Saturday, March 23, 2013

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਬੋਲ:ਇੱਕ ਗਰਜਵੀਂ ਲਲਕਾਰ

ਹੁਣ ਵਾਲਾ ਸਮਾਜਿਕ ਢਾਂਚਾ ਇੱਕ ਜਵਾਲਾਮੁਖੀ ਦੇ ਮੂੰਹ 'ਤੇ ਬੈਠਾ  ਹੈ
ਮਜ਼ਦੂਰ ਭਾਵੇਂ ਸੰਸਾਰ ਦਾ ਸਭ ਤੋਂ ਜ਼ਰੂਰੀ ਅੰਗ ਹਨ,  ਫਿਰ ਵੀ ਲੁਟੇਰੇ ਉਹਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਜਾਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਿਆਂ ਰੱਖਦੇ ਹਨ। ਦੂਜਿਆਂ ਲਈ ਅੰਨ ਕਿਸਾਨ ਆਪਣੇ ਪਰਿਵਾਰ ਸਮੇਤ ਦਾਣੇ ਦਾਣੇ ਨੂੰ ਸਹਿਕਦਾ ਹੈ। ਕੱਪੜਾ ਬੁਣਨ ਵਾਲਾ ਜਿਹੜਾ ਸਾਰੇ ਸੰਸਾਰ ਦੀਆਂ ਮੰਡੀਆਂ ਲਈ ਕੱਪੜਾ ਤਿਆਰ ਕਰਦਾ ਹੈ, ਉਹ ਆਪਣਾ ਤੇ ਆਪਣੇ ਬੱਚਿਆਂ ਦਾ ਜਿਸਮ ਵੀ ਨਹੀਂ ਢਕ ਸਕਦਾ। ਰਾਜ, ਲੁਹਾਰ ਤੇ ਤਰਖਾਣ ਜਿਹੜੇ ਸ਼ਾਨਦਾਰ ਮਹੱਲ ਉਸਾਰਦੇ ਹਨ, ਨਥਾਵਿਆਂ ਵਾਂਗੂੰ ਗੰਦੇ ਖੋਲਿਆਂ 'ਚ ਰਹਿੰਦੇ ਹਨ। ਦੂਜੇ ਪਾਸੇ, ਸਮਾਜ ਦਾ ਲੂਹ ਪੀਣੇ ਪੂੰਜੀਪਤੀ ਕਰੋੜਾਂ ਰੁਪਇਆ ਆਪਣੀ ਮਨ ਦੀ ਮੌਜ ਲਈ ਰੋੜ੍ਹ ਦਿੰਦੇ ਹਨ। ਇਸ ਭਿਅੰਕਰ ਨਾ-ਬਰਾਬਰੀ ਅਤੇ ਬਦੋਬਦੀ ਠੋਸੇ ਗਏ ਭੇਦਭਾਵ ਦਾ ਨਤੀਜਾ ਹਫ਼ੜਾ-ਦਫੜੀ ਹੋਵੇਗਾ। ਇਹ ਹਾਲਤ ਬਹੁਤ ਚਿਰ ਕਾਇਮ ਨਹੀਂ ਰਹਿ ਸਕਦੀ। ਇਹ ਸਾਫ ਹੈ ਕਿ ਹੁਣ ਵਾਲਾ ਸਮਾਜਿਕ ਢਾਂਚਾ ਜਿਹੜਾ ਕਿ ਦੂਸਰਿਆਂ ਦੀਆਂ ਮਜਬੂਰੀਆਂ 'ਤੇ ਰੰਗਰਲੀਆਂ ਮਨਾ ਰਿਹਾ ਹੈ, ਇੱਕ ਜਵਾਲਾਮੁਖੀ ਦੇ ਮੂੰਹ 'ਤੇ ਬੈਠਾ ਹੈ।         (ਅਸੈਂਬਲੀ ਬੰਬ ਕੇਸ 'ਚ ਬਿਆਨ)

ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਜਾਂ ਖ਼ੂਨੀ  ਲੜਾਈ ਨਹੀਂ ਹੁੰਦਾ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਾਤ (ਯਾਨੀ ਰਾਜ-ਪ੍ਰਬੰਧ) ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਸਮਾਜ ਦੇ ਨਵੇਂ ਤੇ ਚੰਗੇਰੇ ਅਨੁਕੁਲਤ ਆਧਾਰ ਉੱਤੇ ਕੀਤੀ ਜਾਣ ਵਾਲੀ ਬਾਕਾਇਦਾ ਮੁੜ-ਉਸਾਰੀ ਦੇ ਪ੍ਰੋਗਰਾਮ ਤੋਂ ਹੁੰਦਾ ਹੈ।       (ਡਰੀਮਲੈਂਡ ਦੀ ਭੂਮਿਕਾ)
ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਅਤੇ ਕੌਮਾਂ ਹੱਥੋਂ ਕੌਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾਂ ਮਨੁੱਖਤਾ ਦੇ ਸਿਰ ਉੱਤੇ ਮੰਡਲਾ ਰਹੇ ਦੁਖਾਂਤ ਅਤੇ ਖ਼ੂਨ-ਖਰਾਬੇ ਨੂੰ ਨਹੀਂ ਰੋਕਿਆ ਜਾ ਸਕੇਗਾ। ਜੰਗ ਦਾ ਅੰਤ ਕਰਨ ਅਤੇ ਸੰਸਾਰ ਅਮਨ ਦਾ ਮੁੱਢ ਬੰਨ੍ਹਣ ਦੀਆਂ ਸਾਰੀਆਂ ਗੱਲਾਂ ਪਾਖੰਡ ਤੋਂ ਬਿਨਾ ਕੁੱਝ ਨਹੀਂ ਹਨ। ਇਨਕਲਾਬ ਤੋਂ ਸਾਡਾ ਭਾਵ ਅੰਤ ਵਿੱਚ ਇੱਕ ਐਸੀ ਵਿਵਸਥਾ ਨੂੰ ਕਾਇਮ ਕਰਨਾ ਹੈ, ਜਿਸ ਨੂੰ ਇਸ ਤਰ੍ਹਾਂ ਚਕਨਾਚੂਰ ਹੋਣ ਦਾ ਖ਼ਤਰਾ ਨਾ ਹੋਵੇ ਅਤੇ ਜਿਸ ਵਿੱਚ ਕਿਰਤੀ ਮਜ਼ਦੁਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਇੱਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਜੰਗ ਦੀ ਤਬਾਹੀ ਤੋਂ ਹਿੰਮਤ ਕਰਕੇ ਆਜ਼ਾਦ ਕਰਵਾਇਆ ਜਾਵੇਗਾ। 
(ਅਸੈਂਬਲੀ ਬੰਬ ਕੇਸ 'ਚ ਬਿਆਨ)
ਸਾਡਾ ਵਿਸ਼ਵਾਸ਼ ਹੈ ਕਿ ਆਜ਼ਾਦੀ ਸਭ ਮਨੁੱਖਾਂ ਦਾ ਅਮਿੱਟ ਹੱਕ ਹੈ। ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰ ਹੱਕ ਹੈ। ਤੇ ਹਰ ਕੌਮ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕ ਹੈ। ਜੇ ਕੋਈ ਸਰਕਾਰ, ਜਨਤਾ ਨੂੰ, ਉਹਨਾਂ ਦੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਰੱਖਦੀ ਹੈ ਤਾਂ ਲੋਕਾਂ ਦਾ ਕੇਵਲ ਹੱਕ ਹੀ ਨਹੀਂ ਸਗੋਂ ਜ਼ਰੂਰੀ ਫਰਜ਼ ਹੈ ਕਿ ਅਜਿਹੀ ਸਰਕਾਰ ਨੂੰ ਤਬਾਹ ਕਰ ਦੇਣ। ਕਿਉਂਕਿ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ, ਜਿਹਨਾਂ ਵਾਸਤੇ ਅਸੀਂ ਲੜ ਰਹੇ ਹਾਂ, ਦੇ ਬਿਲਕੁੱਲ ਉਲਟ ਹੈ, ਇਸ ਲਈ ਸਾਡਾ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਹਰ ਕੋਸ਼ਿਸ਼ ਤੇ ਹਰ ਅਪਣਾਇਆ ਤਰੀਕਾ, ਜਿਸ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆਮੇਟ ਕੀਤਾ ਜਾ ਸਕੇ, ਉਹ ਨੈਤਿਕ ਤੌਰ 'ਤੇ ਜਾਇਜ਼ ਹੈ। ਅਸੀਂ ਵਰਤਮਾਨ ਢਾਂਚੇ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਖਾਂ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਹੱਕ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਵਰਤਮਾਨ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਰੋਏ ਸਮਾਜ ਵਿੱਚ ਬਦਲਿਆ ਜਾਵੇ। ਇਸ ਤਰ੍ਹਾਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਸਾਰੇ ਲੋਕਾਂ ਲਈ ਸਭ ਖੇਤਰਾਂ ਵਿੱਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ। ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਸਾਰਾ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਸ ਦੀ ਥਾਂ ਸਮਾਜਵਾਦੀ ਸਮਾਜ ਸਥਾਪਤ ਨਹੀਂ ਹੁੰਦਾ, ਸਾਰੀ ਦੁਨੀਆਂ ਇੱਕ ਤਬਾਹਕੁੰਨ ਪਰਲੋ ਦੇ ਖਤਰੇ ਹੇਠ ਰਹੇਗੀ। 
(ਭਗਤ ਸਿੰਘ ਤੇ ਸਾਥੀਆਂ ਦਾ ਲਾਹੌਰ ਸਾਜਿਸ਼ ਕੇਸ ਸਬੰਧੀ ਬਣੇ ਵਿਸ਼ੇਸ਼ ਟਰਬਿਊਨਲ ਨੂੰ ਪੱਤਰ, 5-5-1930)
ਹਮਲੇ ਲਈ ਵਰਤੀ ਗਈ ਤਾਕਤ ਹਿੰਸਾ ਹੈ ਅਤੇ ਇਸ ਕਰਕੇ ਨੈਤਿਕ ਪੱਖੋਂ ਨਿੰਦਣਯੋਗ ਹੈ। ਪਰ ਜੇ ਇਸ ਨੂੰ ਇੱਕ ਉਚਿਤ ਆਦਰਸ਼ ਨੂੰ ਅੱਗੇ ਵਧਾਉਣ ਲਈ ਵਰਤਿਆ ਜਾਵੇ ਤਾਂ ਇਸਦਾ ਸਦਾਚਾਰਕ ਪੱਖ ਵੀ ਹੁੰਦਾ ਹੈ। ਹਰ ਹਾਲਤ ਵਿੱਚ ਹਿੰਸਾ ਨੂੰ ਤਿਆਗ ਦੇਣਾ ਸ਼ੇਖਚਿਲੀ ਦੇ ਸੁਪਨੇ ਵਾਂਗ ਹੈ। 
(ਅਸੈਂਬਲੀ ਬੰਬ ਕੇਸ 'ਚ ਭਗਤ ਸਿੰਘ ਹੁਰਾਂ ਦਾ ਬਿਆਨ, 1929)
ਅਸੀਂ ਹਿੰਸਾ ਵਿੱਚ ਵਿਸ਼ਵਾਸ਼ ਰੱਖਦੇ ਹਾਂ, ਆਪਣੇ ਆਪ ਵਿੱਚ ਇੱਕ ਅੰਤ ਦੇ ਤੌਰ 'ਤੇ ਨਹੀਂ ਸਗੋਂ ਇੱਕ ਨੇਕ ਸਿੱਟੇ ਲਈ ਤੌਰ-ਤਰੀਕੇ ਦੇ ਤੌਰ 'ਤੇ। 
ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਦਾ ਮੈਨੀਫੈਸਟੋ, ਦਸੰਬਰ 1929)
ਇਹ ਅਹਿੰਸਾ ਅਤੇ ਗਾਂਧੀ ਦੀ ਸੌਦੇਬਾਜ਼ੀ ਦੀ ਨੀਤੀ ਸੀ, ਜਿਸ ਨੇ ਕਿ ਕੌਮੀ ਲਹਿਰ ਵੇਲੇ ਜੁੜੀਆਂ ਸਫਾਂ ਵਿੱਚ ਦੁਫੇੜ ਪਾਈ। 
(ਬੰਬ ਦਾ ਫਲਸਫਾ, ਜਨਵਰੀ 1930)
ਅਸੀਂ ਸਾਮਰਾਜੀ ਫੌਜਾਂ ਦੇ ਭਾੜੇ ਦੇ ਸਿਪਾਹੀਆਂ ਵਾਂਗ ਨਹੀਂ ਹਾਂ ਜਿਹਨਾਂ ਨੂੰ ਕਿ ਬਿਨਾ ਪਛਤਾਵੇ ਦੇ ਕਤਲ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਅਸੀਂ ਮਨੁੱਖੀ ਜੀਵਨ ਦਾ ਸਤਿਕਾਰ ਕਰਦੇ ਹਾਂ ਅਤੇ ਜਿੱਥੋਂ ਤੱਕ ਹੋ ਸਕੇ, ਇਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। 
(ਅਸੈਂਬਲੀ ਬੰਬ ਕੇਸ 'ਚ ਬਿਆਨ)
ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ, ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤੇਜ਼ ਹੁੰਦੀ ਹੈ ਅਤੇ ਇਹੀ ਚੀਜ਼ ਸੀ ਜਿਸ ਨੂੰ ਅਸੀਂ ਦੱਸਣਾ ਚਾਹੁੰਦੇ ਸਾਂ। ਸਾਡੇ ਇਨਕਲਾਬ ਦਾ ਮਤਲਬ ਪੂੰਜੀਵਾਦੀ ਲੜਾਈਆਂ ਦੀ ਮੁਸੀਬਤ ਦਾ ਅੰਤ ਕਰਨਾ ਹੈ। ਮੁੱਖ ਉਦੇਸ਼ ਅਤੇ ਉਸਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸਮਝੇ ਬਿਨਾ ਕਿਸੇ ਬਾਰੇ ਫੈਸਲਾ ਦੇਣਾ ਜਾਇਜ਼ ਨਹੀਂ। 
(ਲਾਹੌਰ ਹਾਈਕੋਰਟ 'ਚ ਬਿਆਨ, 1930)
ਮੈਂ ਕਿਹਾ ਹੈ ਕਿ ਮੌਜੂਦਾ (ਕਾਂਗਰਸ ਦਾ-ਸੰਪਾਦਕ) ਅੰਦੋਲਨ, ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿੱਚ ਖਤਮ ਹੋਵੇਗਾ। ਮੈਂ ਇਹ ਇਸ ਲਈ ਕਿਹਾ ਹੈ ਕਿਉਂਕਿ ਮੇਰੀ ਰਾਏ ਵਿੱਚ, ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ। ਇਹ ਦੋਨੋਂ ਜਮਾਤਾਂ, ਖਾਸ ਕਰਕੇ ਪੂੰਜੀਪਤੀ, ਆਪਣੀ ਜਾਇਦਾਦ ਜਾਂ ਮਾਲਕੀ ਖਤਰੇ ਵਿੱਚ ਪਾਉਣ ਦੀ ਜੁਅਰਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ- ਕਿਸਾਨ ਅਤੇ ਮਜ਼ਦੂਰ। ਪਰ ਸਾਡੇ 'ਬੁਰਜਵਾ' ਨੇਤਾ, ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇੱਕ ਵਾਰੀ ਗਹਿਰੀ ਨੀਂਦ 'ਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ ਰੁਕਣ ਵਾਲੇ ਨਹੀਂ ਹਨ। 1920 ਵਿੱਚ ਅਹਿਮਦਾਬਾਦ ਦੇ ਮਜ਼ਦੂਰਾਂ ਵਿੱਚ, ਪਹਿਲੇ ਤਜਰਬੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ, ''ਸਾਨੂੰ ਮਜ਼ਦੂਰਾਂ ਨਾਲ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫੈਕਟਰੀ ਪ੍ਰੋਲੇਤਾਰੀ ਦਾ ਰਾਜਨੀਤਕ ਹਿੱਤ ਲਈ ਇਸਤੇਮਾਲ ਕਰਨਾ ਬਹੁਤ ਖ਼ਤਰਨਾਕ ਹੈ।'' (ਮਈ 1921 ਦਾ ''ਦੀ ਟਾਈਮਜ਼'') ਤਦ ਤੋਂ ਉਹਨਾਂ ਨੇ ਇਸ ਜਮਾਤ ਨੂੰ ਪਹੁੰਚ ਕਰਨ ਦੀ ਕੋਈ ਖੇਚਲ ਨਹੀਂ ਕੀਤੀ। ਇਹੀ ਹਾਲਤ ਕਿਸਾਨੀ ਦੀ ਹੈ। 1922 ਦਾ ਬਰਦੌਲੀ ਸੱਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ ਜਦ ਉਹਨਾਂ ਨੇ ਕਿਸਾਨ ਜਮਾਤ ਦੀ ਉਸ ਬਗਾਵਤ ਨੂੰ ਵੇਖਿਆ ਜਿਸ ਨੇ ਨਾ ਸਿਰਫ ਬਦੇਸ਼ੀ ਕੌਮ ਦੇ ਗਲਬੇ ਨੂੰ ਹੀ ਪਰ੍ਹਾਂ ਵਗਾਹ ਮਾਰਨਾ ਸੀ ਸਗੋਂ ਜਿੰਮੀਦਾਰੀ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ।
(ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ, 2 ਫਰਵਰੀ 1931) 
ਜਿਵੇਂ ਹੀ ਕਾਨੂੰਨ ਆਮ ਸਮਾਜਿਕ ਲੋੜ ਦੀ ਪੂਰਤੀ ਬੰਦ ਕਰ ਦਿੰਦਾ ਹੈ, ਇਹ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਦਾ ਹੱਥਕੰਡਾ ਬਣ ਜਾਂਦਾ ਹੈ। ਅਜਿਹੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਉੱਤੇ ਖਾਸ ਹਿੱਤ ਦੀ ਦੰਭੀ ਜ਼ੋਰ ਜਬਰੀ ਦੇ ਸਿਵਾਏ ਹੋਰ ਕੁਝ ਨਹੀਂ ਹੈ। ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਹਨ ਅਤੇ ਸਾਡੇ ਲੋਕਾਂ ਦੇ ਹਿੱਤ ਦੇ ਉਲਟ ਹਨ। ਇਸ ਲਈ ਇਹਨਾਂ ਦੀ ਸਾਡੇ ਉੱਤੇ ਕਿਸੇ ਕਿਸਮ ਦੀ ਵੀ ਸਦਾਚਾਰਤਾ ਲਾਗੂ ਨਹੀਂ ਹੁੰਦੀ। ਇਸ ਕਰਕੇ ਹਰ ਭਾਰਤੀ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਕਾਨੂੰਨਾਂ ਨੂੰ ਲਲਕਾਰੇ ਅਤੇ ਇਹਨਾਂ ਦੀ ਉਲੰਘਣਾ ਕਰੇ। ਅੰਗਰੇਜ਼ ਅਦਾਲਤਾਂ, ਜੋ ਲੁੱਟ ਦੀ ਮਸ਼ੀਨ ਦੇ ਪੁਰਜੇ ਹਨ, ਇਨਸਾਫ ਨਹੀਂ ਦੇ ਸਕਦੀਆਂ, ਖਾਸ ਕਰਕੇ ਰਾਜਨੀਤਕ ਕੇਸਾਂ ਵਿੱਚ, ਜਿੱਥੇ ਸਰਕਾਰ ਅਤੇ ਲੋਕਾਂ ਦੇ ਹਿੱਤਾਂ ਦੀ ਟੱਕਰ ਹੈ। ਅਸੀਂ ਜਾਣਦੇ ਹਾਂ ਕਿ ਅਦਾਲਤਾਂ ਸਿਵਾਏ ਇਨਸਾਫ ਦੇ ਸਵਾਂਗ ਦੇ ਹੋਰ ਕੁਝ ਨਹੀਂ ਹਨ। ਇਹਨਾਂ ਕਾਰਨਾਂ ਕਰਕੇ, ਅਸੀਂ ਇਸ ਮਜ਼ਾਕੀਆ ਢਕੌਂਸਲੇ ਵਿੱਚ ਹਿੱਸੇਦਾਰ ਬਣਨ ਤੋਂ ਇਨਕਾਰੀ ਹਾਂ ਅਤੇ ਇਸ ਮੁਕੱਦਮੇ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਵਾਂਗੇ। 
(ਵਿਸ਼ੇਸ਼ ਟ੍ਰਿਬਿਊਨਲ ਨੂੰ ਖਤ, 5-5-1930)
...ਹਾਈਕੋਰਟ ਦੇ ਸਾਹਮਣੇ ਇਨਕਲਾਬ ਦੀ ਪ੍ਰੀਭਾਸ਼ਾ ਦਿੰਦੇ ਹੋਏ ਉਸਨੇ ਕਿਹਾ ''ਇਨਕਲਾਬ ਸੰਸਾਰ ਦਾ ਨਿਯਮ ਹੈ। ਇਹ ਮਨੁੱਖੀ ਵਿਕਾਸ ਦਾ ਭੇਤ ਹੈ। 
........ਸਾਡੀਆਂ ਮੌਜੂਦ ਪ੍ਰਸਥਿਤੀਆਂ ਅੰਦਰ ਇਨਕਲਾਬ ਦਾ ਉਦੇਸ਼ ਕੁਝ ਵਿਅਕਤੀਆਂ ਦਾ ਕਤਲ ਕਰਨਾ ਨਹੀਂ ਹੈ, ਸਗੋਂ ਮਨੁੱਖ ਦੁਆਰਾ ਮਨੁੱਖ ਦੀ ਲੁੱਟ-ਖਸੁੱਟ ਦੇ ਨਿਜ਼ਾਮ ਨੂੰ ਖਤਮ ਕਰਕੇ, ਇਸ ਦੇਸ਼ ਲਈ ਸਵੈ-ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨਾ ਹੈ। 
.........ਕੱਲ੍ਹ ਨੂੰ ਜੇ ਮੈਂ ਨਾ ਵੀ ਰਿਹਾ ਤਾਂ ਵੀ ਮੇਰਾ ਹੌਸਲਾ ਦੇਸ਼ ਦਾ ਹੌਸਲਾ ਬਣ ਕੇ ਸਾਮਰਾਜਵਾਦੀ ਲੁਟੇਰਿਆਂ ਦਾ ਅੰਤ ਤੱਕ ਪਿੱਛਾ ਕਰਦਾ ਰਹੇਗਾ। ਮੈਨੂੰ ਆਪਣੇ ਦੇਸ਼ ਦੇ ਭਵਿੱਖ ਵਿੱਚ ਯਕੀਨ ਹੈ। ਮੈਂ ਸੰਸਾਰ ਦੀ ਮਾਨਵਤਾ ਨੂੰ ਕਰਵਟ ਬਦਲਦੇ ਹੋਏ ਦੇਖ ਰਿਹਾ ਹਾਂ, ਜੋ ਤੁਸੀਂ ਦੇਖ ਨਹੀਂ ਸਕਦੇ। ਤੁਸੀਂ (ਹੋਣੀਵਾਦ ਦੇ ਸਿਧਾਂਤਕਾਰ -ਸੰਪਾ: ਹਰ ਗੱਲ ਲਈ ਭਗਵਾਨ ਦੀ ਤਰਫ ਝਾਕਦੇ ਹੋ, ਇਸ ਕਰਕੇ ਹੀ ਤੁਸੀਂ ਕਿਸਮਤਵਾਦੀ ਹੋ, ਨਿਰਾਸ਼ਾਵਾਦੀ ਹੋ। ਕਿਸਮਤਵਾਦ ਕਰਮ ਤੋਂ ਬੇਮੁੱਖ ਹੋਣ ਦਾ ਇੱਕ ਰਸਤਾ ਹੈ, ਨਿਰਬਲ, ਕਾਇਰ ਅਤੇ ਭਾਂਜਵਾਦੀ ਵਿਅਕਤੀਆਂ ਦੀ ਆਖਰੀ ਸ਼ਰਨ ਹੈ। 
(ਸ਼ਿਵ ਵਰਮਾ ਦੀ ਲਿਖਤ 'ਚੋਂ)    (ਸੁਰਖ ਰੇਖਾ ਚੋਂ ਧੰਨਵਾਦ ਸਹਿਤ)


No comments: