Wednesday, May 01, 2013

ਬੇਹੋਸ਼ੀ ਦੀ ਹਾਲਤ 'ਚ ਲਗਵਾਏ ਗਏ ਸਰਬਜੀਤ ਕੋਲੋਂ ਅੰਗੂਠੇ ?

ਦਲਬੀਰ ਕੌਰ ਨੇ ਨਹੀਂ ਦਿੱਤੀ ਵੈੰਟੀਲੇਟਰ ਹਟਾਏ ਜਾਣ ਦੀ ਇਜ਼ਾਜ਼ਤ
ਜਗ ਬਾਣੀ ਦੇ ਮੁੱਖ ਸਫੇ ਤੇ ਛਪੀ ਖਬਰ 
ਸਰਬਜੀਤ ਦੀ ਵਿਗੜਦੀ ਹਾਲਤ ਬਾਰੇ ਲਗਾਤਾਰ ਵਿਰੋਧੀ ਖਬਰਾਂ ਆ ਰਹੀਆਂ ਹਨ। ਕਲ੍ਹ ਸ਼ਾਮ ਪਾਕਿਸਤਾਨੀ ਮੀਡੀਆ ਅਤੇ ਅਤੇ ਇੰਟਰਨੈਟ ਤੇ ਸਰਬਜੀਤ ਨੂੰ ਬ੍ਰੇਨ ਡੈਡ ਐਲਾਨੇ ਜਾਨ ਦੀਆਂ ਖਬਰਾਂ ਆ ਰਹੀਆਂ ਸਨ ਪਰ ਅੱਜ ਸਵੇਰੇ ਆਲ ਇੰਡੀਆ ਰੇਡੀਓ ਨੇ ਦੱਸਿਆ ਕੀ ਅਜੇ ਤੱਕ ਡਾਕਟਰਾਂ ਨੇ ਬ੍ਰੇਨ ਡੈਡ ਦਾ ਐਲਾਨ ਨਹੀਂ ਕੀਤਾ। ਭਾਵੇਂ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋ ਸਕੀ ਪਰ ਫਿਰ ਵੀ ਖਬਰਾਂ ਵਿੱਚ ਸਰਬਜੀਤ ਦੀ ਭੈਣ ਦਲਬੀਰ ਕੌਰ ਵੱਲੋਂ ਮੁਹੈਆ ਕਰਾਈ ਜਾਣਕਾਰੀ ਬਹੁਤ ਹੀ ਚਿੰਤਾਜਨਕ ਹੈ। ਦਲਬੀਰ ਕੌਰ ਨੇ ਸਰਬਜੀਤ ਕੋਲੋਂ ਵੈੰਟੀਲੇਟਰ ਹਟਾਏ ਜਾਨ ਦੀ ਇਜ਼ਾਜ਼ਤ ਨਹੀਂ ਦਿੱਤੀ। ਦਲਬੀਰ ਕੌਰ ਨੇ ਇਹ ਵੀ ਦੱਸਿਆ ਕਿ ਸਰਬਜੀਤ ਦੇ ਅੰਗੂਠੇ ਤੇ ਲੱਗੇ ਸਿਆਹੀ ਦੇ ਨਿਸ਼ਾਨ ਦੱਸ ਰਹੇ ਹਨ ਕਿ ਉਸ ਕੋਲੋਂ ਬੇਹੋਸ਼ੀ ਦੀ ਹਾਲਤ ਵਿੱਚ ਕੁਝ ਕਾਗਜਾਂ ਤੇ ਦਸਖਤ ਕਰਾ ਲਏ ਗਏ ਹਨ। ਇਹ ਸਾਰੀਆਂ ਗੱਲਾਂ ਪਾਕਿਸਤਾਨੀ ਸਰਕਾਰ ਦੇ ਨਾਪਾਕ ਇਰਾਦਿਆਂ ਦੀ ਕਹਾਣੀ ਦੱਸ ਰਹੀਆਂ ਹਨ। ਨਾਲ ਹੀ ਇੱਕ ਵਾਰ ਫੇਰ ਸਾਹਮਣੇ ਆ ਰਿਹਾ ਹੈ ਕਿ ਕਿੰਨੀ ਬੇਬਸ ਹੈ ਸਾਡੇ ਦੇਸ਼ ਦੀ ਸਰਕਾਰ ਜਿਹੜੀ ਏਨਾ ਕੁਝ ਹੋਣ ਤੇ ਵੀ ਕੁਝ ਨਹੀਂ ਕਰ ਸਕੀ। ਕਦੇ ਸਰਹੱਦ 'ਚ ਦਾਖਿਲ ਹੋ ਫੌਜੀ ਜਵਾਨਾਂ ਦੇ ਸਿਰ ਕੱਟ ਲਏ ਜਾਂਦੇ ਹਨ---ਤੇ ਕਦੇ ਸਰਬਜੀਤ ਨੂੰ ਰਿਹਾ ਕਰਨ ਦੇ ਲਾਰੇ ਲੱਪੇ ਲਾਉਂਦਿਆਂ ਉਸਨੂੰ ਮੌਤ ਦੇ ਮੂੰਹ ਨੇੜੇ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਕਿ ਉਸਨੂੰ ਰਿਹਾ ਕਰਨ ਦਾ ਵਾਅਦਾ ਪੂਰਾ ਨ ਕਰਨਾ ਪਵੇ। ਸਿਆਸਤਦਾਨ ਖੁਦ ਤਾਂ ਇੱਕ ਦੂਜੇ ਨੂੰ ਕਈ ਕਈ ਤਰ੍ਹਾ ਦੇ ਪਕਵਾਨ ਖਵਾਉਂਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਤੋਹਫ਼ੇ ਦੇਂਦੇ ਹਨ---ਪਰ ਜੰਗੀ ਜਨੂੰਨ ਅਤੇ ਬਲੀ ਲਈ ਛੱਡ ਦਿੱਤੇ ਜਾਂਦੇ ਹਨ ਅਤੇ ਸਰਬਜੀਤ ਵਰਗੇ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ। -ਰੈਕਟਰ ਕਥੂਰੀਆ  
ਸਰਬਜੀਤ ਦੀ ਹਾਲਤ ਹੋਰ ਵਿਗੜੀ 
ਜਗਤਾਰ ਸਿੰਘ ਲਾਂਬਾ/ਏਜੰਸੀਆਂ
ਲਾਹੌਰ/ਅੰਮ੍ਰਿਤਸਰ, 30 ਅਪਰੈਲ
                                                                  ਲਾਹੌਰ ਹਸਪਤਾਲ ’ਚ ਸਰਬਜੀਤ ਦੀ ਪਤਨੀ ਤੇ ਧੀ
ਪਾਕਿਸਤਾਨ ਦੇ ਇਕ ਹਸਪਤਾਲ ਵਿਚ ਸਰਬਜੀਤ ਸਿੰਘ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਬਹੁਤ ਵਿਗੜ ਗਈ ਹੈ, ਪਰ ਦਿਮਾਗੀ ਤੌਰ ’ਤੇ ਉਸ ਨੂੰ ਮ੍ਰਿਤ ਨਹੀਂ ਐਲਾਨਿਆ ਗਿਆ। ਉਧਰ ਬੀਬੀ ਦਲਬੀਰ ਕੌਰ ਆਪਣੇ ਭਰਾ ਦੇ ਇਲਾਜ ਬਾਰੇ ਸਲਾਹ-ਮਸ਼ਵਰਾ ਕਰਨ ਲਈ ਭਾਰਤ ਵਾਪਸੀ ਦੀ ਯੋਜਨਾ ਬਣਾ ਰਹੀ ਹੈ। ਅੱਲਾਮਾ ਇਕਬਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇ ਸਰਬਜੀਤ ਦੇ ਇਲਾਜ ਦੀ ਨਿਗਰਾਨੀ ਕਰ ਰਹੇ ਚਾਰ ਮੈਂਬਰੀ ਡਾਕਟਰ ਬੋਰਡ ਦੇ ਪ੍ਰਮੁੱਖ ਮਹਿਮੂਦ ਸ਼ੌਕਤ ਨੇ ਸਰਬਜੀਤ ਦੀ ਹਾਲਤ ਵਿਗੜਨ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ, ‘‘ਉਸ ਦੀ ਹਾਲਤ ਗੰਭੀਰ ਹੈ, ਪਰ ਦਿਮਾਗੀ ਤੌਰ ’ਤੇ ਮ੍ਰਿਤ ਨਹੀਂ ਐਲਾਨਿਆ ਗਿਆ।’’ ਸਰਬਜੀਤ ਲਾਹੌਰ ਦੇ ਜਿਨਾਹ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਹੈ। ਡਾ. ਸ਼ੌਕਤ ਨੇ ਕਿਹਾ ਕਿ ਪ੍ਰਮੁੱਖ ਨਿਊਰੋਸਰਜਨ ਤੇ ਫਿਜ਼ੀਸ਼ੀਅਨ ਸਰਬਜੀਤ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਟਿੱਲ ਲਗਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਵਿਗੜਨ ਮਗਰੋਂ ਡਾਕਟਰਾਂ ਨੇ ਕੁਝ ਦਵਾਈਆਂ ਬਦਲੀਆਂ ਹਨ। ਉਸ ਦੇ ਸੀਟੀ ਸਕੈਨ ਦੌਰਾਨ ਸਿਹਤ ’ਚ ਸੁਧਾਰ ਦਾ ਕੋਈ ਸੰਕੇਤ ਨਹੀਂ ਮਿਲਿਆ। ਡਾ. ਸ਼ੌਕਤ ਅਨੁਸਾਰ, ‘‘ਸਰਬਜੀਤ ਦੇ ਜੀਸੀਐਸ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ।’’
ਉਧਰ ਪੰਜਾਬ ਸਰਕਾਰ ਨੇ ਕੋਟ ਲਖਪਤ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਮੋਹਸਿਨ ਰਫ਼ੀਕ ਤੇ ਹੋਰ ਅਧਿਕਾਰੀਆਂ ਨੂੰ ਸਰਬਜੀਤ ਦੀ ਸੁਰੱਖਿਆ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਉਥੇ ਜਿਨਾਹ ਹਸਪਤਾਲ ਵਿਚ ਮੌਤ ਨਾਲ ਜੂਝ ਰਹੇ ਸਰਬਜੀਤ ਦੇ ਮੌਜੂਦਾ ਇਲਾਜ ਤੋਂ ਅਸੰਤੁਸ਼ਟ ਉਸ ਦਾ ਪਰਿਵਾਰ ਭਲਕੇ, ਪਹਿਲੀ ਮਈ ਨੂੰ ਅਟਾਰੀ ਸਰਹੱਦ ਰਸਤੇ ਵਤਨ ਵਾਪਸ ਪਰਤ ਆਵੇਗਾ ਅਤੇ ਭਾਰਤ ਸਰਕਾਰ ਕੋਲ ਉਸ ਦਾ ਬਿਹਤਰ ਇਲਾਜ ਕਰਾਉਣ ਲਈ ਚਾਰਾਜੋਈ ਕਰਨ ਦੀ ਮੰਗ ਕਰੇਗਾ।
ਲਾਹੌਰ ਤੋਂ ਫੋਨ ’ਤੇ ਗੱਲ ਕਰਦਿਆਂ ਉਸ ਦੀ ਭੈਣ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਸਰਬਜੀਤ ਸਿੰਘ ਦੀ ਸਥਿਤੀ ਲਗਾਤਾਰ ਵਿਗਡ਼ ਰਹੀ ਹੈ ਅਤੇ ਪਾਕਿਸਤਾਨ ਸਰਕਾਰ ਇਸ ਮਾਮਲੇ ’ਚ ਮਦਦਗਾਰ ਸਾਬਤ ਨਹੀਂ ਰਹੀ। ਉਨ੍ਹਾਂ ਵੱਲੋਂ ਸਰਬਜੀਤ ਦੀ ਸਥਿਤੀ ਬਾਰੇ ਪਰਿਵਾਰ ਨੂੰ ਤਸੱਲੀਬਖਸ਼ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸਗੋਂ ਕਈ ਗੱਲਾਂ ਵਿਚ ਹਨੇਰੇ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਤਨ ਪਰਤਣ ਮਗਰੋਂ ਉਹ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਗ੍ਰਹਿ ਮੰਤਰੀ ਨੂੰ ਮਿਲਣਗੇ। ਉਨ੍ਹਾਂ ਨੂੰ ਸਰਬਜੀਤ ਬਾਰੇ ਸਮੁੱਚੀ ਸਥਿਤੀ ਤੋਂ ਜਾਣੂੰ ਕਰਵਾ ਕੇ ਇਸ ਮਾਮਲੇ ਵਿਚ ਮਦਦ ਮੰਗੀ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਕੇਂਦਰ ਸਰਕਾਰ ’ਤੇ ਦਬਾਅ ਪਾਉਣਗੇ ਕਿ ਭਾਰਤੀ ਡਾਕਟਰਾਂ ਦੀ ਇਕ ਟੀਮ ਨੂੰ ਪਾਕਿਸਤਾਨ ਭੇਜਿਆ ਜਾਵੇ, ਜੋ ਸਰਬਜੀਤ ਦੇ ਇਲਾਜ ਦਾ ਜਾਇਜ਼ਾ ਲਵੇ ਅਤੇ ਬਿਹਤਰ ਇਲਾਜ ਲਈ ਪ੍ਰਬੰਧ ਕਰੇ।
ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਸਰਬਜੀਤ ਸਿੰਘ ਕੋਲੋਂ ਬੇਹੋਸ਼ੀ ਦੀ ਅਵਸਥਾ ਵਿਚ ਕੁਝ ਦਸਤਾਵੇਜ਼ਾਂ ’ਤੇ ਅੰਗੂਠੇ ਲਗਵਾਏ ਹੋ ਸਕਦੇ ਹਨ ਕਿਉਂਕਿ ਉਸ ਦੇ ਇਕ ਅੰਗੂਠੇ ’ਤੇ ਸਿਆਹੀ ਲੱਗੀ ਹੋਈ ਹੈ। ਉਨ੍ਹਾਂ ਜਦੋਂ ਇਸ ਬਾਰੇ ਡਾਕਟਰਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਬਜੀਤ ਦਾ ਇਲਾਜ ਕਰ ਰਹੇ ਡਾਕਟਰ ਵੀ ਉਸ ਦੀ ਸਥਿਤੀ ਬਾਰੇ ਸਹੀ ਢੰਗ ਨਾਲ ਪਰਿਵਾਰ ਨੂੰ ਜਾਣਕਾਰੀ ਨਹੀਂ ਦੇ ਰਹੇ, ਸਗੋਂ ਉਹ ਕੁਝ ਤੱਥਾਂ ਨੂੰ ਲੁਕਾਉਣ ਦਾ ਯਤਨ ਕਰ ਰਹੇ ਹਨ। ਉਹ ਜਦੋਂ ਸਰਬਜੀਤ ਕੋਲ ਸਨ ਤਾਂ ਇਹ ਡਾਕਟਰ ਗੱਲਾਂ ਕਰਦੇ ਕਰਦੇ ਅਚਾਨਕ ਚੁੱਪ ਹੋ ਗਏ। ਜਦੋਂ ਉਨ੍ਹਾਂ ਸਥਿਤੀ ਬਾਰੇ ਪੁੱਛਿਆ ਤਾਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਦਾ ਰਵੱਈਆ ਠੀਕ ਨਹੀਂ ਹੈ ਅਤੇ ਉਹ ਨਾਰਾਜ਼ਗੀ ਵਾਲੀ ਸੁਰ ਵਿਚ ਗੱਲ ਕਰਦੇ ਹਨ। ਉਨ੍ਹਾਂ ਆਖਿਆ ਕਿ ਕਿਸੇ ਵੀ ਸਥਿਤੀ ਵਿਚ ਸਰਬਜੀਤ ਦਾ ਵੈਂਟੀਲੇਟਰ ਹਟਾਇਆ ਨਹੀਂ ਜਾਣਾ ਚਾਹੀਦਾ। ਭਾਰਤੀ ਡਾਕਟਰਾਂ ਦੀ ਟੀਮ ਵੱਲੋਂ ਉਸ ਦੇ ਮੁਆਇਨੇ ਮਗਰੋਂ ਹੀ ਉਸ ਬਾਰੇ ਕੋਈ ਅਗਲਾ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਿਤਾ ਦੀ ਸਥਿਤੀ ਨੂੰ ਦੇਖ ਕੇ ਦੋਵਾਂ ਬੇਟੀਆਂ ਦੀ ਸਿਹਤ ਵਿਗੜ ਗਈ। ਦੋਵੇਂ ਲਗਾਤਾਰ ਰੋ ਰਹੀਆਂ ਹਨ ਅਤੇ ਠੀਕ ਢੰਗ ਨਾਲ ਰੋਟੀ ਵੀ ਨਹੀਂ ਖਾ ਰਹੀਆਂ।  ਛੋਟੀ ਪੂਨਮ ਦੀ ਸਿਹਤ ਜ਼ਿਆਦਾ ਖਰਾਬ ਹੈ। ਉਸ ਦੇ ਕੁਝ ਟੈਸਟ ਵੀ ਹੋਏ ਹਨ।
ਭਾਰਤੀ ਜੱਜਾਂ ਵੱਲੋਂ ਦੌਰਾ: ਕੈਦੀਆਂ ਬਾਰੇ ਭਾਰਤ-ਪਾਕਿ ਜੁਡੀਸ਼ਲ ਕਮੇਟੀ ਵਿਚਲੇ ਭਾਰਤੀ ਜੱਜਾਂ ਨੇ ਅੱਜ ਹਸਪਤਾਲ ਵਿਚ ਸਰਬਜੀਤ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ। ਇਸ ਕਮੇਟੀ ਵਿਚ ਦੋਵਾਂ ਮੁਲਕਾਂ ਦੇ ਦੋ-ਦੋ ਸੇਵਾਮੁਕਤ ਜੱਜ ਹਨ। ਕਮੇਟੀ ਅੱਜ ਕੱਲ੍ਹ ਪਾਕਿਸਤਾਨੀ ਜੇਲ੍ਹਾਂ ਵਿਚ ਭਾਰਤੀ ਕੈਦੀਆਂ ਦੀ ਹਾਲਤ ਬਾਰੇ ਜਾਣਕਾਰੀ ਜੁਟਾ ਰਹੀ ਹੈ। ਕਮੇਟੀ ਵਿਚਲੇ ਭਾਰਤੀ ਜੱਜ ਏ.ਐਸ. ਗਿੱਲ ਤੇ ਐਮ.ਏ. ਖ਼ਾਨ ਨੇ ਜਿਨਹਾ ਹਸਪਤਾਲ ਦਾ ਦੌਰਾ ਕੀਤਾ ਤੇ ਇਲਾਜ ਕਰ ਰਹੇ ਡਾਕਟਰਾਂ ਤੋਂ ਮਰੀਜ਼ ਦੀ ਸਿਹਤ ਬਾਰੇ ਪੁੱਛਿਆ। ਇਸਲਾਮਬਾਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨਰ ਸ਼ਰਤ ਸਭਰਵਾਲ ਵੀਰਵਾਰ ਨੂੰ ਜਿਨਹਾ ਹਸਪਤਾਲ ਦਾ ਦੌਰਾ ਕਰਕੇ ਸਰਬਜੀਤ ਸਿੰਘ ਦੀ ਖਬਰਸਾਰ ਲੈਣਗੇ।
-ਪੀ.ਟੀ.ਆਈ.
ਜੋ ਹੋਵੇਗਾ ਚੰਗਾ ਹੋਵੇਗਾ: ਖੁਰਸ਼ੀਦ
ਨਵੀਂ ਦਿੱਲੀ, 30 ਅਪਰੈਲ
ਪਾਕਿਸਤਾਨ ਵਿਚ ਗੰਭੀਰ ਹਾਲਤ ’ਚ ਪਏ ਸਰਬਜੀਤ ਸਿੰਘ ਬਾਰੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਉਸ ਦੇ ਠੀਕ ਹੋਣ ਦੀ ਆਸ ਪ੍ਰਗਟਾਈ ਹੈ। ਸੰਸਦ ਭਵਨ ਦੇ ਬਾਹਰ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਅੱਜ ਸਵੇਰ ਦੀਆਂ ਰਿਪੋਰਟਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਸਨ। ਉਸ ਦੀ ਸਿਹਤ ਡਿੱਗ ਰਹੀ ਹੈ, ਜੋ ਹੋਵੇਗਾ ਠੀਕ ਹੋਏਗਾ। ਆਸ ਹੈ ਉਹ ਸਿਹਤਯਾਬ ਹੋ ਜਾਵੇਗਾ।’’    -ਪੀ.ਟੀ.ਆਈ.   (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments: