Thursday, March 21, 2013

ਪੈਰਿਸ ਕਮਿਊਨ ਦਾ ਅਮਰ ਇਤਿਹਾਸ//ਲਹਿੰਬਰ ਸਿੰਘ ਤੱਗੜ

ਪਹਿਲੀ ਵਾਰ ਮਜ਼ਦੂਰ ਜਮਾਤ ਦੀ ਸਰਕਾਰ ਦਾ ਗਠਨ ਕਰ ਲਿਆ
                                                                                                                          Courtesy Photo
ਇੰਨਕ਼ਲਾਬ ਦੇ ਰਸਤਿਆਂ ਤੇ ਤੁਰਦਿਆਂ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ ਪਰ ਸੱਚੇ ਸੁੱਚੇ ਕਮਿਊਨਿਸਟ ਇੰਨਕ਼ਲਾਬੀ ਕਦੇ ਵੀ ਆਪਣੇ ਆਦਰਸ਼ ਤੋਂ ਇਧਰ ਓਧਰ ਨਹੀਂ ਭਟਕਦੇ। ਲਹਿੰਬਰ ਸਿੰਘ ਤੱਗੜ ਹੁਰਾਂ ਨੇ ਪੈਰਿਸ ਕਮਿਊਨ ਦਾ ਇਤਿਹਾਸ ਬਹੁਤ ਹੀ ਥੋਹੜੇ ਜਹੇ ਸ਼ਬਦਾਂ ਵਿੱਚ ਸਮੇਟਣ ਦੀ ਇੱਕ ਸਫਲ ਕੋਸ਼ਿਸ਼ ਕੀਤੀ ਹੈ। ਸੰਸਾਰ ਦੀ ਪਹਿਲੀ ਮਜਦੂਰ ਸਰਕਾਰ ਭਾਵੇਂ 72 ਦਿਨਾਂ ਤੀਕ ਹੀ ਜਾਰੀ ਰਹੀ ਸਕੀ ਪਰ ਇਸ ਹੋਂਸਲੇ ਨੇ ਨਵੇਂ ਸੰਘਰਸ਼ਾਂ ਦੇ ਮੁਢ ਬੰਨ੍ਹੇ ਤੇ  ਸਾਬਿਤ ਕੀਤਾ ਕਿ 
ਹਮ ਮਿਹਨਤਕਸ਼ ਇਸ ਦੁਨਿਆ ਸੇ ਜਬ ਆਪਣਾ ਹਿੱਸਾ ਮਾਂਗੇਂਗੇ 
ਇੱਕ ਬਾਗ ਨਹੀਂ ਇੱਕ ਖੇਤ ਨਹੀਂ ਹਮ ਸਾਰੀ ਦੁਨੀਆ ਮਾਂਗੇਂਗੇ 
ਕਾਮਰੇਡ ਤੱਗੜ ਹੁਰਾਂ ਦੀ ਇਹ ਲਿਖਤ ਇਸ ਭਾਵਨਾ ਨੂੰ ਹੋਰ ਉਤਸ਼ਾਹਿਤ ਕਰਦੀ ਹੈ।।ਇੱਕ ਨਵਾਂ ਹੋਂਸਲਾ ਦੇਂਦੀ ਹੈ।।।ਦੇਸ਼ ਸੇਵਕ 'ਚ ਛਪੀ ਉਹਨਾਂ ਇਹ ਲਿਖਤ ਅਸੀਂ ਧੰਨਵਾਦ ਸਹਿਤ ਛਾਪ ਰਹੇ ਹਾਂ। --ਰੈਕਟਰ ਕਥੂਰੀਆ
ਮਿਹਨਤਕਸ਼ਾਂ ਦੇ ਪਵਿੱਤਰ ਖੂਨ ਸੰਗ ਸਿਰਜਿਆ ਹੋਇਆ ਮਾਨਵ ਇਤਿਹਾਸ
Courtesy Photo
ਅੱਜ ਤੋਂ 142 ਸਾਲ ਪਹਿਲਾਂ 18 ਮਾਰਚ 1871 ਵਾਲੇ ਦਿਨ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਕ ਅਜਿਹੀ ਮਹਾਨ ਇਤਿਹਾਸਕ ਘਟਨਾ ਵਾਪਰੀ, ਜਿਸ ਦੀ ਮਿਸਾਲ ਯੁੱਗਾਂ-ਯੁਗਾਤਰਾਂ ਤੋਂ ਚੱਲਦੇ ਆ ਰਹੇ ਮਾਨਵ ਇਤਿਹਾਸ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਮਿਲਦੀ। ਪੈਰਿਸ ਵਿਚ ਮਜ਼ਦੂਰ ਜਮਾਤ ਨੇ ਸੰਸਾਰ ਇਤਿਹਾਸ ਵਿਚ ਪਹਿਲੀ ਵਾਰ ਮਜ਼ਦੂਰ ਜਮਾਤ ਦੀ ਸਰਕਾਰ ਦਾ ਗਠਨ ਕਰ ਲਿਆ ਅਤੇ ਇਸ ਨੂੰ ਪੈਰਿਸ ਕਮਿਊਨ ਦਾ ਨਾਂ ਦਿੱਤਾ ਗਿਆ। ਮਾਨਵ ਇਤਿਹਾਸ ਦੇ ਆਰੰਭ ਤੋਂ ਹੀ ਇਹ ਧਾਰਨਾ ਚਲੀ ਆ ਰਹੀ ਹੈ ਕਿ ਮਿਹਨਤਕਸ਼, ਗਰੀਬ ਅਤੇ ਲੁੱਟੇ ਜਾ ਰਹੇ ਲੋਕ ਕਦੇ ਰਾਜ ਨਹੀਂ ਕਰ ਸਕਦੇ। ਰਾਜ ਕਰਨਾ, ਸਰਕਾਰਾਂ ਬਣਾਉਣਾ ਅਤੇ ਚਲਾਉਣਾ, ਇਹ ਯੋਗਤਾ ਸਿਰਫ਼ ਉਪਰਲੇ ਲੁਟੇਰੇ ਵਰਗਾਂ ਦੇ ਲੋਕਾਂ ਵਿਚ ਹੀ ਹੈ ਅਤੇ ਸਿਰਫ਼ ਉਨ੍ਹਾਂ ਦਾ ਹੀ ਵਿਸ਼ੇਸ਼ ਅਧਿਕਾਰ ਹੈ। ਅੱਜ 21ਵੀਂ ਸਦੀ ਵਿਚ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਅਤੇ ਸੂਝ ਅਜੇ ਵੀ ਇਸੇ ਵਿਚਾਰ ਤੱਕ ਹੀ ਸੀਮਤ ਹੈ। 
ਪੈਰਿਸ ਕਮਿਊਨ ਅਰਥਾਤ ਸੰਸਾਰ ਇਤਿਹਾਸ ਦੀ ਪਹਿਲੀ ਮਜ਼ਦੂਰ ਸਰਕਾਰ ਸਿਰਫ਼ 72 ਦਿਨ ਤੱਕ ਜਾਰੀ ਰਹਿ ਸਕੀ। 21 ਮਈ 1871 ਵਾਲੇ ਦਿਨ ਪੂੰਜੀਪਤੀ ਪਿਛਾਖੜੀ ਸ਼ਕਤੀਆਂ ਨੇ ਇਸ ਨੂੰ ਮਿਹਨਤਕਸ਼ਾਂ ਦੇ ਖੂਨ ਦੇ ਸਮੁੰਦਰ ਵਿਚ ਡੋਬ ਦਿੱਤਾ, ਪਰ ਇਸ ਇਤਿਹਾਸਕ ਤਜਰਬੇ ਨੇ ਮਾਨਵ ਇਤਿਹਾਸ ਨੂੰ ਅਣਮੁੱਲੀਆਂ ਇਤਿਹਾਸਕ ਸਿੱਖਿਆਵਾਂ ਪ੍ਰਦਾਨ ਕੀਤੀਆਂ। 
Courtesy Photo
19ਵੀਂ ਸਦੀ ਦੇ ਆਰੰਭ ਵਿਚ ਯੂਰਪ ਵਿਚ ਸਨਅਤੀ ਇਨਕਲਾਬ ਦੇ ਤੇਜ਼ੀ ਨਾਲ ਅੱਗੇ ਵਧਣ ਸਦਕਾ ਫਰਾਂਸ ਵਿਚ ਵੀ ਮਜ਼ਦੂਰ ਜਮਾਤ ਦੀ ਚੇਤਨਾ ਅਤੇ ਜਥੇਬੰਦਕ ਤਾਕਤ ਵਿਕਸਤ ਹੋਣੀ ਸ਼ੁਰੂ ਹੋ ਗਈ। ਮਜ਼ਦੂਰ ਜਮਾਤ ਦੇ ਸੰਘਰਸ਼ਾਂ ਤੋਂ ਯੂਰਪ ਦੇ ਪੂੰਜੀਪਤੀ ਅਤੇ ਹਾਕਮ ਦਹਿਲਣੇ ਸ਼ੁਰੂ ਹੋ ਗਏ ਅਤੇ ਇਨ੍ਹਾਂ ਸੰਘਰਸ਼ਾਂ ਨੂੰ ਕੁਰਾਹੇ ਪਾਉਣ ਲਈ ਯੂਰਪ ਦੇ ਸ਼ਾਸਕਾਂ ਨੇ ਅੰਧ-ਰਾਸ਼ਟਰਵਾਦ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਸੀ ਜੰਗਾਂ ਸ਼ੁਰੂ ਕਰ ਦਿੱਤੀਆਂ। ਜੁਲਾਈ 1870 ਵਿਚ ਫਰਾਂਸ ਅਤੇ ਪ੍ਰਸ਼ੀਆ ਵਿਚਾਲੇ ਜਗ ਛਿੜ ਪਈ। ਇਸ ਜੰਗ ਵਿਚ ਫਰਾਂਸ ਦਾ ਬਾਦਸ਼ਾਹ ਨੈਪੋਲੀਅਨ ਤੀਸਰਾ ਹਾਰ ਗਿਆ ਅਤੇ ਉਸ ਦੀ ਸਰਕਾਰ ਖਤਮ ਹੋ ਗਈ। ਫਰਾਂਸ ਵਿਚ ḔḔਲੋਕਤੰਤਰ'' ਦੀ ਸਥਾਪਨਾ ਹੋਈ, ਪਰ ਇਸ ਲੋਕਤੰਤਰ 'ਤੇ ਵੀ ਵੱਡੇ ਪੂੰਜੀਪਤੀ ਹੀ ਕਾਬਜ਼ ਸਨ। ਲੋਕ ਇਸ ਸਰਕਾਰ ਨੂੰ ḔḔਕੌਮੀ ਗਦਾਰਾਂ ਦੀ ਸਰਕਾਰ'' ਕਹਿੰਦੇ ਸੀ। ਜਨਵਰੀ 1871 ਵਿਚ ḔḔਕੌਮੀ ਗਦਾਰਾਂ ਦੀ ਸਰਕਾਰ'' ਨੇ ਪ੍ਰਸ਼ੀਆ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਫਰਵਰੀ 1871 ਵਿਚ ਪੂੰਜੀਪਤੀਆਂ ਦਾ ਹੱਥ-ਠੋਕਾ ਅਤੇ ਘੋਰ ਉਲਟ ਇਨਕਲਾਬੀ ਵਿਅਕਤੀ ਥੀਯੇ ਫਰਾਂਸੀਸੀ ਸਰਕਾਰ ਦਾ ਮੁਖੀ ਬਣ ਗਿਆ।
ਉਪਰੋਕਤ ਜੰਗ ਦੌਰਾਨ ਪੈਰਿਸ ਦੀ ਰੱਖਿਆ ਵਾਸਤੇ ਲੋਕਾਂ ਨੂੰ ਹਥਿਆਰਬੰਦ ਕਰਕੇ ḔḔਨੈਸ਼ਨਲ ਗਾਰਡਜ਼'' ਨਾਂ ਦੇ ਦਲ ਦਾ ਗਠਨ ਹੋ ਚੁੱਕਾ ਸੀ। ਇਸ ਫੌਜੀ ਦਲ ਵਿਚ ਮੁੱਖ ਤੌਰ 'ਤੇ ਮਜ਼ਦੂਰ ਹੀ ਸ਼ਾਮਲ ਹਨ। ਪੈਰਿਸ ਦੀ ਪੂੰਜੀਪਤੀ ਅਤੇ ਉਨ੍ਹਾਂ ਦੀ ਕਠਪੁਤਲੀ ਥੀਯੇ ਸਰਕਾਰ ਹਥਿਆਰਬੰਦ ਮਜ਼ਦੂਰਾਂ ਤੋਂ ਬਹੁਤ ਭੈਅ-ਭੀਤ ਹੋਏ ਹੋਏ ਸਨ, ਉਨ੍ਹਾਂ ਨੂੰ ਡਰ ਸੀ ਕਿ ਹਥਿਆਰਬੰਦ ਮਜ਼ਦੂਰ ਕਦੇ ਵੀ ਉਨ੍ਹਾਂ 'ਤੇ ਹਮਲਾ ਕਰ ਸਕਦੇ ਸਨ। ਉਹ ਹਰ ਹਾਲਤ ਵਿਚ ਮਜ਼ਦੂਰਾਂ ਤੋਂ ਹਥਿਆਰ ਵਾਪਸ ਲੈ ਲੈਣਾ ਚਾਹੁੰਦੇ ਸਨ।
18 ਮਾਰਚ 1871 ਵਾਲੇ ਦਿਨ ਸਵੇਰੇ ਪਹੁ-ਫੁਟਾਲੇ ਨਾਲ ਹੀ ਥੀਯੇ ਸਰਕਾਰ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਪੈਰਿਸ ਦੇ ਸਾਰੇ ਮਜ਼ਦੂਰਾਂ ਤੋਂ ਹਥਿਆਰ ਵਾਪਸ ਲੈ ਲਏ ਜਾਣ। ਮਜ਼ਦੂਰਾਂ ਨੇ ਹਥਿਆਰ ਵਾਪਸ ਕਰਨ ਤੋਂ ਇਨਕਾਰ ਕਰਕੇ ਬਗਾਵਤ ਕਰ ਦਿੱਤੀ। ਪੈਰਿਸ ਦੇ ਮਿਹਨਤਕਸ਼ ਲੋਕ ਸੜਕਾਂ 'ਤੇ ਨਿਕਲ ਆਏ। ਫੌਜ ਵੀ ਲੋਕਾਂ ਨਾਲ ਰਲ ਗਈ ਅਤੇ ਦੋ ਫੌਜੀ ਜਰਨੈਲ ਮਾਰ ਦਿੱਤੇ ਗਏ। ਪੈਰਿਸ ਸ਼ਹਿਰ 'ਤੇ ਮਿਹਨਤਕਸ਼ ਲੋਕਾਂ ਦੇ ਹਥਿਆਰਬੰਦ ਦਸਤੇ ḔḔਨੈਸ਼ਨਲ ਗਾਰਡਜ਼'' ਦਾ ਕਬਜ਼ਾ ਹੋ ਗਿਆ। ਥੀਯੇ ਸਰਕਾਰ ਪੈਰਿਸ ਤੋਂ ਭੱਜ ਕੇ ਫਰਾਂਸ ਦੇ ਹੋਰ ਸ਼ਹਿਰ ਬ੍ਰਸਲਜ਼ ਦੇ ਮਹਿਲਾਂ ਵਿਚ ਜਾ ਲੁਕੀ।
18 ਮਾਰਚ ਨੂੰ ਹੀ ਐਲਾਨ ਕਰ ਦਿੱਤਾ ਗਿਆ ਕਿ 26 ਮਾਰਚ ਨੂੰ ਮਜ਼ਦੂਰਾਂ ਦੀ ਸਰਕਾਰ ਦੀ ਚੋਣ ਹੋਵੇਗੀ। ਸਰਵਜਨਕ ਮਤ ਅਧਿਕਾਰ ਦੇ ਆਧਾਰ 'ਤੇ ਇਹ ਚੋਣ ਹੋਈ। 28 ਮਾਰਚ ਨੂੰ ਪੈਰਿਸ ਦੇ ਟਾਊਨ ਹਾਲ ਦੇ ਸਾਹਮਣੇ ਹੋਏ ਵਿਸ਼ਾਲ ਜਨਤਕ ਇਕੱਠ ਵਿਚ ਚੋਣ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਸੰਸਾਰ ਇਤਿਹਾਸ ਵਿਚ ਪਹਿਲੀ ਵਾਰ ਮਜ਼ਦੂਰ ਜਮਾਤ ਦੀ ਚੁਣੀ ਹੋਈ ਸਰਕਾਰ ਦੀ ਸਥਾਪਨਾ ਹੋਈ। ਇਹ ਸਰਕਾਰ ਪੂੰਜੀਵਾਦੀ ਸਟੇਟ ਦੀ ਨੌਕਰਸ਼ਾਹੀ ਨੂੰ ਪੂਰੀ ਤਰ੍ਹਾਂ ਭੰਗ ਕਰਕੇ ਹੋਂਦ ਵਿਚ ਆਈ। ਇਸ ਸਰਕਾਰ ਅਰਥਾਤ ਪੈਰਿਸ ਕਮਿਊਨ ਵਿਚ ਸ਼ਹਿਰ ਦੇ ਸਾਰੇ ਵਾਰਡਾਂ ਵਿਚੋਂ ਹਰ ਪ੍ਰਕਾਰ ਦੇ ਮਜ਼ਦੂਰ, ਜਿਵੇਂ ਕਿ ਸਨਅਤੀ ਮਜ਼ਦੂਰ, ਮੋਚੀ, ਬੁਣਕਰ, ਨਾਈ, ਦਰਜੀ, ਪ੍ਰੈਸ ਮਜ਼ਦੂਰ ਆਦਿ ਕਮਿਊਨ ਦੇ ਮੈਂਬਰ ਚੁਣੇ ਗਏ। ਕਈ ਵਿਦੇਸ਼ੀ ਵੀ ਕਮਿਊਨ ਦੇ ਮੈਂਬਰ ਚੁਣੇ ਗਏ, ਕਿਉਂਕਿ ਕਮਿਊਨ ਦੀ ਵਿਚਾਰਧਾਰਾ ਅਨੁਸਾਰ ਸਾਰੇ ਦੇਸ਼ਾਂ ਦੇ ਮਜ਼ਦੂਰ ਭਾਈ-ਭਾਈ ਸਨ। ਕਮਿਊਨ ਨੇ ਐਲਾਨ ਕੀਤਾ ਕਿ ਕਮਿਊਨ ਦਾ ਝੰਡਾ ਸੰਸਾਰ ਗਣਰਾਜ ਦਾ ਝੰਡਾ ਹੈ। ਕਮਿਊਨ ਨੇ ਅੰਧ-ਰਾਸ਼ਟਰਵਾਦ, ਵਿਸਤਾਰਵਾਦ ਅਤੇ ਕੌਮਾਂ ਵਿਚਾਲੇ ਜੰਗਾਂ ਦੇ ਵਿਰੋਧ ਦਾ ਵਿਚਾਰ ਪ੍ਰਵਾਨ ਕੀਤਾ ਅਤੇ ਪੈਰਿਸ ਵਿਚ ਨੈਪੋਲੀਅਨ ਵੱਲੋਂ ਸਥਾਪਤ ਕੀਤੇ ਗਏ ਜਿੱਤ ਦੇ ਮਿਨਾਰ ਨੂੰ ਇਹ ਕਹਿ ਕੇ ਤੋੜ ਦਿੱਤਾ ਗਿਆ ਕਿ ਇਹ ਅੰਧ-ਰਾਸ਼ਟਰਵਾਦ, ਵਿਸਤਾਰਵਾਦ, ਸੈਨਾਵਾਦ ਅਤੇ ਕੌਮਾਂ ਵਿਚਾਲੇ ਜੰਗਾਂ ਦਾ ਪ੍ਰਤੀਕ ਸੀ। 6 ਅਪ੍ਰੈਲ ਨੂੰ ਪੈਰਿਸ ਦੇ ਬਦਨਾਮ ਗਿਲੋਟੀਨ ਨੂੰ ਬਾਹਰ ਕੱਢ ਕੇ ਜਨਤਕ ਤੌਰ 'ਤੇ ਅੱਗ ਲਾ ਕੇ ਫੂਕ ਦਿੱਤਾ ਗਿਆ, ਕਿਉਂਕਿ ਇਹ ਪੂੰਜੀਵਾਦੀ ਰਾਜ ਸੱਤਾ ਦੀ ਦਹਿਸ਼ਤ ਦਾ ਪ੍ਰਤੀਕ ਸੀ। ਪਿਛਲੇ 75 ਸਾਲਾਂ ਵਿਚ ਇਸ ਗਿਲੋਟੀਨ ਵੱਲੋਂ ਸੈਂਕੜੇ ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ।
ਕਮਿਊਨ ਨੇ ਸੱਤਾ ਸੰਭਾਲਦਿਆਂ ਸਾਰ ਹੀ ਪੁਰਾਣੀ ਪੁਲਿਸ ਅਤੇ ਫੌਜ ਦੇ ਵਿਭਾਗਾਂ ਨੂੰ ਭੰਗ ਕਰ ਦਿੱਤਾ ਅਤੇ ਪੂਰੀ ਕਿਰਤੀ ਜਨਤਾ ਨੂੰ ਹਥਿਆਰਬੰਦ ਕਰਨ ਦਾ ਫੈਸਲਾ ਕੀਤਾ। ਦੋ ਦਿਨ ਬਾਅਦ ਪੁਰਾਣੀ ਸਰਕਾਰ ਦੇ ਸਾਰੇ ਬਦਨਾਮ ਕਾਨੂੰਨ ਰੱਦ ਕਰ ਦਿੱਤੇ ਗਏ। ਅਕਤੂਬਰ 1870 ਤੋਂ ਲੈ ਕੇ ਅਪ੍ਰੈਲ 1871 ਤੱਕ ਦਾ ਸਾਰਾ ਲਗਾਨ ਮੁਆਫ਼ ਕਰ ਦਿੱਤਾ ਗਿਆ। ਲੋਕਾਂ ਦੀਆਂ ਗਹਿਣੇ ਰੱਖੀਆਂ ਵਸਤੂਆਂ ਦੀ ਨਿਲਾਮੀ ਬੰਦ ਕਰ ਦਿੱਤੀ ਗਈ। ਸੂਦਖੋਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ।
6 ਅਪ੍ਰੈਲ ਨੂੰ ਪਾਸ ਕੀਤੇ ਗਏ ਇਕ ਮਤੇ ਅਨੁਸਾਰ ḔḔਨੈਸ਼ਨਲ ਗਾਰਡਜ਼'' ਦੇ ਜਨਰਲ ਦੀ ਪਦਵੀ ਨੂੰ ਖਤਮ ਕਰਨ ਦਾ ਫੈਸਲਾ ਕਰ ਦਿੱਤਾ ਗਿਆ, ਕਿਉਂਕਿ ਕਮਿਊਨ ਦੀ ਸੋਚ ਅਨੁਸਾਰ ਜਨਰਲ ਦਾ ਅਹੁਦਾ ਜਮਹੂਰੀ ਸੰਗਠਨ ਦੇ ਅਸੂਲਾਂ ਅਨੁਸਾਰ ਗੈਰ-ਜਮਹੂਰੀ ਸੀ। 16 ਅਪ੍ਰੈਲ ਨੂੰ ਕਮਿਊਨ ਨੇ ਉਨ੍ਹਾਂ ਸਾਰੇ ਕਾਰਖਾਨਿਆਂ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਬੰਦ ਕਰਕੇ ਉਨ੍ਹਾਂ ਦੇ ਮਾਲਕ ਭੱਜ ਗਏ ਸਨ। ਇਨ੍ਹਾਂ ਦੇ ਮਜ਼ਦੂਰਾਂ ਨੂੰ ਕੋਆਪਰੇਟਿਵ ਪ੍ਰਬੰਧਕੀ ਅਦਾਰੇ ਬਣਾਉਣ ਦੀਆਂ ਸਲਾਹਾਂ ਦਿੱਤੀਆਂ ਗਈਆਂ। ਸਿੱਖਿਅਤ ਅਤੇ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਮੁਫ਼ਤ ਕਰ ਦਿੱਤੀਆਂ ਗਈਆਂ।
ਕਮਿਊਨ ਨੇ ਇਕ ਹੋਰ ਮਹੱਤਵਪੂਰਨ ਫੈਸਲੇ ਰਾਹੀਂ ਅਸਲੀ ਧਰਮ-ਨਿਰਪੱਖ ਜਮਹੂਰੀਅਤ ਨੂੰ ਅਮਲੀ ਰੂਪ ਦਿੰਦੇ ਹੋਏ ਐਲਾਨ ਕੀਤਾ ਕਿ ਧਰਮ ਹਰ ਵਿਅਕਤੀ ਦਾ ਵਿਅਕਤੀਗਤ ਮਾਮਲਾ ਹੈ। ਰਾਜ ਜਾਂ ਸਰਕਾਰ ਨੂੰ ਧਰਮ ਨਾਲੋਂ ਵੱਖ ਰੱਖਿਆ ਜਾਵੇਗਾ ਅਤੇ ਚਰਚ ਨੂੰ ਸੱਤਾ ਨਾਲੋਂ ਵੱਖ ਕਰ ਦਿੱਤਾ ਗਿਆ। ਵਿੱਦਿਅਕ ਸੰਸਥਾਵਾਂ ਵਿਚ ਧਾਰਮਿਕ ਪੂਜਾ, ਪ੍ਰਾਥਨਾਵਾਂ ਆਦਿ 'ਤੇ ਪਾਬੰਦੀ ਲਾ ਦਿੱਤੀ ਗਈ।
ਸੰਸਾਰ ਦੀ ਪਹਿਲੀ ਮਜ਼ਦੂਰ ਸਰਕਾਰ ਨੇ ਹੋਰ ਵੀ ਅਨੇਕਾਂ ਇਤਿਹਾਸਕ ਮਹੱਤਤਾ ਵਾਲੇ ਫੈਸਲੇ ਕੀਤੇ, ਪਰ ਸਭ ਤੋਂ ਵੱਧ ਮਹੱਤਵਪੂਰਨ ਫੈਸਲਾ ਇਹ ਕੀਤਾ ਕਿ ਸਰਕਾਰ ਵਿਚ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਅਤੇ ਜ਼ਿੰਮੇਵਾਰੀ 'ਤੇ ਕੰਮ ਕਰ ਰਹੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀਆਂ ਅਤੇ ਅਧਿਕਾਰੀਆਂ ਲਈ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਣਗੇ। ਕਿਸੇ ਵੱਡੇ ਤੋਂ ਵੱਡੇ ਅਧਿਕਾਰੀ ਨੂੰ ਵੀ 6 ਹਜ਼ਾਰ ਫਰੈਂਕ ਸਾਲਾਨਾ ਤੋਂ ਵੱਧ ਤਨਖਾਹ ਨਹੀਂ ਮਿਲੇਗੀ। ਇਹ ਤਨਖਾਹ ਫਰਾਂਸ ਦੇ ਇਕ ਟਰੇਂਡ ਮਜ਼ਦੂਰ ਦੀ ਸਾਲਾਨਾ ਤਨਖਾਹ ਦੇ ਬਰਾਬਰ ਸੀ। ਸਰਕਾਰ ਦੇ ਅਧਿਕਾਰੀਆਂ ਵੱਲੋਂ ਇਕ ਤੋਂ ਵੱਧ ਅਹੁਦਿਆਂ ਅਤੇ ਜ਼ਿੰਮੇਵਾਰੀਆਂ 'ਤੇ ਕੰਮ ਕਰਨ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਵਾਧੂ ਕੰਮ ਕਰਨ ਬਦਲੇ ਕੋਈ ਵਾਧੂ ਤਨਖਾਹ ਜਾਂ ਭੱਤਾ ਨਹੀਂ ਮਿਲੇਗਾ। ਵੱਧ ਕੰਮ ਕਰਨਾ ਉਨ੍ਹਾਂ ਦਾ ਜ਼ਰੂਰੀ ਕਰਤੱਵ ਹੋਵੇਗਾ। ਕਮਿਊਨ ਦੇ ਮੈਂਬਰਾਂ ਨੇ ਇਨ੍ਹਾਂ ਫੈਸਲਿਆਂ 'ਤੇ ਅਮਲ ਕਰਨ ਲਈ ਖੁਦ ਉਦਾਹਰਨਾਂ ਵਜੋਂ ਕੰਮ ਕੀਤਾ। ਕਈ ਮੈਂਬਰਾਂ ਨੇ ਤਾਂ ਆਪਣੀਆਂ ਮਨਜ਼ੂਰ-ਸ਼ੁਦਾ ਤਨਖਾਹਾਂ ਅਤੇ ਭੱਤਿਆਂ ਨੂੰ ਵੀ ਛੱਡ ਦਿੱਤਾ। ਇਸ ਪ੍ਰਕਾਰ ਕਮਿਊਨ ਦੇ ਇਨਕਲਾਬੀਆਂ ਨੇ ਸਰਕਾਰਾਂ ਚਲਾਉਣ ਦੇ ਇਕ ਬਹੁਤ ਹੀ ḔḔਵਿਸ਼ੇਸ਼, ਕਠਿਨ ਅਤੇ ਰਹੱਸਮਈ'' ਕੰਮ ਨੂੰ ਇਕ ਟਰੇਂਡ ਮਜ਼ਦੂਰ ਦੇ ਕਰਤੱਵ ਦੇ ਬਰਾਬਰ ਕਰ ਦਿੱਤਾ। ਘੱਟੋ-ਘੱਟ ਤਨਖਾਹ 800 ਫਰੈਂਕ ਸਾਲਾਨਾ ਤੋਂ ਵਧਾ ਕੇ 1200 ਫਰੈਂਕ ਸਾਲਾਨਾ ਕਰ ਦਿੱਤੀ ਗਈ। ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੀਆਂ ਸਾਰੀਆਂ ਕਟੌਤੀਆਂ ਅਤੇ ਆਰਥਿਕ ਸਜ਼ਾਵਾਂ 'ਤੇ ਰੋਕਾਂ ਲਾ ਦਿੱਤੀਆਂ ਗਈਆਂ।
ਕਮਿਊਨ ਦੇ ਇਹ ਫੈਸਲੇ ਅਭੂਤਪੂਰਵ ਸਨ। ਇਤਿਹਾਸ ਵਿਚ ਇਹ ਨਿਰੋਲ ਨਵੀਂ ਕਿਸਮ ਦੇ ਫੈਸਲੇ ਸਨ। ਇਨ੍ਹਾਂ ਫੈਸਲਿਆਂ ਨੇ ḔḔਸਸਤੀ ਸਰਕਾਰ'' ਦੇ ਆਦਰਸ਼ਕ ਨਾਅਰੇ ਨੂੰ ਸੱਚੇ ਅਰਥਾਂ ਵਿਚ ਯਥਾਰਥ ਵਿਚ ਬਦਲ ਦਿੱਤਾ। ਅੰਧ-ਰਾਸ਼ਟਰਵਾਦ, ਵਿਸਤਾਰਵਾਦ ਅਤੇ ਕੌਮਾਂ ਵਿਚਕਾਰ ਜੰਗਾਂ ਦੇ ਵਿਚਾਰਾਂ ਦੇ ਖੰਡਨ, ਧਰਮ ਨੂੰ ਰਾਜ ਅਤੇ ਵਿੱਦਿਆ ਦੇ ਕੰਮਾਂ ਤੋਂ ਵੱਖ ਕਰ ਦੇਣਾ, ਮੁਫ਼ਤ ਅਤੇ ਸਰਵਜਨਕ ਸਿਹਤ ਅਤੇ ਸਿੱਖਿਆ ਸਹੂਲਤਾਂ, ਪੂੰਜੀਵਾਦੀ ਰਾਜ ਸੱਤਾ ਦੀ ਦਹਿਸ਼ਤ ਦੇ ਪ੍ਰਤੀਕਾਂ ਦਾ ਖਾਤਮਾ-ਇਨ੍ਹਾਂ ਸਾਰੇ ਅਮਰ ਵਿਚਾਰਾਂ ਅਤੇ ਅਮਲਾਂ ਨੇ ਇਨ੍ਹਾਂ ਦੀ ਸਾਰਥਕਤਾ ਨੂੰ ਮਜ਼ਦੂਰ ਜਮਾਤ ਦੇ ਪੱਕੇ ਸਿਧਾਂਤਾਂ ਦੇ ਤੌਰ 'ਤੇ ਸਥਾਪਤ ਕਰ ਦਿੱਤਾ।
ਕਮਿਊਨ ਦੀ ਸਰਕਾਰ ਦੇ ਸਾਰੇ ਦਿਨਾਂ ਦੌਰਾਨ ਰੋਜ਼ ਜਨਤਕ ਮੀਟਿੰਗਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਹਰ ਰੋਜ਼ ਵੀਹ ਹਜ਼ਾਰ ਤੋਂ ਵੱਧ ਲੋਕ ਹਿੱਸਾ ਲੈਂਦੇ ਸਨ। ਇਨ੍ਹਾਂ ਵਿਚ ਹਰ ਪ੍ਰਕਾਰ ਦੀਆਂ ਵਿਚਾਰਾਂ ਹੁੰਦੀਆਂ ਹਨ। ਲੋਕਾਂ ਦੇ ਵਿਚਾਰਾਂ ਨੂੰ ਪੂਰਨ ਮਹੱਤਤਾ ਦਿੱਤੀ ਜਾਂਦੀ ਸੀ। ਕਮਿਊਨ ਦੇ ਬਹੁਤੇ ਫੈਸਲੇ, ਜਿਵੇਂ ਕਿ ਉੱਚੀਆਂ ਤਨਖਾਹਾਂ ਦਾ ਖਾਤਮਾ, ਲਗਾਨ ਦੇ ਬਕਾਇਆਂ ਦਾ ਖਾਤਮਾ, ਧਰਮ-ਨਿਰਪੱਖ ਸਿੱਖਿਆ ਪ੍ਰਬੰਧ, ਬਰੈੱਡ ਬਣਾਉਣ ਵਾਲਿਆਂ ਲਈ ਰਾਤ ਦੇ ਕੰਮ 'ਤੇ ਪਾਬੰਦੀ ਆਦਿ ਲੋਕ ਸਮੂਹਾਂ ਦੇ ਮਤਿਆਂ 'ਤੇ ਆਧਾਰਤ ਸਨ। ਲੋਕ ਕਮਿਊਨ ਦੇ ਮੈਂਬਰਾਂ ਦੀ ਆਲੋਚਨਾ ਵੀ ਕਰਦੇ ਸਨ।
ਪਰ ਇਤਿਹਾਸਕ ਫੈਸਲਿਆਂ ਅਤੇ ਕੰਮਾਂ ਦੇ ਨਾਲ-ਨਾਲ ਕਮਿਊਨ ਵਾਲਿਆਂ ਨੇ ਇਤਿਹਾਸਕ ਭੁੱਲਾਂ ਵੀ ਕੀਤੀਆਂ। ਇਨ੍ਹਾਂ ਭੁੱਲਾਂ ਦੀ ਜੜ ਉਨ੍ਹਾਂ ਇਤਿਹਾਸਕ ਪ੍ਰਸਥਿਤੀਆਂ ਵਿਚ ਸੀ ਕਿ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਮਾਰਕਸਵਾਦ ਅਜੇ ਫਰਾਂਸ ਵਿਚ ਸਥਾਪਤ ਨਹੀਂ ਹੋ ਸਕੀ ਸੀ। ḔḔਕਮਿਊਨਿਟ ਮੈਨੀਫੈਸਟੋ'', ḔḔਫਰਾਂਸ ਵਿਚ ਜਮਾਤੀ ਸੰਘਰਸ਼'', ḔḔਪੂੰਜੀ'' ਆਦਿ ਕਾਰਲ ਮਾਰਕਸ ਦੀਆਂ ਰਚਨਾਵਾਂ ਅਜੇ ਫਰਾਂਸੀਸੀ ਭਾਸ਼ਾ ਵਿਚ ਛਪੀਆਂ ਤੱਕ ਨਹੀਂ ਸਨ। ਮਾਰਕਸਵਾਦ 'ਤੇ ਆਧਾਰਤ ਕਮਿਊਨਿਸਟ ਪਾਰਟੀ ਪੈਰਿਸ ਕਮਿਊਨ ਦੀ ਅਗਵਾਈ ਕਰਨ ਲਈ ਹੋਂਦ 'ਚ ਨਹੀਂ ਸੀ। ਕਮਿਊਨ ਦੇ ਆਗੂਆਂ ਵਿਚੋਂ ਬਹੁਤੇ ਬਲਾਕਵਾਦੀ ਜਾਂ ਪਰੂਧੋਵਾਦੀ ਅਨਾਰਕਿਸਟ ਸਨ, ਜੋ ਮਾਰਕਸਵਾਦ ਤੋਂ ਜਾਣੂ ਨਹੀਂ ਸਨ। ਮਾਰਕਸ ਪਹਿਲੀ ਇੰਟਰਨੈਸ਼ਨਲ ਦੀ ਫਰਾਂਸ ਸ਼ਾਖਾ ਅਤੇ ਆਪਣੇ ਹੋਰ ਸੰਪਰਕਾਂ ਰਾਹੀਂ ਕਮਿਊਨ ਨੂੰ ਲਗਾਤਾਰ ਆਪਣੇ ਕੀਮਤੀ ਸੁਝਾਅ ਭੇਜ ਰਹੇ ਸਨ। ਮਾਰਕਸ ਨੇ ਕਮਿਊਨ ਦੇ ਪ੍ਰਮੁੱਖ ਆਗੂਆਂ ਫਰਾਂਕੇਲ ਅਤੇ ਵਾਲਿਯਾਂ ਨੂੰ ਸੁਚੇਤ ਕੀਤਾ ਕਿ ਪੈਰਿਸ 'ਤੇ ਹਮਲਾ ਕਰਨ ਲਈ ਥੀਯੇ ਸਰਕਾਰ ਅਤੇ ਪ੍ਰਸ਼ੀਆ ਵਿਚਾਲੇ ਸਮਝੌਤਾ ਹੋ ਸਕਦਾ ਹੈ। ਇਸ ਲਈ ਕਮਿਊਨ ਦੀ ਜਿੱਤ ਨੂੰ ਪੱਕਾ ਕਰਨ ਲਈ ਜ਼ਰੂਰੀ ਹੈ ਕਿ ਕਮਿਊਨ ਦੇ ਮਜ਼ਦੂਰਾਂ ਦੀ ਫੌਜ ਪੈਰਿਸ ਵਿਚ ਉਲਟ ਇਨਕਲਾਬ ਦੀ ਹਰ ਕੋਸ਼ਿਸ਼ ਨੂੰ ਕੁਚਲ ਕੇ ਬ੍ਰਸਲਜ਼ ਵੱਲ ਨੂੰ ਕੂਚ ਕਰਕੇ ਥੀਯੇ ਸਰਕਾਰ 'ਤੇ ਹਮਲਾ ਕਰੇ ਤਾਂ ਜੋ ਮਜ਼ਦੂਰ ਇਨਕਲਾਬ ਨੂੰ ਪੂਰੇ ਦੇਸ਼ ਵਿਚ ਫੈਲਾਇਆ ਜਾ ਸਕੇ। ਉਨ੍ਹਾਂ ਸੁਝਾਅ ਦਿੱਤਾ ਕਿ ਪ੍ਰਸ਼ੀਅਨ ਫੌਜਾਂ ਨੂੰ ਪਿੱਛੇ ਧੱਕਣ ਲਈ ਮੇਂਤਮਾਰਤਰ ਦੀ ਉੱਤਰੀ ਬਾਹੀ ਦੀ ਨਾਕੇਬੰਦੀ ਕਰ ਲੈਣੀ ਚਾਹੀਦੀ ਹੈ। ਮਾਰਕਸ ਨੇ ਕਮਿਊਨ ਵਾਲਿਆਂ ਨੂੰ ਲਿਖਿਆ ਕਿ ਪਿਛਾਖੜ ਦੀ ਗੁਫਾ (ਬ੍ਰਸਲਜ਼) ਨੂੰ ਤਬਾਹ ਕਰ ਦਿਓ, ਫਰਾਂਸੀਸੀ ਕੌਮੀ ਬੈਂਕ ਦੇ ਖਜ਼ਾਨੇ ਜ਼ਬਤ ਕਰ ਲਓ ਅਤੇ ਇਨਕਲਾਬੀ ਪੈਰਿਸ ਵਾਸਤੇ ਪ੍ਰਾਂਤਾਂ ਦਾ ਸਮਰਥਨ ਹਾਸਲ ਕਰੋ।
ਪੈਰਿਸ ਕਮਿਊਨ ਆਪਣੇ ਜਨਮ ਤੋਂ ਹੀ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ। ਕਮਿਊਨ ਨੂੰ ਕੁਚਲਣ ਵਾਸਤੇ ਫਰਾਂਸ, ਪ੍ਰਸ਼ੀਆ ਅਤੇ ਸਾਰੇ ਯੂਰਪ ਦੀਆਂ ਪਿਛਾਖੜੀ ਸ਼ਕਤੀਆਂ ਇਕਜੁੱਟ ਹੋ ਰਹੀਆਂ ਸਨ, ਪਰ ਕਮਿਊਨ ਦੇ ਆਗੂ ਇਨ੍ਹਾਂ ਪ੍ਰਸਥਿਤੀਆਂ ਨੂੰ ਸਮਝ ਨਾ ਸਕੇ। ਉਹ ਦੁਸ਼ਮਣ ਦੀਆਂ ਸ਼ਾਂਤੀ-ਵਾਰਤਾਵਾਂ ਦੇ ਧੋਖੇ ਦਾ ਸ਼ਿਕਾਰ ਹੋ ਗਏ। ਉਹ ਆਪਣੀਆਂ ਸੋਚਾਂ ਦੀਆਂ ਸੀਮਤਾਈਆਂ ਕਾਰਨ ਮਾਰਕਸ ਦੇ ਵਿਚਾਰਾਂ ਅਤੇ ਸੁਝਾਵਾਂ ਵੱਲ ਧਿਆਨ ਨਾ ਦੇ ਸਕੇ। ਜਦੋਂ ਬ੍ਰਸਲਜ਼ ਆਪਣੇ ਛੁਰੇ ਤਿੱਖੇ ਕਰ ਰਿਹਾ ਸੀ ਤਾਂ ਪੈਰਿਸ ਉਸ ਸਮੇਂ ਚੋਣਾਂ ਕਰਵਾ ਰਿਹਾ ਸੀ। ਜਦੋਂ ਬ੍ਰਸਲਜ਼ ਜੰਗ ਦੀ ਤਿਆਰੀ ਕਰ ਰਿਹਾ ਸੀ ਤਾਂ ਪੈਰਿਸ ਵਾਰਤਾਵਾਂ ਕਰ ਰਿਹਾ ਸੀ। ਇਸ ਸਮੇਂ ਦੌਰਾਨ ਦੁਸ਼ਮਣ ਨੇ ਜੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ।
ਮਈ ਚੜ੍ਹਦਿਆਂ ਹੀ ਥੀਯੇ ਦੀਆਂ ਫੌਜਾਂ ਨੇ ਪੈਰਿਸ ਵੱਲ ਨੂੰ ਕੂਚ ਸ਼ੁਰੂ ਕਰ ਦਿੱਤਾ। ਇਸ ਸਮੇਂ ਪ੍ਰਸ਼ੀਆ ਨੇ ਫਰਾਂਸ ਦੇ ਬੰਦੀ ਬਣਾਏ ਹੋਏ ਵੀਹ ਹਜ਼ਾਰ ਫੌਜੀਆਂ ਨੂੰ ਰਿਹਾਅ ਕਰਕੇ ਥੀਯੇ ਦੀ ਮਦਦ ਕੀਤੀ। ਪ੍ਰਸ਼ੀਆ ਦੀ ਫੌਜ ਨੇ ਵੀ ਥੀਯੇ ਦੀ ਮਦਦ ਕੀਤੀ। 21 ਮਈ 1871 ਵਾਲੇ ਦਿਨ ਇਹ ਉਲਟ ਇਨਕਲਾਬੀ ਫੌਜਾਂ ਪੈਰਿਸ ਵਿਚ ਦਾਖਲ ਹੋ ਗਈਆਂ ਅਤੇ ਖੂਨ ਦੀਆਂ ਨਦੀਆਂ ਵਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕਮਿਊਨ ਦੇ ਬਹਾਦਰ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ। ਸੜਕਾਂ, ਚੌਕਾਂ, ਮਜ਼ਦੂਰ ਬਸਤੀਆਂ ਵਿਚ ਜ਼ਬਰਦਸਤ ਯੁੱਧ ਹੋਇਆ। ਅੱਠ ਦਿਨ ਦੇ ਬਹਾਦਰਾਨਾ ਯੁੱਧ ਤੋਂ ਬਾਅਦ ਪੈਰਿਸ ਦੇ ਇਨਕਲਾਬੀ ਯੋਧੇ ਹਾਰ ਗਏ। ਲੋਕਾਂ ਨੂੰ ਲਾਈਨਾਂ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਉਡਾਇਆ ਜਾਣ ਲੱਗਾ। ਚਰਚਾਂ ਵਿਚ ਪਨਾਹ ਲੈ ਕੇ ਬੈਠੇ, ਹਸਪਤਾਲਾਂ ਵਿਚ ਪਏ ਜ਼ਖ਼ਮੀਆਂ ਅਤੇ ਗ੍ਰਿਫਤਾਰ ਕੀਤਿਆਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਜ਼ੁਰਗਾਂ ਨੂੰ ਇਹ ਕਹਿ ਕੇ ਗੋਲੀਆਂ ਮਾਰੀਆਂ ਗਈਆਂ ਕਿ ḔḔਇਨ੍ਹਾਂ ਨੇ ਵਾਰ-ਵਾਰ ਬਗਾਵਤਾਂ ਕੀਤੀਆਂ ਹਨ।'' ਔਰਤਾਂ ਨੂੰ ਇਹ ਕਹਿ ਕੇ ਗੋਲੀਆਂ ਨਾਲ ਉਡਾਇਆ ਜਾਂਦਾ ਕਿ ḔḔਇਹ ਅਗਨੀ ਬੰਬ ਹਨ ਅਤੇ ਇਹ ਸਿਰਫ਼ ਮਰਨ ਤੋਂ ਬਾਅਦ ਹੀ ਔਰਤਾਂ ਲੱਗਦੀਆਂ ਹਨ।'' ਬੱਚਿਆਂ ਨੂੰ ਇਹ ਕਹਿ ਕੇ ਭੁੰਨਿਆ ਗਿਆ ਕਿ ḔḔਇਹ ਵੱਡੇ ਹੋ ਕੇ ਬਗਾਵਤਾਂ ਕਰਨਗੇ।'' ਲੋਕਾਂ ਦਾ ਇਹ ਕਤਲੇਆਮ ਜੂਨ ਦਾ ਪੂਰਾ ਮਹੀਨਾ ਚੱਲਦਾ ਰਿਹਾ। ਪੈਰਿਸ ਲਾਸ਼ਾਂ ਦਾ ਢੇਰ ਬਣ ਗਿਆ। ਤੀਹ ਹਜ਼ਾਰ ਤੋਂ ਵੱਧ ਇਨਕਲਾਬੀ ਯੋਧਿਆਂ ਨੇ ਇਨਕਲਾਬ ਦੀ ਰਾਖੀ ਲਈ ਪ੍ਰਾਣਾਂ ਦੀ ਆਹੂਤੀ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਪ੍ਰਕਾਰ ਸੰਸਾਰ ਇਤਿਹਾਸ ਦੇ ਪਹਿਲੇ ਮਜ਼ਦੂਰ ਇਨਕਲਾਬ ਪੈਰਿਸ ਕਮਿਊਨ ਨੂੰ ਖੂਨ ਦੇ ਸਮੁੰਦਰ ਵਿਚ ਡੋਬ ਕੇ ਕੁਚਲ ਦਿੱਤਾ ਗਿਆ। ਇਕ ਲੱਖ ਤੋਂ ਵੱਧ ਲੋਕ ਕੈਦੀ ਬਣਾ ਲਏ ਅਤੇ ਜਲਾਵਤਨ ਕਰ ਦਿੱਤੇ ਗਏ। ਇਸ ਤਰ੍ਹਾਂ ਸੰਸਾਰ ਇਤਿਹਾਸ ਦਾ ਪਹਿਲਾ ਮਜ਼ਦੂਰ ਇਨਕਲਾਬ ਭਾਵੇਂ ਸਿਰਫ਼ 72 ਦਿਨ ਹੀ ਜਾਰੀ ਰਹਿ ਸਕਿਆ, ਪਰ ਇਸ ਦੇ ਸ਼ਹੀਦਾਂ ਨੇ ਆਪਣੇ ਪਵਿੱਤਰ ਖੂਨ ਸੰਗ ਅਮਿੱਟ ਤੇ ਅਮਰ ਇਤਿਹਾਸ ਸਿਰਜਿਆ, ਆਉਣ ਵਾਲੇ ਕਿਰਤੀ ਇਨਕਲਾਬਾਂ ਲਈ ਰਾਹ ਬਣਾਏ, ਲਹੂ ਦੀ ਲੋਅ ਨਾਲ ਇਨ੍ਹਾਂ ਨੂੰ ਰੁਸ਼ਨਾਇਆ ਅਤੇ ਇਤਿਹਾਸ ਨੂੰ ਬਹੁਮੁੱਲੀਆਂ ਸਿੱਖਿਆਵਾਂ ਨਾਲ ਅਮੀਰ ਬਣਾਇਆ।
ਮਿਹਨਤਕਸ਼ ਲੋਕਾਂ ਦੀਆਂ ਸਰਕਾਰਾਂ ਸਥਾਪਤ ਹੋਣ ਤੋਂ ਬਾਅਦ ਇਨ੍ਹਾਂ ਨੂੰ ਜਾਰੀ ਰੱਖਣ ਅਤੇ ਅੱਗੇ ਵਧਾਉਣ ਲਈ ਪੈਰਿਸ ਕਮਿਊਨ ਦੇ ਤਜਰਬੇ ਦਾ ਡੂੰਘਾ ਅਧਿਐਨ ਕਰਦਿਆਂ ਮਹਾਨ ਮਾਰਕਸ ਨੇ ਸੰਸਾਰ ਦੀ ਮਜ਼ਦੂਰ ਜਮਾਤ ਨੂੰ ਸਿੱਖਿਆ ਦਿੱਤੀ ਕਿ ਮਜ਼ਦੂਰ ਜਮਾਤ ਰਾਜ ਦੀ ਪਹਿਲਾਂ ਬਣੀ ਮਸ਼ੀਨਰੀ ਨੂੰ ਉਵੇਂ ਦੀ ਉਵੇਂ ਹੀ ਹੱਥ 'ਚ ਲੈ ਕੇ ਆਪਣੇ ਉਦੇਸ਼ਾਂ ਦੀ ਪੂਰਤੀ ਨਹੀਂ ਕਰ ਸਕਦੀ। ਇਸ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਵਾਲੀ ਨਵੀਂ ਰਾਜ ਮਸ਼ੀਨਰੀ ਸਥਾਪਤ ਕਰਨੀ ਹੋਵੇਗੀ। ਲੈਨਿਨ ਨੇ ਲਿਖਿਆ ਕਿ ਪੈਰਿਸ ਕਮਿਊਨ ਨੇ ਪੁਰਾਣੀ ਰਾਜ ਮਸ਼ੀਨਰੀ ਨੂੰ ਨਸ਼ਟ ਕਰਨ ਦੇ ਰਾਹ 'ਤੇ ਪਹਿਲਾ ਇਤਿਹਾਸਕ ਕਦਮ ਰੱਖਿਆ ਅਤੇ ਸੋਵੀਅਤ ਸਰਕਾਰ ਨੇ ਦੂਸਰਾ। ਕਮਿਊਨ ਦੇ ਜਾਰੀ ਰਹਿੰਦਿਆਂ ਹੀ ਮਾਰਕਸ ਨੇ ਲਿਖਿਆ ਕਿ ḔḔਜੇਕਰ ਕਮਿਊਨ ਨੂੰ ਕੁਚਲ ਵੀ ਦਿੱਤਾ ਗਿਆ ਤਾਂ ਵੀ ਸੰਘਰਸ਼ ਕੇਵਲ ਮੁਲਤਵੀ ਹੋਵੇਗਾ, ਕਮਿਊਨ ਦੇ ਸਿਧਾਂਤ ਅਮਿੱਟ ਅਤੇ ਅਮਰ ਹਨ।'' ਕਮਿਊਨ ਦੀ ਮਹੱਤਤਾ ਬਾਰੇ ਮਾਰਕਸ ਨੇ ਲਿਖਿਆ ḔḔ18 ਮਾਰਚ ਦਾ ਗੌਰਵਮਈ ਸੰਘਰਸ਼ ਮਨੁੱਖ-ਜਾਤੀ ਨੂੰ ਜਮਾਤੀ ਹਕੂਮਤ ਤੋਂ ਸਦਾ ਲਈ ਆਜ਼ਾਦ ਕਰਵਾਉਣ ਵਾਲੇ ਮਹਾਨ ਸਮਾਜਿਕ ਇਨਕਲਾਬ ਦੀ ਸਵੇਰ ਹੈ।'' ਮਾਰਕਸ ਨੇ ਹੋਰ ਲਿਖਿਆ ḔḔਮਜ਼ਦੂਰਾਂ ਦੇ ਪੈਰਿਸ ਅਤੇ ਉਸ ਦੇ ਕਮਿਊਨ ਨੂੰ ਨਵੇਂ ਸਮਾਜ ਦੇ ਗੌਰਵਮਈ ਭਵਿੱਖ ਦੂਤ ਦੇ ਰੂਪ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੇ ਸ਼ਹੀਦਾਂ ਨੇ ਮਜ਼ਦੂਰ ਜਮਾਤ ਦੇ ਮਹਾਨ ਹਿਰਦੇ ਵਿਚ ਆਪਣਾ ਪੱਕਾ ਸਥਾਨ ਬਣਾ ਲਿਆ ਹੈ।''
ਇਨ੍ਹਾਂ ਫੈਸਲਿਆਂ ਨਾਲ ਰਾਜ ਚਲਾਉਣ ਵਾਲਿਆਂ ਵਿਚ ਆਰਥਿਕ, ਸਮਾਜਿਕ ਅਤੇ ਨੈਤਿਕ ਤੌਰ 'ਤੇ ਗਿਰਾਵਟ ਪੈਦਾ ਹੋਣ ਦੀਆਂ ਪ੍ਰਸਥਿਤੀਆਂ 'ਤੇ ਰੋਕ ਲੱਗਣ ਦੀਆਂ ਜ਼ੋਰਦਾਰ ਸੰਭਾਵਨਾਵਾਂ ਦਾ ਨਿਰਮਾਣ ਕਰ ਦਿੱਤਾ ਗਿਆ। ਲੈਨਿਨ ਅਨੁਸਾਰ ਉਪਰੋਕਤ ਸਾਰੇ ਫੈਸਲੇ ਮਾਲਕ ਜਮਾਤਾਂ ਜਾਂ ਬੁਰਜੂਆ ਮਾਪਦੰਡਾਂ ਦੇ ਮੁਕਾਬਲੇ 'ਤੇ ਮਜ਼ਦੂਰ ਜਮਾਤ ਦੇ ਮਾਪਦੰਡ ਅਤੇ ਆਦਰਸ਼ ਸਨ। ਐਂਗਲਜ਼ ਅਨੁਸਾਰ ਪੈਰਿਸ ਕਮਿਊਨ ਦੇ ਰਾਜ ਸਮੇਂ ਉਪਰੋਕਤ ਫੈਸਲਿਆਂ ਰਾਹੀਂ ਪ੍ਰਤੀਨਿਧ ਸੰਸਥਾਵਾਂ ਅਤੇ ਪ੍ਰਤੀਨਿਧਾਂ 'ਤੇ ਲਾਈਆਂ ਰੋਕਾਂ ਨਾਲ ਅਹੁਦਿਆਂ ਦੇ ਲਾਲਚ ਅਤੇ ਕੈਰੀਅਰਵਾਦ ਦੇ ਰਾਹ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਰੋਕ ਪੈਦਾ ਕਰ ਦਿੱਤੀ ਗਈ। ਇਨ੍ਹਾਂ ਫੈਸਲਿਆਂ ਨਾਲ ਨਿਘਾਰ ਪੈਦਾ ਹੋਣ ਦੇ ਰਾਹ ਵਿਚ ਖੜ੍ਹੀਆਂ ਕੀਤੀਆਂ ਗਈਆਂ ਰੋਕਾਂ ਅਤੇ ਬੰਦਸ਼ਾਂ ਕਾਰਨ ਹੀ ਐਂਗਲਜ਼ ਨੇ ਹੋਰ ਲਿਖਿਆ,"ਪੈਰਿਸ ਕਮਿਊਨ ਨੂੰ ਦੇਖੋ ਇਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸੀ।''
ਪੈਰਿਸ ਕਮਿਊਨ ਦੀ ਸਭ ਤੋਂ ਵੱਡੀ ਕਮਜ਼ੋਰੀ ਜਥੇਬੰਦਕ ਅਸੂਲਾਂ 'ਤੇ ਆਧਾਰਤ ਇਕ ਇਨਕਲਾਬੀ ਮਜ਼ਦੂਰ ਪਾਰਟੀ ਅਰਥਾਤ ਕਮਿਊਨਿਸਟ ਪਾਰਟੀ ਦੀ ਅਣਹੋਂਦ ਸੀ ਅਤੇ ਇਹ ਸਭ ਤੋਂ ਵੱਡੀ ਕਮਜ਼ੋਰੀ ਹੀ ਇਸ ਅਮਰ ਇਤਿਹਾਸ ਦਾ ਸਭ ਤੋਂ ਬੁਨਿਆਦੀ ਤੇ ਵੱਡਾ ਸਬਕ ਅਤੇ ਸਿੱਖਿਆ ਹੈ। ਇਸ ਅਮਰ ਇਤਿਹਾਸ ਦੇ ਅਮਰ ਤਜਰਬੇ 'ਚੋਂ ਹੀ ਪ੍ਰਾਪਤ ਕਰਕੇ ਮਾਰਕਸ, ਐਂਗਲਜ਼, ਲੈਨਿਨ, ਸਟਾਲਿਨ, ਮਾਓ-ਸੇ-ਤੁੰਗ ਨੇ ਸੰਸਾਰ ਦੀ ਮਜ਼ਦੂਰ ਜਮਾਤ ਨੂੰ ਵਿਚਾਰਾਂ ਅਤੇ ਅਮਲਾਂ ਰਾਹੀਂ ਇਹ ਸਿੱਖਿਆ ਦਿੱਤੀ ਕਿ ਸਮਾਜਵਾਦ ਦੀ ਸਥਾਪਨਾ ਕਰਨ ਦੇ ਰਾਹ 'ਤੇ ਅੱਗੇ ਵਧਣ ਵਾਲੇ ਮਜ਼ਦੂਰ ਇਨਕਲਾਬ ਦੀ ਸਫ਼ਲਤਾ ਲਈ ਅਤੇ ਅੱਗੇ ਵਧਣ ਲਈ ਇਸ ਇਨਕਲਾਬ ਦੀ ਅਗਵਾਈ ਕਰਨ ਲਈ ਇਕ ਕਮਿਊਨਿਸਟ ਪਾਰਟੀ ਦੀ ਹੋਂਦ ਇਕ ਬੁਨਿਆਦੀ ਸ਼ਰਤ ਅਤੇ ਜ਼ਰੂਰਤ ਹੈ। ਪਾਰਟੀ ਸਬੰਧੀ ਇਸ ਸਿੱਖਿਆ ਨੂੰ ਗ੍ਰਹਿਣ ਕਰਕੇ ਇਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਮਹਾਨ ਲੈਨਿਨ ਨੇ ਇਕ ਸਹੀ ਇਨਕਲਾਬੀ ਮਜ਼ਦੂਰ ਪਾਰਟੀ ਦਾ ਸਿਧਾਂਤ ਵਿਕਸਤ ਕੀਤਾ ਅਤੇ ਬਾਲਸ਼ਵਿਕ ਪਾਰਟੀ ਸਥਾਪਤ ਕਰਕੇ 1917 ਦੇ ਮਹਾਨ ਅਕਤੂਬਰ ਇਨਕਲਾਬ ਨੂੰ ਸੰਭਵ ਬਣਾਇਆ। ਚੀਨ, ਪੂਰਬੀ ਯੂਰਪ, ਵੀਅਤਨਾਮ, ਉੱਤਰੀ ਕੋਰੀਆ ਤੇ ਕਿਊਬਾ ਦੀਆਂ ਕ੍ਰਾਂਤੀਆਂ ਵੀ ਇਸੇ ਤਰ੍ਹਾਂ ਹੀ ਸੰਭਵ ਹੋਈਆਂ।
ਅੱਜ ਦੇ ਦੌਰ ਵਿਚ, ਜਦੋਂ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਦੇ ਇਨਕਲਾਬ ਢਹਿ-ਢੇਰੀ ਹੋ ਚੁੱਕੇ ਹਨ ਅਤੇ ਚੀਨ, ਵੀਅਤਨਾਮ, ਉੱਤਰੀ ਕੋਰੀਆ ਤੇ ਕਿਊਬਾ ਦੇ ਇਨਕਲਾਬ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਇਸ ਦੇ ਬਾਵਜੂਦ ਆਉਣ ਵਾਲੇ ਭਵਿੱਖ ਵਿਚ ਨਵੇਂ ਇਨਕਲਾਬਾਂ ਦਾ ਦੌਰ ਸ਼ੁਰੂ ਹੋਣਾ ਇਕ ਇਤਿਹਾਸਕ ਸੱਚਾਈ ਹੈ, ਤਾਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਸੰਸਾਰ ਦੀ ਮਜ਼ਦੂਰ ਲਹਿਰ ਪੈਰਿਸ ਕਮਿਊਨ ਦੇ ਲਹੂ ਸੰਗ ਸਿਰਜੇ ਗਏ ਅਮਰ ਇਤਿਹਾਸ ਤੋਂ ਹੋਰ ਵੀ ਵੱਧ ਪ੍ਰੇਰਨਾ ਅਤੇ ਸਿੱਖਿਆਵਾਂ ਗ੍ਰਹਿਣ ਕਰਕੇ ਇਤਿਹਾਸ ਨੂੰ ਅੱਗੇ ਵਧਾਵੇ।
ਮੋਬਾ : 94635-42023            
ਪੈਰਿਸ ਕਮਿਊਨ ਦਾ ਅਮਰ ਇਤਿਹਾਸ//ਲਹਿੰਬਰ ਸਿੰਘ ਤੱਗੜ


No comments: