Thursday, May 02, 2013

ਆਈ ਐਸ ਆਈ ਨੇ ਕਰਾਇਆ ਸਰਬਜੀਤ ਦਾ ਕਤਲ ?

ਇੱਕ ਸਾਬਕਾ ਭਾਰਤੀ ਜਾਸੂਸ ਨੇ ਕੀਤੇ ਕਈ ਅਹਿਮ ਪ੍ਰਗਟਾਵੇ 
ਆਖਿਰ ਉਹੀ ਖਬਰ ਆ ਗਈ ਹੈ ਜਿਸਦਾ ਖਤਰਾ ਸੀ। ਇਸ ਖਬਰ ਮੁਤਾਬਿਕ ਸਰਬਜੀਤ 'ਤੇ ਕੀਤਾ ਗਿਆ ਹਮਲਾ ਅਸਲ ਵਿੱਚ ਆਈ ਐਸ ਆਈ ਦੀ ਬਾਕਾਇਦਾ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਸੀ। ਸਨਸਨੀਖੇਜ਼ ਇੰਕਸ਼ਾਫ ਵਰਗਾ ਇਹ ਇਲਜ਼ਾਮ ਲਾਇਆ ਹੈ ਇੱਕ ਅਜਿਹੇ ਵਿਅਕਤੀ ਨੇ ਜਿਹੜਾ ਜਨਰਲ ਜ਼ਿਆ ਉਲ ਹੱਕ ਦੇ ਸ਼ਾਸਨਕਾਲ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਨਾਲ ਜੇਲ੍ਹ ਵਿੱਚ ਰਿਹਾ ਸੀ। ਮਹਿਮੂਦ ਇਲਾਹੀ ਨਾਮ ਦਾ ਇਹ ਖਾਸ ਵਿਅਕਤੀ ਅਸਲ ਵਿੱਚ ਇੱਕ ਭਾਰਤੀ ਜਸੂਸ ਸੀ ਅਤੇ ਸੱਠਵਿਆਂ ਅਤੇ ਸੱਤਰਵਿਆਂ ਵਿੱਚ ਕਈ ਵਾਰ ਸਰਹੱਦ ਪਰ ਕਰ ਕੇ ਗਿਆ ਸੀ। ਹਰ ਵਾਰ ਕਿਸਮਤ ਸਾਥ ਨਹੀਂ ਦੇਂਦੀ ਇਸ ਲੈ ਇੱਕ ਵਾਰ ਉਹ ਫੜ੍ਹਿਆ ਗਿਆ ਅਤੇ 1977 ਤੋਂ ਲੈ 1996 ਤੱਕ ਜੇਲ੍ਹ ਵਿੱਚ ਰਿਹਾ। ਕ਼ੈਦ ਦਾ ਮੌਕਾ ਬੜਾ ਦੁਖਦਾਈ ਸੀ ਪਰ ਇਸ ਔਖੇ ਵੇਲਿਆਂ ਵਿੱਚ ਹੀ ਉਸਨੂੰ ਆਸਿਫ਼ ਅਲੀ ਜ਼ਰਦਾਰੀ ਨਾਲ ਰਹਿਣ ਦਾ ਮੌਕਾ ਮਿਲਿਆ। ਉਦੋਂ ਕੌਣ ਜਾਣਦਾ ਸੀ ਕਿ ਇਹੀ ਆਸਿਫ਼ ਇੱਕ ਦਿਨ ਪਾਕਿਸਤਾਨ ਦਾ ਰਾਸ਼ਟਰਪਤੀ ਹੋਵੇਗਾ। ਉਸ ਵੇਲੇ ਸਖਤੀ ਦਾ ਜ਼ਮਾਨਾ ਸੀ ਅਤੇ ਭੁੱਟੋ ਪਰਿਵਾਰ ਤੇ ਤਾਂ ਸਰਕਾਰੀ ਕਰੋਪੀ ਜ਼ੋਰਾਂ ਤੇ ਸੀ। ਉਸ ਵੇਲੇ ਜਦੋਂ ਪਾਕਿਸਤਾਨ ਦਾ ਸਿਆਸੀ ਮਾਹੌਲ ਘੁਟਣ ਦੇ ਬਾਵਜੂਦ ਇੱਕ ਨਵੀਂ ਕਰਵਟ ਲੈਣ ਦੀਆਂ ਤਿਆਰੀਆਂ ਵਿੱਚ ਸੀ ਉਸ ਵੇਲੇ ਇਸ ਭਾਰਤੀ ਜਸੂਸ ਦੀ ਅੱਖ ਨੇ ਬੜਾ ਕੁਝ ਦੇਖਿਆ। ਉਸਨੇ ਦੇਖਿਆ ਕਿ ਜੇਲ੍ਹਾਂ ਵਿੱਚ ਕਿੰਨੀ ਸਖਤੀ ਹੁੰਦੀ ਹੈ। ਬਿਨਾ ਉਚ ਪਧਰੀ ਸਿਆਸੀ ਮਰਜ਼ੀ ਦੇ ਬਿਨਾ ਕਾਗਜ਼ ਦਾ ਇੱਕ ਟੁਕੜਾ ਵੀ ਜੇਲ੍ਹ ਵਿੱਚ ਨਹੀਂ ਪੁੱਜ ਸਕਦਾ। ਉਸਨੇ ਦੇਖਿਆ ਕੀ ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਹਥ ਪੈਰ ਬੇੜੀਆਂ ਵਿੱਚ ਜਕੜੇ ਹੁੰਦੇ ਹਨ ਇਸ  ਲਈ ਕਿਸੇ ਤੇ ਹਮਲਾ ਕਰ ਸਕਣ ਉਹਨਾਂ ਲਈ ਸੰਭਵ ਹੀ ਨਹੀਂ ਹੁੰਦਾ। ਸਾਫ਼ ਜ਼ਾਹਿਰ ਹੈ ਕਿ ਸਰਬਜੀਤ ਤੇ ਹਮਲਾ ਕਰਨ ਵਾਲੇ ਹਮਲਾਵਰ ਜਾਂ ਤਾਂ ਬਾਹਰੋਂ ਲਿਆਂਦੇ ਗਏ ਤੇ ਜਾਂ ਫੇਰ ਅੰਦਰਲਿਆਂ ਦੇ ਹਥ ਪੈਰ ਖੋਹਲੇ ਗਏ ਅਤੇ ਉਹਨਾਂ ਨੂੰ ਹਥਿਆਰ ਵੀ ਮੁਹਈਆ ਕਰਾਏ ਗਏ। ਇਸ ਭਾਰਤੀ ਜਸੂਸ ਨੇ ਇਹ ਵੀ ਦੱਸਿਆ ਕਿ ਫਾਂਸੀ ਦੀ ਸਜ਼ਾ ਵਾਲੇ ਕ਼ੈਦੀ ਅਤੇ ਵਿਦੇਸ਼ੀ ਮੂਲ ਵਾਲੇ ਕੈਦੀਆਂ ਦੇ ਸੈਲ ਪੂਰੀ ਤਰ੍ਹਾਂ ਵੱਖਰੇ ਹੁੰਦੇ ਹਨ। ਉਹਨਾਂ ਉੱਤੇ ਹਮਲਾ ਕਰਨਾ ਸੰਭਵ ਹੀ ਨਹੀਂ ਹੁੰਦਾ। ਉਂਝ ਵੀ ਪਾਕਿਸਤਾਨੀ ਜੇਲ੍ਹਾਂ ਦੇ ਕ਼ੈਦੀ ਭਾਰਤੀ ਜਾਂ ਬੰਗਲਾਦੇਸ਼ੀ ਕ਼ੈਦੀਆਂ ਤੇ  ਹਮਲੇ ਵਰਗਾ ਕੁਝ ਨਹੀਂ ਕਰਦੇ। ਪਾਕਿਸਤਾਨੀ ਜੇਲ੍ਹ ਵਿੱਚ ਵੀਹ ਵਰ੍ਹਿਆਂ ਦਾ ਲੰਮਾ ਸਮਾਂ ਬਿਤਾ ਕੇ ਆਏ ਇਸ ਭਾਰਤੀ ਜਾਸੂਸ ਦਾ ਕਹਿਣਾ ਹੈ ਕਿ ਇਹ ਹਮਲਾ ਹਰ ਹਾਲਤ ਵਿੱਚ ਆਈ ਐਸ ਆਈ ਦੀ ਕਰਤੂਤ ਹੈ। ਇਸ ਭਾਰਤੀ ਜਸੂਸ ਨੇ ਮੀਡੀਆ ਨੂੰ ਇਹ ਵੀ ਦੱਸਿਆ ਹੈ ਕਿ 1977 ਵਿੱਚ ਆਈ ਐਸ ਆਈ ਅਤੇ ਜੇਲ੍ਹ ਦੇ ਅਧਿਕਾਰੀਆਂ ਨੇ ਉਸ ਨੂੰ ਪੂਰੀ ਤਰ੍ਹਾਂ ਖੁੱਲੀ ਛੁੱਟੀ ਦੇਂਦਿਆਂ ਇੱਕ ਅਜਿਹੇ ਚੋਟੀ ਦੇ ਲੀਡਰ ਦਾ ਕਤਲ ਕਰਨ ਲਈ ਕਿਹਾ ਸੀ ਜਿਹੜਾ ਲਾਹੌਰ ਜੇਲ੍ਹ ਵਿੱਚ ਬੰਦ ਸੀ। ਮਹਿਮੂਦ ਇਲਾਹੀ ਨੇ ਸਪਸ਼ਟ ਆਖਿਆ ਕਿ ਅਸਲ ਸਾਜਿਸ਼ ਨੂੰ ਲੁਕਾਉਣ ਅਤੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਹੁਣ ਦੋ ਕੈਦੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। 
ਇੱਕ ਭਾਰਤੀ ਜਸੂਸ ਦੇ ਅਜਿਹੇ ਪ੍ਰਗਟਾਵਿਆਂ ਤੋਂ ਬਾਅਦ ਵੀ ਜੇ ਕੇਂਦਰ ਸਰਕਾਰ ਕਿਸੇ ਸਖਤ ਕਦਮ ਤੇ ਵਿਚਾਰ ਨਹੀਂ ਕਰਦੀ ਤਾਂ ਇਹ ਨਿਸਚੇ ਹੀ ਮੰਦਭਾਗੀ ਗੱਲ ਹੋਵੇਗੀ। ਲੋਕ ਇਕ ਵਾਰ ਫੇਰ ਇਹੀ ਕਹਿਣਗੇ ਕਿ ਕਾਸ਼ ਅੱਜ ਲਾਲ ਬਹਾਦਰ ਸ਼ਾਸਤਰੀ ਹੁੰਦੇ ! ਕਾਸ਼ ਅੱਜ ਦੇਸ਼ ਦੀ ਪ੍ਰਧਾਨ ਮੰਤਰੀਇੰਦਰਾ ਗਾਂਧੀ ਹੁੰਦੀ ਤਾਂ ਸਰਬਜੀਤ ਦਾ ਕਤਲ ਕਰਨ ਕਰਾਉਣ ਵਾਲੀਆਂ ਨਾਲ ਗੱਲ ਅਪੀਲਾਂ ਵਾਲੀ ਬੋਲੀ ਵਿੱਚ ਨਹੀਂ ਕਿਸੇ ਹੋਰ ਬੋਲੀ ਵਿੱਚ ਹੁੰਦੀ !


No comments: