Wednesday, July 31, 2013

ਮਾਮਲਾ ਰਿਸ਼ੀ ਨਗਰ ਦੀ ਕੁੜੀ ਨਾਲ ਛੇੜਖਾਨੀ ਦਾ

ਐਕਸ਼ਨ ਕਮੇਟੀ ਨੇ ਬਣਾਈ ਲੰਮੇ ਸੰਘਰਸ਼ ਦੀ ਯੋਜਨਾ
ਕਿਸੇ ਵੀ ਵੇਲੇ ਭੜਕ ਸਕਦਾ ਹੈ ਅੰਦੋਲਨ 
Courtesy Skecth
ਲੁਧਿਆਣਾ 31 ਜੁਲਾਈ (ਪੰਜਾਬ ਸਕਰੀਨ ਬਿਊਰੋ): ਦਿੱਲੀ ਵਿੱਚ ਦਾਮਿਨੀ ਦੇ ਬਲਿਦਾਨ ਬਹਾਨੇ ਚੱਲੇ ਦੇਸ਼ ਵਿਆਪੀ ਅੰਦੋਲਨਾਂ ਦੇ ਬਾਵਜੂਦ ਅਜੇ ਤੱਕ ਕੁੜੀਆਂ ਨੂੰ ਬੇਖੌਫ ਹੋ ਕੇ ਵਿਚਰਨ ਦੀ ਆਜ਼ਾਦੀ ਨਹੀਂ ਮਿਲ ਸਕੀ। ਕੁੜੀਆਂ ਦੀ ਇਜ਼ੱਤ ਨਾਲ ਖੇਡਣ ਵਾਲੇ ਕੁਝ ਬਾਹੂਬਲੀ ਅਜੇ ਵੀ ਇਸ ਸ਼ਰਮਨਾਕ ਸਿਲਸਿਲੇ ਨੂੰ ਆਪਣਾ ਜਨਮ ਸਿਧ ਅਧਿਕਾਰ ਸਮਝਦੇ ਹੋਏ ਪੂਰੇ ਧੜੱਲੇ ਨਾਲ ਜਾਰੀ ਰੱਖ ਰਹੇ ਹਨ। ਹਰ ਸ਼ਹਿਰ, ਹਰ ਗਲੀ ਹਰ ਮੋੜ ਤੇ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਪੂੰਜੀਵਾਦ ਦੇ ਇਸ ਯੁਗ ਦੀ ਸ਼ਰਮਨਾਕ ਇਸ਼ਤਿਹਾਰਬਾਜ਼ੀ ਨੇ ਕੁੜੀਆਂ ਨੂੰ ਇਨਸਾਨ ਨਹੀਂ ਰਹਿਣ ਦਿੱਤਾ ਬਲਕਿ ਇੱਕ ਵਸਤੂ ਬਣਾ ਕੇ ਰੱਖ ਦਿੱਤਾ ਹੈ।  ਦੇਵੀ ਮਾਤਾ ਦੇ ਨੋ ਰੂਪਾਂ ਦੀ ਪੂਜਾ ਕਰਨ ਵਾਲਾ ਇਹ ਦੇਸ਼  ਧੀ, ਭੈਣ, ਮਾਂ, ਦੋਸਤ ਅਤੇ ਅਰਧਾਂਗਿਨੀ ਦੇ ਸਾਰੇ ਰਿਸ਼ਤੇ ਭੁੱਲਦਾ ਜਾ ਰਿਹਾ ਹੈ। ਸ਼ਰਮ ਨਾਲ ਸਿਰ ਝੁਕਾ ਦੇਣ ਵਾਲੇ ਅਸ਼ਲੀਲ ਗੀਤਾਂ ਦੀ ਹਨੇਰੀ ਨੇ ਸਮਾਜ ਦੀ ਨਜਰ ਅਤੇ ਪਹੁੰਚ ਸਿਰਫ ਕੁੜੀਆਂ ਦੇ ਲੱਕ ਦਾ ਮਾਪ ਅਤੇ ਵੇਟ ਮਾਪਣ/ਦੇਖਣ ਤੱਕ ਨਿਘਾਰ ਦਿੱਤੀ ਹੈ।
ਘਰ ਤੋਂ ਦੂਰ ਦੀ ਤਾਂ ਗੱਲ ਹੀ ਦੂਰ ਹੈ ਅਜੇ ਤੱਕ ਕੁੜੀ ਨਾ ਤਾਂ ਆਪਣੇ ਆਪ ਨੂੰ ਆਪਣੇ ਘਰ ਵਿੱਚ ਸੁਰਖਿਅਤ ਮਹਿਸੂਸ ਕਰਦੀ  ਹੀ ਅਤੇ ਨਾ ਹੀ ਆਪਣੇ ਘਰ ਦੇ ਆਲੇ ਦੁਆਲੇ। ਘਰ ਤੋਂ ਸਕੂਲ ਕਾਲਜ ਜਾਣਾ ਹੋਵੇ ਜਾਂ ਫੇਰ ਨਾਲ ਦੀ ਗਲੀ ਤੱਕ ਉਸ ਨੂੰ ਅਜੇ ਵੀ ਇਹ ਸਭ ਖਤਰਿਆਂ ਭਰਿਆ ਲੱਗਦਾ ਹੈ। ਇਸ ਹਕੀਕਤ ਨੂੰ ਦਰਸਾਉਂਦਾ ਇੱਕ ਨਵਾਂ ਮਾਮਲਾ ਸਾਹਮਣੇ ਲਿਆਂਦਾ ਹੈ ਕਾਮਰੇਡ ਗੁਰਨਾਮ ਸਿੰਘ, ਕਾਮਰੇਡ ਰਣਧੀਰ ਸਿੰਘ ਅਤੇ ਪੰਜਾਬੀ ਦੀ ਪ੍ਰਸਿਧ  ਲੇਖਿਕਾ ਮੈਡਮ ਗੁਰਚਰਨ ਕੌਰ .ਕੋਚਰ ਨੇ। ਇਹ ਸਾਰੇ ਆਗੂ ਇਸ ਮਾਮਲੇ ਨੂੰ ਲੈ ਕੇ  30 ਜੁਲਾਈ 2013 ਦਿਨ ਮੰਗਲਵਾਰ ਦੀ ਸ਼ਾਮ ਨੂੰ ਏ ਸੀ ਪੀ ਵੈਸਟ ਮੈਡਮ ਗੁਰਪ੍ਰੀਤ ਪੁਰੇਵਾਲ ਨੂੰ ਵੀ ਮਿਲੇ। ਏਸੀਪੀ ਵੈਸਟ ਮੈਡਮ ਗੁਰਪ੍ਰੀਤ ਗਰੇਵਾਲ ਨੇ ਪੂਰੇ ਵਫਦ ਦੀ ਗੱਲ ਨੂੰ ਸੁਣਿਆ ਅਤੇ ਸਪਸ਼ਟ ਕਿਹਾ ਕਿ ਉਹ ਖੁਦ ਆ ਕੇ ਮੌਕਾ ਦੇਖਣਗੇ ਅਤੇ ਇਸ ਜਾਂਚ ਦੌਰਾਨ ਜਿਸ ਜਿਸ ਨੇ ਵੀ ਗਲਤੀ ਕੀਤੀ ਹੈ ਉਸ ਦੇ ਖਿਲਾਫ਼ ਐਕਸ਼ਨ ਲਿਆ ਜਾਵੇਗਾ ਪਰ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਫਿਰ ਕੋਈ ਕਾਰਵਾਈ ਨਹੀਂ ਹੋਵੇਗੀ।
Courtesy Sketch
ਅਸਲ ਵਿੱਚ ਇਹ ਸਾਰਾ ਮਾਮਲਾ ਸੀ ਇੱਕ ਇੱਕ ਅਜਿਹੀ ਮਧ ਵਰਗੀ ਲੜਕੀ ਦਾ ਜਿਸਨੂੰ ਪਰਿਵਾਰ ਸਮੇਤ ਇਨਸਾਫ਼ ਲਈ ਭਟਕਦਿਆਂ ਵੀਹ ਦਿਨ ਹੋ ਚੁੱਕੇ ਹਨ ਪਰ ਉਸਦੇ ਪੱਲੇ ਖੱਜਲ ਖੁਆਰੀ ਅਤੇ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਪਿਆ। ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ 'ਚ ਰਹਿਣ ਵਾਲੀ ਇਹ ਕੁੜੀ ਕਾਲਜ ਪੜ੍ਹਨ ਵੀ ਜਾਂਦੀ ਹੈ। 9 ਜੁਲਾਈ ਦੀ ਸ਼ਾਮ ਨੂੰ ਇਹ ਕੁੜੀ ਘਰੋਂ ਬਾਹਰ ਪੌਦਿਆਂ ਨੂੰ  ਪਾਣੀ ਪਾਉਣ ਲਈ ਨਿਕਲੀ ਤਾਂ ਨੇੜੇ ਹੀ ਇੱਕ ਹੋਰ ਮਕਾਨ ਦੀ ਛੱਤ ਤੇ ਬੈਠੇ ਸ਼ਰਾਬ ਪੀ ਰਹੇ ਕੁਝ ਮਨਚਲੇ ਬੋਲੇ ਅਸੀਂ ਵੀ ਬੜੇ ਪਿਆਸੇ ਹਾਂ ਜ਼ਰਾ ਸਾਨੂੰ ਵੀ ਪਾਣੀ ਪਿਆ ਦੇ। ਇਸ ਕੁੜੀ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਇਸ ਕੁੜੀ ਨੇ ਇਹਨਾਂ ਸਾਰੇ ਦੋਹਰੇ ਅਰਥਾਂ ਵਾਲੇ ਬੋਲਾਂ ਰਾਹੀਂ ਕੀਤੀ ਗਈ ਛੇੜਖਾਨੀ ਦਾ ਨੋਟਿਸ ਲਿਆ ਸੀ ਅਤੇ ਸਾਰਾ ਮਾਮਲਾ ਘਰ ਆ ਕੇ ਆਪਣੀ ਮਾਂ ਨੂੰ ਦੱਸ ਦਿੱਤਾ ਸੀ। ਉਸਦੀ ਮਾਂ ਨੇ ਤੁਰੰਤ ਬਾਹਰ ਜਾ ਕੇ ਇਹਨਾਂ ਮਨਚਲਿਆਂ ਦੀ ਲਾਹ-ਪਾਹ ਕੀਤੀ ਅਤੇ ਇਸ ਛੇੜਖਾਨੀ ਤੇ ਆਪਣਾ ਇਤਰਾਜ਼ ਦਰਜ ਕਰਾਇਆ। ਇਸ ਗੱਲ ਤੋਂ ਬਾਅਦ ਘਟਨਾ ਕ੍ਰਮ ਕੁਝ ਅਜਿਹੀ ਤੇਜ਼ੀ ਨਾਲ ਬਦਲਿਆ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਦਾ ਕਰਦਾ ਇਹ ਪਰਿਵਾਰ ਖੁਦ ਹੀ ਹਰਾਸਮੈਂਟ ਦਾ ਸ਼ਿਕਾਰ ਹੋਣ ਲੱਗ ਪਿਆ। ਉਸਤੇ ਤਰ੍ਹਾਂ ਤਰ੍ਹਾਂ ਦੇ ਦਬਾਅ ਪੈਣ ਲੱਗੇ। ਇਸ ਅੰਦੋਲਨ ਨੂੰ ਚਲਾ ਰਹੇ ਆਗੂਆਂ ਅਤੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਬਕਾ ਮਾਰ ਕੇ ਥਾਣੇ ਵਿੱਚ ਨਜਾਇਜ਼ ਹਿਰਾਸਤ ਵਿੱਚ  ਵੀ ਰੱਖਿਆ ਗਿਆ ਪਰ ਏਸੀਪੀ ਮੈਡਮ ਪੁਰੇਵਾਲ ਨੇ ਵਫਦ ਨੂੰ ਸਪਸ਼ਟ ਕੀਤਾ ਕਿ ਜੇ ਕਿਸੇ ਨੂੰ ਹਥਲਾ ਕੰਮ ਨਿਬੇੜਨ ਤੱਕ ਦਸ ਮਿੰਟ ਲਈ ਕਿਤੇ ਪਾਸੇ ਬੈਠਣ ਲਈ ਕਹਿ ਦਿੱਤਾ ਜਾਵੇ ਤਾਂ ਉਸ ਨੂੰ ਨਜਾਇਜ਼ ਹਿਰਾਸਤ ਨਹੀਂ ਕਹਿਣਾ ਚਾਹੀਦਾ।   ਕੁੜੀ ਦੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਕੁੜੀ ਦੇ ਪਿਤਾ ਦੀ ਨੌਕਰੀ ਨੂੰ ਖਤਰੇ ਦਾ ਦਾਬਾ ਵੀ ਮਾਰਿਆ ਗਿਆ। ਕਾਮਰੇਡ ਰਣਧੀਰ ਅਤੇ ਕਾਮਰੇਡ ਗੁਰਨਾਮ ਸਿਧੂ ਨੇ ਦੱਸਿਆ ਕਿ ਚਾਂਦ ਕਲੋਨੀ, ਰਿਸ਼ੀਨਗਰ ਲੁਧਿਆਣਾ ਦੀ ਬੀ ਐਸ ਸੀ ਦੂਸਰਾ ਸਾਲ ਦੀ ਵਿਦਿਆਰਥਣ 9 ਜੁਲਾਈ 2013 ਨੂੰ ਸ਼ਾਮ ਦੇ 7 ਵਜੇ ਦੀ ਸ਼ਰਾਬੀਆਂ ਦੁਆਰਾ ਛੇੜਛਾੜ ਅਤੇ ਅਸ਼ਲੀਲ ਸ਼ਬਦ ਬੋਲੇ ਗਏ। ਵਿਰੋਧ ਕਰਨ ਤੇ ਸ਼ਰਾਬੀਆਂ ਦੁਆਰਾ ਲੜਕੀ ਦੇ ਘਰ ਆ ਕੇ ਲੜਕੀ ਤੇ ਉਸਦੇ ਪਰੀਵਾਰ ਦੀ  ਕੁੱਟਮਾਰ ਕੀਤੀ ਗਈ।  ਰਾਤ ਨੂੰ 9:30 ਵਜੇ ਲੜਕੀ ਸਮੇਤ ਪਰਿਵਾਰ ਦੁਆਰਾ ਥਾਣਾ ਪੀ ਏ ਯੂ ਜਾ ਕੇ ਦਰਖ਼ਾਸਤ ਲਿਖਾਈ ਗਈ। ਅਗਲੇ ਦਿਨ 10 ਜੁਲਾਈ ਨੂੰ ਪੁਲਿਸ ਨੇ ਲੜਕੀ ਵਾਲਿਆਂ ਨੂੰ ਥਾਣੇ ਬੁਲਾਇਆ।
Courtesy Sketch
ਪਰ ਲੜਕੀ ਦਾ ਪੱਖ ਸੁਣਨ ਦੀ ਬਜਾਏ ਉਥੇ ਮੌਜੂਦ ਇੱਕ  ਅਧਿਕਾਰੀ ਨੇ ਲੜਕੀ ਦੇ ਹਿਤੈਸ਼ੀਆਂ ਨੂੰ ਬਾਹਰ ਕੱਢ ਦਿੱਤਾ ਅਤੇ ਡਰਾਵਾ ਦੇ ਕੇ ਲੜਕੀ ਦੀ ਮਾਂ ਧੰਨੋ ਦੇਵੀ ਤੇ ਪਿਤਾ ਰਮਾਂ ਕਾਂਤ ਯਾਦਵ ਨੂੰ ਬਿਨਾ ਕਿਸੇ ਮਹਿਲਾ ਪੁਲਿਸ ਦੀ ਹਾਜ਼ਰੀ ਬਗ਼ੈਰ ਹੀ ਬੰਦ ਕਰ ਦਿੱਤਾ। ਲੜਕੀ ਦੇ ਮਾਤਾ ਪਿਤਾ ਨੂੰ ਡਰਾ ਧਮਕਾ ਕੇ ਬੋਗਸ ਰਾਜ਼ੀਨਾਵਾਂ ਤੇ ਜਬਰੀ ਦਸਤਖ਼ਤ ਕਰਵਾਏ ਗਏ। ਇਸਤੋਂ ਬਾਅਦ 16 ਜੁਲਾਈ ਨੂੰ ਐਸ ਐਚ ਓ ਨੇ ਮੌਕਾ ਦੇਖਿਆ ਪਰ ਕੋਈ ਕਾਰਵਾਈ ਨਹੀਂ ਕੀਤੀ। ਇਸਤੋਂ ਬਾਅਦ 17 ਜੁਲਾਈ ਨੂੰ ਲੜਕੀ ਨੇ ਇਨਸਾਫ਼ ਲਈ ਐਸ ਐਚ ਓ ਦੇ ਮੋਬਾਈਲ ਤੇ ਐਸ ਐਮ ਐਸ ਕੀਤਾ ਪਰ ਫਿਰ ਵੀ ਕੋਈ ਕਾਰਵਾਈ ਨਾਂ ਹੋਈ। ਲੋਕਾਂ ਵਲੋਂ ਦਬਾਅ ਪਾਉਣ ਤੇ 19 ਜੁਲਾਈ ਨੂੰ ਕੇਸ ਤਾਂ ਦਰਜ ਕੀਤਾ, ਪਰ ਲੜਕੀ ਵਲੋਂ ਨਹੀਂ ਬਲਕਿ ਉਸਦੀ ਮਾਂ ਵਲੋਂ। ਇਸ ਕੇਸ ਵਿੱਚ ਨਾਂ ਤੇ ਛੇੜਛਾੜ ਦੀ ਧਾਰਾ ਤੇ ਨਾ ਹੀ ਘਰ ਆ ਕੇ ਕੁੱਟਮਾਰ ਕਰਨ ਦੀ 452 ਧਾਰਾ ਲਗਾਈ ਗਈ। ਮੁੱਹਲਾ ਵਾਸੀਆਂ ਨੇ ਮੀਟਿੰਗ ਕਰ ਕੇ ਮਤਾ ਪਾਸ ਕਰ ਕੇ ਇਨਸਾਫ਼ ਦੀ ਮੰਗ ਕੀਤੀ ਤੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ।  ਏਸੀਪੀ ਮੈਡਮ ਗੁਰਪ੍ਰੀਤ  ਪੁਰੇਵਾਲ ਨੇ ਨੂੰ ਪੰਜ ਵਜੇ ਖੁਦ ਜਾ ਕੇ ਮੌਕਾ ਦੈ ਖਣਾ ਹੈ ਉਸ ਤੋਂ ਬਾਅਦ ਅੰਦੋਲਨ ਚਲਾ ਰਹੀ ਐਕਸ਼ਨ ਕਮੇਟੀ ਆਪਣਾ ਅਗਲਾ ਪ੍ਰੋਗਰਾਮ ਉਲੀਕੇਗੀ ਜਿਸਦਾ ਐਲਾਨ ਬਹੁਤ ਛੇਤੀ ਕੀਤਾ ਜਾਏਗਾ। ਐਕਸ਼ਨ ਕਮੇਟੀ ਵੱਲੋਂ ਧੀਆਂ  ਭੈਣਾਂ ਦੇ ਇਸ ਸਾਂਝੇ ਮਸਲੇ ਬਾਰੇ  ਸਾਰੀਆਂ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਗਠਨਾਂ, ਵਿਦਿਆਰਥੀ ਸੰਗਠਨਾਂ, ਇਸਤਰੀ ਸਭਾਵਾਂ ਅਤੇ ਹੋਰਨਾਂ ਜਥੇਬੰਦੀਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। 


ਇਸ ਮਸਲੇ ਬਾਰੇ ਹੋਰ ਵੇਰਵਾ ਲੈਣ ਜਾਂ ਫੇਰ ਸੰਪਰਕ ਕਰਨ ਲਈ ਟੈਲੀਫੋਨ ਨੰਬਰ ਹਨ: 
ਕਾਮਰੇਡ ਰਣਧੀਰ ਸਿੰਘ-94172-41927 
ਕਾਮਰੇਡ ਗੁਰਨਾਮ ਸਿੰਘ ਸਿਧੂ-92168-10244 

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ
41 ਦਿਨ ਲੱਗੇ ਕੇਸ ਰਜਿਸਟਰ ਕਰਵਾਉਣ ਲਈ 

No comments: