Friday, May 03, 2013

ਪਾਕਿਸਤਾਨੀ ਕਰਤੂਤ ਦੀ ਚਾਰ ਚੁਫੇਰਿਓਂ ਨਿਖੇਧੀ

ਬਹੁਤ ਦਿਨੋਂ ਸੇ ਹੈ ਯੇਹ ਮਸ਼ਗਲਾ ਸਿਆਸਤ ਕਾ 
ਕਿ ਜਬ ਜਵਾਨ ਹੋਂ ਬੱਚੇ ਤੋ ਕਤਲ ਹੋ ਜਾਏਂ
ਰੋਜ਼ਾਨਾ ਜਗ ਬਾਣੀ:ਸੰਪਾਦਕੀ ਦੇ ਅਖੀਰ 'ਚ ਛਪੀ ਡਾ.ਸਰਦਾਰ ਅੰਜੁਮ ਦੀ ਕਾਵਿ ਟੁਕੜੀ
ਸਰਬਜੀਤ ਨਹੀਂ ਰਿਹਾ ਪਰ ਉਸਦਾ ਜ਼ਿਕਰ ਅੱਜ ਹਰ ਅਖਬਾਰ ਚੈਨਲ ਤੇ ਹੈ। ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਪਾਕਿਸਤਾਨ ਨੂੰ ਲਾਹਨਤਾਂ ਭੇਜੀਆਂ ਹਨ। ਕਾਸ਼ ਏਨੀ ਚਿੰਤਾ ਦਾ ਪ੍ਰਗਟਾਵਾ ਜੇ ਕੁਝ ਦਿਨ ਪਹਿਲਾਂ ਕਰ ਲਿਆ ਜਾਂਦਾ ਤਾਂ ਸ਼ਾਇਦ ਸਰਬਜੀਤ ਦੀ ਜਾਂ ਬਚ ਜਾਂਦੀ। ਸਾਡੇ ਸਿਆਸਤਦਾਨ ਫੌਜੀਆਂ ਦਾ ਸਿਰ ਕੱਟੇ ਜਾਣ ਤੇ ਵੀ ਖਾਮੋਸ਼ ਰਹੇ, ਚਮੇਲ ਸਿੰਘ ਦੇ ਕਤਲ ਤੇ ਵੀ ਖਾਮੋਸ਼ ਰਹੇ ਅਤੇ ਸਰਬਜੀਤ ਨੂੰ ਧਮਕੀਆਂ ਮਿਲਣ ਮਗਰੋਂ ਵੀ ਚੁੱਪ ਰਹੇ। ਸਰਬਜੀਤ ਜੇਲ੍ਹ ਚੋਂ ਚਿੱਠੀਆਂ ਭੇਜ ਭੇਜ ਥੱਕ ਗਿਆ,ਉਸਦੀ ਅਣਥੱਕ ਭੈਣ ਦਲਬੀਰ ਨੇ ਹਰ ਕੋਨੇ ਤੱਕ ਇਸ ਬੇਇਨਸਾਫੀ ਦੀ ਆਵਾਜ਼ ਪਹੁੰਚਾਈ ਪਰ ਸਰਬਜੀਤ ਬਾਰੇ ਸਮਾਂ ਰਹਿੰਦਿਆਂ ਹ ਹਵਾ ਨਹੀਂ ਬਣ ਸਕੀ ਜਿਹੜੀ ਉਸਨੂੰ ਬਚਾ ਲੈਂਦੀ ਜਾਂ ਫਿਰ ਪਾਕਿਸਤਾਨੀ ਹਾਕਮਾਂ ਨੂੰ ਅਜਿਹੀ ਕਰਤੂਤ ਤੋਂ ਦੂਰ ਰੱਖਦੀ। ਅੱਜ ਸਾਹਿਰ ਲੁਧਿਆਣਵੀ ਸਾਹਿਬ ਦੀ ਇੱਕ ਲੰਮੀ ਰਚਨਾ ਦੀਆਂ ਦੋ ਕਾਵਿ ਸਤਰਾਂ ਯਾਦ ਆ ਰਹੀਆਂ ਹਨ--
ਬਹੁਤ ਦਿਨੋਂ ਸੇ ਹੈ ਯੇਹ ਮਸ਼ਗਲਾ ਸਿਆਸਤ ਕਾ 
ਕਿ ਜਬ ਜਵਾਨ ਹੋਂ ਬੱਚੇ ਤੋ ਕਤਲ ਹੋ ਜਾਏਂ
ਹੈ ਬਹੁਤ ਦੇਰ ਯੇਹ ਖਬਤ ਹੁਕਮਰਾਨੋਂ ਕਾ,
ਕਿ ਦੂਰ ਦੂਰ ਤੱਕ ਖੇਤੋਂ ਮੇਂ ਕਹਤ ਬੋ ਜਾਏਂ 
ਪੰਜਾਬ ਸਕਰੀਨ ਦੇ ਪਾਠਕਾਂ ਲਈ ਮੀਡੀਆ ਦੀ ਰਿਪੋਰਟ ਦਾ ਕੁਝ ਅੰਸ਼ ਹੇਠਾਂ ਦਿੱਤਾ ਜਾ ਰਿਹਾ ਹੈ। --ਰੈਕਟਰ ਕਥੂਰੀਆ 
ਸਰਬਜੀਤ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਅੱਜ
* ਪੋਸਟਮਾਰਟਮ ਮਗਰੋਂ ਦੇਹ ਭਿੱਖੀਵਿੰਡ ਪਹੁੰਚੀ * ਪੰਜਾਬ ਵਿੱਚ ਤਿੰਨ ਦਿਨ ਦਾ ਸੋਗ
ਪਰਨੀਤ ਕੌਰ ਤੇ ਸੁਖਬੀਰ ਦੇਹ ਲੈਣ ਲਈ ਹਵਾਈ ਅੱਡੇ ’ਤੇ ਹਾਜ਼ਰ

ਟ੍ਰਿਬਿਊਨ ਨਿਊਜ਼ ਸਰਵਿਸ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬੀਬੀ 
ਦਲਬੀਰ ਕੌਰ ਨੂੰ ਦਿਲਾਸਾ ਦਿੰਦੇ ਹੋਏ (ਫੋਟੋ: ਪੀ.ਟੀ.ਆਈ.)
ਅੰਮ੍ਰਿਤਸਰ, 2 ਮਈ:ਭਾਰਤੀ ਕੈਦੀ ਸਰਬਜੀਤ ਸਿੰਘ ਦੀ ਦੇਹ ਅੱਜ ਰਾਤੀਂ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਾਹੌਰ ਤੋਂ ਇਥੇ ਲਿਆਂਦੀ ਗਈ। ਜਦੋਂ ਇਹ ਜਹਾਜ਼ ਰਾਜਾਸਾਂਸੀ ਹਵਾਈ ਅੱਡੇ ’ਤੇ ਉੱਤਰਿਆ ਤਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਤੇ ਹੋਰ ਬਹੁਤ ਸਾਰੇ ਸਿਆਸੀ ਆਗੂ ਉਸ ਦੀ ਦੇਹ ਲੈਣ ਲਈ ਪੁੱਜੇ ਹੋਏ ਸਨ। ਉਸ ਦੀ ਦੇਹ ਇਥੋਂ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਲਈ ਲਿਜਾਈ ਜਾਏਗੀ ਤੇ ਮਗਰੋਂ ਪਿੰਡ ਭਿੱਖੀਵਿੰਡ ਭਲਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਨੂੰ  ਸੌਂਪ ਦਿੱਤੀ ਜਾਏਗੀ। ਇਸ ਸਬੰਧੀ ਰਾਜ ਸਰਕਾਰ ਨੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਕ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਇਸ ਦੌਰਾਨ  ਸਾਰੀਆਂ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕੇ ਰਹਿਣਗੇ ਤੇ ਇਸ ਦੌਰਾਨ ਕੋਈ ਸਰਕਾਰੀ ਸਮਾਗਮ ਨਹੀਂ ਹੋਏਗਾ। ਪਾਕਿਸਤਾਨੀ ਸਰਕਾਰ ਤੋਂ ਕਲੀਅਰੈਂਸ ਲੈਣ ਮਗਰੋਂ ਲਾਹੌਰ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਸਰਬਜੀਤ ਸਿੰਘ ਦੀ ਦੇਹ ਲੈ ਕੇ ਇਥੇ ਪੁੱਜਿਆ। ਇਸ ਤੋਂ ਪਹਿਲਾਂ ਦਿਨੇ ਭਾਰਤੀ ਹਾਈ ਕਮਿਸ਼ਨ ਨੇ ਪੋਸਟਮਾਰਟਮ ਤੋਂ ਮਗਰੋਂ ਸਰਬਜੀਤ ਸਿੰਘ ਦੀ ਦੇਹ ਪ੍ਰਾਪਤ ਕੀਤੀ।
ਇਸ ਸਾਲ ਅਜਿਹੇ ਹਮਲੇ ਤੇ ਹੋਣੀ ਦਾ ਸ਼ਿਕਾਰ ਹੋਣ ਵਾਲਾ ਸਰਬਜੀਤ ਸਿੰਘ ਦੂਜਾ ਭਾਰਤੀ ਕੈਦੀ ਹੈ। ਇਸ ਤੋਂ ਪਹਿਲਾਂ ਚਮੇਲ ਸਿੰਘ ਦੀ ਵੀ ਪਾਕਿਸਤਾਨ ’ਚ ਕੈਦੀਆਂ ਨੇ ਕੁੱਟਮਾਰ ਕੀਤੀ ਸੀ ਤੇ ਮਗਰੋਂ ਉਸ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਛੇ ਹੋਰ ਕੈਦੀਆਂ ਨੇ ਕੋਟ ਲੱਖਪਤ ਜੇਲ੍ਹ ’ਚ ਸਰਬਜੀਤ ਸਿੰਘ  ’ਤੇ ਮਾਰੂ ਤੇ ਵਹਿਸ਼ੀਆਨਾ ਹਮਲਾ ਕੀਤਾ ਸੀ। ਹਫਤਾ ਭਰ ਕੋਮਾ ’ਚ ਰਹਿਣ ਮਗਰੋਂ ਕੱਲ੍ਹ ਰਾਤੀਂ ਤੀਜੇ ਪਹਿਰ 1.15 ਵਜੇ  ਦਿਲ ਦਾ ਦੌਰਾ ਪੈਣ ਨਾਲ ਰਾਤੀਂ ਸਰਬਜੀਤ ਦੀ ਮੌਤ ਹੋ ਗਈ ਸੀ।
ਅੱਜ ਸ਼ਾਮ ਲਗਪਗ 7.45 ਵਜੇ ਏਅਰ ਇੰਡੀਆ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸਰਬਜੀਤ ਦੀ ਦੇਹ ਇਥੇ ਪੁੱਜੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕੇਂਦਰ ਸਰਕਾਰ ਵਲੋਂ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਤੇ ਰਵਨੀਤ ਸਿੰਘ ਬਿੱਟੂ, ਵਿਧਾਇਕ ਓ.ਪੀ. ਸੋਨੀ ਤੇ ਹੋਰ ਹਾਜ਼ਰ ਸਨ। ਮ੍ਰਿਤਕ ਦੇਹ ਨੂੰ ਇਕ ਤਾਬੂਤ ਵਿਚ ਰੱਖਿਆ ਹੋਇਆ ਸੀ, ਜਿਸ ਦਾ ਸਕੇਨ ਕੀਤਾ ਗਿਆ ਅਤੇ ਮਗਰੋਂ ਤਾਬੂਤ ਨੂੰ ਇਕ ਐਂਬੂਲੈਂਸ ਵਿਚ ਰੱਖ ਕੇ ਏਵੀਏਸ਼ਨ ਕਲੱਬ ਵਿਖੇ ਭੇਜਿਆ ਗਿਆ, ਇਥੋਂ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ ਤਰਨ ਤਾਰਨ ਜ਼ਿਲੇ ਦੇ ਪੱਟੀ ਕਸਬੇ ਵਿਖੇ ਭੇਜਿਆ ਗਿਆ ਹੈ, ਇਥੇ ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟ ਮਾਰਟਮ ਹੋਵੇਗਾ। ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਅੰਮ੍ਰਿਤਸਰ ਹਵਾਈ ਅੱਡੇ ’ਤੇ ਸਰਬਜੀਤ ਦੀ ਦੇਹ ਇਕ ਐਂਬੂਲੈਂਸ ਵਿੱਚ ਰੱਖੇ ਜਾਣ ਦਾ ਦ੍ਰਿਸ਼ (ਫੋਟੋ: ਸਮੀਰ)
ਇਸ ਤੋਂ ਪਹਿਲਾਂ ਅੱਜ ਸਾਰਾ ਦਿਨ ਦੇਹ ਦੇ ਇਥੇ ਪੁੱਜਣ ਦੀ ਸੂਚਨਾ ਨੂੰ ਲੈ ਕੇ ਅਨਿਸ਼ਚਿਤਤਾ ਵਾਲੀ ਸਥਿਤੀ ਬਣੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਸੂਚਨਾ ਪੱਖੋਂ ਅਣਜਾਣ ਸਨ। ਇਸ ਤੋਂ ਪਹਿਲਾਂ ਸਰਬਜੀਤ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਵਿਚ ਉਸ ਦੀ ਭੈਣ ਦਲਬੀਰ ਕੌਰ, ਪਤਨੀ ਸੁਖਪ੍ਰੀਤ ਕੌਰ ਅਤੇ ਦੋ ਬੇਟੀਆਂ ਸਵੱਪਨਦੀਪ ਅਤੇ ਪੂਨਮ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੀਆਂ। ਉਨ੍ਹਾਂ ਨੂੰ ਬੀ.ਐਸ.ਐਫ. ਦੇ ਇਕ ਵਿਸ਼ੇਸ਼ ਹਵਾਈ ਜਹਾਜ ਰਾਹੀਂ ਇਥੇ ਲਿਆਂਦਾ ਗਿਆ ਸੀ। ਉਨ੍ਹਾਂ ਦੇ ਨਾਲ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਵੀ ਸਨ। ਕੁਝ ਦੇਰ ਦੇ ਠਹਿਰਾਅ ਮਗਰੋਂ ਉਨ੍ਹਾਂ ਨੂੰ ਇਕ ਹੈਲੀਕਾਪਟਰ ਰਾਹੀਂ ਭਿੱਖੀਵਿੰਡ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਛੱਡਣ ਲਈ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਡਾ. ਵੇਰਕਾ ਵੀ ਨਾਲ ਗਏ। ਇਸ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਨੇ ਕੁਝ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਬਜੀਤ ’ਤੇ ਪਾਕਿਸਤਾਨ ਵਿਚ ਹੋਏ ਜਾਨਲੇਵਾ ਹਮਲੇ ਨੂੰ ਕਰੂਰਤਾ ਵਾਲੀ ਘਿਨਾਉਣੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿਚ ਰਹਿੰਦੇ ਭਾਰਤੀ ਨਾਗਰਿਕ ਅਤੇ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਇਸ ਮਾਮਲੇ ਵਿਚ ਪਾਕਿਸਤਾਨੀ ਸਰਕਾਰ ਅਸਫਲ ਸਾਬਤ ਹੋਈ ਹੈ। ਉਨ੍ਹਾਂ ਆਖਿਆ ਕਿ ਭਾਰਤੀ ਜੇਲ੍ਹਾਂ ਵਿਚ ਵੀ ਪਾਕਿਸਤਾਨੀ ਕੈਦੀ ਬੰਦ ਹਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸਰਬਜੀਤ ਦੀ ਮ੍ਰਿਤਕ ਦੇਹ ਦਾ ਸਸਕਾਰ ਭਲਕੇ 3 ਮਈ ਨੂੰ 2 ਵਜੇ ਭਿਖੀਵਿੰਡ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਸਸਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਸ਼ਾਮਲ ਹੋਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਸਸਕਾਰ ਮੌਕੇ ਸ਼ਾਮਲ ਹੋਣਗੇ।
ਆਗੂ ਹੋਏ ਤਰਲੋਮੱਛੀਹਵਾਈ ਅੱਡੇ ਵਿਖੇ ਅਕਾਲੀ ਅਤੇ ਕਾਂਗਰਸੀ ਆਗੂਆਂ ਵਿਚਾਲੇ ਆਪਸੀ ਖਿੱਚੋਤਾਣ ਦੇ ਦ੍ਰਿਸ਼ ਵੀ ਵੇਖਣ ਨੂੰ ਮਿਲੇ। ਜਦੋਂ ਮ੍ਰਿਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਪੱਟੀ ਲੈ ਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਸਵਾਰ ਹੋਣ ਵਾਲੇ ਕਾਂਗਰਸੀ ਆਗੂਆਂ ਵਿਚੋਂ ਸਿਰਫ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਦਾ ਨਾਂ ਸ਼ਾਮਲ ਸੀ, ਜਿਸ ਦਾ ਕਾਂਗਰਸੀ ਆਗੂਆਂ ਨੇ ਵਿਰੋਧ ਕੀਤਾ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਨਾਲ ਲੈ ਜਾਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਵਾਈ ਅੱਡੇ ਵਿਖੇ ਹਵਾਈ ਟਰਮੀਨਲ ’ਤੇ ਪੁੱਜਣ ਤੋਂ ਰੋਕਿਆ ਗਿਆ ਹੈ। ਕਾਂਗਰਸੀ ਆਗੂ ਸ੍ਰੀ ਸੁਨੀਲ ਦੱਤੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਂਗਰਸੀ ਆਗੂਆਂ ਨੂੰ ਹਵਾਈ ਟਰਮੀਨਲ ਵਿਖੇ ਨਹੀਂ ਜਾਣ ਦਿੱਤਾ ਗਿਆ। ਮਗਰੋਂ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਪੁੱਜੇ ਤਾਂ ਉਨ੍ਹਾਂ ਨਾਲ ਕਾਂਗਰਸੀ ਆਗੂ ਵੀ ਟਰਮੀਨਲ ਵਿਚ ਦਾਖਲ ਹੋਏ।
ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਕਰੋੜ ਰੁਪਏ ਦੇਣ ਦਾ ਐਲਾਨ
ਦੋਵਾਂ ਧੀਆਂ ਨੂੰ ਮਿਲੇਗੀ ਨੌਕਰੀ
ਟ੍ਰਿਬਿਊਨ ਨਿਊਜ਼ ਸਰਵਿਸ

ਭਿੱਖੀਵਿੰਡ ’ਚ ਸਰਬਜੀਤ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ
ਉਪ ਮੁੱਖ ਮੰਤਰੀ ਸੁਬਖੀਰ ਸਿੰਘ ਬਾਦਲ
ਚੰਡੀਗੜ੍ਹ 2 ਮਈ:ਪੰਜਾਬ ਸਰਕਾਰ ਨੇ ਸਰਬਜੀਤ ਸਿੰਘ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਅਤੇ ਤਿੰਨ ਦਿਨਾਂ ਦਾ ਰਾਜਸੀ ਸੋਗ ਐਲਾਨਿਆ ਹੈ। ਇਹ ਐਲਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕੀਤਾ। ਮੁੱਖ ਮੰਤਰੀ ਨੇ ਸਰਬਜੀਤ ਸਿੰਘ ਦੀਆਂ ਦੋਹਾਂ ਧੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਸਰਬਜੀਤ ਨੂੰ ਕੌਮੀ ਸ਼ਹੀਦ ਵੀ ਐਲਾਨਿਆ। ਸ੍ਰੀ ਬਾਦਲ ਨੇ ਇੱਕ ਬਿਆਨ ਰਾਹੀਂ ਸਰਬਜੀਤ ਦੇ ਕਤਲ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪੂਰੇ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਰਕਾਰ  ਇੱਕ ਮਤੇ ਰਾਹੀਂ ਸਰਬਜੀਤ ਸਿੰਘ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਸਮੁੱਚੇ ਮਾਮਲੇ ਨੂੰ ਨਜਿੱਠਣ ਲਈ ਭਾਰਤ ਸਰਕਾਰ ਕੂਟਨੀਤਕ  ਪੱਧਰ ’ਤੇ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਕੌਮ ਦੀ ਅਗਵਾਈ ਇਕ ਵਿਸ਼ੇਸ਼ ਤਾਕਤ ਅਤੇ ਇੱਛਾ ਸ਼ਕਤੀ ਨਾਲ ਕੀਤੀ ਜਾਂਦੀ ਹੈ, ਜਿਸ ਦੀ ਕੇਂਦਰ ਸਰਕਾਰ ਵਿੱਚ ਅਣਹੋਂਦ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਮਨ ਬਡ਼ੇ ਉਦਾਸ ਹਨ ਕਿਉਂਕਿ ਕੇਂਦਰ ਸਰਕਾਰ ਸਰਬਜੀਤ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਾਰਥਕ ਤੌਰ ’ਤੇ  ਕਾਇਮ ਰੱਖਣ ਵਿਚ ਫੇਲ੍ਹ ਹੋਈ ਹੈ ਅਤੇ ਕੇਂਦਰ ਸਰਕਾਰ ਦੁਆਰਾ ਸਰਬਜੀਤ ਨੂੰ ਬਚਾਉਣ ਲਈ ਹੋਰ ਠੋਸ ਕੂਟਨੀਤਕ ਉਪਰਾਲੇ ਕੀਤੇ ਜਾ ਸਕਦੇ ਸਨ,  ਜੋ ਨਹੀਂ ਕੀਤੇ ਗਏ।
ਇਹ ਮਾਮਲਾ ਭਾਰਤ-ਪਾਕਿ ਵਿਚਕਾਰ ਸ਼ਾਂਤੀ ਪ੍ਰਕਿਰਿਆ ਲਈ ਗੱਲਬਾਤ ਕੀਤੇ ਜਾਣ ਵਾਲੇ ਮੇਜ਼ ’ਤੇ ਰੱਖਣਾ ਬਣਦਾ ਸੀ, ਕਿਉਂਕਿ ਸਰਬਜੀਤ ਕੋਈ ਵਿਅਕਤੀਗਤ ਮਾਮਲਾ ਨਾ ਰਹਿ ਕੇ ਪਾਕਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਸੰਜੀਦਗੀ ਦੇ ਮਾਪਦੰਡ ਵਜੋਂ ਵੇਖਿਆ ਜਾ ਰਿਹਾ ਸੀ।
ਸਰਬਜੀਤ ਦੀ ਹੱਤਿਆ ਖ਼ਿਲਾਫ਼ ਸੰਸਦ ਵੱਲੋਂ ਨਿੰਦਾ ਮਤਾ ਪਾਸ

ਸਰਬਜੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ 
ਕਰਨ ਲਈ ਵਿਦੇਸ਼ ਰਾਜ ਮੰਤਰੀ 
ਪਰਨੀਤ ਕੌਰ ਭਿੱਖੀਵਿੰਡ ਪਹੁੰਚਦੇ ਹੋਏ
ਨਵੀਂ ਦਿੱਲੀ, 2 ਮਈ:ਸੰਸਦ ਵਿਚ ਅੱਜ ਪਾਕਿਸਤਾਨ ਵਿਚ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਸ ਨਾਲ ਕੀਤੇ ਗੈਰ-ਮਨੁੱਖੀ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿਚ ਸਰਬਜੀਤ ਉਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਚੀਨ ਵੱਲੋਂ ਘੁਸਪੈਠ ਦੇ ਮਾਮਲੇ, ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ, ਸਰਬਜੀਤ ਸਿੰਘ ਦੀ ਮੌਤ ਦਾ ਮਾਮਲਾ ਅੱਜ ਦੋਨਾਂ ਸਦਨਾਂ ਵਿਚ ਗੂੰਜੇ। ਪਾਕਿਸਤਾਨ ਵਿਚ ਸਰਬਜੀਤ ਸਿੰਘ ਦੀ ਮੌਤ ਬਾਰੇ ਲੋਕ ਸਭਾ ਵਿਚ ਸਪੀਕਰ ਮੀਰਾ ਕੁਮਾਰ ਵੱਲੋਂ ਪੇਸ਼ ਕੀਤੇ ਸ਼ੋਕ ਮਤੇ ਵਿਚ ਕਿਹਾ ਗਿਆ ਕਿ ਸਦਨ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਸਰਬਜੀਤ ਸਿੰਘ ਦੇ ਬੇਵਕਤ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਸਦਨ ਪਾਕਿਸਤਾਨ ਦੀ ਜੇਲ੍ਹ ਵਿਚ ਸਰਬਜੀਤ ਸਿੰਘ ਨਾਲ ਕੀਤੇ ਗੈਰ-ਮਨੁੱਖੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਤੇ ਆਸ ਕਰਦਾ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਸਦਨ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਰਬਜੀਤ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਜਿਉਂ ਹੀ ਸਦਨ ਜੁੜਿਆ ਤਾਂ ਭਾਜਪਾ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਪਾਕਿਸਤਾਨ ਵਿਰੋਧੀ ਨਾਅਰੇ ਮਾਰੇ। ਇਸ ਤੋਂ ਪਹਿਲਾਂ ਹੋਰ ਕਈ ਮਾਮਲਿਆਂ ਨੂੰ ਲੈ ਕੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ ਤੇ ਬਾਅਦ ਦੁਪਹਿਰ ਜਿਉਂ ਹੀ ਸਦਨ ਜੁੜਿਆ ਤਾਂ ਸਪੀਕਰ ਨੇ ਸਰਬਜੀਤ ਸਿੰਘ ਦੀ ਮੌਤ ’ਤੇ ਦੁੱਖ ਦੇ ਪ੍ਰਗਟਾਵੇ ਸਬੰਧੀ ਸ਼ੋਕ ਮਤਾ ਪਾਸ ਕੀਤਾ।
ਰਾਜ ਸਭਾ ਵਿਚ ਸਰਬਜੀਤ ਸਿੰਘ ਦੀ ਮੌਤ ਨੂੰ ਲੈ ਕੇ ਮੈਂਬਰਾਂ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ। ਰਾਜ ਸਭਾ ਵਿਚ ਵਿਰੋਧੀ  ਧਿਰ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਅੱਜ ਦਾ ਦਿਨ ਬੇਹੱਦ ਦੁਖਦਾਈ, ਗੁੱਸੇ ਤੇ ਅਫਸੋਸ ਕਰਨ ਵਾਲਾ ਹੈ। ਉਨ੍ਹਾਂ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਮੁੱਚੀ ਸੰਸਦ ਇਸ ਮਾਮਲੇ ਉਤੇ ਇਕਜੁੱਟ ਹੋ ਕੇ ਆਵਾਜ਼ ਉਠਾਏਗੀ। ਭਾਜਪਾ ਆਗੂਆਂ ਨੇ ਅੱਜ ਇਸ ਮਸਲੇ ਉਤੇ ਸੰਸਦ ਵਿਚ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਸਵਾਲ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਕਿਸ ਦਿਸ਼ਾ ਵੱਲ ਜਾ ਰਹੀ ਹੈ ਤੇ ਘੁਮੰਡੀ ਸਰਕਾਰ ਦੀ ਬੁਜ਼ਦਿਲੀ ਦਾ ਇਸ ਘਟਨਾ ਤੋਂ ਪਤਾ ਚੱਲਦਾ ਹੈ। ਬੀਤੇ ਸਮੇਂ ਵਿਚ ਪਾਕਿਸਤਾਨ ਭਾਰਤ ਤੋਂ ਅਸਿੱਧੇ ਰੂਪ ਕਈ ਜੰਗਾਂ ਹਾਰ ਚੁੱਕਾ ਹੈ ਤੇ ਹੁਣ ਉਸ ਨੇ ਅਜਿਹਾ ਕਾਇਰਾਨਾ ਢੰਗ ਲੱਭਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ਬਾਰੇ ਸਮੀਖਿਆ ਕਰਨੀ ਚਾਹੀਦੀ ਹੈ।
ਬਸਪਾ ਦੇ ਆਗੂ ਐਸ.ਸੀ. ਮਿਸ਼ਰਾ ਨੇ ਸਰਬਜੀਤ ਸਿੰਘ ਦੀ ਮੌਤ ਨੂੰ ਕਤਲ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਅੰਨਾ ਡੀ.ਐਮ.ਕੇ., ਸਮਾਜਵਾਦੀ ਪਾਰਟੀ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਸਰਬਜੀਤ ਸਿੰਘ ਦੀ ਮੌਤ ’ਤ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ ਵਧ ਕੇ ਤਖਤੀਆਂ ਲਹਿਰਾਈਆਂ ਤੇ ਮੰਗ ਕੀਤੀ ਕਿ ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਨੂੰ ਮੁਆਫ ਕੀਤੇ ਜਾਣ ਵਿਰੁੱਧ ਅਪੀਲ ਪਾਈ ਜਾਣੀ ਚਾਹੀਦੀ ਹੈ ਤੇ ਤਖਤੀਆਂ ਉਤੇ ਲਿਖਤੀ ਰੂਪ ਵਿਚ ਮੰਗ ਕੀਤੀ ਗਈ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਵਿਸ਼ੇਸ਼ ਜਾਂਚ ਲਈ ਸੁਪਰੀਮ ਕੋਰਟ ਦੀ ਕਮੇਟੀ ਬਣਾਈ ਜਾਵੇ।
-ਪੀ.ਟੀ.ਆਈ.
ਭਾਰਤ ਦਾ ਦਲੇਰ ਪੁੱਤ ਸੀ ਸਰਬਜੀਤ: ਮਨਮੋਹਨ ਸਿੰਘ

ਨਵੀਂ ਦਿੱਲੀ, 2 ਮਈ: ਸਰਬਜੀਤ ਸਿੰਘ ਦੀ ਮੌਤ ’ਤੇ ‘ਧੁਰ ਅੰਦਰ ਤੱਕ ਉਦਾਸ ਹੋਏ’ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਭਾਰਤ ਦਾ ਬਹਾਦਰ ਪੁੱਤਰ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਸਰਬਜੀਤ ਸਿੰਘ ਦੇ ਪਰਿਵਾਰ ਨੂੰ 25 ਲੱਖ ਰੁਪਏ ਐਕਸਗ੍ਰੇਸੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਸਰਬਜੀਤ ਸਿੰਘ ਦੀ ਮੌਤ ਨਾਲ ਗਹਿਰੀ ਠੇਸ ਪੁੱਜੀ ਹੈ। ਉਹ ਭਾਰਤ ਦਾ ਦਲੇਰ ਪੁੱਤਰ ਸੀ, ਜਿਸ ਨੇ ਸਾਰੇ ਦੁੱਖ ਬਡ਼ੇ ਸਾਹਸ ਨਾਲ ਝੱਲੇ। ਪ੍ਰਧਾਨ ਮੰਤਰੀ ਨੇ ਮੰਗ ਕੀਤੀ ਕਿ ਸਰਬਜੀਤ ਸਿੰਘ ’ਤੇ ਵਹਿਸ਼ੀ ਢੰਗ ਨਾਲ ਕਾਤਲਾਨਾ ਹਮਲਾ ਕਰਨ ਵਾਲੇ ਅਪਰਾਧੀਆਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਪਾਕਿਸਤਾਨ ਸਰਕਾਰ ’ਤੇ ਭਾਰਤ ਸਰਕਾਰ ਦੀਆਂ ਇਨ੍ਹਾਂ ਅਪੀਲਾਂ-ਦਲੀਲਾਂ ਦਾ ਭੋਰਾ ਵੀ ਅਸਰ ਨਹੀਂ ਹੋਇਆ ਕਿ ਇਹ ਕੇਸ ਮਾਨਵਤਾ ਦੇ ਆਧਾਰ ’ਤੇ ਵਿਚਾਰਿਆ ਜਾਵੇ। 
-ਏਜੰਸੀਆਂ (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)



No comments: