Sunday, March 31, 2013

ਪ੍ਰੋਫੈਸਰ ਭੁੱਲਰ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਹੋਰ ਤੇਜ਼

ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਰੋਹ ਭਰਿਆ ਰੋਸ ਮਾਰਚ

ਬਠਿੰਡਾ:ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਨੰ ਲੈ ਕੇ ਸਿੱਖ ਪੰਥ ਨੇ ਇੱਕ ਵਾਰ ਫੇਰ ਆਪਣੇ ਰੋਹ ਅਤੇ ਰੋਸ ਦਾ ਪ੍ਰਗਟਾਵਾ ਬਡ਼ੇ ਹੀ ਸ਼ਾਂਤੀ ਪੂਰਨ ਢੰਗ ਨਾਲ ਕੀਤਾ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਸਮੇਤ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਅੱਜ ਪ੍ਰੋ. ਭੁੱਲਰ ਦੇ ਪਿੰਡ ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਮਾਰਚ ਕੀਤਾ ਗਿਆ। ਇਸ ਮਾਰਚ ਦੀ ਤਿਆਰੀ ਕਈ ਦਿਨਾਂ ਤੋਂ ਬਹੁਤ ਸਰਗਰਮੀ ਨਾਲ ਚੱਲ ਰਹੀ ਸੀ। ਨਿਸਚਿਤ ਪ੍ਰੋਗ੍ਰਾਮ ਅਨੁਸਾਰ ਇਹ ਮਾਰਚ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਬਾਕਾਇਦਾ ਅਰਦਾਸ ਕਰਕੇ  ਰਵਾਨਾ ਹੋਇਆ। ਮਾਰਚ ਵਿੱਚ ਸ਼ਾਮਲ ਨੌਜਵਾਨਾਂ ਦੇ ਹੱਥ ਵਿੱਚ ਕੇਸਰੀ ਝੰਡੇ ਅਤੇ ਮਾਟੋ ਫੜੇ ਹੋਏ ਸਨ ਅਤੇ ਉਹ ਪ੍ਰੋ. ਭੁੱਲਰ ਦੀ ਸਜ਼ਾ ਵਾਪਸੀ ਲਈ ਮੰਗ ਕਰਦੇ ਨਾਅਰੇ ਲਗਾ ਰਹੇ ਸਨ।

ਇਸ ਮਾਰਚ ਦੇ ਮੌਕੇ ਪ੍ਰਬੰਧਕਾਂ ਨੇ ਫਾਂਸੀ ਦੀ ਇਸ ਸਜ਼ਾ ਦੇ ਮਾਮਲੇ ਨਾਲ ਸਬੰਧਿਤ ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ। ਮਾਰਚ ਦੇ ਮੁੱਖ ਪ੍ਰਬੰਧਕ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਦੱਸਿਆ ਕਿ ਇਹ ਮਾਰਚ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਬਠਿੰਡਾ ਵਿਖੇ ਪਹੁੰਚੇਗਾ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ, ਸਕੱਤਰ ਜਨਰਲ ਮਨਧੀਰ ਸਿੰਘ, ਜਸਪਾਲ ਸਿੰਘ ਹੇਰਾਂ ਅਤੇ ਬਾਬਾ ਹਰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਡ਼ੇ ਹੀ ਸਪਸ਼ਟ ਸ਼ਬਦਾਂ ਵਿੱਚ ਦੋਸ਼ ਲਾਇਆ ਕਿ ਭਾਰਤ ਸਰਕਾਰ ਫਾਂਸੀ ਦੀ ਸਜ਼ਾ ਨੂੰ ਘੱਟ ਗਿਣਤੀਆਂ ਦੇ ਸਿਆਸੀ ਕਤਲ ਲਈ ਇਕ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਸਿੱਖ ਹੋਣ ਕਾਰਨ ਹੀ ਦਿੱਤੀ ਗਈ ਹੈ। 

                                                                                                          File Photos 
ਜਗ ਬਾਣੀ 'ਚ ਛਪੀ ਖਬਰ ਦੀ ਫੋਟੋ 

ਇਹਨਾਂ ਪੰਥਕ ਆਗੂਆਂ ਨੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਵਾਪਸੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਵੀ ਇੱਕ ਵਾਰ ਫੇਰ ਦੁਹਰਾਇਆ। ਇਸ ਮੌਕੇ ਸੁਰਿੰਦਰ ਸਿੰਘ ਠੀਕਰੀਵਾਲ, ਬਾਬਾ ਸਤਨਾਮ ਸਿੰਘ ਦਿਆਲਪੁਰਾ, ਬਾਬਾ ਮੋਹਨ ਸਿੰਘ ਗੁੰਮਟਸਰ, ਬਾਬਾ ਸੰਤੋਖ ਸਿੰਘ ਦਿਆਲਪੁਰਾ ਮਿਰਜ਼ਾ, ਉਂਕਾਰ ਸਿੰਘ ਭਦੌਡ਼, ਸੁਰਿੰਦਰ ਸਿੰਘ ਨਥਾਣਾ ਅਤੇ ਬਲਵਿੰਦਰ ਸਿੰਘ ਖਾਲਸਾ  ਅਤੇ ਕਈ ਹੋਰ ਆਗੂ ਵੀ ਮੌਜੂਦ ਰਹੇ।
ਮਾਰਚ ਵਿੱਚ ਸ਼ਾਮਿਲ ਲੋਕਾਂ ਅਤੇ ਧਾਰਮਿਕ/ਸਮਾਜਿਕ ਜਥੇਬੰਦੀਆਂ ਨੇ ਪ੍ਰੋ.ਭੁੱਲਰ ਦੇ ਪਿੰਡ ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਮਾਰਚ ਕੀਤਾ ਅਤੇ ਇਥੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਜਥੇਬੰਦੀਆਂ ਤੋਂ ਮੰਗ ਪੱਤਰ ਲਿਆ। ਇਹ ਮਾਰਚ ਪਿੰਡ ਜਲਾਲ, ਗੁਰੂਸਰ, ਹਮੀਰਗੜ, ਭਗਤਾ, ਕੋਠਾ ਗੁਰੂ ਕਾ, ਕਲਿਆਣਾ, ਨਥਾਣਾ, ਗੰਗਾ, ਨਾਥਪੁਰਾ, ਗਿੱਦੜ, ਢੇਲਵਾਂ, ਗੋਬਿੰਦਪੁਰਾ, ਬੀਬੀਵਾਲਾ ਤੋਂ ਹੁੰਦਾ ਹੋਇਆ ਬਠਿੰਡਾ ਵਿਖੇ ਪਹੁੰਚਿਆ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਸ ਦਮਨਕਾਰੀ ਮੁਹਿੰਮ ਦਾ ਮੁਕਾਬਲਾ ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਲਾਮਬੰਦ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਦਰਸ਼ਨ ਸਿੰਘ, ਜਸਪਾਲ ਸਿੰਘ ਅਤੇ ਜਰਨੈਲ ਸਿੰਘ ਹੁਸਨਪੁਰ ਹਾਜ਼ਰ ਸਨ। ਮਾਰਚ ਵਿੱਚ ਸ਼ਾਮਿਲ ਲੋਕਾਂ ਏ ਦਿਲਾਂ ਵਿੱਚ ਜੋਸ਼ ਵੀ ਸੀ ਅਤੇ ਸਬਰ ਦਾ ਪਹਾੜ ਵੀ। ਇੰਝ ਲੱਗਦਾ ਸੀ ਜਿਵੇਂ ਇਹ ਸਾਰੇ ਲੋਕ ਕਿਸੇ ਲੰਮੇ ਸੰਘਰਸ਼ ਲਈ  ਤਿਆਰ ਬਰ ਤਿਆਰ ਹੋ ਕੇ ਆਏ ਹਨ। 



No comments: