Saturday, July 13, 2013

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

ਭੋਗ ਅਤੇ ਅੰਤਿਮ ਅਰਦਾਸ 14 ਜੁਲਾਈ ਐਤਵਾਰ ਨੂੰ 
ਪੰਜਾਬ ਸਕਰੀਨ ਅਤੇ ਇਸ ਨਾਲ ਸਬੰਧਿਤ ਹੋਰਨਾਂ ਮੰਚਾਂ ਲਈ ਪਰਦੇ ਪਿਛੇ ਰਹਿ ਕੇ ਪੂਰੀ ਸਰਗਰਮੀ ਨਾਲ ਕੰਮ ਕਰਨ ਵਾਲੀ ਕਲਿਆਣ ਕੌਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਹ ਮੇਰੀ ਧਰਮ ਪਤਨੀ ਵੀ ਸੀ ਅਤੇ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਵੀ। ਉਸ ਵਲੋਂ ਸੰਭਾਲੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਇਸ ਖੇਤਰ ਵਿਚਲੇ ਕੰਮਾਂ ਲਈ ਵੀ ਪੂਰੀ ਤਰ੍ਹਾਂ ਬੇਫਿਕਰ ਕੀਤਾ ਹੋਇਆ ਸੀ। ਸਿਰਫ ਘਰ ਦੇ ਕੰਮ ਹੀ ਨਹੀਂ ਕਲਮੀ ਖੇਤਰ ਵਿੱਚ ਵੀ ਉਹ ਕਾਰਜਸ਼ੀਲ ਰਹੀ। ਉਸ ਨੇ ਕਈ ਸਾਲ ਪਹਿਲਾਂ ਮੁੰਬਈ ਦੇ ਕੁਝ ਅੰਗ੍ਰੇਜ਼ੀ ਪਰਚਿਆਂ ਲਈ ਵੀ ਲਗਾਤਾਰ ਕਈ ਸਾਲ ਕੰਮ ਕੀਤਾ ਜਿਹਨਾਂ ਵਿੱਚ ਇੰਡੀਅਨ ਐਕਸਪ੍ਰੈਸ ਪੱਤਰ ਸਮੂਹ ਦਾ ਪਰਚਾ ਸਕਰੀਨ  ਵੀ ਸ਼ਾਮਿਲ ਸੀ। ਮੁੰਬਈ ਦੀਆਂ ਫਿਲਮੀ ਹਸਤੀਆਂ ਅਤੇ ਹੋਰ ਸਰਗਰਮੀਆਂ ਨਾਲ ਉਹ ਪੂਰੀ ਤਰ੍ਹਾਂ ਜੁੜੀ ਰਹੀ। ਉਸਨੂੰ ਅਕਸਰ ਵੱਡੀਆਂ ਵੱਡੀਆਂ ਫਿਲਮ ਪਾਰਟੀਆਂ ਦੇ ਸੱਦੇ ਆਉਂਦੇ ਜਿਹੜੇ ਮੈਨੂੰ ਕਈ ਵਾਰ ਈਰਖਾ ਦੀ ਹੱਦ ਤੱਕ ਹੈਰਾਨ ਕਰ ਦੇਂਦੇ। ਮੈਨੂੰ ਯਾਦ ਹੈ ਉਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਸੀ ਅਤੇ ਖਬਰਾਂ ਭੇਜਣ ਲਈ ਇੱਕੋ ਇੱਕ ਸਸਤਾ ਸਾਧਨ ਸੀ ਟੈਲੀਗ੍ਰਾਮ। ਖਰਾਬ ਹਾਲਾਤ ਦੇ ਬਾਵਜੂਦ ਉਹ ਦੇਰ ਰਾਤ ਤੱਕ ਕੰਮ ਕਰਦੀ ਫਿਰ ਰਿਪੋਰਟ ਨੂੰ ਤਿਆਰ ਕਰਦੀ ਅਤੇ ਇਸਤੋਂ ਬਾਅਦ ਜਦੋਂ ਅਸੀਂ ਉਹ ਸਾਰੀ ਰਿਪੋਰਟ ਤਾਰ ਰਾਹੀਂ ਮੁੰਬਈ ਭੇਜ ਕੇ ਘਰ ਮੁੜਦੇ ਤਾਂ ਉਸ  ਸਮੇਂ ਅਧੀ ਰਾਤ ਤੋਂ ਵਧ ਸਮਾਂ ਲੰਘ ਚੁੱਕਿਆ ਹੁੰਦਾ। ਘਰ ਮੁੜ ਕੇ ਆਪਣੇ ਥੈਲਾਸੀਮਿਕ ਬੇਟੇ ਜਾਸਮੀਨ ਨੂੰ ਦਵਾਈ ਦੇਣੀ, ਟੈਂਪਰੇਚਰ ਚੈਕ ਕਰਨਾ ਤੇ ਜੇ ਲੋੜ ਮਹਿਸੂਸ ਹੋਣੀ ਤਾਂ ਉਸਨੂੰ ਲੈ ਕੇ ਤੜਕਸਾਰ ਹਸਪਤਾਲ ਪਹੁੰਚਣ ਦੀ ਤਿਆਰੀ ਵੀ ਕਰ ਲੈਣੀ। ਥੈਲੇਸੀਮੀਆ ਦੀ ਇਸ ਬਿਮਾਰੀ ਨੇ ਉਸ ਨੂੰ ਬਹੁਤ ਸਾਰੀਆਂ ਦਵਾਈਆਂ ਦੀ ਜਾਣਕਾਰੀ ਜ਼ੁਬਾਨੀ ਯਾਦ ਕਰ ਦਿੱਤੀ ਸੀ। ਘਰ ਵਿੱਚ ਪਈਆਂ ਮੇਰੇ ਪਿਤਾ ਜੀ ਦੀਆਂ ਡਾਕਟਰੀ ਦੀਆਂ ਕਿਤਾਬਾਂ ਵੀ ਉਹ ਅਕਸਰ ਪੜਦੀ ਰਹਿੰਦੀ। ਹਸਪਤਾਲ ਵਿੱਚ ਰਾਤ ਦੀ ਸ਼ਿਫਟ ਦੌਰਾਨ ਉਹ ਅਕਸਰ ਜਾਗਦੀ। ਜੇ ਕਿਸੇ ਵੀ ਕਾਰਣ ਹਸਪਤਾਲ ਦਾ ਸਟਾਫ਼ ਘੱਟ ਹੁੰਦਾ ਤਾਂ ਉਹ ਸਟਾਫ਼ ਨਾਲ ਹਥ ਵਟਾਉਂਦੀ ਅਤੇ ਮਰੀਜਾਂ ਨੂੰ ਕਦੇ ਵੀ ਘੱਟ ਸਟਾਫ਼ ਦਾ ਅਹਿਸਾਸ ਨਾ ਹੋਣ ਦੇਂਦੀ। ਇਹ  ਸਿਲਸਿਲਾ ਕਈ ਸਾਲਾਂ ਤੱਕ ਚੱਲਿਆ। ਉਮੀਦ ਸੀ ਕਿ ਬੇਟਾ ਬਚ ਜਾਏਗਾ ਪਰ ਉਦੋਂ ਸਾਧਨ ਬਹੁਤ ਹੀ ਘੱਟ ਸਨ। ਥੈਲੇਸੀਮੀਆ ਦੀਆਂ ਸੰਸਥਾਵਾਂ ਵੀ ਨਹੀਂ ਸਨ ਬਣੀਆਂ। ਹਰ ਵਾਰ ਬਲੱਡ ਟਰਾਂਸ ਫਿਊਜ਼ਨ ਬੜਾ ਔਖਾ ਜਿਹਾ ਕੰਮ ਸੀ। ਕਈ ਤਕਨੀਕੀ ਮੁਸ਼ਕਿਲਾਂ ਵੀ ਸਨ ਅਤੇ ਵਿੱਤੀ ਮਸਲੇ ਵੀ।
ਜਦੋਂ 9 ਕੁ ਸਾਲ ਦੀ ਉਮਰ ਵਿੱਚ ਉਹ ਬੇਟਾ ਵੀ ਚੱਲ ਵੱਸਿਆ ਤਾਂ ਉਦੋਂ ਹੀ ਉਸਦੇ ਅੰਦਰੋਂ ਕੁਝ ਟੁੱਟ ਗਿਆ ਜਿਹੜਾ ਮੁੜ ਕਦੇ ਨਹੀਂ ਜੁੜਿਆ। ਅੰਦਰੋਂ ਟੁੱਟਿਆ ਦਿਲ ਹਰ ਰੋਜ਼ ਮੁਸੀਬਤਾਂ ਦੇ ਨਵੇਂ ਥਪੇੜੇ ਖਾ ਕੇ ਹੋਲੀ ਹੋਲੀ ਤਿੜਕਦਾ ਰਿਹਾ ਤੇ ਮੰਗਲਵਾਰ ਨੂੰ ਤੜਕਸਾਰ ਸਾਢ਼ੇ ਕੁ ਤਿੰਨ ਵਜੇ ਪੂਰੀ ਤਰ੍ਹਾਂ ਖਲੋ ਗਿਆ। ਮੇਰੀ ਬੇਟੀ ਬੋਲੀ ਪਾਪਾ ਅਜੇ ਸਿਰ ਵੀ ਗਰਮ ਹੈ, ਜਿਸਮ ਵੀ ਗਰਮ ਹੈ---ਉਸਦੇ ਬਾਰ ਬਾਰ ਕਹਿਣ ਤੇ ਦੋਬਾਰਾ ਚੈਕ ਕੀਤਾ ਪਰ ਨਾ ਸਾਹ ਚੱਲ ਰਿਹਾ ਸੀ ਤੇ ਨਾ ਹੀ ਨਬਜ਼। ਸੱਜੀ ਬਾਂਹ ਚੁੱਕੀ ਉਹ ਡਿੱਗ ਪਈ---ਖੱਬੀ ਬਾਂਹ ਚੁੱਕੀ ਉਹ ਵੀ ਡਿਗ ਪਈ--ਪੈਰ ਠੰਡੇ ਹੋਣ ਲੱਗ ਪਏ ਸਨ। ਪੰਛੀ ਉਡਾਰੀ ਮਾਰ ਗਿਆ ਸੀ। ਕੁਝ ਪਲ ਪਹਿਲਾਂ ਮਿਲ ਰਿਹਾ ਹੁੰਗਾਰਾ ਹੁਣ ਬੰਦ ਹੋ ਗਿਆ ਸੀ। ਲੰਮੇ ਸਮੇਂ ਤੋਂ ਚੱਲ ਰਹੀਆਂ ਦੁੱਖਾਂ ਅਤੇ ਗਮਾਂ ਦੀਆਂ ਹਨੇਰੀਆਂ ਨੇ ਸਭਕੁਝ ਖਤਮ ਕਰ ਦਿੱਤਾ ਸੀ। ਉਸਦੇ ਦੁੱਖਾਂ ਦਾ ਅੰਤ ਹੋ ਗਿਆ ਸੀ। ਲੰਮੇ ਸਮੇਂ ਤੋਂ ਸੰਘਰਸ਼ਾਂ 'ਚ ਚਲੀ ਆ ਰਹੀ ਉਹ ਜਿੰਦ ਨਿਮਾਣੀ ਇਸ ਦੁਨੀਆ ਤੋਂ ਵਿਦਾ ਹੋ ਗਈ ਸੀ। ਜਿਹੜੀ ਸਾਨੂੰ ਕਦੇ ਉਦਾਸ ਨਹੀਂ ਸੀ ਹੋਣ ਦੇਂਦੀ---ਕਦੇ ਖਾਮੋਸ਼ ਦੇਖਦੀ ਤਾਂ ਝੱਟ ਸੋਚ ਬਦਲਣ ਵਾਲੀ ਕੋਈ ਗੱਲ ਛੇੜ ਲੈਂਦੀ ਅੱਜ ਖੁਦ ਖਾਮੋਸ਼ ਹੋ ਗਈ ਸੀ ਹਮੇਸ਼ਾਂ ਹਮੇਸ਼ਾਂ ਲਈ। ਬਹੁਤ ਕੁਝ ਅਣਕਿਹਾ ਰਹਿ ਗਿਆ ਸੀ--ਬਹੁਤ ਕੁਝ ਅਣਸੁਣਿਆ ਰਹਿ ਗਿਆ ਸੀ। ਮੁਰਦੇ ਨੂੰ ਪੂਜਣ ਵਾਲੀ ਇਸ ਦੁਨੀਆ ਦੀ ਨਿੱਤ ਦਿਨ ਵਾਲੀ ਦੁਨੀਆਦਾਰੀ ਦੇ ਝਮੇਲਿਆਂ ਨੇ ਉਸਦਾ ਆਖਿਰੀ ਸਾਹ ਤੱਕ ਚੂਸ ਲਿਆ ਸੀ। ਬਿਨਾ ਆਪਣੀ ਸਿਹਤ ਦੀ ਪ੍ਰਵਾਹ ਕੀਤਿਆਂ ਵਾਰੋ ਵਾਰੀ ਸਭ ਨੂੰ ਖੁਸ਼ ਰਖਣ ਦੀਆਂ ਨਾਕਾਮ ਕੋਸ਼ਿਸ਼ਾਂ ਵਿੱਚ ਉਸਨੇ ਇੱਕ ਇੱਕ ਸਾਹ ਕਰਕੇ ਆਪਣਾ ਪੂਰਾ ਜੀਵਨ ਬਲੀਦਾਨ ਦੇ ਦਿੱਤਾ ਸੀ। ਕੁਰਬਾਨੀ ਦੀ ਇੱਕ ਹੋਰ ਮੂਰਤੀ ਬਣਕੇ ਉਹ ਸਦਾ ਲਈ ਤੁਰ ਗਈ ਸੀ। 
ਉਸਨੂੰ ਕੋਈ ਦੁੱਖ ਵੀ ਹੁੰਦਾ ਤਾਂ ਉਹ ਕਦੇ ਨਾ ਦੱਸਦੀ। ਕਦੇ ਕਦੇ ਉਹ ਲੁਕ ਕੇ ਰੋ ਵੀ ਲੈਂਦੀ ਪਰ ਸਾਨੂੰ ਹਰ ਵਾਰ ਪੂਰੀ ਮੁਸਕਰਾਹਟ ਨਾਲ ਹੋਂਸਲਾ ਦੇਂਦੀ। ਕਦੇ ਕਿਸਮਤ ਦੀ ਗਲ ਕਰਕੇ, ਕਦੇ ਕਰਮ ਫਲ ਦੇ ਬਹਾਨੇ ਨਾਲ, ਕਦੇ ਰੱਬੀ ਹੁਕਮ ਦੇ ਭਾਣੇ ਗੱਲ ਕਰਕੇ ਤੇ ਕਦੇ ਨਵੇਂ ਸਮਾਜ ਨੂੰ ਸਿਰਜਣ ਲਈ ਚਲਦੇ ਸੰਘਰਸ਼ਾਂ ਵਿੱਚ ਹਿੱਸਾ ਪਾਉਣ ਦੀ ਗੱਲ ਕਰਕੇ। ਵਿਆਹ ਤੋਂ ਬਾਅਦ ਜਦੋਂ ਉਹ ਮੇਰੇ ਨਾਲ ਪਹਿਲੀ ਵਾਰ ਨਵਾਂ ਜ਼ਮਾਨਾ 'ਚ ਗਈ ਤਾਂ ਉਸ ਵੇਲੇ ਮੈਨੇਜਰ ਦੀ ਜਿੰਮੇਵਾਰੀ ਨਿਭਾਉਣ ਵਾਲਾ ਇੱਕ ਪੁਰਾਣਾ ਸਾਥੀ ਮੋਹਨ ਦੇਖਦਿਆਂ ਸਾਰ ਆਖਣ ਲੱਗਿਆ ਮੈਡਮ ਤੁਸੀਂ ਏਹਨੂੰ ਬੰਦਾ ਕਿਵੇਂ ਬਣਾ ਦਿੱਤਾ? ਮੁਸਕਰਾ ਕੇ  ਬੋਲੀ ਕੀ ਮਤਲਬ? ਫਿਰ ਮੋਹਨ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਇਹ ਤਾਂ ਪਹਿਲਾਂ ਜੋਗੀ ਜਿਹਾ ਹੁੰਦਾ ਸੀ ਪਰ ਹੁਣ ਬੰਦਾ ਬਣ ਗਿਆ ਐ। ਮੋਹਨ ਦਾ ਇਸ਼ਾਰਾ ਮੇਰੇ ਜੋਗੀਆ ਰੰਗੇ ਲੰਮੇ ਕੁਰਤੇ, ਖੁੱਲੀ-ਲੰਮੀ ਦਾਹੜੀ ਅਤੇ ਗਲ ਵਿਚ ਲਟਕਦੀ ਲੱਕੜੀ ਦੇ ਪੈਨ ਵਾਲੀ ਮਾਲਾ ਵੱਲ ਸੀ। ਨਵਾਂ ਜ਼ਮਾਨਾ ਦਾ ਉਹ ਅਲੌਕਿਕ ਕਿਸਮ ਦਾ ਮਾਹੌਲ ਦੇਖ ਕੇ ਉਹ ਪੰਜਾਬੀ ਵਿੱਚ ਵੀ ਲਿਖਣ ਲੱਗ ਪਈ। ਸੁਰਜਨ ਜੀਰਵੀ ਹੁਰਾਂ ਨਾਲ ਮਿਲੀਆਂ ਕਈ ਸਾਲ ਹੋ ਗਏ ਉਹਨਾਂ ਨਾਲ ਇੱਕ ਵਾਰ  ਫੋਨ 'ਤੇ ਗੱਲ ਕਰਨ ਦੀ ਇਛਾ ਉਸਦੇ ਮਨ ਵਿੱਚ ਹੀ ਰਹੀ ਗਈ। ਕਦੇ ਕਦੇ ਮੈਂ ਉਸਨੂੰ ਉਸਦੀਆਂ ਨਵਾਂ ਜ਼ਮਾਨਾ, ਲੋਕ ਲਹਿਰ, ਅਜੀਤ, ਜਗ ਬਾਣੀ ਅਤੇ ਹੋਰਨਾਂ ਅਖਬਾਰਾਂ ਰਸਾਲਿਆਂ 'ਚ ਛਪੀਆਂ ਲਿਖਤਾਂ ਦਿਖਾ ਕੇ ਦੋਬਾਰਾ ਲਿਖਣ ਵਾਲੇ ਪਾਸੇ ਪ੍ਰੇਰਣਾ ਵੀ ਦੇਣੀ ਤੇ ਇਹਨਾਂ ਲਿਖਤਾਂ ਤੇ ਅਧਾਰਿਤ ਕਿਤਾਬ ਤਿਆਰ ਕਰਨ ਦੀ ਯੋਜਨਾ ਵੀ ਬਣਾਉਣੀ ਪਰ ਉਸਦੇ ਜਿਊਂਦੇ ਜੀਅ ਇਹ ਸਭ ਕੁਝ ਨਹੀਂ ਹੋ ਸਕਿਆ। ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਦੀਆਂ ਰੇਡੀਓ ਲਈ ਲਿਖੀਆਂ ਵਾਰਤਾਵਾਂ, ਕੁਝ ਨਿਜੀ ਚੈਨਲਾਂ ਲਈ ਲਿਖੀਆਂ ਸਕ੍ਰਿਪਟਾਂ ਅਤੇ ਛਪੀਆਂ ਅਣਛਪੀਆਂ ਲਿਖਤਾਂ ਨੂੰ ਲਭ ਕੇ ਇੱਕ ਸੰਗ੍ਰਹਿ ਛਾਪਿਆ ਜਾ ਸਕੇ। ਉਸ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਭੰਜਨ ਸਾਹਿਬ, ਨਿਊ ਕੁੰਦਨ ਪੂਰੀ, ਲੀਸਾ ਮਾਰਕੀਟ, ਸਿਵਲ ਲਾਈਨਜ਼ ਲੁਧਿਆਣਾ ਵਿਖੇ 14 ਜੁਲਾਈ ਐਤਵਾਰ ਨੂੰ ਬਾਅਦ ਦੁਪਹਿਰ ਇੱਕ ਵਜੇ ਤੇ ਦੋ ਵਜੇ ਤੱਕ ਹੋਵੇਗੀ। ਇਹ ਗੁਰਦੁਆਰਾ ਕੈਲਾਸ਼ ਸਿਨੇਮੇ ਦੇ ਪਿਛਲੇ ਪਾਸੇ ਹਾਂਡਾ ਹਸਪਤਾਲ ਦੀ ਬੈਕ ਸਾਈਡ ਤੇ ਸਥਿਤ ਹੈ।
-ਰੈਕਟਰ ਕਥੂਰੀਆ (98882 72025)
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

3 comments:

Jatinder Lasara ( ਜਤਿੰਦਰ ਲਸਾੜਾ ) said...

So sad...!!! ਕੁਝ ਅਰਸਾ ਪਹਿਲਾਂ ਹੀ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜੋ ਮੇਰੀ ਜਿੰਦਗੀ ਦੀ ਅਭੁੱਲ ਯਾਦ ਬਣ ਗਿਆ... ਛੋਟੀ ਜਿਹੀ ਮੁਲਾਕਾਤ ਹਮੇਸ਼ਾ ਯਾਦ ਰਹੇਗੀ. ਮੈਂ ਕਥੂਰੀਆ ਸਾਹਿਬ ਦੇ ਦੁੱਖ 'ਚ ਸ਼ਾਮਿਲ ਹਾਂ...
- Jatinder Lasara

Unknown said...

Heart-felt condolences. Its a sheer chance that I stumbled on this post and got enlightened about Kalyan Kaur ji's personality and contributions. I am going to subscribe to Punjab screen now. - Madhvi Kataria

ਸਫ਼ਰ ਸਾਂਝ said...

ਕਲਿਆਣ ਕੌਰ ਭੈਣ ਜੀ ਦੇ ਬੇਵਕਤ ਵਿਛੋੜੇ ਦੀ ਖਬਰ ਪੜ੍ਹ ਕੇ ਬਹੁਤ ਹੀ ਦੁੱਖ ਹੋਇਆ | ਪੰਜਾਬ ਸਕਰੀਨ 'ਤੇ ਛਪੇ ਲੇਖ 'ਚ ਭੈਣ ਜੀ ਦੀ ਸਖਸ਼ੀਅਤ ਬਾਰੇ ਪੜ੍ਹਿਆ ਜੋ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਹੋਣ ਦੇ ਨਾਤੇ ਆਪ ਨਾਲ ਕਲਮੀ ਖੇਤਰ ਵਿੱਚ ਵੀ ਕਾਰਜਸ਼ੀਲ ਸਨ । ਜ਼ਿੰਦਗੀ 'ਚ ਅਣਕਿਆਸੇ ਦੁੱਖ ਝੱਲਦੇ ਹੋਏ ਕਲਿਆਣ ਕੌਰ ਜੀ ਨੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ 'ਚ ਰੱਖਿਆ | ਕਦੇ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਕਬੂਲਣ ਤੋਂ ਸਿਵਾ ਸਾਡੇ ਕੁਝ ਵੀ ਵੱਸ ਨਹੀਂ ਹੈ | ਮੈਂ ਹਾਇਕੁ -ਲੋਕ ਪਰਿਵਾਰ ਵਲੋਂ ਆਪ ਜੀ ਨਾਲ ਇਹਨਾਂ ਦੁੱਖ ਘੜੀਆਂ 'ਚ ਸ਼ਾਮਿਲ ਹੁੰਦੇ ਹੋਏ ਕਲਿਆਣ ਕੌਰ ਭੈਣ ਜੀ ਦੀ ਆਤਮਕ ਸ਼ਾਂਤੀ ਦੀ ਅਰਦਾਸ ਕਰਦੀ ਹਾਂ । ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ |
ਡਾ ਹਰਦੀਪ ਕੌਰ ਸੰਧੂ
ਸੰਪਾਦਕ -ਹਾਇਕੁ -ਲੋਕ