Monday, March 11, 2013

ਮੁੱਖ ਧਾਰਾਈ ਮੀਡੀਆ//ਕਾਰੋਬਾਰੀ ਮੀਡੀਆ

ਮੀਡੀਆ ਨੂੰ ਕਾਰੋਬਾਰ ਦੀ ਥਾਂ ਲੋਕਧਾਰਾ ਦਾ ਪੱਲਾ ਫੜਨ ਦਾ ਸੱਦਾ
ਪੱਖੋਵਾਲ (ਲੁਧਿਆਣਾ), 11 ਮਾਰਚ,2013: ਦਸ ਮਾਰਚ ਨੂੰ ਸਮਾਗਮ ਛੋਟਾ ਸੀ, ਸਰੋਤੇ ਵੀ ਗਿਣਤੀ ਦੇ ਸਨ ਅਤੇ ਬੁਲਾਰੇ ਵੀ ਗਿਣਤੀ ਦੇ ਹੀ---ਪਰ ਗੱਲਾਂ ਅਤੇ ਖਿਆਲ ਵੱਡੇ ਸਨ। ਚੈਨਲ ਲਾਂਚ, ਅਖਬਾਰ ਲਾਂਚ, ਫਿਲਮ ਲਾਂਚ---ਇਹ ਸਭ ਅਕਸਰ ਹੁੰਦਾ ਹੈ ਪਰ ਇਸ ਵਾਰ ਵੈਬ ਲਾਂਚ ਸੀ। "ਸੂਹੀ ਸਵੇਰ" ਵੱਲੋਂ ਕੀਤੇ ਗਏ ਇਸ ਸਮਾਗਮ ਵਿੱਚ ਕਈ ਮੁੱਦੇ ਵਿਚਾਰੇ ਗਾਏ। ਜਿੰਦਗੀ ਦੇ ਵੀ ਅਤੇ ਜ਼ਿੰਦਗੀ ਦੇ ਹਰ ਸਾਹ ਨੂੰ ਕਾਰੋਬਾਰ ਬਣਾਉਣ ਵਾਲੀਆਂ ਸਾਜਿਸ਼ਾਂ ਬਾਰੇ ਵੀ। ਉੱਘੇ ਕਾਲਮਨਵੀਸ ਅਤੇ ਮੀਡੀਆ ਵਿਸ਼ਲੇਸ਼ਕ ਅਨਿਲ ਚਮੜੀਆ ਨੇ  ਇੱਥੇ ਮੀਡੀਆ ਸਬੰਧੀ ਇਕ ਪ੍ਰੋਗਰਾਮ ਵਿੱਚ ਬੋਲਦਿਆਂ ਕਿਹਾ ਕਿ ਮੁੱਖ ਧਾਰਾਈ ਮੀਡੀਆ ਨੂੰ ਕਾਰੋਬਾਰੀ ਮੀਡੀਆ ਵਜੋਂ ਸੰਬੋਧਨ ਹੋਣਾ ਚਾਹੀਦਾ ਹੈ ਤਾਂ ਕਿ ਉਸ ਦਾ ਲੋਕਧਾਰਾਈ ਮੀਡੀਆ ਨਾਲੋਂ ਫ਼ਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਅਤੇ ਵਪਾਰ ਦੀ ਖ਼ਾਤਰ ਲੋਕ ਮੁੱਦਿਆਂ ਤੋਂ ਭਟਕ ਜਾਣ ਵਾਲਾ ਮੀਡੀਆ ਲੋਕਧਾਰਾਈ ਨਹੀਂ, ਸਗੋਂ ਕਾਰੋਬਾਰੀ ਮੀਡੀਆ ਹੀ ਅਖਵਾਏਗਾ।
ਸ੍ਰੀ ਚਮੜੀਆ ਨੇ ਮੀਡੀਆ ਵਿੱਚ ਸਹੀ ਅਨੁਵਾਦ ਦੀ ਮਹੱਤਤਾ ਬਾਰੇ ਕਿਹਾ ਕਿ ਅੰਗਰੇਜ਼ੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਕੀਤੇ ਗਏ ਗ਼ਲਤ ਅਨੁਵਾਦ ਨੇ ਸਭ ਤੋਂ ਖ਼ਤਰਨਾਕ ਰੋਲ ਅਦਾ ਕੀਤਾ ਹੈ। ਮੀਡੀਆ ਵੱਲੋਂ ਸ਼ਬਦਾਂ ਦਾ ਗ਼ਲਤ ਅਨੁਵਾਦ ਸੱਤਾਧਾਰੀਆਂ ਦੇ ਹੱਕ ਵਿੱਚ ਭੁਗਤਦਾ ਆ ਰਿਹਾ ਹੈ। ਉਹ ਇੱਥੇ ਪਬਲਿਕ ਲਾਇਬਰੇਰੀ ਵਿੱਚ ਇਕ ਇੰਟਰਨੈੱਟ ਸਾਈਟ  "ਸੂਹੀ ਸਵੇਰ" ਵੱਲੋਂ ‘ਸ਼ਾਹਮੁਖੀ ਵਰਜ਼ਨ’ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਆਏ ਹੋਏ ਸਨ। ਇਸ ਇਕੱਤਰਤਾ ਵਿੱਚ ਮੀਡੀਆ ਦੇ ਕਈ ਪਹਿਲੂਆਂ ਦੀ ਬਾਰੀਕੀ ਨਾਲ ਚਰਚਾ ਹੋਈ।
ਉਨ੍ਹਾਂ ਇਲੈਕਟ੍ਰਾਨਿਕ ਮੀਡੀਆ ਵੱਲੋਂ ਕੀਤੇ ਜਾਂਦੇ ਸਟਿੰਗ ਅਪਰੇਸ਼ਨਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੀਤੇ ਗਏ ਬਹੁਤੇ ਸਟਿੰਗ ਅਪਰੇਸ਼ਨਾਂ ਵਿੱਚੋਂ ਬਹੁਤੇ ਦਲਿਤਾਂ ਅਤੇ ਧਾਰਮਿਕ ਘੱਟ-ਗਿਣਤੀਆਂ ਦੇ ਨੁਮਾਇੰਦਿਆਂ ਦੇ ਵਿਰੋਧ ਵਿੱਚ ਹੀ ਭੁਗਤੇ ਹਨ। ਰਾਸ਼ਟਰੀ ਮੀਡੀਆ ਦੇ ਉਤਲੇ ਅਹੁਦਿਆਂ ਉੱਤੇ ਇਕ ਜਾਤੀ ਵਿਸ਼ੇਸ਼ ਦਾ ਦਬਦਬਾ ਹੋਣ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਦੇ ਅਸਰਦਾਰ ਰੋਲ ਲਈ ਇਕ ਵਿਸ਼ੇਸ਼ ਜਾਤੀ ਦੇ ਦਬਦਬੇ ਨੂੰ ਤੋੜਨਾ ਬਹੁਤ ਜ਼ਰੂਰੀ ਹੈ।  ਸ੍ਰੀ ਚਮੜੀਆ ਨੇ ਮੀਡੀਆ ਵਿੱਚ ਕਾਰਪੋਰੇਟ ਸੈਕਟਰ ਅਤੇ ਸਿਆਸੀ ਪਾਰਟੀਆਂ ਦੀ ਭਾਈਵਾਲੀ ਦਾ ਵਿਰੋਧ ਕਰਦਿਆਂ ਕਿਹਾ ਕਿ ਲੋਕ ਮਸਲਿਆਂ ਲਈ ਹੋਂਦ ਵਿੱਚ ਆਇਆ ਮੀਡੀਆ ਅੱਜ ਕਾਰਪੋਰੇਟ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣ ਕੇ ਰਹਿ ਗਿਆ ਹੈ। ਇੰਟਰਨੈੱਟ ਮੀਡੀਆ ‘ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਇਸ ਨੇ ਜਨ-ਸਾਧਾਰਨ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਹੈ, ਪਰ ਇਸ ਦਾ ਘੇਰਾ ਸੀਮਤ ਹੋਣ ਕਰਕੇ ਇਹ ਕੁਝ ਲੋਕਾਂ ਵਿੱਚ ਹੀ ਰਹਿ ਜਾਂਦਾ ਹੈ।
ਘੱਟ-ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਸਾਬਕਾ ਮੈਂਬਰ ਪ੍ਰੋ. ਬਾਵਾ ਸਿੰਘ ਨੇ ਵੀ ਇਸ ਮੁੱਦੇ ਤੇ ਬਹੁਤ ਹੀ ਡੂੰਘੀਆਂ ਗੱਲਾਂ ਬਹੁਤ ਹੀ ਸਾਦਗੀ ਨਾਲ ਕਹੀਆਂ। ਉਹਨਾਂ ਕਿਹਾ ਕਿ ਮੀਡੀਆ ਬਾਰੇ ਇਹ ਧਾਰਨਾ ਬਣਾਉਣ ਦਾ ਯਤਨ ਹੋ ਰਿਹਾ ਹੈ ਕਿ ਇਹ ਨਿਰਪੱਖ, ਆਜ਼ਾਦ ਤੇ ਇਖ਼ਲਾਕ ਆਧਾਰਤ ਹੈ। ਪਰ ਇਸ ਦਾ ਵੱਡਾ ਹਿੱਸਾ ਇਨ੍ਹਾਂ ਗੱਲਾਂ ‘ਤੇ ਪੂਰਾ ਨਹੀਂ ਉਤਰਦਾ, ਸਗੋਂ ਇਕ ਸਨਅਤ ਦੇ ਤੌਰ ‘ਤੇ ਵਿਚਰ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਦੀ ਇਕ ਅਖ਼ਬਾਰ ਦਾ ਨਾਂ ਲਏ ਬਗ਼ੈਰ ਕਿਹਾ ਕਿ ਇਹ ਅਖ਼ਬਾਰ ਪੱਖਪਾਤੀ ਰਵੱਈਏ ਦਾ ਧਾਰਨੀ ਹੈ। ਇਸ ਮੌਕੇ ਹਰੀਸ਼ ਮੋਦਗਿੱਲ, ਸ਼ਿਵਇੰਦਰ ਸਿੰਘ, ਬਿਕਰਮ ਸਿੰਘ ਸੰਗਰੂਰ, ਦਰਸ਼ਨ ਕੂਹਲੀ, ਰਿਸਰਚ ਸਕਾਲਰ ਹਰਮਨਜੀਤ ਸਿੰਘ, ਗੁਰਬਖ਼ਸ਼ ਸਿੰਘ ਸਾਬਕਾ ਸਰਪੰਚ ਤੁਗਲ, ਦਰਸ਼ਨ ਖੇੜੀ, ਹਰਜਿੰਦਰ ਸਿੰਘ ਮਾਨੋਪੁਰੀ, ਸੁਖਵਿੰਦਰ ਸਿੰਘ ਲੀਲ੍ਹ ਆਦਿ ਬੁਲਾਰਿਆਂ ਨੇ ਕਿਹਾ ਕਿ ਮੀਡੀਆ ਵਿੱਚ ਪਿੰਡ ਹਮੇਸ਼ਾ ਹੀ ਅਣਗੌਲੇ ਰਹਿੰਦੇ ਹਨ। ਕਬੀਲੇ ਜ਼ਿਕਰ ਹੈ ਕਿ ਸਮਾਗਮ ਦੇ ਪ੍ਰਬੰਧਕ ਸ਼ਿਵਇੰਦਰ ਸਿੰਘ ਨੇ ਇਹ ਸਮਾਗਮ ਉਚੇਚੇ ਤੌਰ ਤੇ ਪਿੰਡ ਦੀ ਲਾਇਬ੍ਰੇਰੀ ਵਿੱਚ ਰਖਵਾਇਆ। ਆਖੀਰ ਵਿੱਚ ਉਹਨਾਂ ਆਏ ਪਤਵੰਤਿਆਂ ਦਾ ਧੰਨਵਾਦ ਵੀ ਗਰਮਜੋਸ਼ੀ ਨਾਲ ਕੀਤਾ ਅਤੇ ਜਲਦੀ ਹੀ ਫੇਰ ਮਿਲਣ ਦਾ ਵਾਅਦਾ ਵੀ।

No comments: