਖਤ:ਸ਼ਬਦ ਜੜਤ, ਬੋਲੀ ਦੀ ਠੁੱਕ

ਅਭਿਨੰਦਨ ਸਮਾਰੋਹ ਮੌਕੇ ਦਲਬੀਰ ਦੀ ਇੱਕ ਪੁਰਾਣੀ ਲਿਖਤ
"ਮੁੱਖ ਧਾਰਾ" ਵਿੱਚ ਇਹ ਲਿਖਤ 2010 ਵਿੱਚ ਪੋਸਟ ਕੀਤੀ ਗਈ ਸੀ। ਜਗਜੀਤ ਸਿੰਘ ਆਨੰਦ ਹੁਰਾਂ ਦੇ ਅਭਿਨੰਦਨ ਮੌਕੇ ਇਹ ਲਿਖਤ "ਪੰਜਾਬ ਸਕਰੀਨ" ਵਿੱਚ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਮਿਸ਼ਨਰੀ ਪੱਤਰਕਾਰਿਤਾ ਵਾਲੇ ਬੀਤੇ ਹੋਏ ਸਮੇਂ ਦੀ ਇਹ ਤਸਵੀਰ ਅੱਜ ਦੇ ਸ਼ੁਧ ਕਾਰੋਬਾਰੀ ਮੀਡੀਆ ਵਾਲੇ ਸਮੇਂ ਵਿੱਚ ਵੀ ਬੜੀ ਪ੍ਰਸੰਗਿਕ ਹੋ ਗਈ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ 
ਮੇਰਾ ਯਾਦਾਂ ਦੀ ਗਲ਼ੀ ਵਿਚ ਫੇਰਾ ਦਲਬੀਰ ਸਿੰਘ
Posted on November 3, 2010 by Charan ਚਰਨ چرن Gill ਗਿੱਲ گلّ
(ਦਲਬੀਰ ਦੀ ਅਗਸਤ ੨੦੦੫ ਵਿੱਚ ਨਿਸੋਤ ਵਿੱਚ ਛਪੀ ਇਸ ਲਿਖਤ ਵਿੱਚ ਕਈ  ਬਹੁਤ ਪਿਆਰੇ ਸਾਥੀਆਂ ਦਾ ਜਿਕਰ ਆਇਆ ਹੈ)
ਮੁੱਖ ਧਾਰਾ ਚੋਂ ਧੰਨਵਾਦ ਸਹਿਤ
ਪਹਿਲਾਂ ਸੋਚਿਆ ਸੀ ਕਿ ਜੇ ਮਿਲਿਆ ਤਾਂ ਇਨਾਮ ਰੱਦ ਕਰ ਦੇਵਾਂਗਾ ਅਤੇ ਇਸ ਤਰਾਂ ‘ਸ਼ਹੀਦ’ ਬਣਨ ਦੀ ਕੋਸ਼ਿਸ਼ ਕਰਾਂਗਾ। ਪਰ…?
ਪਰ ਯਾਦਾਂ ਦੀ ਗਲੀ ਵਿਚ ਫੇਰਾ ਮਾਰ ਬੈਠਾ। ਉੱਨੀ ਸੌ ਉਣੱਤਰ ਦੀ ਇਕੱਤੀ ਜੁਲਾਈ ਦੀ ਦੁਪਹਿਰ ਨੂੰ ਤੰਗ ਪੌੜੀਆਂ ਚੜ੍ਹਦੇ ਸਮੇਂ ਉੱਕਾ ਹੀ ਨਹੀਂ ਸੀ ਪਤਾ ਕਿ ਇਹ ਰਾਹ ਕਿਸ ਪਾਸੇ ਲੈ ਜਾਵੇਗਾ। ਪੌੜੀਆਂ ਚੜ੍ਹਦੇ ਸਾਰ ਹੀ ਪਹਿਲੀ ਮੁਲਾਕਾਤ ਜਿਸ ਸ਼ਖਸ ਨਾਲ ਹੋਈ ਉਸ ਦਾ ਨਾਂ ਏਨਾ ਵੱਡਾ ਸੀ ਕਿ ਉਸ ਸਾਹਮਣੇ ਜਾਂਦਿਆਂ ਡਰ ਲਗਦਾ ਸੀ। ਵੈਸੇ ਵੀ ਮੇਰੀ ਉਦੋਂ ਉਮਰ ਵੀਹਾਂ ਤਕ ਵੀ ਨਹੀਂ ਸੀ ਅੱਪੜੀ। ਜੇ ਸਹੀ ਕਿਹਾ ਜਾਵੇ ਤਾਂ ਉਸ ਦਿਨ ਮੈਂ ਉੱਨੀ ਸਾਲ ਅੱਠ ਮਹੀਨੇ ਅਤੇ ਗਿਆਰਾਂ ਦਿਨਾਂ ਦਾ ਹੋਇਆ ਸਾਂ। ਇਸ ਉਮਰ ਵਿਚ ਉਦੋਂ ਖਾਸ ਕਰਕੇ ਡਰ ਜਿਹਾ ਹੁੰਦਾ ਹੀ ਹੈ ਜਦੋਂ ਤੁਸੀਂ ਕੋਈ ਨੌਕਰੀ ਲੈਣ ਲਈ ‘ਬਾਸ’ ਨੂੰ ਪਹਿਲੀ ਵਾਰ ਮਿਲ ਰਹੇ ਹੋਵੋ। ਜੇ ਬਾਸ ਬਾਰੇ ਪ੍ਰਭਾਵ ਇਹ ਹੋਵੇ ਕਿ ਉਹ ਬਹੁਤ ਹੀ ਗੁੱਸੇ ਵਾਲਾ ਹੈ ਤਾਂ ਉਸ ਕੋਲ ਪਹਿਲੀ ਵਾਰੀ ਜਾਂਦਿਆਂ ਡਰ ਲਗਣਾ ਜ਼ਰੂਰੀ ਹੁੰਦਾ ਹੀ ਹੈ। ਇਸੇ ਪਰਭਾਵ ਦਾ ਪਹਿਲਾ ਨਜ਼ਾਰਾ ਉਦੋਂ ਦੇਖਣ ਨੂੰ ਵੀ ਮਿਲਿਆ ਜਦੋਂ ਬਾਸ ਨੇ ਤਿੱਖੀ ਆਵਾਜ਼ ਵਿਚ ਪੁੱਛਿਆ, ‘ਪੰਦਰਾਂ ਦਿਨ ਦੇਰ ਨਾਲ ਕਿਉਂ ਪੁਜਾਂ ਹੈਂ?’ ਬਾਸ ਦਾ ਨਾਂ ਜਗਜੀਤ ਸਿੰਘ ਆਨੰਦ ਸੀ।
ਮੈਂ ਏਅਰ ਫੋਰਸ ਵਿਚ ਪਾਇਲਿਟ ਭਰਤੀ ਹੋਣ ਲਈ ਇੰਟਰਵਿਊ ਦੇਣ ਗਿਆ ਹੋਇਆ ਸਾਂ ਅਤੇ ਇਸ ਕਾਰਨ ਲੇਟ ਹੋ ਗਿਆ ਸਾਂ। ਜਦੋਂ ਆਨੰਦ ਹੁਰਾਂ ਪੁਛਿਆ ਕਿ ਕੀ ਲਿਖਦਾ ਹੈਂ ਤਾਂ ਮੈਂ ਹੁੱਬ ਕੇ ਦਸਿਆ ਕਿ ਕਵਿਤਾਵਾਂ ਦੇ ਨਾਲ ਨਾਲ ਕਹਾਣੀਆਂ ਅਤੇ ਨਾਵਲ ਵੀ ਲਿਖੇ ਹਨ। ਸਵਾਲ ਸੀ, ‘ਕਵੀ ਬਣਨ ਆਇਐਂ ਜਾਂ ਪੱਤਰਕਾਰ?’ ਡਰੇ ਹੋਏ ਨੇ ਜਵਾਬ ਦਿਤਾ ਸੀ, ‘ਜੀ ਪਤਰਕਾਰ!’ ‘ਤਾਂ ਫਿਰ ਕਵਿਤਾ ਕਾਹਦੇ ਲਈ ਲਿਖਦੈਂ? ਜੇ ਪੱਤਰਕਾਰ ਬਣਨੈਂ ਤਾਂ ਕਵੀ ਜਾਂ ਕਹਾਣੀਕਾਰ ਨਹੀਂ ਬਣਿਆ ਜਾਣਾ…।’ ਉਸ ਦਿਨ ਤੋਂ ਬਾਦ ਕਵੀ ਜਾਂ ਕਹਾਣੀਕਾਰ ਬਣਨ ਦੀ ਕੋਸ਼ਿਸ਼ ਛੱਡ ਦਿਤੀ ਸੀ ਹਾਲਾਂ ਕਿ ਕਦੀ ਕਦੀ ਆਪਣੇ ਆਪ ਹੀ ਕੋਈ ਕਵਿਤਾ ‘ਲਿਖੀ ਜਾਂਦੀ’ ਰਹੀ। ਹੁਣ ਤਾਂ ਕਈ ਸਾਲਾਂ ਤੋਂ ਉਹ ਵੀ ਨਹੀਂ ਲਿਖੀ ਗਈ। ਆਨੰਦ ਹੁਰਾਂ ਦੀ ਲਿਖਤ ਦੀ ਸ਼ਬਦ ਜੜਤ, ਬੋਲੀ ਦੀ ਠੁੱਕ ਅਤੇ ਚੇਤੇ ਦੀ ਗਹਿਰਾਈ ਐਸੇ ਗੁਣ ਸਨ ਜਿਨਾਂ ਨੂੰ ਚੇਤੇ ਕਰਕੇ ਅਜ ਵੀ ਹੈਰਾਨੀ ਹੁੰਦੀ ਹੈ। ਉਸੇ ਜਗਜੀਤ ਸਿੰਘ ਆਨੰਦ ਦੇ ਪੈਰਾਂ ਵਿਚ ਬੈਠ ਕੇ ਅਗਲੇ ਅੱਠ ਸਾਲ ਜੋ ਕੁਝ ਵੀ ਸਿਖਣਾ ਸੀ ਉਸੇ ਨੇ ਹੀ ਨੀਹਾਂ ਦਾ ਕੰਮ ਕਰਨਾ ਸੀ।
ਲਟਕਦੇ ਹੋਏ ਸਰੀਰ ਅਤੇ ਝੂਲਦੇ ਜਹੇ ਪਿੰਜਰ ਵਾਲਾ ਜਿਹੜਾ ਬੰਦਾ ਉਸੇ ਸਮੇਂ ਹੀ ਕਮਰੇ ਵਿਚ ਦਾਖਲ਼ ਹੋਇਆ ਉਸ ਦੇ ਹੱਥ ਵਿਚ ਉਸ ਦੀ ਘਸੇ ਹੋਏ ਲਾਲ ਰੰਗ ਦੀ ਪੱਗ ਸੀ ਜਿਸ ਨੂੰ ਉਹ ਆਪਣੇ ਅੱਧ ਕਾਲੇ ਵਾਲਾਂ ਦੀ ਜੂੜੀ ਉਤੇ ਵਲੇਟ ਰਿਹਾ ਸੀ। ਇਕਹਿਰੇ ਜਿਸਮ ਵਾਲੇ ਇਸ ਸ਼ਖਸ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਇਸ ਵਿਚ ਕਿੰਨਾ ਜੋਸ਼ ਛੁਪਿਆ ਹੋਇਆ ਹੋ ਸਕਦਾ ਹੈ। ਦਾੜੀ ਅਜੇ ਪੂਰੀ ਤਰਾਂ ਕਾਲੀ ਨਹੀਂ ਸੀ ਹੋਈ ਪਰ ਉਸ ਨੂੰ ਸਾਰੇ ਹੀ ‘ਬਾਬਾ’ ਕਹਿ ਕੇ ਬਲਾਉਂਦੇ ਸਨ। ਭਲਾ ਕਾਲੀ ਦਾੜੀ ਵਾਲਾ ਵੀ ਕਈ ਬਾਬਾ ਹੋ ਸਕਦਾ ਹੈ? ਬਡ਼ੇ ਅਜੀਬ ਲੋਕਾਂ ਵਿਚ ਆ ਘਿਰਿਆ ਸਾਂ। ਉਸ ਨੇ ਇਵੇਂ ਮੇਰੇ ਵੱਲ ਤੱਕਿਆ ਜਿਵੇਂ ਕੋਈ ਝਟਕਈ ਬੱਕਰੇ ਵੱਲ ਉਸ ਨੂੰ ਝਟਕਾਉਣ ਤੋਂ ਪਹਿਲਾਂ ਦੇਖਦਾ ਹੈ। ਇਸ ‘ਬਾਬਾ’ ਗੁਰਬਖਸ਼ ਸਿੰਘ ਬੰਨੋਆਣਾ ਦੇ ਗੋਡੇ ਫੜ ਕੇ ਜੋ ਕੁਝ ਸਿਖਿਆ ਸੀ ਉਸ ਦਾ ਹੀ ਸਿੱਟਾ ਹੈ ਕਿ ਪੜ੍ਹਨ ਦੀ ਆਦਤ ਪੈ ਸਕੀ। ਬਾਬਾ ਜੀ ਦਾ ਕਹਿਣਾ ਸੀ ਕਿ ਅਖਬਾਰੀ ਕਾਮੇ ਲਈ ਜ਼ਰੂਰੀ ਹੈ ਕਿ ਉਹ ਉਸ ਕਾਗਜ਼ ਨੂੰ ਵੀ ਪਡ਼੍ਹੇ ਜਿਸ ਵਿਚ ਉਸ ਨੇ ਚਾਟ ਖਾਧੀ ਹੈ। ਪਤਾ ਨਹੀਂ ਕਿਹੜੇ ਕਾਗਜ਼ ਵਿਚੋਂ ਕੰਮ ਦੀ ਗੱਲ ਲੱਭ ਪੈਣੀ ਹੈ। ਅਗਲੇ ਸਾਲਾਂ ਵਿਚ ਇਹ ਦੇਖ ਦੇਖ ਕੇ ਹੈਰਾਨੀ ਹੁੰਦੀ ਸੀ ਕਿ ਰੂਸੀ ਅੰਬੈਸੀ ਵਲੋਂ ਰੂਸੀ ਕੂਟਨੀਤੀ ਜਾਂ ਕੁਟਲਨੀਤੀ ਨਾਲ ਭਰਪੂਰ ਜਿਹੜਾ ਕੂੜਾ ਹਰ ਰੋਜ਼ ਹੀ ਬੰਡਲ ਭਰ ਭਰ ਕੇ ਭੇਜਿਆ ਜਾਂਦਾ ਸੀ, ਬਾਬਾ ਜੀ ਉਸ ਸਾਰੇ ਨੂੰ ਹੀ ਪੜ੍ਹ ਜਾਂਦੇ ਸਨ। ਕੋਈ ਏਨਾ ਖੁਸ਼ਕ ਮਾਲ ਕਿਵੇਂ ਸਾਰੇ ਦਾ ਸਾਰਾ ਪੜ੍ਹ ਸਕਦਾ ਹੈ? ਪਰ ਹੱਥ ਕੰਗਣ ਨੂੰ ਆਰਸੀ ਕੀ? ਸਾਹਮਣੇ ਹੀ ਤਾਂ ਸਭ ਕੁਝ ਵਾਪਰ ਰਿਹਾ ਸੀ।
ਇਕ ਛੀਟਕਾ ਜਿਹਾ ਪਰ ਪੰਜੀਆਂ ਕੁ ਸਾਲਾਂ ਦਾ ਹਲਕੀ ਅਤੇ ਕੱਟੀ ਹੋਈ ਦਾਡ਼ੀ ਵਾਲਾ ਮੁੰਡਾ ਆਇਆ ਤਾਂ ਉਹ ਮੈਨੂੰ ‘ਹੇਠਾਂ’ ਨਿਊਜ਼ ਰੂਮ ਵਿਚ ਲੈ ਆਇਆ। ਉਸ ਸ਼ੌਕੀਨ ਜਿਹੇ ਮੁੰਡੇ ਨੂੰ ਸ਼ੌਕੀਨ ਹੀ ਕਹਿੰਦੇ ਸਨ। ਮੈਂ ਸੋਚਿਆ ਕਿ ਸ਼ੂਕਾ ਬਾਂਕਾ ਹੋਣ ਕਾਰਨ ਉਸ ਨੂੰ ਸ਼ੌਕੀਨ ਕਹਿੰਦੇ ਹੋਣਗੇ। ਪਰ ਉਸ ਦਾ ਤਾਂ ਨਾਂ ਹੀ ਸ਼ੌਕੀਨ ਸਿੰਘ ਸੀ। ਇਹ ਗੱਲ ਮੈਨੂੰ ਬਾਦ ਵਿਚ ਪਤਾ ਲੱਗੀ। ਇਸ ਸ਼ੌਕੀਨ ਦੀ ਸਪਸ਼ਟ ਬਿਆਨੀ ਅਤੇ ਸਮਾਜੀ ਸਰੋਕਾਰਾਂ ਪ੍ਰਤੀ ਪਹੁੰਚ ਨੇ ਪਹਿਲੇ ਦਿਨ ਹੀ ਬਹੁਤ ਚੰਗਾ ਪ੍ਰਭਾਵ ਪਾਇਆ। ਉਸ ਨਾਲ ਮਗਰੋਂ ਕਈ ਸਾਲਾਂ ਤਕ ਦੋਸਤੀ ਰਹੀ। ਉਦੋਂ ਤਕ ਰਹੀ ਜਦੋਂ ਆਖਰਕਾਰ ਉਸ ਦੀ ਇਕ ਬਹੁਤ ਹੀ ਵੱਖਰੇ ਜਿਹੇ ਹਾਦਸੇ ਵਿਚ ਮੌਤ ਹੋ ਗਈ। ਉਸ ਨੇ ਜਦੋਂ ਪਹਿਲੇ ਹੀ ਦਿਨ ਬਾਕੀ ਦੇ ਸਾਥੀਆਂ ਨਾਲ ਵਾਕਫੀ ਕਰਵਾਈ ਤਾਂ ਕਿਹਾ ਕਿ ‘ਆਹ ਇਕ ਨਵਾਂ ਮੁਰਗਾ ਫਾਹਿਆ ਹੈ।’ ਆਪਣੇ ਆਪ ਨੂੰ ਮੁਰਗਾ ਕਹੇ ਜਾਣ ਉਤੇ ਹੈਰਾਨੀ ਵੀ ਹੋਈ ਅਤੇ ਡਰ ਵੀ ਲੱਗਾ। ਪਤਾ ਨਹੀਂ ਕਿਵੇਂ ਝਟਕਾਉਣਗੇ?
ਕਮਰੇ ਵਿਚ ਚੌੜੀ ਛਾਤੀ ਅਤੇ ਭਰਵੇਂ ਮੂੰਹ ਵਾਲਾ ਇਕ ਗੋਰਾ ਚਿੱਟਾ ਦਰਸ਼ਨੀ ਜਵਾਨ ਦਿਖਾਈ ਦਿਤਾ। ਉਸ ਦੇ ਮੂੰਹ ਉਤੇ ਥੋੜੀ ਥੋੜੀ ਜਿਹੀ ਭੂਰੀ ਦਾੜੀ ਸੀ। ਸ਼ੌਕੀਨ ਨੇ ਉਸ ਨੂੰ ਕੋਈ ਸ਼ਰਾਰਤੀ ਗੱਲ ਕਹੀ ਤਾਂ ਉਸ ਦਾ ਲਾਲ ਗੋਰਾ ਰੰਗ ਸ਼ਰਮ ਨਾਲ ਹੋਰ ਵੀ ਭਖ ਪਿਆ। ਉਸ ਨੇ ਪਹਿਲੇ ਹੀ ਦਿਨ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਵਲੋਂ ਚੰਦ ਤੋਂ ਲਿਆਂਦੀ ਮਿੱਟੀ ਨਾਲ ਸਬੰਧਤ ਖਬਰ ਅਨੁਵਾਦਣ ਲਈ ਦਿਤੀ। ਮੈਂ ਸਾਇੰਸ ਦਾ ਵਿਦਿਆਰਥੀ ਸਾਂ। ਇਸ ਲਈ ਬਿਨਾਂ ਕਿਸੇ ਮੁਸ਼ਕਲ਼ ਦੇ ਹੀ ਇਸ ਖਬਰ ਨੂੰ ਅਨੁਵਾਦ ਦਿਤਾ। ਉਸ ਦੇ ਗੋਰੇ ਚਿਹਰੇ ਉਤੇ ਲਾਲੀ ਹੋਰ ਵੀ ਗਹਿਰੀ ਹੋ ਗਈ ਅਤੇ ਉਸ ਦੀਆਂ ਅੱਖਾਂ ਚਮਕਣ ਲੱਗੀਆਂ। ਬਲਜੀਤ ਸਿੰਘ ਪੰਨੂੰ ਨਾਂ ਦੇ ਇਸ ਸ਼ਖਸ ਨਾਲ ਜਿਹੜੇ ਅੱਠ ਸਾਲ ਕੰਮ ਕੀਤਾ ਉਨਾਂ ਸਾਲਾਂ ਦੌਰਾਨ ਇੰਜ ਲੱਗਣ ਲੱਗਾ ਸੀ ਕਿ ਜਿਵੇਂ ਉਹ ਮੇਰੇ ਹੀ ਪਰਿਵਾਰ ਦਾ ਮੈਂਬਰ ਹੋਵੇ। ਪੰਨੂੰ ਦੀ ਜਦੋਂ ਕੁਝ ਸਾਲ ਬਾਦ ਇਕ ਸੜਕ ਹਾਦਸੇ ਵਿਚ ਮੌਤ ਹੋਈ ਤਾਂ ਮੈਂ ਕਈ ਦਿਨਾਂ ਤਕ ਤਾਬੇ ਨਹੀਂ ਸੀ ਆ ਸਕਿਆ। ਉਸ ਦਿਨ ਪਹਿਲੀ ਵਾਰੀ ਮੈਂ ਸੀ ਪੀ ਆਈ ਦੀ ਬੰਦਾਂ ਦੀ ਨੀਤੀ ਉਤੇ ਖ਼ਫ਼ਾ ਹੋਇਆ ਸਾਂ। ਜਿਸ ਦਿਨ ਉਸ ਦੀ ਮੌਤ ਹੋਈ ਉਸ ਸਿਨ ਸੀ ਪੀ ਆਈ ਨਾਲ ਸਬੰਧਤ ਰੋਡਵੇਜ਼ ਯੂਨੀਅਨ ਨੇ ਚਾਰ ਘੰਟਿਆਂ ਦੀ ਹੜਤਾਲ ਕੀਤੀ ਸੀ ਅਤੇ ਮੈਂ ਹਰ ਹਾਲਤ ਵਿਚ ਜਲੰਧਰ ਪਹੁੰਚਣਾ ਚਾਹੁੰਦਾ ਸਾਂ। ਇਸ ਵਿਚ ਦੇਰੀ ਕਾਰਨ ਮੈਨੂੰ ਬੰਦਾਂ ਦੀ ਰਾਜਨੀਤੀ ਹੀ ਗ਼ਲਤ ਲੱਗਣ ਲੱਗੀ ਸੀ।
ਇਸੇ ਕਮਰੇ ਵਿਚ ਹੀ ਕੁਝ ਘੰਟਿਆਂ ਬਾਦ ਸਫੈਦ ਪਤਲੂਣ ਪਾਈ ਇਕ ਚਾਲੀਆਂ ਕੁ ਸਾਲਾਂ ਦਾ ਦਰਮਿਆਨੇ ਕੱਦ ਦਾ ਬੰਦਾ ਦਾਖਲ ਹੋਇਆ। ਉਸ ਨੇ ਦਾੜੀ ਹੇਠਾਂ ਨੂੰ ਬੰਨ੍ਹ ਕੇ ਉਸ ਉਤੇ ਠਾਠੀ ਬੰਨੀ ਹੋਈ ਸੀ ਪਰ ਸਿਰ ਤੋਂ ਨੰਗਾ ਹੀ ਸੀ। ਆਉਂਦੇ ਸਾਰ ਹੀ ਉਹ ਕੇਂਦਰੀ ਕੁਰਸੀ ਉਤੇ ਜਾ ਬੈਠਾ ਅਤੇ ਨੰਗੇ ਸਿਰ ਹੀ ਕੰਮ ਵਿਚ ਰੁਝ ਗਿਆ। ਪਤਾ ਨਹੀਂ ਕਿਸ ਤਰਾਂ ਦੇ ਲੋਕਾਂ ਵਿਚ ਆ ਗਿਆ ਸਾਂ! ਪਹਿਲਾਂ ਇਕ ਜਣਾ ਸਿਰ ਉਤੇ ਪੱਗ ਵਲੇਟਦੇ ਹੋਏ ਆਨੰਦ ਜੀ ਦੇ ਕਮਰੇ ਵਿਚ ਦਾਖਲ਼ ਹੁੰਦਾ ਹੈ ਅਤੇ ਹੁਣ ਇਕ ਹੋਰ ਬਿਨਾਂ ਪੱਗ ਤੋਂ ਹੀ ਆ ਰਿਹਾ ਹੈ। ਚਲੋ ਮੈਨੂੰ ਕੀ? ਇਹ ਸੋਚ ਕੇ ਮੈਂ ਚੁੱਪ ਚਾਪ ਬੈਠਾ ਰਹਿੰਦਾ ਹਾਂ। ਕਰੀਬ ਅਧੇ ਘੰਟੇ ਬਾਦ ਉਹ ਸ਼ਖਸ ਠਾਠੀ ਖੋਲਦਾ ਹੈ ਅਤੇ ਕਮਰੇ ਵਿਚ ਬੈਠੀ ਇਕ ਚੁਸਤ ਜਿਹੀ ਔਰਤ ਨੂੰ ਕਹਿੰਦਾ ਹੈ, ‘ਓਹ ਯਾਰ ਅੰਮ੍ਰਿਤ, ਮੇਰੀ ਪੱਗ ਤਾਂ ਕਮਰੇ ਵਿਚ ਹੀ ਰਹਿ ਗਈ।’ ਫਿਰ ਸੋਹਣ ਲਾਲ ਨੂੰ ਆਵਾਜ਼ ਮਾਰ ਕੇ ਉਸ ਨੂੰ ਕਮਰੇ ਵਿਚੋਂ ਪੱਗ ਲਿਆਉਣ ਲਈ ਕਿਹਾ ਜਾਂਦਾ ਹੈ।
ਜਦੋਂ ਉਹ ਪੱਗ ਆ ਵੀ ਜਾਂਦੀ ਹੈ ਤਾਂ ਕਿੰਨਾ ਹੀ ਚਿਰ ਮੇਜ਼ ਉਤੇ ਹੀ ਪਈ ਰਹਿੰਦੀ ਹੈ। ਅਗਲੇ ਅੱਠ ਸਾਲਾਂ ਤਕ ਸੁਰਜਨ ਜ਼ੀਰਵੀ ਦੀ ਭੁਲੱਕੜੀ ਦੇ ਹੋਰ ਵੀ ਬਹੁਤ ਸਾਰੇ ਰੰਗ ਦੇਖੇ ਪਰ ਕਮਰੇ ਵਿਚੋਂ ਆਉਂਦਿਆਂ ਪੱਗ ਭੁੱਲ ਜਾਣ ਵਾਲੀ ਭੁਲੱਕੜੀ ਤਾਂ ਜਿਵੇਂ ਉਨਾਂ ਦਾ ਟਰੇਡ ਮਾਰਕ ਹੀ ਬਣ ਗਈ। ਜਿਸ ਔਰਤ ਨੂੰ ਉਸ ਨੇ ‘ਓਹ ਯਾਰ’ ਕਹਿ ਕੇ ਪੱਗ ਭੁੱਲ ਜਾਣ ਦੀ ਗੱਲ ਕਹੀ ਸੀ ਉਹ ਉਸਦੀ ਪਤਨੀ ਅੰਮ੍ਰਿਤ ਕੌਰ ਸੀ। ਅਗਲੇ ਸਾਲਾਂ ਵਿਚ ਖਬਰਾਂ ਦੇ ਸਿਰਲੇਖ ਲਿਖਣ ਦੇ ਮਾਮਲੇ ਵਿਚ ਜਿਹਡ਼ੀ ਮੁਹਾਰਤ ਅਤੇ ਕਰਾਮਾਤ ਸੁਰਜਨ ਜ਼ੀਰਵੀ ਤੋਂ ਸਿੱਖਣ ਵਿਚ ਮਿਲੀ ਉਹ ‘ਟ੍ਰਿਬਿਊਨੀਕਰਨ’ ਹੋ ਕੇ ਮੱਚ ਮਰ ਜਾਣ ਦੇ ਬਾਦ ਵੀ ਕਈ ਸਲਾਂ ਤਕ ਰਡ਼ਕ ਮਾਰਦੀ ਰਹੀ। ਹੁਣ ਪੰਜਾਬੀ ਪੱਤਰਕਾਰੀ ਵਿਚ ਉਸ ਤਰਾਂ ਦੀ ਚੁਸਤ ਸਿਰਲੇਖਬਾਜ਼ੀ ਕਰਨ ਵਾਲਾ ਕੋਈ ਵੀ ਦਿਖਾਈ ਜਾਂ ਸੁਣਾਈ ਨਹੀਂ ਦਿੰਦਾ। ਜ਼ਿੰਦਗੀ ਨੂੰ ਲਤੀਫਿਆਂ ਨਾਲ ਭਰਪੂਰ ਕਰਨ ਦਾ ਜਿਹਡ਼ਾ ਗੁਣ ‘ਜ਼ੀਰਵੀ ਜੀ’ ਕੋਲ ਸੀ ਉਹ ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ।
ਹਲਕੀ ਅਤੇ ਪੇਤਲੀ ਜਹੀ ਦਾੜੀ ਵਾਲੇ ਜਿਸ ਹੋਰ ਸ਼ਖਸ ਨਾਲ ਉਸ ਪਹਿਲੇ ਹੀ ਦਿਨ ਵਾਹ ਪਿਆ ਉਸ ਦਾ ਨਾਂ ਕਈ ਦਿਨਾਂ ਜਾਂ ਹਫਤਿਆਂ ਮਗਰੋਂ ਨਹੀਂ ਸਗੋਂ ਮਹੀਨਿਆਂ ਮਗਰੋਂ ਹੀ ਪਤਾ ਲੱਗਾ। ਉਂਜ ਤਾਂ ਸਾਰੇ ਜਣੇ ਹੀ ‘ਕਾਮਰੇਡ’ ਸਨ ਪਰ ਉਸ ਸ਼ਖਸ ਨੂੰ ਉਚੇਚਾ ‘ਕਾਮਰੇਡ ਜੀ’ ਕਹਿ ਕੇ ਹੀ ਬੁਲਾਇਆ ਜਾਂਦਾ ਸੀ। ਉਹ ਬੰਦਾ ਏਨਾ ਘੱਟ ਬੋਲਦਾ ਸੀ ਕਿ ਕਈ ਦਿਨਾਂ ਤਕ ਤਾਂ ਇਵੇਂ ਵੀ ਲਗਦਾ ਰਿਹਾ ਜਿਵੇਂ ਉਹ ਸ਼ਾਇਦ ਗੂੰਗਾ ਹੀ ਹੋਵੇ। ਉਸ ਦਾ ਨਾਂ ਸਰਵਣ ਸਿੰਘ ਸੀ। ਉਸ ਨੇ ਬਹੁਤ ਮਗਰੋਂ ਜਾ ਕੇ ਆਪਣਾ ਨਾਂ ਸਰਵਣ ਜ਼ਫਰ ਰਖ ਲਿਆ ਸੀ ਅਤੇ ਕਈ ਸਾਲ ਪਹਿਲਾਂ ਉਹ ਇੰਗਲੈਂਡ ਚਲੇ ਗਿਆ ਸੀ। ਕਿਸੇ ਕੰਮ ਨੂੰ ਸਿਰ ਸੁੱਟ ਕੇ ਕਿਵੇਂ ਕੀਤਾ ਜਾਂਦਾ ਹੈ ਇਹ ਤਾਂ ਸਿਖਿਆ ਹੀ, ਕੰਮ ਸਾਥੀਆਂ ਦੀਆਂ ਕੰਮ ਦੀਆਂ ਅਤੇ ਘਰੇਲੂ ਸਮਸਿਆਵਾਂ ਵਿਚ ਉਨਾਂ ਦੀ ਬੇਲਾਗ ਮਦਦ ਕਿਵੇਂ ਕੀਤੀ ਜਾਂਦੀ ਹੈ, ਉਹ ਸਭ ਕੁਝ ਵੀ ‘ਕਾਮਰੇਡ ਜੀ’ ਤੋਂ ਸਿਖਣ ਦਾ ਸਬਬ ਬਣਿਆ।
ਸੂਚੀ ਖਤਮ ਨਹੀਂ ਹੋਈ ਪਰ ਥਾਂ ਖਤਮ ਹੋ ਰਹੀ ਹੈ। ਉਪਰਲੇ ਸਾਰੇ ‘ਨਵਾਂ ਜ਼ਮਾਨਾ’ ਵਿਚ ਸਨ। ਬਰਜਿੰਦਰ ਸਿੰਘ ਉਦੋਂ ‘ਅਜੀਤ’ ਵਿਚ ਸੀ ਪਰ ਮਗਰੋਂ ਉਹ ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਸੰਪਾਦਕ ਬਣੇ। ਉਨਾਂ ਬਿਨਾਂ ਇਹ ਲੇਖ ਅਧੂਰਾ ਰਹੇਗਾ। ਆਪਣੇ ਸਾਥੀਆਂ ਤੋਂ ਕੰਮ ਕਿਵੇਂ ਕਰਵਾਉਣਾ ਹੈ ਅਤੇ ਕਾਰੋਬਾਰੀ ਅਤੇ ਸਪਸ਼ਟ ਸੇਧ ਕਿਵੇਂ ਰੱਖਣੀ ਹੈ ਉਸ ਦੀ ਸਿਖਿਆ ਜਿੰਨੀ ਬਰਜਿੰਦਰ ਸਿੰਘ ਨਾਲ ਰਹਿ ਕੇ ਆ ਸਕੀ ਓਨੀ ਸ਼ਾਇਦ ਹੋਰ ਕਿਸੇ ਤੋਂ ਵੀ ਨਹੀਂ ਸੀ ਆ ਸਕਦੀ। ਇਹ ਗੱਲ ਵੀ ਉਨ੍ਹਾਂ ਤੋਂ ਹੀ ਸਿੱਖੀ ਕਿ ਉਲਟ ਅਤੇ ਉਲਾਰ ਹਾਲਤਾਂ ਵਿਚ ਵੀ ਧੀਰਜ ਦਾ ਪੱਲਾ ਫਡ਼ੀ ਰੱਖਣਾ ਕਿੰਨਾ ਜ਼ਰੂਰੀ ਹੁੰਦਾ ਹੈ।
ਇਨਾਂ ਵਿਚੋਂ ਕਈਆਂ ਨੂੰ ਭਾਸ਼ਾ ਵਿਭਾਗ ਵਲੋਂ ਦਿਤੇ ਜਾਂਦੇ ‘ਪੰਜ ਹਜ਼ਾਰੀਏ’ ਸ਼੍ਰੋਮਣੀ ਪੁਰਸਕਾਰ ਬਹੁਤ ਪਹਿਲਾਂ ਮਿਲ ਚੁਕੇ ਹਨ। ਕਈਆਂ ਨੂੰ ਨਹੀਂ ਵੀ ਮਿਲੇ। ਐਤਕੀ ਗੁਣਾ ਏਧਰ ਪਿਆ ਹੈ। ਜਦੋਂ ਕਰੀਬ ਤੀਹ ਬੱਤੀ ਸਾਲ ਪਹਿਲਾਂ ਇਹ ਇਨਾਮ ਸ਼ੁਰੂ ਕੀਤਾ ਗਿਆ  
ਸੀ ਤਾਂ ਇਸ ਦੀ ਰਕਮ ਪੰਜ ਹਜ਼ਾਰ ਹੀ ਸੀ। ਇਸ ਲਈ ਉਦੋਂ ਇਹ ਇਨਾਮ ਹਾਸਲ ਕਰਨ ਵਾਲੇ ਨੂੰ ਪੰਜ ਹਜ਼ਾਰੀਆ ਹੀ ਕਿਹਾ ਜਾਂਦਾ ਸੀ। ਮਹਿਸੂਸ ਹੋਇਆ ਕਿ ਇਨਾਮਾਂ ਦੀ ਸਿਆਸਤ ਨੂੰ ਸਮਝਣ ਵਾਲੇ ਜਾਣਕਾਰ ਲੋਕਾਂ ਵਿਚ ਬੇਇਜ਼ਤੀ ਹੋਵੇਗੀ। ਉਹ ਕਹਿਣਗੇ ਕਿ ਕਰਤੂਤੀਂ ਇਹ ਵੀ ਕਿਸੇ ਤੋਂ ਪਿੱਛੇ ਨਹੀਂ। ਇਸ ਲਈ ਸੋਚਿਆ ਸੀ ਕਿ ਪੁਰਸਕਾਰ ਲੈਣ ਤੋਂ ਮਨਾਂ ਕਰ ਦਿਆਂ। ਪਰ ਫੇਰ ਮੁਰਾਰੀ ਨੇ ਸਮਝਾਇਆ ਕਿ ਜੇ ਲੱਖ ਰੁਪਏ ਦੇ ਵੱਡੇ ਲਾਲਚ ਨੂੰ ਦਰ ਕਿਨਾਰ ਵੀ ਕਰ ਦੇਈਏ ਤਾਂ ਵੀ ਇਹ ਸਨਮਾਨ ਅਸਲ ਵਿਚ ਤਾਂ ਉਨ੍ਹਾਂ ਉਪਰ ਦਰਜ ਕੀਤੇ ਗਏ ਲੋਕਾਂ ਨੂੰ ਹੀ ਮਿਲਿਆ ਹੈ ਜਿਨਾਂ ਨੇ ਤੈਨੂੰ ‘ਘਡ਼ਣ’ ਵਿਚ ਯੋਗਦਾਨ ਪਾਇਆ ਹੈ। ਇਸ ਲਈ ਇਸ ਨੂੰ ਰੱਦ ਕਰਕੇ ਉਨਾਂ ਦਾ ਅਪਮਾਨ ਨਾ ਕਰ। ਮੁਰਾਰੀ ਦੀ ਗੱਲ ਸਹੀ ਜਾਪਦੀ ਹੈ। ਇਸ ਲਈ ਮੰਨ ਲਈ ਹੈ। ਪਰ…!
ਪਰ ਉਪਰਲਿਆਂ ਵਿਚੋਂ ਜੇ ਕੋਈ ਆਪਣੇ ਆਪ ਇਸ ਨੂੰ ਰੱਦ ਕਰ ਦੇਵੇ ਤਾਂ ਇਸ ਨੂੰ ਸੱਚਮੁਚ ਹੀ ਰੱਦ ਸਮਝਿਆ ਜਾਵੇ।



ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ-ਜਤਿੰਦਰ ਪਨੂੰ




ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


No comments: