Saturday, March 23, 2013

ਇਨਕਲਾਬੀ ਸੰਘਰਸ਼ ਦਾ ਮਹਾਂ-ਨਾਇਕ...

ਸ਼ਹੀਦ ਭਗਤ ਸਿੰਘ ਅੱਜ ਇਕ ਵਿਅਕਤੀ ਨਹੀਂ ਇਕ ਸੋਚ ਹੈ -ਡਾ. ਤੇਜਿੰਦਰ ਵਿਰਲੀ
ਜਦੋਂ ਵੀ ਅਸੀਂ ਭਾਰਤ ਦੇ ਇਨਕਲਾਬੀ ਇਤਿਹਾਸ ਵੱਲ ਨਜਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਦੋ ਸਖਸ਼ੀਅਤਾਂ ਉੱਤਰੀ ਭਾਰਤ ਦੇ ਵਸਨੀਕਾਂ ਨੂੰ ਸਦਾ ਹੀ ਹਲੂਣਦੀਆਂ ਰਹੀਆਂ ਹਨ। ਪਹਿਲੀ ਹੈ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ ਤੇ ਦੂਸਰੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ। ਦੋਹਾਂ ਵਿਚ ਇਕ ਸਾਂਝ ਹੈ ਕਿ ਦੋਹਾਂ ਨੇ ਕੇਵਲ ਆਪਣਾ ਜੀਵਨ ਹੀ ਲੋਕਾਂ ਦੇ ਲੇਖੇ ਨਹੀਂ ਲਾਇਆ, ਸਗੋਂ ਪੂਰਾ ਪਰਿਵਾਰ ਹੀ ਲੋਕ ਘੋਲ ਦੀ ਆਹੂਤੀ ਵਿਚ ਪਾਇਆ ਹੈ। ਇਨ੍ਹਾਂ ਵਿਚ ਇਕ ਹੋਰ ਸਮਾਨਤਾ ਹੈ ਇਹ ਦੋਵੇਂ ਮਹਾਨ ਯੋਧੇ ਵਿਅਕਤੀ ਨਹੀਂ ਸਗੋਂ ਇਕ ਫ਼ਲਸਫਾ ਬਣਕੇ ਪ੍ਰਵਾਨ ਚੜੇ ਹਨ। ਫਲਸਫਾ ਵੀ ਉਹ ਜਿਹੜਾ ਆਪਣੇ ਸਮਿਆਂ ਦੇ ਲੁੱਟੇ ਜਾਂਦਿਆਂ ਦੇ ਹੱਕ ਵਿਚ ਖੜ੍ਹਦਾ ਹੈ। ਇਹੋ ਹੀ ਕਾਰਨ ਹੈ ਕਿ ਸਮਾਂ ਬੀਤਣ ਦੇ ਬਾਦ ਵੀ ਇਨਾਂ ਦੀ ਕੁਰਬਾਨੀ ਤੇ ਫਲਸਫਾ ਦੋਵੇ ਹੀ ਅੱਜ ਵੀ ਲੋਕਾਂ ਨੂੰ ਤੇ ਖਾਸ ਕਰਕੇ ਨੌਜਵਾਨਾਂ ਨੂੰ ਖਿੱਚ ਪਾਉਂਦੇ ਹਨ। ਇਸ ਗੱਲ ਦੀ ਭਵਿੱਖਬਾਣੀ ਵੀ ਬੜੀ ਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਕਿ ਇਸ ਕਿਸਮ ਦਾ ਪ੍ਰਭਾਵ ਸਮੇਂ ਦੇ ਨਾਲ ਵਧਦਾ ਹੈ ਘਟਨਾ ਨਹੀਂ।
ਮੈਂ ਆਪਣੀ ਗੱਲ ਨੂੰ ਸ਼ਹੀਦ ਭਗਤ ਸਿੰਘ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਹਾਂ, ਜਿਹੜਾ ਅੱਜ ਇਕ ਵਿਅਕਤੀ ਨਹੀਂ ਇਕ ਸੋਚ ਹੈ, ਇਕ ਫਲਸਫਾ ਹੈ ਇਕ ਸਿਧਾਂਤ ਹੈ। ਇਸ ਤੋਂ ਵੀ ਵਧਕੇ ਜਿਹੜਾ ਇਕ ਚਿੰਨ੍ਹ ਬਣ ਗਿਆ ਹੈ ਇਨਕਲਾਬ ਦਾ ਚਿੰਨ੍ਹ। ਪਰ ਸਾਡੀਆਂ ਸਰਕਾਰਾਂ ਭਗਤ ਸਿੰਘ ਨੂੰ ਇਕ ਵਿਅਕਤੀ ਤਕ ਸੀਮਤ ਕਰ ਕੇ ਰੱਖਣਾ ਚਾਹੁੰਦੀਆਂ ਹਨ। ਵਿਅਕਤੀ ਵੀ ਉਹ ਜੋ ਹੁਣ ਬੀਤ ਚੁੱਕਾ ਹੈ। ਜਿਸ ਦਾ ਵਰਤਮਾਨ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ। ਇਸੇ ਕਰਕੇ ਬੜੀ ਅਜੀਬ ਕਿਸਮ ਦੀ ਬਿਹਸ ਉਸ ਬਾਰੇ ਅੱਜ ਹੁੰਦੀ ਹੈ ' ਪਗੜੀ ਵਾਲਾ ਭਗਤ ਸਿੰਘ ਜਾਂ ਹੈਟ ਵਾਲਾ ਭਗਤ ਸਿੰਘ`। ਇਸ ਗੱਲ ਦੇ ਸੁਚੇਤ ਯਤਨ ਹੋ ਰਹੇ ਹਨ ਕਿ ਉਸ ਦੀ ਸੋਚ ਦੀ ਥਾਂ ਗੱਲ ਪਗੜੀ ਜਾਂ ਹੈਟ ਤੱਕ ਸੀਮਤ ਹੋ ਰਹਿ ਜਾਵੇ। ਜਦਕਿ ਲੋਕਾਂ ਨੂੰ ਤਾਂ ਟੁੱਟੀ ਮੰਝੀ ਉਪਰ ਬੈਠੇ ਢਿਲਕੇ ਜੂੜੇ ਵਾਲੇ ਭਗਤ ਸਿੰਘ ਦੀ ਲੋੜ ਹੈ। ਜਿਸ ਨੂੰ ਹੱਥਕੜੀ ਲੱਗੀ ਹੋਣ ਦੇ ਬਾਵਜੂਦ ਵੀ ਬੜਾ ਬੇਖੌਫ ਹੋਕੇ ਸਰਕਾਰੀ ਅਫਸਰ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਗੱਲ ਕਰ ਰਿਹਾ ਹੈ। ਜਿਸ ਨੂੰ ਹਥਕੜੀ ਤੇ ਬੇੜੀਆਂ ਸਿਰ ਕਰਕੇ ਲੱਗੀਆਂ ਹਨ। ਇਕ ਖਾਸ ਕਿਸਮ ਦਾ ਸਿਰ। ਜਿਹੜਾ ਸਿਰ ਵੱਖਰੀ ਤਰ੍ਹਾਂ ਸੋਚਦਾ ਹੈ ਜਿਸ ਸਿਰ ਉਪਰ ਟੋਪ ਵੀ ਹੋ ਸਕਦਾ ਹੈ ਤੇ ਦਸਤਾਰ ਵੀ। ਜਿਹੜਾ ਸਿਰ ਗੁਰੂ ਗੋਬਿੰਦ ਸਿੰਘ ਜੀ ਦੀ ਬੰਦ ਬੰਦ ਕਟਵਾਉਣ ਦੀ ਰੀਤ ਦਾ ਕਾਇਲ ਹੈ। ਜਿਸ ਲਈ ਕਲਕੱਤਾ, ਕਾਨਪੁਰ ਤੇ ਲਾਹੌਰ ਇਕੋਂ ਜਿੰਨੇ ਪਿਆਰੇ ਹਨ। ਜਿਸ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਹਿੰਦੀ, ਅੰਗਰੇਜ਼ੀ ਤੇ ਉਰਦੂ ਜ਼ੁਬਾਨਾਂ ਦੀ ਮੁਹਾਰਤ ਹਾਂਸਲ ਹੈ। ਜਿਹੜਾ ਬਚਪਨ ਵਿਚ 'ਬੰਨਦੂਖਾਂ` ਦੀ ਖੇਤੀ ਕਰਦਾ ਹੈ। ਤੇ ਨੌਵੀ ਜਮਾਤ ਵਿਚ ਪੜ੍ਹਦਾ ਬੰਬ ਬਣਾਉਣ ਦੇ ਨੁਕਸੇ ਇਨਸਾਈਕਲੋਪੀਡੀਆ ਵਿੱਚੋਂ ਸਿੱਖਦਾ ਹੈ। ਜਿਸ ਨੂੰ ਭਾਰਤ ਦੇ ਹੀ ਨਹੀਂ ਦੁਨੀਆਂ ਭਰ ਦੇ ਕ੍ਰਾਂਤੀਕਾਰੀ ਖਿੱਚ ਪਾਉਂਦੇ ਹਨ। ਜਿਹੜਾ ਗਿਆਨ ਪ੍ਰਾਪਤੀ ਲਈ ਕਿਤਾਬਾਂ ਨੂੰ ਖਾ ਜਾਣ ਵਾਂਗ ਪੜ੍ਹਦਾ ਹੈ। ਜਿਸ ਦੀ ਜੇਲ੍ਹ ਦੇ ਅੰਦਰ ਵੀ ਤੇ ਬਾਹਰ ਵੀ ਕਿਤਾਬਾਂ ਹੀ ਕਮਜੋਰੀ ਸਨ। ਜਿਸ ਬਾਰੇ ਸਾਡੇ ਹਾਕਮਾਂ ਨੇ ਇਹ ਚਲਾਕੀ ਕੀਤੀ ਹੈ ਕਿ ਉਸ ਨੂੰ ਰੀਵਾਲਵਰ ਤੇ ਬੰਬ ਵਾਲਾ ਭਗਤ ਸਿੰਘ ਬਣਾਕੇ ਰੱਖ ਦਿੱਤਾ ਹੈ ਇਕ ਦਹਿਸ਼ਤਗਰਦ ਵਰਗਾ ਭਗਤ ਸਿੰਘ ਜਿਹੜਾ ਆਪ ਲਿਖ ਕੇ ਗਿਆ ਹੈ ਕਿ ਮੈਂ ਕਦੀ ਵੀ ਦਹਿਸ਼ਤਗ਼ਰਦ ਜਾਂ ਅੱਤਵਾਦੀ ਨਹੀਂ ਰਿਹਾ। ਮੈਂ ਇਨਕਲਾਬੀ ਹਾਂ ਤੇ ਸਦਾ ਹੀ ਇਕ ਇਨਕਲਾਬੀ ਵਾਂਗ ਹੀ ਜੀਵਿਆ ਹਾਂ ਤੇ ਇਨਕਲਾਬੀ ਵਾਂਗ ਹੀ ਮਰਨਾ ਪਾਸੰਦ ਕਰਾਂਗਾ। ਉਸ ਇਨਕਲਾਬੀ ਦੇ ਜੀਵਨ ਨੂੰ ਵਗਾੜਨ ਦੀਆਂ ਸੁਚੇਤ ਕੋਸ਼ਿਸਾਂ ਉਸ ਦੇ ਜੀਉਂਦੇ ਜੀਅ ਵੀ ਹੋਈਆਂ ਤੇ ਉਸ ਦੀ ਸ਼ਹਾਦਤ ਤੋਂ ਬਾਦ ਅੱਜ ਤੱਕ ਜਾਰੀ ਹਨ। ਇਹ ਕੋਸ਼ਿਸ਼ਾਂ ਇਸ ਕਰਕੇ ਹੋ ਰਹੀਆਂ ਹਨ ਕਿ ਲੋਕਾਂ ਤੋਂ ਉਨ੍ਹਾਂ ਦਾ ਨਾਇਕ ਖੋਹ ਲਿਆ ਜਾਵੇ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਕਦੇ ਵੀ ਕਿਸੇ ਸਰਕਾਰ ਨੂੰ ਲੋੜ ਪਈ ਤਾਂ ਉਸ ਨੇ ਭਗਤ ਸਿੰਘ ਨੂੰ ਚੁੱਕ ਲਿਆ। ਐਮਰਜੇਨਸੀ ਵੇਲੇ ਜਦੋਂ ਹਰ ਨੌਜਵਾਨ ਨੂੰ ਆਪਣੇ ਵਿੱਚੋਂ ਭਗਤ ਸਿੰਘ ਦਿਸਣ ਲੱਗ ਪਿਆ ਤਾਂ ਸਰਕਾਰ ਨੇ ਭਗਤ ਸਿੰਘ ਦੀ ਮਾਤਾ ਨੂੰ ਰਾਜ ਮਾਤਾ ਦਾ ਦਰਜਾ ਦੇ ਭਗਤ ਸਿੰਘ ਦੇ ਵਾਰਸ ਬਣਨ ਦਾ ਭੁਲੇਖਾ ਸਿਰਜਿਆ ਤਾਂ ਕਿ ਨੌਜਵਾਨਾ ਨੂੰ ਜਾਪੇ ਭਗਤ ਸਿੰਘ ਦਾ ਫਿਕਰ ਕਾਂਗਰਸ ਸਰਕਾਰ ਤੋਂ ਵੱਧ ਤਾਂ ਹੋਰ ਕਿਸੇ ਨੂੰ ਹੋ ਹੀ ਨਹੀਂ ਸਕਦਾ? ਅੱਜ ਪੰਜਾਬ ਦੇ ਹਰ ਸ਼ਹਿਰ ਵਿਚ ਭਗਤ ਸਿੰਘ ਦੇ ਨਾਮ ਦਾ ਬੁੱਤ ਹੈ, ਚੌਕ ਹੈ, ਮਹੱਲਾ ਹੈ, ਸਕੂਲ ਹੈ, ਹਸਪਤਾਲ ਹੈ ਤੇ ਹੋਰ ਪਤਾ ਨਹੀਂ ਕੀ ਕੀ ਹੈ। ਸਰਕਾਰ ਲਈ ਭਗਤ ਸਿੰਘ ਇਕ ਵਿਅਕਤੀ ਸੀ ਜੋ 23 ਮਾਰਚ1931ਨੂੰ ਫ਼ਾਂਸੀ `ਤੇ ਚੜਕੇ ਦੇਸ਼ ਲਈ ਸ਼ਹੀਦ ਹੋ ਗਿਆ। ਵਿਅਕਤੀ ਜੋ ਸ਼ਹੀਦ ਹੋ ਗਿਆ ਉਸ ਬਾਰੇ ਦੋ ਮਿੰਟ ਦਾ ਮੋਨ ਵਰਤ ਰੱਖਿਆ ਜਾ ਸਕਦਾ ਹੈ। ਉਸ ਨੂੰ ਸ਼ਰਧਾਜ਼ਲੀ ਦਿੱਤੀ ਜਾ ਸਕਦੀ ਹੈ ਤੇ ਉਸ ਦੇ ਬੁੱਤ ਉਪਰ ਫੁੱਲਾਂ ਦੇ ਹਾਰ ਚੜਾਏ ਜਾ ਸਕਦੇ ਹਨ। ਸਕੂਲਾਂ ਵਿਚ ਛੁੱਟੀ ਹੋ ਸਕਦੀ ਹੈ। ਪਰ ਜਿਹੜਾ ਵਿਅਕਤੀ ਇਕ ਵਿਅਕਤੀ ਨਹੀਂ ਸੀ ਇਕ ਸਿਧਾਂਤ ਬਣ ਗਿਆ। ਜਿਸ ਦੀ ਫਾਂਸੀ ਉਸ ਸਿਧਾਂਤ ਨੂੰ ਖਤਮ ਕਰਨ ਲਈ ਦਿੱਤੀ ਗਈ ਜਿਸ ਸਿਧਾਂਤ ਦਾ ਮਹਾਤਮਾਂ ਗਾਂਧੀ ਦੇ ਸਿਧਾਂਤ ਨਾਲ ਸਿਧਾਂਤਕ ਮੱਤਭੇਦ ਸੀ। ਜਿਸ ਕਰਕੇ ਸ਼ਹਾਦਤ ਤੋਂ ਸੱਤ ਦਿਨਾਂ ਬਾਦ ਕਾਾਂਨਪੁਰ ਦੇ ਕਾਂਗਰਸੀ ਅਜਲਾਸ ਵਿਚ ਤਿੰਨਾਂ ਦੇਸ਼ ਭਗਤਾਂ ਦੀ ਸ਼ਹਾਦਤ ਦੇ ਸ਼ੋਕ ਮਤੇ ਵਿਚ ਹੀ ਉਨ੍ਹਾਂ ਨੂੰ ਦਹਿਸ਼ਤਗਰਦ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਉਸ ਸਿਧਾਂਤ ਨੂੰ ਪੂਜਾ ਦੀ ਜਰੂਰਤ ਨਹੀਂ। ਉਸ ਸਿਧਾਂਤ ਨੂੰ ਸ਼ਰਧਾਂਜਲੀ ਦਾ ਮਤਲਬ ਹੈ ਕਿ ਉਹ ਸਿਧਾਂਤ ਮਰ ਚੱਕਾ ਹੈ। ਉਸ ਸਿਧਾਂਤ ਦੀ ਮੌਤ ਦਾ ਮਤਲਬ ਹੈ ਕਿ ਉਹ ਜਿਸ ਕਿਸਮ ਦੀ ਆਜ਼ਾਦੀ ਭਗਤ ਸਿੰਘ ਚਾਹੁੰਦਾ ਸੀ ਹੁਣ ਉਸ ਕਿਸਮ ਦੀ ਆਜ਼ਾਦੀ ਦੀ ਗੱਲ ਨਹੀਂ ਕੀਤੀ ਜਾ ਸਕਦੀ। ਉਸ ਕਿਸਮ ਦੀ ਆਜ਼ਾਦੀ ਦੀ ਆਸ ਕਰਨਾ ਗਲਤ ਹੈ? ਜਿਸ ਆਜ਼ਾਦੀ ਦੀ ਪ੍ਰਾਪਤੀ ਦੇ ਪ੍ਰਸੰਗ ਵਿਚ ਭਗਤ ਸਿੰਘ ਨੇ ਆਪ ਹੀ ਲਿਖਿਆ ਸੀ ਕਿ ' ਕੁਰਬਾਨੀਆਂ ਦੀ ਲੜੀ ਵਿਚ ਮੇਰੀ ਕੁਰਬਾਨੀ ਵੀ ਇਕ ਕੜੀ ਹੈ` ਜਿਹੜੀ ਲੜੀ ਅੱਜ ਵੀ ਵੱਖ ਵੱਖ ਕੜੀਆਂ ਦੇ ਜੁੜਨ ਨਾਲ ਜਾਰੀ ਹੈ ਤੇ ਇਹ ਯਕੀਨਨ ਹੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸ ਕਿਸਮ ਦਾ ਸਮਾਜ ਸਿਰਜ ਨਹੀਂ ਲਿਆ ਜਾਂਦਾ ਜਿਸ ਕਿਸਮ ਦਾ ਸਮਾਜ ਸਿਰਜਣ ਦਾ ਸੁਪਨਾ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਿਆ ਸੀ।
ਕਿਸੇ ਵੀ ਯੁੱਗ ਦਾ ਮਹਾਂ ਨਾਇਕ ਬਰਸਾਤੀ ਖੁੰਬ ਵਾਂਗ ਰਾਤੋਂ ਰਾਤ ਪੈਦਾ ਨਹੀਂ ਹੁੰਦਾ, ਸਗੋਂ ਵਿਸ਼ੇਸ ਇਤਿਹਾਸਕ ਤੇ ਸਮਾਜਕ ਪ੍ਰਸਥਿਤੀਆਂ ਦਾ ਲਿਖਾਇਕ ਹੁੰਦਾ ਹੈ ਜਿਹੜੀਆਂ ਉਸ ਨੂੰ ਘੜਦੀਆਂ ਹਨ। ਸਾਡੀ ਸਦੀ ਦੇ ਬਰਤਾਂਤ ਦਾ ਇਹ ਮਹਾਂ ਨਾਇਕ ਜਿਹੜਾ ਇਸ ਸੰਸਾਰ ਉਪਰ ਕੇਵਲ 23 ਸਾਲ ਪੰਜ ਮਹੀਨੇ ਪੱਚੀ ਦਿਨ ਹੀ ਜੀਵਿਆ ਪਰ ਉਸ ਦੇ ਸਿਧਾਂਤਕ ਫਲਸਫੇ ਦੀ ਉਮਰ ਉਸ ਦੇ ਪੁਰਖਿਆਂ ਦੇ ਜੀਵਨ ਤੋਂ ਵੀ ਵੱਧ ਲੰਮੀ ਹੈ। ਉਸ ਵਿਅਕਤੀ ਨੂੰ ਫਲਸਫਾ ਬਣਨ ਲਈ ਇਤਿਹਾਸ ਦੇ ਵਿੱਚੋਂ ਦੀ ਬਰੀਕ ਨੀਝ ਨਾਲ ਹਰ ਪਲ ਹਰ ਮੋੜ ਉਪਰ ਸੰਘਰਸ਼ ਮਈ ਪੈਂਤੜਾ ਤਹਿ ਕਰਨ ਤੋਂ ਬਾਦ ਲੰਘਣਾ ਪਿਆ। ਜਿਸ ਵਿਚ ਗ਼ਦਰ ਦਾ ਇਕ ਅਹਿਮ ਮੁਕਾਮ ਹੈ। 1857 ਦੇ ਅਸਫਲ ਗ਼ਦਰ ਦੀ ਪੀੜ ਨੂੰ ਜਦੋਂ ਲੱਖਾਂ ਨੌਜਵਾਨ ਭਾਰਤੀਆਂ ਵਾਂਗ ਬਿਦੇਸ਼ਾਂ ਵਿਚ ਪੜਦੇ ਤੇ ਰੁਜ਼ਗਾਰ ਲਈ ਗਏ ਭਾਰਤ ਦੇ ਕਿਰਤੀਆਂ ਨੇ ਮਹਿਸੂਸ ਕੀਤਾ ਤਾਂ ਇਹ ਦਰਦ ਤਾਜ਼ਾ ਹੋ ਕੇ ਜਾਗ ਪਿਆ।
ਅਮਰੀਕਾ ਦੀ ਆਜ਼ਾਦੀ ਦੇ ਅਹਿਸਾਸ ਨੇ ਤੇ ਭਾਰਤ ਦੀ ਗੁਲਾਮੀ ਦੇ ਦਰਦ ਨੇ ਇਸ ਪੀੜ ਨੂੰ ਹੋਰ ਵੀ ਅਸਹਿ ਕਰ ਦਿੱਤਾ। ਜਵਾਲਾ ਸਿੰਘ ਦੇ ਅੰਦਰੋ ਦੇਸ਼ ਭਗਤੀ ਦੀ ਜਵਾਲਾ ਐਸੀ ਜਾਗੀ ਕਿ ਉਹ ਦੇਸ਼ ਦਾ ਹੋਕੇ ਹੀ ਰਹਿ ਗਿਆ। ਇਸ ਅਸਹਿ ਪੀੜਾ ਵਿੱਚੋਂ ਹੀ ਗ਼ਦਰ ਦੀ ਨਵੀ ਵਿਉਂਤਬੰਦੀ ਜਵਾਲਾ ਸਿੰਘ ਦੇ ਆਲੂਆਂ ਦੇ ਖੇਤਾਂ ਵਿਚ ਹੋਣ ਲੱਗੀ। ਸ਼ਹੀਦ ਕੂਕਿਆਂ ਦੀਆਂ ਅਮਰ ਕੂਕਾਂ ਨੇ ਸੋਹਣ ਸਿੰਘ ਭਰਨਾਂ ਨੂੰ ਸੰਘਰਸ਼ ਦਾ ਪਾਠ ਪੜਾਇਆ ਕਿ ਉਹ ਆਪਣੇ ਸੁੱਖਾਂ ਨੂੰ ਛੱਡਕੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਣ ਲਈ ਕਾਮਾਗਾਟਾਮਾਰੂ ਦੇ ਮੁਸਾਫਰਾਂ ਵੱਲ ਦੌੜ ਪਿਆ। ਬਰਕਲੇ ਯੂਨੀਵਰਸਿਟੀ `ਚ ਪੜ੍ਹਦਾ ਕਰਤਾਰ ਸਰਾਭਾ ਭਾਰਤੀਆਂ ਦੇ ਚਹਿਰਿਆਂ `ਤੇ ਲਿਖੀ ਸਦੀਵੀ ਚਿੰਤਾਂ ਨੂੰ ਪੜ੍ਹਨ ਲੱਗ ਪਿਆ। ਸੰਤੋਖ ਸਿੰਘ ਕਿਰਤੀ ਲਹਿਰ ਬਾਰੇ ਸੋਚਣ ਲੱਗ ਪਿਆ। ਲਾਲਾ ਹਰਦਿਆਲ ਵੀ ਦੇਸ਼ ਵਾਸੀਆਂ ਦੇ ਮਸਲਿਆਂ ਨੂੰ ਕਲਮ ਦੀ ਨੋਕ ਉਪਰ ਚਾੜਨ ਲੱਗਾ। ਪੰਡਤ ਕਾਂਸ਼ੀ ਰਾਮ ਹੁਰਾਂ ਦੇ ਯਤਨਾਂ ਨਾਲ ਗ਼ਦਰ ਦਾ ਹੋਕਾਂ ਦੇਸ਼ ਦੇਸ਼ ਵਿਚ ਫਿਰਨ ਲੱਗਾ। ਅਪ੍ਰੈਲ 1913 ਨੂੰ ਅਮਰੀਕਾ ਕੈਨੇਡਾ ਦੀਆਂ ਆਰਾ ਮਿੱਲਾਂ, ਰੇਲ ਦੀਆਂ ਪਟੜੀਆਂ ਤੇ ਆਲੂਆਂ ਦੇ ਖੇਤਾਂ ਵਿਚ ਲਏ ਦੇਸ਼ ਨੂੰ ਆਜ਼ਾਦ ਕਰਵਾਉਣ ਵਰਗੇ ਵੱਡੇ ਸੁਪਨੇ ਹਕੀਕਤ ਦਾ ਜਾਮਾਂ ਪਾਉਣ ਲੱਗੇ। ਇਹ ਸੁਪਨੇ ਲੈਣ ਵਾਲੇ ਸਨ ਭਾਰਤ ਦੇ ਉਹ ਮੁੱਠੀ ਭਰ ਕਿਰਤੀ ਲੋਕ ਜਿਨ੍ਹਾਂ ਨੇ ਰੁਜ਼ਗਾਰ ਲਈ ਸੰਸਾਰ ਦੇ ਕੋਨੇ ਕੋਨੇ ਨੂੰ ਛਾਣ ਮਾਰਿਆ ਸੀ ਤੇ ਅੰਤ ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਸੀ। ਜਿੱਥੇ ਉਨ੍ਹਾਂ ਨੂੰ ਆਪਣੀ ਕਿਰਤ ਦਾ ਵਾਜਵ ਮੁੱਲ ਮਿਲਿਆ ਸੀ। ਆਜ਼ਾਦ ਦੇਸ਼ ਦੇ ਸਵਰਗ ਨੂੰ ਮਾਨਣ ਲਈ ਹੀ ਉਨ੍ਹਾਂ ਨੇ ਇਸ ਧਰਤੀ ਨੂੰ ਰਹਿਣ ਲਈ ਚੁੱਣਿਆਂ ਸੀ। ਜਦੋਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਫੌਜ ਵਿੱਚੋਂ ਮਿਲੇ ਬਹਾਦਰੀ ਦੇ ਤਗਮੇ ਵੀ ਥਾਂ ਥਾਂ ਹੁੰਦੇ ਅਪਮਾਨ ਲਈ ਕੁਝ ਢਾਰਸ ਨਾ ਬੰਨਦੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਤੱਕ ਉਨ੍ਹਾਂ ਨੇ ਬਰਤਾਨਵੀ ਫੌਜ ਲਈ ਬਸਤੀਵਾਦੀਆਂ ਦੀਆਂ ਹੱਦਾਂ ਚੋੜੀਆਂ ਕਰਨ ਦੀ ਗਲਤ ਲੜਾਈ ਹੀ ਲੜੀ ਹੈ। ਜਿੱਥੇ ਉਨ੍ਹਾਂ ਨੂੰ ਆਪਣੀ ਭ੍ਰੁੱਲ ਦਾ ਅਹਿਸਾਸ ਹੋਇਆ ਉੱਥੇ ਦੇਸ਼ ਲਈ ਅਸਲ ਲੜਾਈ ਲੜਨ ਦੀ ਅੰਦਰੂਨੀ ਪ੍ਰੇਰਨਾ ਵੀ ਉਨ੍ਹਾਂ ਨੂੰ ਆਪਣੇ ਮਨ ਅੰਦਰੋ ਹੀ ਮਿਲਣ ਲੱਗ ਪਈ। 1913 ਦਾ ਵਰ੍ਹਾ ਉਹ ਵਰ੍ਹਾ ਸੀ ਜਦੇਂ ਦੇਸ਼ ਲਈ ਮਰਨ ਮਿਟਣ ਦੀਆਂ ਕਸਮਾਂ ਖਾਦੀਆਂ ਗਈਆਂ ਤੇ ਦੇਸ਼ ਨੂੰ ਆਜ਼ਾਦ ਕਰਵਾ ਲੈਣ ਤੋਂ ਬਾਦ ਇਸ ਦੀ ਰੂਪ ਰੇਖਾ ਵੀ ਤਿਆਰ ਹੋਣ ਲੱਗੀ। ਇਸ ਵਿੱਚੋਂ ਹੀ ' ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ ` ਨਾਮ ਦੀ ਜਥੇਬੰਦੀ ਨੇ ਆਪਣੀ ਹੋਂਦ ਗਹਿਣ ਕੀਤੀ। ਇਸ ਐਸੋਸੀਏਸਨ ਦੇ ਯਤਨਾ ਨਾਲ 'ਗ਼ਦਰ` ਅਖ਼ਬਾਰ ਕੱਢਿਆ ਗਿਆ ਇਹ ਅਖਬਾਰ ਏਨਾ ਪ੍ਰਚਲਤ ਹੋਇਆ ਕਿ ਪਾਰਟੀ ਦਾ ਨਾਮ ਵੀ ਅਖਬਾਰ ਦੇ ਨਾਮ ਤੋਂ 'ਗ਼ਦਰ ਪਾਰਟੀ` ਹੀ ਪ੍ਰਚਲਤ ਹੋ ਗਿਆ। ਜਿੱਥੇ ਵੀ ਇਹ ਅਖਬਾਰ ਜਾਂਦਾ ਲੋਕ ਇਸ ਨੂੰ ਪੜ੍ਹਦੇ ਤੇ ਗ਼ਦਰ ਪਾਰਟੀ ਨਾਲ ਜੁੜਨ ਲੱਗੇ। ਸਰਕਾਰ ਵੀ ਗ਼ਦਰ ਅਖਬਾਰ ਤੋਂ ਡਰਨ ਲੱਗੀ। ਭਾਰਤ ਵਿਚ ਇਸ ਅਖ਼ਬਾਰ ਦੇ ਦਾਖਲੇ ਉਪਰ ਪਾਬੰਦੀ ਲਾ ਦਿੱਤੀ ਗਈ। ਗ਼ਦਰੀ ਆਗੂਆਂ ਦੇ ਇਸ ਵੱਡੇ ਸੁਪਨੇ ਨੇ ਜਿੱਥੇ ਬਰਤਾਨਵੀ ਹਕੂਮਤ ਨੂੰ ਸੋਚਾਂ ਵਿਚ ਪਾ ਦਿੱਤਾ ਉੱਥੇ ਗ਼ਦਰੀ ਆਗੂਆਂ ਦੀ ਰਾਤਾਂ ਦੀ ਨੀਂਦ ਵੀ ਉਡਾਰੀਆਂ ਮਾਰ ਗਈ। ਸੁਪਨਾ ਹਕੀਕਤ ਦਾ ਜਾਮਾਂ ਕਿਵੇ ਪਾਵੇ ? ਅਜਿਹੀਆਂ ਵਿਚਾਰਾਂ ਹਰ ਵਕਤ ਤੇ ਹਰ ਥਾਂ ਹੋਣ ਲੱਗੀਆਂ। ਇਕ ਸੁਪਨਾ ਹਕੀਕਤ ਬਣਨ ਲਈ ਉੱਸਲ ਵੱਟੇ ਲੈਣ ਲੱਗਾ। ਵੱਡੇ ਸੁਪਨੇ ਨੇ ਸਭ ਤੋਂ ਪਹਿਲਾ ਜਿਹੜਾ ਵੱਡਾ ਕੰਮ ਕੀਤਾ ਉਹ ਇਹ ਸੀ ਕਿ ਇਸ ਪਾਰਟੀ ਦੇ ਮੈਂਬਰ ਜਾਤ, ਧਰਮ,ਨਸਲ, ਤੇ ਭਾਸ਼ਾ ਦੇ ਵਿਤਕਰੇ ਤੋਂ ਉਪਰ ਉਠ ਕੇ ਕੇਵਲ ਹਿੰਦੋਸਤਾਨੀ ਬਣ ਕੇ ਰਣ ਤੱਤੇ ਵਿਚ ਨਿੱਤਰੇ।
ਮੰਗਲ ਪਾਂਡੇ ਵਾਂਗ ਫੌਜਾਂ ਵਿਚ ਬਗਾਵਤ ਕਰਵਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਆਉਣ ਲੱਗੇ। ਬਾਬਾ ਭਕਨਾ ਤੇ ਜਵਾਲਾ ਸਿੰਘ ਲਈ 1857 ਦਾ ਗ਼ਦਰ ਪ੍ਰੇਰਣਾ ਦਾ ਸਰੋਤ ਸੀ ਇਸ ਲਈ ਇਸ ਗ਼ਦਰ ਨੇ ਵੀ ਫੌਜਾਂ ਵਿਚ ਬਗਾਵਤ ਕਰਵਾੳਣ ਨੂੰ ਹੀ ਅਹਿਮ ਜੁਗਤ ਵਜੋਂ ਪ੍ਰਵਾਨ ਕੀਤਾ। ਉਸ ਸਮੇਂ ਬਗਾਵਤਾਂ ਫੌਜਾਂ ਹੀ ਕਰਿਆ ਕਰਦੀਆਂ ਸਨ। ਪਰ ਇਹ ਵੱਡਾ ਸੁਪਨਾ 21 ਫਰਬਰੀ 1914 ਨੂੰ ਹੋਈਆਂ ਨਿੱਕੀਆਂ ਨਿੱਕੀਆਂ ਗ਼ਲਤੀਆਂ ਕਰਕੇ ਪੂਰਾ ਨਹੀਂ ਹੋਇਆ। ਜਿਸ ਦੇ ਸਿੱਟੇ ਵਜੋਂ ਕਰਤਾਰ ਸਰਾਭਾ ਆਪਣੇ ਪੰਜ ਹੋਰ ਸਾਥੀਆਂ ਦੇ ਨਾਲ ਛੋਟੀ ਉਮਰੇ ਹੀ ਹੱਸਦਾ ਹੱਸਦਾ ਸ਼ਹੀਦ ਹੋ ਗਿਆ। ਜਿਸ ਖ਼ਬਰ ਨੇ ਭਗਤ ਸਿੰਘ ਦੇ ਬਾਲ ਮਨ ਉਪਰ ਏਨ੍ਹਾਂ ਅਸਰ ਕੀਤਾ ਕਿ ਉਹ ਉਸ ਅਖਬਾਰ ਦੀ ਫੋਟੋ ਨੂੰ ਆਪਣੀ ਜੇਬ ਵਿਚ ਸਾਂਭ ਕੇ ਰੱਖਣ ਲੱਗਾ। ਜਿਹੜੀ ਫੋਟੇ ਭਗਤ ਸਿੰਘ ਨੇ ਆਖਰੀ ਮਿਲਣੀ `ਤੇ ਆਪਣੀ ਜੇਬ ਵਿੱਚੋਂ ਕੱਢ ਕੇ ਆਪਣੀ ਮਾਂ ਨੂੰ ਦਿਖਾਈ ਸੀ ਤੇ ਕਿਹਾ ਸੀ ਕਿ ਉਸ ਦੇ ਗੁਰੂ ਸਰਾਭੇ ਦੀ ਉਮਰ ਤਾਂ ਉਸ ਤੋਂ ਵੀ ਬਹੁਤ ਛੋਟੀ ਸੀ ਜੇ ਉਹ ਨਹੀਂ ਸੀ ਡੋਲਿਆ ਤਾਂ ਮਾਂ ਤੇਰਾ ਭਗਤ ਕਿਵੇਂ ਡੋਲ ਜਾਵੇਗਾ। ਗ਼ਦਰੀਆਂ ਦੀ ਕੁਰਬਾਨੀ ਨੇ ਇਕ ਦੀਵੇ ਤੋਂ ਅਨੇਕਾ ਦੀਵੇ ਹੋਰ ਜਗਾ ਦਿੱਤੇ ਸਨ ਜਿਨ੍ਹਾਂ ਦੀਵਿਆਂ ਅੰਦਰ ਸਿਧਾਂਤਕ ਫਲਸਫਾ ਹੋਰ ਵੀ ਪ੍ਰਪੱਕ ਹੋ ਕੇ ਕੁਲ ਦੁਨੀਆਂ ਦੇ ਕਿਰਤੀਆਂ ਲਈ ਰੋਸ਼ਨੀ ਵੰਡਣ ਦੇ ਵੱਡੇ ਕਾਰਜ ਨਾਲ ਜੁੜ ਚੁੱਕਾ ਸੀ।
ਗ਼ਦਰੀਆਂ ਨੇ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਦ ਵੀ ਹੌਸਲੇ ਨਾ ਹਾਰੇ। ਅਸਫਲਤਾਂ ਵਿਚੋਂ ਆਸ ਦੀ ਕਿਰਨ ਦਾ ਦੀਵਾ ਆਪਣੀ ਰੱਤ ਦੇ ਨਾਲ ਕੇਵਲ ਬਲਦਾ ਹੀ ਨਹੀਂ ਰੱਖਿਆ ਸਗੋਂ 1917 ਦੇ ਸਫਲ ਰੂਸੀ ਇਨਕਲਾਬ ਦੀ ਬਦੌਲਤ ਇਹ ਸੁਪਨਾ ਵਰਗ ਰਹਿਤ ਸਮਾਜ ਦੀ ਸਿਰਜਣਾ ਵਰਗੇ ਸਮਾਜਵਾਦੀ ਸੰਕਲਪ ਲਈ ਹੋਰ ਵੀ ਦਰਿੜ ਹੋ ਕੇ ਉਭਰਿਆ। ਸੁਰਿੰਦਰ ਕਾਰ, ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਰਾਏਪੁਰ ਡੱਬਾ ਵਰਗਿਆਂ ਸੈਕੜੇ ਜੋਧਿਆਂ ਦੇ ਯਤਨਾ ਨਾਲ ਰੂਸ ਦੀ ਮਦਦ ਨਾਲ ਅਫਗਾਨਿਸਥਾਨ ਰਾਹੀ ਭਾਰਤ ਵਿਚ ਇਨਕਲਾਬ ਕਰਨ ਦੀਆਂ ਤਰਕੀਬਾਂ ਸੋਚੀਆਂ ਜਾਣ ਲੱਗੀਆਂ। ਫੌਜੀ ਬਗਾਵਤਾਂ ਦੀ ਥਾਂ ਲੋਕ ਲਾਮਬੰਦੀ ਤੇ ਜਨ ਅੰਦੋਲਨਾ ਨੇ ਲੈ ਲਈ। ਹਥਿਆਰਾਂ ਦੀ ਥਾਂ ਇਨਕਲਾਬੀ ਸਾਹਿਤ ਸਰਹੱਦਾਂ ਪਾਰ ਕਰਕੇ ਭਾਰਤ ਵਿਚ ਆਉਣ ਲੱਗਾ। ਗ਼ਦਰੀਆਂ ਦੇ ਮੱਕੇ ਵਜੋਂ ਜਾਣੇ ਜਾਂਦੇ ਯੁਗਾਂਤਰ ਆਸ਼ਰਮ ਵਿਚ ਚੁੱਲਾ ਤਾਂ ਭਾਂਵੇ ਠੰਡਾ ਹੋ ਗਿਆ ਪਰ ਸੀਨਿਆਂ ਵਿਚ ਮਘਦੀ ਜਵਾਲਾ ਭੋਰਾ ਭਰ ਵੀ ਠੰਢੀ ਨਾ ਹੋਈ। ਦੇਸ਼ਾਂ ਦੀਆਂ ਸਰਹੱਦਾਂ ਚੀਰ ਤੇਜਾ ਸਿੰਘ ਸੁੰਤਤਰ ਵਰਗੇ ਜੋਧੇ ਕਾਮਿਆਂ ਦੀ ਯੁਨੀਵਰਸਿਟੀ ਵਿਚ ਦਾਖਲਾ ਲੈਣ ਲਈ ਮਾਸਕੋ ਜਾਣ ਲੱਗੇ। ਅੰਗਰੇਜ਼ੀ ਹਕੂਮਤ ਦੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੇ ਕਾਲੇ ਪਾਣੀ ਦਾ ਤਸ਼ੱਦਦ ਵੀ ਉਧਮ ਸਿੰਘ ਕਸੇਲ ਵਰਗਿਆਂ ਦੇ ਜੋਸ਼ ਨੂੰ ਠੰਡਾ ਨਾ ਕਰ ਸਕਿਆ। ਗ਼ਦਰ ਕਦੀ ਅਕਾਲੀ ਅੰਦੋਲਨ ਬਣ ਗੂਜਿਆ ਕਦੇ ਕਿਰਤੀ ਪਾਰਟੀ ਬਣ ਕੇ ਜੁਲਮ ਦੀਆਂ ਜੜ੍ਹਾਂ ਵੱਡਦਾ ਰਿਹਾ। ਕਦੀ ਲਾਲ ਪਾਰਟੀ ਬਣਿਆ। ਗ਼ਦਰ ਦਾ ਆਖਰੀ ਚਰਾਗ ਬਣ ਬਾਬਾ ਬਿਲਗਾ ਇਕ ਸਦੀ ਤੋਂ ਵਧ ਲਟ ਲਟ ਬਲ਼ਦਾ ਰਿਹਾ। ਕਦੀ ਕਿਸੇ ਰੂਪ ਵਿਚ ਤੇ ਕਦੀ ਕਿਸੇ ਰੂਪ ਵਿਚ ਸੰਘਰਸ਼ ਚਲਦਾ ਰਿਹਾ ਤੇ ਸੰਸਾਰ ਭਰ ਵਿਚ ਚਲਦੀਆਂ ਇਨਕਲਾਬੀ ਲਹਿਰਾਂ ਤੇ ਸਮਾਜਵਾਦੀ ਸੋਚ ਨੇ ਆਮ ਜਨ ਮਾਨਸ ਦੀ ਸੋਚ ਨੂੰ ਵੀ ਬਦਲ ਦਿੱਤਾ, ਜਿਸ ਦੇ ਸਿੱਟੇ ਵਜੋਂ ਬਸਤੀਵਾਦੀ ਦੌਰ ਦਾ ਅੰਤ ਹੋਣਾ ਆਰੰਭ ਹੋ ਗਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੂਜੀ ਸੰਸਾਰ ਜੰਗ ਵਿਚ ਸਮਾਜਵਾਦੀ ਰੂਸ ਦੀ ਜਿੱਤ ਤੇ ਹਰ ਤਰ੍ਹਾਂ ਦੇ ਬਸਤੀਵਾਦੀਆਂ ਦੀ ਹਾਰ ਨੇ ਬਸਤੀਵਾਦ ਦੇ ਕਾਲੇ ਦੌਰ ਦਾ ਅੰਤ ਕੀਤਾ ਹੈ। ਇਸੇ ਲੜੀ ਵਿਚ ਹੀ ਭਾਰਤ ਨੂੰ ਵੀ ਬਸਤੀਵਾਦ ਜੂਲੇ ਤੋਂ ਮੁਕਤੀ ਮਿਲੀ ਭਾਰਤ ਤੋਂ ਬਿਨ੍ਹਾਂ ਇਕੱਲੇ ਏਸ਼ੀਆ ਵਿਚ ਹੀ 1946 ਤੋਂ 1948 ਤੱਕ 16 ਦੇਸ਼ ਬਸਤੀਵਾਦ ਦੇ ਸਕੰਜੇ ਵਿੱਚੋਂ ਬਾਹਰ ਨਿਕਲੇ। ਇਹ ਭਗਤ ਸਿੰਘ ਦੇ ਸਿਧਾਂਤਕ ਫਲਸਫੇ ਦੀ ਹੀ ਕ੍ਰਿਪਾ ਸੀ ਕਿ ਉਸ ਯੁੱਗ ਦਾ ਅੰਤ ਹੋ ਗਿਆ ਜਿਸ ਦਾ ਅੰਤ ਕਰਨ ਲਈ ਗ਼ਦਰੀਆਂ ਨੇ ਆਪਣੇ ਆਸ਼ਰਮ ਦਾ ਨਾਮ ਹੀ ਯੁਗਾਂਤਰ ਆਸ਼ਰਮ ਰੱਖਿਆ ਸੀ।
ਆਜ਼ਾਦੀ ਤੋਂ ਬਾਦ ਆਰਮ ਦੀ ਜਿੰਦਗੀ ਜੀਉਣ ਦੀ ਕਾਮਨਾ ਕਰਨ ਵਾਲੇ ਗ਼ਦਰੀਆਂ ਨੂੰ ਆਜ਼ਾਦ ਦੇਸ਼ ਦੇ ਹਾਕਮਾਂ ਦੇ ਖਿਲਾਫ ਲੜਨਾ ਪਿਆ। ਜਿਹੜੇ ਚੜਦੀ ਉਮਰੇ ਜੇਲ੍ਹਾਂ ਵਿਚ ਗਏ ਸਨ ਤੇ ਚਿੱਟੀਆਂ ਦਾੜੀਆਂ ਵਾਲੇ ਬਾਬੇ ਬਣ ਕੇ ਬਾਹਰ ਆਏ ਸਨ। ਉਨ੍ਹਾਂ ਨੂੰ ਇਹ ਆਜ਼ਾਦੀ ਇਕ ਧੋਖਾ ਲੱਗੀ ਜਿਹੜਾ ਥੋਖਾ ਦੇਸ਼ ਦੇ ਹਾਕਮਾਂ ਨੇ ਲੋਕਾਂ ਦੇ ਨਾਲ ਕੀਤਾ ਉਸ ਦੇ ਖਿਲਾਫ ਵੀ ਉਹ ਬਾਬੇ ਲਾਮਬੰਦ ਹੋਣ ਲੱਗੇ। ਬਾਬਾ ਸੋਹਣ ਸਿੰਘ ਭਕਨਾ ਨੂੰ ਬਰਤਾਨਵੀ ਹਾਕਮਾਂ ਦੀਆਂ ਜੇਲ੍ਹਾਂ ਭਾਂਵੇਂ ਕੁਝ ਨਾ ਕਰ ਸਕੀਆਂ ਪਰ ਆਜ਼ਾਦ ਭਾਰਤ ਦੇ ਦੇਸੀ ਹਾਕਮਾਂ ਦੀਆਂ ਜੇਲ੍ਹਾਂ ਦੇ ਤਸ਼ੱਦਦ ਨੇ ਉਸ ਮਹਾਨ ਦੇਸ਼ ਭਗਤ ਦੀ ਕੰਡ ਕੁੱਬੀ ਕਰ ਦਿੱਤੀ। ਇਹੋ ਹੀ ਕਾਰਨ ਹੈ ਕਿ ਅੱਜ ਆਜ਼ਾਦੀ ਦੇ 65 ਸਾਲ ਬੀਤ ਜਾਣ ਦੇ ਬਾਦ ਵੀ ਇਹ ਹੀ ਜਾਪਦਾ ਹੈ ਕਿ 1947 ਵਿਚ ਦੇਸ਼ ਆਜ਼ਾਦ ਨਹੀਂ ਸੀ ਹੋਇਆ ਕੇਵਲ ਸਤਾ ਦਾ ਤਬਾਦਲਾ ਹੀ ਹੋਇਆ ਸੀ। ਦੇਸ਼ ਦੀ ਆਜ਼ਾਦੀ ਦਾ ਭਰਮ ਹੁਣ ਜਿੱਥੇ ਟੁੱਟਦਾ ਜਾ ਰਿਹਾ ਹੈ। ਉੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੀ ਆਖਰੀ ਪੀੜੀ ਅਜੇ ਜੀਉਂਦੀ ਹੈ ਕਿ ਦੇਸ਼ ਦੀ ਆਜ਼ਾਦੀ ਦਮ ਤੋੜਨ ਲੱਗ ਪਈ ਹੈ। ਦੇਸ਼ ਦੇ ਹਾਕਮ ਨਿੱਜੀ ਲਾਭ ਲਈ ਦੇਸ਼ ਨੂੰ ਗਿਰਵੀ ਰੱਖ ਰਹੇ ਹਨ। ਜਿਨ੍ਹਾਂ ਕੁਦਰਤੀ ਸਾਧਨਾਂ ਨੂੰ ਅੰਗਰੇਜ ਬਸਤੀਵਾਦੀਆਂ ਨੇ ਆਪਣੇ ਢਾਈ ਸੋ ਸਾਲਾਂ ਦੇ ਰਾਜ ਪ੍ਰਬੰਧ ਵਿਚ ਨਹੀਂ ਸੀ ਛੇੜਿਆ ਭਾਰਤ ਦੇ ਦੇਸੀ ਹਾਕਮ ਉਨ੍ਹਾਂ ਕੁਦਰਤੀ ਸਾਧਨਾ ਨੂੰ ਨਿੱਜੀ ਹਿੱਤਾਂ ਦੀ ਖਾਤਰ ਕੌਡੀਆਂ ਦੇ ਭਾਅ ਬੁਹ ਰਾਸ਼ਟਰੀ ਕੰਪਣੀਆਂ ਨੂੰ ਵੇਚ ਰਹੇ ਹਨ। ਉਨ੍ਹਾਂ ਜੰਗਲਾਂ ਵਿਚ ਰਹਿੰਦੇ ਆਦੀ ਵਾਸੀਆਂ ਨੂੰ ਜਬਰਦਸਤੀ ਉਜਾੜਿਆ ਜਾ ਰਿਹਾ ਹੈ। ਉਨਾਂ ਦੇ ਮੁੜ ਵਸੇਵੇ ਦੀ ਥਾਂ ਉਨ੍ਹਾਂ ਨੂੰ ਫੌਜੀ ਬੂਟਾਂ ਹੇਠ ਕੁਚਲਿਆ ਜਾ ਰਿਹਾ ਹੈ। ਵਰਦੀਧਾਰੀ ਲੋਕਾਂ ਵੱਲੋਂ ਕਾਨੂੰਨ ਦੀ ਆੜ ਹੇਠ ਆਦੀਵਾਸੀਆਂ ਦੀਆਂ ਨਬਾਲਕ ਕੰਜਕਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ ਤਾਂ ਕਿ ਉਹ ਲੋਕ ਕੁਦਰਤੀ ਖਿਜਾਨਿਆਂ ਨਾਲ ਭਰਭੂਰ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ। ਪਰ ਲੋਕ ਲੜ ਰਹੇ ਹਨ। ਲੋਕ ਮਰ ਰਹੇ ਹਨ। ਸੰਘਰਸ਼ ਦਰ ਸੰਘਰਸ਼ ਚਲ ਰਿਹਾ ਹੈ। ਬਸਤੀਵਾਦ ਤੋਂ ਚਲ ਕੇ ਸਾਮਰਾਜੀ ਨਵ ਬਸਤੀਵਾਦ ਤੱਕ ਪਹੁੰਚ ਗਏ ਹਨ ਤੇ ਸੰਘਰਸ਼ ਵੀ ਨਵ ਬਸਤੀਵਾਦ ਦੇ ਖਿਲਾਫ ਆਰੰਭ ਹੋ ਗਿਆ ਹੈ।
1991 ਵਿਚ ਦੇਸ਼ ਦੀਆਂ ਸਰਹੱਦਾਂ ਵਿਸ਼ਵੀਕਰਨ ਦੇ ਮਾਰੂ ਸਾਹਨ ਦੇ ਚਰਨ ਲਈ ਖੋਲੀਆਂ ਜਾ ਚੁੱਕੀਆਂ ਹਨ। ਪੱਕੀਆਂ ਨੌਕਰੀਆਂ ਦਾ ਭੋਗ ਪਾਕੇ ਠੇਕੇ ਉਪਰ ਭਰਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਬੁਹ ਰਾਸ਼ਟਰੀ ਧਾੜਵੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਪੋਟਾ ਪੋਟਾ ਕਰਜ਼ੇ ਨਾਲ ਵਿੰਨੇ ਦੇਸ਼ ਦੀਆਂ ਨੀਤੀਆਂ ਉਸ ਪਾਰਲੀਮੈਂਟ ਵਿਚ ਨਹੀਂ ਘੜੀਆਂ ਜਾ ਰਹੀਆਂ ਜਿਸ ਪਾਰਲੀਮੈਂਟ ਵਿਚ ਬੈਠੇ ਬੋਲ਼ਿਆਂ ਨੂੰ ਸੁਣਾਉਣ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਬੰਬ ਸੁੱਟਿਆ ਸੀ। ਸਗੋਂ ਅਮਰੀਕਾ ਵਿਚ ਬੈਠੇ ਨਵ ਸਾਮਰਾਜੀਆਂ ਵੱਲੋਂ ਥੋਪੀਆਂ ਜਾ ਰਹੀਆਂ ਹਨ। ਇਸੇ ਨੀਤੀ ਦੇ ਤਹਿਤ ਪ੍ਰਚੂਨ ਦੇ ਵਿਉਪਾਰੀਆਂ ਦਾ ਰੁਜ਼ਗਾਰ ਖੋਹ ਕੇ ਸਿੱਧੇ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤਾ ਜਾ ਰਿਹਾ ਹੈ। ਐਫ. ਡੀ. ਆਈ ਉੱਪਰ ਵੱਖ ਵੱਖ ਰਾਜਸੀ ਪਾਰਟੀਆਂ ਦੀ ਪੈਤੜੇ ਬਾਜੀ ਨੇ ਇਹ ਤਾਂ ਦੱਸ ਹੀ ਦਿੱਤਾ ਹੈ ਕਿ ਇਕੋ ਹੀ ਪਾਰਟੀ ਰਾਜ ਸਭਾ ਵਿਚ ਹੋਰ ਸਟੈਂਡ ਲੈਂਦੀ ਹੈ ਤੇ ਲੋਕ ਸਭਾ ਵਿਚ ਹੋਰ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਣ ਵਾਲੇ ਸਰਾਭੇ ਵਰਗਿਆਂ ਨੇ ਕਦੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਦੇਸ਼ ਦੇ ਹਾਕਮ ਇਸ ਕਦਰ ਆਪਣਾ ਇਮਾਨ ਵੇਚ ਦੇਣਗੇ ਤੇ ਦੇਸ਼ ਦੀ ਨੌਜਵਾਨ ਪੀੜੀ ਕ੍ਰਿਕਟ ਦਾ ਮੈਚ ਜਿੱਤਣ ਹਾਰਨ ਦੇ ਸੱਟੇ ਲਗਾਉਂਦੀ ਰਹੇਗੀ। ਦੇਸ਼ ਦੀ ਜਵਾਨੀ ਇਸ ਲਈ ਨਸ਼ਿਆਂ ਵਿਚ ਗਰਕ ਕੀਤੀ ਜਾਂਦੀ ਹੈ ਕਿ ਉਹ ਉਧਮ ਸਿੰਘ ਤੇ ਮਦਨ ਲਾਲਾ ਢੀਂਗਰਾਂ ਨੂੰ ਆਪਣਾ ਨਾਇਕ ਨਾ ਬਣਾ ਲੈਣ। ਉਹ ਭਗਤ ਸਿੰਘ ਦੇ ਰਾਹ ਨਾ ਤੁਰ ਪੈਣ।
ਦੂਸਰੇ ਗ਼ਦਰ ਨੂੰ ਆਰੰਭ ਹੋਇਆ ਵੀ ਇਕ ਸ਼ਤਾਬਦੀ ਬੀਤ ਗਈ ਹੈ। ਦੇਸ਼ ਦੇ ਹਾਕਮ ਬਦਲ ਗਏ ਹਨ। ਪਰ ਗ਼ਦਰ ਜੋ ਅੱਜ ਵੀ ਜਾਰੀ ਹੈ। ਅੱਜ ਉਸ ਗ਼ਰਦ ਦੀ ਸ਼ਤਾਬਦੀ ਹੈ ਜਿਸ ਦਾ ਕੇਵਲ ਡਾਕ ਟਿਕਟ ਜਾਰੀ ਹੋ ਜਾਣ ਨਾਲ ਕੁਝ ਨਹੀਂ ਸਰਨਾ। ਇਹ ਗ਼ਦਰ ਲੋਕਾਂ ਲਈ ਬਰਾਬਤਾਂ ਦੀ ਮੰਗ ਕਰਦਾ ਸੀ। ਇਹ ਗ਼ਦਰ ਅੱਜ ਵੀ ਉਹ ਹੀ ਮੰਗ ਕਰ ਰਿਹਾ ਹੈ ਜੋ ਅੱਜ ਤੋਂ ਸੌ ਸਾਲ ਪਹਿਲਾਂ ਕਰ ਰਿਹਾ ਸੀ। ਅੱਜ ਵੀ ਮਨੱਖ ਦੀਆਂ ਜਮਹੂਰੀ ਆਜ਼ਾਦੀਆਂ ਖਤਰੇ ਵਿਚ ਹਨ। ਅੱਜ ਵੀ ਪੇਟ ਦੀ ਖਾਤਰ ਜਿਸਮ ਵਿਕਦਾ ਹੈ। ਅੱਜ ਵੀ ਇਨਸਾਫ ਦੀ ਬੋਲੀ ਲਗਦੀ ਹੈ। ਗ਼ਦਰੀ ਦੇਸ਼ ਭਗਤਾਂ ਦੇ ਖਿਲਾਫ ਇਕ ਸਦੀ ਪਹਿਲਾਂ ਜਿਨ੍ਹਾਂ ਨੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੇ ਧਾਰਮਿਕ ਫਤਵੇ ਜਾਰੀ ਕੀਤੇ ਸਨ ਤੇ ਜ਼ਲ੍ਹਿਆਂ ਵਾਲੇ ਵਾਗ ਦੇ ਕਾਤਲਾਂ ਨੂੰ ਸਰੋਪੇ ਦੇ ਕੇ ਸਨਮਾਨਤ ਕੀਤਾ ਸੀ ਅੱਜ ਉਨ੍ਹਾਂ ਦੇਸ਼ ਧਰੋਹੀ ਲੋਕਾਂ ਦੇ ਵਾਰਸ ਭਾਰਤ ਦੇ ਉਨ੍ਹਾਂ ਮਹਾਨ ਗ਼ਦਰੀਆਂ ਦੇ ਇਸ ਇਨਕਲਾਬ ਨੂੰ ਸਿੱਖ ਇਨਕਲਾਬ ਆਖ ਕੇ ਛੁਟਿਆ ਰਹੇ ਹਨ ਤੇ ਭਗਤ ਸਿੰਘ ਨੂੰ ਨਾਸਤਕ ਹੋਣ ਦੇ ਮਹਿਣੇ ਮਾਰ ਰਹੇ ਹਨ। ਉਨ੍ਹਾਂ ਦੀ ਅੱਜ ਵੀ ਇਹ ਹੀ ਕੋਸ਼ਿਸ ਹੈ ਕਿ ਸਾਮਰਾਜ ਦੇ ਨਵ ਬਸਤੀਵਾਦੀ ਦੌਰ ਵਿਚ ਇਨ੍ਹਾਂ ਕੌਮੀ ਹੀਰਿਆਂ ਦੇ ਗੌਰਵ ਮਈ ਇਤਿਹਾਸ ਵਿਚ ਖੋਟ ਪਾਈ ਜਾਵੇ ਇਸੇ ਲਈ ਹੀ ਅੱਜ ਫਰੇਮ ਵਿਚ ਕੈਦ ਬਾਬਾ ਸੋਹਣ ਸਿੰਘ ਭਕਨਾ ਦੀ ਕੁੱਬੀ ਕੰਡ ਵਾਲੀ ਫੋਟੋ ਹਜ਼ਾਰਾਂ ਉਤਸ਼ਾਹੀ ਨੌਜਵਾਨਾਂ ਨੂੰ ਵੰਗਾਰ ਰਹੀ ਹੈ। ਉੱਠੇੋ ਦੇਸ਼ ਦੇ ਅਸਲੀ ਵਾਰਸੋ! ਉੱਠੋ!! ਉੱਠੋ!!! ਗ਼ਦਰ ਅੱਜ ਵੀ ਜਾਰੀ ਹੈ। ਗ਼ਦਰ ਜਾਰੀ ਹੈ।
ਆਜ਼ਾਦੀ ਦੇ 65 ਸਾਲਾਂ ਬਾਦ ਨਾ ਤਾਂ ਭਗਤ ਸਿੰਘ ਦੀ ਰੂਹ ਹੀ ਸ਼ਾਂਤ ਹੋਈ ਹੈ ਤੇ ਨਾ ਹੀ ਉਸ ਦੇ ਵਿਚਾਰਧਾਰਕ ਵਾਰਸ। ਇਨ੍ਹਾਂ 65 ਸਾਲਾਂ ਵਿਚ ਸਾਰੀਆਂ ਹੀ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਕਈ ਵਾਰ ਸ਼ਾਂਤੀ ਪਾਠ ਕਰਵਾਏ ਹਨ ਤੇ ਕਈ ਵਾਰ ਅਰਦਾਸਾਂ ਕੀਤੀਆਂ ਹਨ ਕਿ ਭਗਤ ਸਿੰਘ ਦੀ ਰੂਹ ਨੂੰ ਸ਼ਾਂਤੀ ਮਿਲ ਜਾਵੇ ਪਰ ਉਹ ਨਾਸਤਕ ਰੂਹ ਸ਼ਾਂਤ ਹੀ ਨਹੀਂ ਹੋ ਰਹੀ। ਜਿਸ ਨੇ ਆਪਣੀ ਸ਼ਹਾਦਤ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਦੇ ਗਵਰਨ ਨੂੰ ਪੱਤਰ ਲਿਖਕੇ ਮੰਗ ਕੀਤੀ ਸੀ '' ਅਸੀਂ ਜੰਗੀ ਕੈਦੀ ਹਾਂ ਤੇ ਇਸ ਕਰਕੇ ਮੰਗ ਕਰਦੇ ਹਾਂ ਕੇ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਹੀ ਸਲੂਕ ਹੋਵੇ। ਯਾਨੀ ਫਾਂਸੀ ਤੇ ਲਟਕਾਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਸਾਨੂੰ ਗੋਲੀ ਨਾਲ ਉਡਾਉਣ ਲਈ ਫ਼ੋਜੀ ਟੋਲੀ ਭੇਜ ਦੇਵੋ``। ਭਗਤ ਸਿੰਘ ਨੇ ਇਸ ਘੋਲ ਦੇ ਲੰਮੇਂ ਹੋਣ ਦੀ ਭਵਿੱਖ ਬਾਣੀ ਕਰਦਿਆਂ ਹੋਇਆ ਕਿਹਾ ਸੀ '' ਅਸੀ ਤਾਂ ਭਾਰਤ ਦੀ ਆਜ਼ਾਦੀ ਦੇ ਨੀਂਹ ਦੇ ਪੱਥਰ ਹਾਂ ਉਪਰਲੀ ਇਮਾਰਤ ਤਾਂ ਬਾਅਦ ਵਾਲੇ ਲੋਕ ਬਣਾਉਣਗੇ। ਇਸ ਦਾ ਫਿਕਰ ਕਰਨਾ ਸਾਡਾ ਕੰਮ ਨਹੀਂ `` ਇਹ ਫਿਕਰ ਕਰਨਾ ਅੱਜ ਦੀ ਨੌਜਵਾਨ ਪੀੜੀ ਦਾ ਕੰਮ ਹੈ। ਸ਼ਹੀਦ ਭਗਤ ਸਿੰਘ ਨੇ ਬੜੇ ਹੀ ਸਪਸ਼ਟ ਸਬਦਾਂ ਵਿਚ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਕਿਹਾ ਸੀ '' ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਦੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲ਼ੜੀ ਦੀ ਇਕ ਕੜੀ ਹੈ। . . . .ਅਸੀਂ ਇਹ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤੱਦ ਤੱਕ ਚਲਦਾ ਰਹੇਗਾ,ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੀ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਂਵੇ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੇ ਰਲਵੇਂ। `` ਭਗਤ ਸਿੰਘ ਦੀ ਸਮਝ ਇਤਿਹਾਸ ਨੇ ਸਹੀਂ ਸਾਬਤ ਕਰ ਦਿੱਤੀ ਹੈ। ਅੱਜ ਦੇਸੀ ਹਾਕਮਾਂ ਦੀ ਸਹਿ ਤੇ ਫਿਰ ਵਿਦੇਸ਼ੀ ਹਾਕਮ ਭਾਰਤ ਦੀਆਂ ਹਰਿਆਲੀਆਂ ਨੂੰ ਚੁਗਣ ਲਈ ਆ ਗਏ ਹਨ ਤੇ ਅੱਜ ਯੁੱਧ ਦੇਸੀ ਤੇ ਵਿਦੇਸ਼ੀ ਹਾਕਮਾਂ ਦੇ ਵਿਰੁੱਧ ਸਾਂਝੇ ਤੌਰ ਤੇ ਲੜ੍ਹਿਆ ਜਾਣਾ ਹੈ। ਜਿਸ ਨੂੰ ਭਾਰਤ ਦੀਆਂ ਹਾਕਮ ਧਿਰਾਂ ਵਿਸ਼ਵੀਕਰਨ ਦਾ ਨਾਂ ਦੇ ਰਹੀਆਂ ਹਨ ਜਿਹੜਾ ਸਾਡੇ ਦੇਸ਼ ਦੇ ਲੋਕਾਂ ਲਈ ਕਈ ਕਿਸਮ ਦੇ ਲਾਰੇ ਤੇ ਨਾਹਰੇ ਲੈ ਕੇ ਆਇਆ ਹੈ। ਜਿਸ ਨੂੰ ਭਗਤ ਸਿੰਘ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਨਵਬਸਤੀਵਾਦ ਕਿਹਾ ਜਾਂਦਾ ਹੈ। ਜਿਸ ਦੇ ਖਿਲਾਫ ਲ਼ੜਨਾ ਅੱਜ ਦੇ ਨੌਜਵਾਲ ਦੀ ਅਹਿਮ ਡੀਊਟੀ ਹੈ ਤੇ ਜਿਸ ਉਪਰ ਚਲਦਿਆਂ ਅਨੇਕਾ ਨੌਜਵਾਨ ਉਸ ਦੀ ਸੋਚ ਉਪਰ ਪਹਿਰਾ ਦੇ ਵੀ ਰਹੇ ਹਨ। ਜਿਸ ਦਾ ਫਿਕਰ ਦੇਸ਼ ਦੇ ਹਾਕਮਾਂ ਨੂੰ ਤੇ ਬਦੇਸ਼ੀ ਗਿਰਝਾਂ ਨੂੰ ਵੱਡ ਵੱਡ ਖਾ ਰਿਹਾ ਹੈ ਕਿ ਭਗਤ ਸਿੰਘ ਦੇ ਵਾਰਸ ਕਰਤਾਰ ਸਰਾਭੇ ਦੀ ਵਿਚਾਰਧਾਰਾ ਨਾਲ ਲੈਸ ਹੋਕੇ ਉਨ੍ਹਾਂ ਨੂੰ ਭਾਰਤ ਦੀਆਂ ਹਰਿਆਲੀਆਂ ਨਹੀਂ ਚੁਗਣ ਦੇਣਗੇ। ਇਸੇ ਲਈ ਮੈਂ ਆਪਣੀ ਗੱਲ ਨੂੰ ਮੱਖਣ ਕੁਹਾੜ ਦੇ ਸ਼ੈਅਰ ਨਾਲ ਖਤਮ ਕਰ ਰਿਹਾ ਹਾਂ,
ਹਨੇਰੀ ਰਾਤ ਹੈ ਤਾਂ ਕੀ,ਬੜੇ ਚੰਨ ਦਿਸਣ ਲੱਗ ਪਏ ਨੇ।
ਇਹ ਕੈਸੇ ਲੋਕ ਨੇ ਸੂਰਜ ਨੂੰ ਮਰਿਆ ਮਿਥਣ ਲੱਗ ਪਏ ਨੇ।
ਅਸੀਂ ਤਾਂ ਕੇਤਕੀ ਫੁੱਲਾਂ ਦਾ ਸੂਹਾ ਬਾਗ ਲਾਇਆ ਸੀ,
ਉਦ੍ਹੇ ਫੁੱਲ 'ਲਾਲ ਜੰਗਲ` ਵਾਂਗਰਾਂ ਹੁਣ ਦਿਸਣ ਲਗ ਪਏ ਨੇ।    
ਡਾ. ਤੇਜਿੰਦਰ ਵਿਰਲੀ (9464797400)                     ਦੇਸ਼ ਸੇਵਕ ਚੋਂ ਧੰਨਵਾਦ ਸਹਿਤ

No comments: