Wednesday, July 03, 2013

ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ

ਮਾਓਵਾਦੀਆਂ ਦੀ ਵਰਤਾਈ ਹਿੰਸਾ ਕੋਈ ਵਡਿਆਉਣ ਵਾਲੀ ਚੀਜ਼ ਨਹੀਂ 

ਮਨੁੱਖੀ ਜ਼ਿੰਦਗੀ ਕਿੰਨੀ ਸਸਤੀ ਹੋ ਚੁੱਕੀ ਹੈ ਅਤੇ ਹਉਮੈ ਕਿੰਨੀ ਬਲਵਾਨ। ਇਸਦਾ ਖਮਿਆਜ਼ਾ ਭੁਗਤਨਾ ਪੈਂਦਾ ਹੈ ਅਕਸਰ ਆਮ ਲੋਕਾਂ ਨੂੰ। ਸਮਾਜ ਵਿੱਚ ਵਧ ਰਹੀ ਹਿੰਸਾ, ਸਮਾਜ ਵਿੱਚ ਵਧ ਰਹੇ ਕੁਕਰਮ, ਸਮਾਜ ਵਿੱਚ ਵਧ ਰਹੀਆਂ ਬੇਪਤੀਆਂ---ਅਜਿਹੇ ਕਈ ਸੁਆਲ ਉਠਾਏ ਹਨ ਪ੍ਰੀਤਲੜੀ ਵਾਲੀ ਪੂਨਮ ਨੇ। ਇਹਨਾਂ ਮੁੱਦਿਆਂ ਨੂੰ ਉਠਾਉਣ ਦਾ ਫਰਜ਼ ਅਦਾ ਕਰਨਾ ਸੀ ਮੁੱਖ ਧਾਰਾ ਵਾਲੇ ਮੀਡੀਆ ਨੇ ਪਰ ਉਸਨੂੰ ਆਪਣੀਆਂ ਕਾਰੋਬਾਰੀ ਗਿਣਤੀਆਂ ਮਿਣਤੀਆਂ ਤੋਂ ਵੇਹਲ ਕਿੱਥੇ। ਆਮ ਲੋਕਾਂ ਨਾਲ ਜੁੜੇ ਖੱਬੇ ਪੱਖੀ ਪਰਿਵਾਰ ਵਿੱਚ ਜਨਮੀ ਪੂਨਮ ਆਪਣੇ ਜਨਮ ਤੋਂ ਹੀ ਲੋਕਾਂ ਨਾਲ ਜੁੜੀ ਰਹੀ ਹੈ। ਇਸ ਵਾਰ ਪੂਨਮ ਨੇ ਨਕਸਲਬਾੜੀਆਂ ਨੂੰ ਵੀ ਲੰਮੇ ਹਥੀਂ ਲਿਆ ਹੈ। ਛਤੀਸਗੜ੍ਹ ਵਾਲੇ ਹਮਲੇ ਦੀ ਨਿਖੇਧੀ ਕਰਦਿਆਂ ਉਹ ਆਖਦੀ ਹੈ,"ਇਹ ਨਫਰਤਾਂ ਖਾਧੇ ਕਸਾਈ ਹਨ"।

ਪੂਨਮ ਦੀ ਇਹ ਰਚਨਾ ਇਤਿਹਾਸ ਤੋਂ ਲੈ ਕੇ ਅੱਜ ਦੇ ਹਾਲਾਤ ਦੀ ਗੱਲ ਕਰਦੀ ਹੈ। ਇਸ ਨੂੰ ਰੋਜ਼ਾਨਾ ਜਗ ਬਾਣੀ ਨੇ ਵੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਵਾਂਗ ਬਣੀ ਰਹੇਗੀ।  --ਰੈਕਟਰ ਕਥੂਰੀਆ 

ਮੂਲ ਵਿਚ ਕੀ ਸੀ ਉਨ੍ਹਾਂ ਸ਼ਹਾਦਤਾਂ ਦੇ            --ਪੂਨਮ ਸਿੰਘ 

ਅੱਗ ਵਰ੍ਹ ਰਹੀ ਹੈ। ਸਤਿਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਵਸ ਹੈ। ਕਈ ਦਿਨਾਂ ਤੋਂ ਛਬੀਲਾਂ ਲੱਗ ਰਹੀਆਂ ਹਨ। ਕਿਵੇਂ ਠੰਡ ਪਵੇ ਓਸ ਅੱਗ ਨੂੰ, ਜੋ ਤੱਤੀ ਤਵੀ ਹੇਠ ਬਲ ਰਹੀ ਹੈ? ਅੱਗ-ਨਫ਼ਰਤਾਂ ਦੀ, ਧੱਕੇ ਦੀ, ਜ਼ੁਲਮ ਦੀ, ਹੈਂਕੜ ਦੀ, ਤਾਕਤ ਦੀ। ਅਜੇ ਤਾਂ ਬੜਾ ਕੁਝ ਹੋਰ ਕਰ ਦੇਣਾ ਹੈ ਇਸ ਅੱਗ ਨੇ¸ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲੈਣੀ ਹੈ, ਨਿੱਕੇ-ਨਿੱਕੇ ਬਾਲ ਕੰਧਾਂ ਵਿਚ ਵੀ ਚਿਣਨੇ ਹਨ। ਅਤਿ ਦੀ ਅਤਿ ਦੀ ਅਤਿ ਕਰਨੀ ਹੈ। ਕਿਉਂਕਿ ਓਸੇ 'ਸ਼ਕਤੀ' ਨੂੰ ਹੋਰ ਤਰ੍ਹਾਂ ਨਮਸਕਾਰ ਕਰਨ ਵਾਲੇ ਰੜਕਦੇ ਹੀ ਨਹੀਂ, ਮਨਜ਼ੂਰ ਨਹੀਂ ਹਨ। ਰੱਬ ਬਣ ਗਿਆਂ ਨੂੰ। ਇਹੋ ਗੱਲ ਆਖਣੀ ਹੋਵੇਗੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਵੇਲੇ ਦੇ ਬਾਦਸ਼ਾਹ ਨੂੰ¸ਲੰਮਾ ਅਰਸਾ ਉਨ੍ਹਾਂ ਦੀ ਦੱਖਣ ਵੱਲ ਨੂੰ ਜਾਂਦੀ ਫ਼ੌਜ ਦੇ ਨਾਲ-ਨਾਲ ਰਹੇ ਪਰ ਬਾਦਸ਼ਾਹ ਨੇ ਮੁਲਾਕਾਤ ਲਈ ਸਮਾਂ ਨਾ ਦਿੱਤਾ। ਗੁਰੂ ਸਾਹਿਬ ਨੇ ਉਡੀਕ ਛੱਡ ਦਿੱਤੀ,  ਬਾਦਸ਼ਾਹੀ ਟੋਲੀ ਨਾਲੋਂ ਅੱਡ ਹੋ ਗਏ। ਲਛਮਣ ਦਾਸ ਨੂੰ ਦਰਸ਼ਨ ਦਿੱਤੇ¸ਇਕ ਹੋਰ ਰਵਾਇਤ ਦੇ ਸਨ ਜੋ, ਜਿਸਨੇ ਕਿਹਾ ਕਿ ਮੈਂ ਤੁਹਾਡਾ ਬੰਦਾ (ਗੁਲਾਮ) ਹਾਂ। ਬੰਦਾ ਬਹਾਦਰ ਨੂੰ ਅਖ਼ਤਿਆਰ ਦਿੱਤੇ, ਆਪਣਾ ਸੁਨੇਹਾ ਦਿੱਤਾ¸ਤੇ ਬੰਦੇ ਨੇ ਕੀ ਕੀਤਾ? ਓਸ ਸਰਹਿੰਦ ਦੀ ਇੱਟ ਨਾਲ ਇੱਟ ਜਾ ਖੜਕਾਈ, ਜੋ ਸਰਹਿੰਦ ਸ਼ਰੀਫ਼ ਕਹਾਉਂਦਾ ਹੈ। ਅੱਜ ਵੀ ਓਸ ਅਹਿਮਦ ਸਰਹਿੰਦੀ ਕਰਕੇ, ਉਸ ਪੁਆੜੇ ਦੀ ਜੜ੍ਹ ਸੋਚਣੀ ਅਗਵਾਈ ਕਰਕੇ ਕਿ ਜੋ ਮੁਸਲਮਾਨ ਨਹੀਂ, ਉਹ 'ਠੀਕ' ਨਹੀਂ, ਉਸ ਨੂੰ 'ਸੋਧ' ਦਿਓ, 
ਪਾਰ ਬੁਲਾਅ ਦਿਓ, ਉਹ ਹਰਜਾਨਾ ਭਰੇ। ਅਹਿਮਦ ਸਰਹਿੰਦੀ, ਮੁਜੱਦਿਦ (ਸਮੇਂ ਦੇ ਜਗਤ ਮਜ਼੍ਹਬੀ ਮੁਖੀ) ਐਲਾਨਿਆ ਗਿਆ ਤਾਂ ਅਕਬਰ ਦੇ ਦੀਨ-ਇਲਾਹੀ ਦਾ ਉਹ ਲੱਕ ਤੋੜਨਾ ਸ਼ੁਰੂ ਕੀਤਾ ਕਿ ਬੰਦਾ ਬਹਾਦਰ ਨੂੰ ਉਹਦਾ 'ਨੱਕ' ਸਰਹਿੰਦ ਭੰਨਣਾ ਪਿਆ। ਬਦਲੇ ਵਿਚ ਕੀ ਇੰਤਹਾ ਦੀ ਵੀ ਇੰਤਹਾ ਹੁੰਦੀ ਹੈ? ਬੰਦੇ ਨੂੰ ਉਸਦੇ ਆਪਣੇ ਚਾਰ ਸਾਲ ਦੇ ਪੁੱਤਰ ਦਾ ਦਿਲ ਕੱਢ ਕੇ ਖੁਆਇਆ ਗਿਆ ਤੇ ਬੰਦ-ਬੰਦ ਕੱਟੇ ਗਏ। ਇਹ ਜ਼ੁਲਮ ਵਰਤਾਇਆ ਹੀ ਇਸ ਲਈ ਜਾਂਦਾ ਹੁੰਦਾ ਹੈ ਕਿ ਆਮ ਇਨਸਾਨ ਤ੍ਰਹਿ ਜਾਏ। (ਭਾਵੇਂ) ਉਸ ਤੋਂ ਬਾਅਦ ਜਗੀਰਾਂ ਦੇ ਕੇ ਸੱਚੇ ਹੋ ਲਏ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਨਤੀਜੇ ਵਜੋਂ ਅਣਖੋਂ-ਹੀਣੇ ਹੋਏ ਲੋਕ ਬਾਦਸ਼ਾਹ ਨੂੰ 'ਰਾਜੇ' ਆਖ ਇਕ ਵੱਡੀ ਮੁਆਫ਼ੀ ਦੇ ਦਿੰਦੇ ਹਨ ਅਤੇ ਜਾਂ ਆਪ ਵੀ ਉਨ੍ਹਾਂ ਦੇ ਹੀ ਬੌਣੇ ਰੂਪ ਬਣ ਨਫ਼ਰਤਾਂ ਸਿੱਖ/ਵਰਤਾਅ ਦਿੰਦੇ ਹਨ। ਸਭ ਨੂੰ ਭੁੱਲ ਜਾਂਦਾ ਹੈ ਕਿ ਮੂਲ ਵਿਚ ਕੀ ਸੀ ਉਨ੍ਹਾਂ ਸ਼ਹਾਦਤਾਂ ਦੇ¸ਬਸ ਇਹੋ ਚੇਤੇ ਰੱਖਿਆ ਜਾਂਦਾ ਹੈ ਕਿ 'ਅਸੀਂ' ਵੱਖਰੇ ਹਾਂ, ਅਸੀਂ ਸ਼ਹੀਦੀਆਂ ਦਿੱਤੀਆਂ¸ਇਥੋਂ ਤਕ ਕਿ ਇਕ ਔਰੰਗਜ਼ੇਬੀ ਸ਼ਾਨ ਤਕ ਮਹਿਸੂਸ ਕਰ ਲਈ ਜਾਂਦੀ ਹੈ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਮੱਤ ਦੇਣ ਸਾਨੂੰ। ਆਓ, ਦੁਆ ਕਰੀਏ ਕਿ ਅਸੀਂ ਉਨ੍ਹਾਂ ਦੀ ਸ਼ਹੀਦੀ ਲੈਣ ਵਾਲਿਆਂ ਦੀ ਮੱਤ ਦੇ ਕਦੇ ਨਾ ਬਣੀਏ। 
* ਅੱਗ ਵਰ੍ਹ ਰਹੀ ਹੈ। ਬਲਾਤਕਾਰਾਂ ਦੀ। ਸੜਕ ਉਤੇ ਮੋਟਰਸਾਈਕਲ ਉਤੇ ਜਾਂਦੇ ਚਾਚੀ-ਭਤੀਜੇ ਨੂੰ ਰੋਕ ਚਾਚੀ ਨਾਲ ਬਲਾਤਕਾਰ ਅਤੇ ਭਤੀਜੇ ਨੂੰ ਕੁਟਾਪਾ ਚਾੜ੍ਹਿਆ ਹੈ। ਹਾੜ੍ਹਾ! ਇਹ 'ਡਿਮਾਂਡ-ਸਪਲਾਈ' ਦੀ ਇਸ ਪੂਰਤੀ-ਅਪੂਰਤੀ ਵਾਲੀ ਖੁੱਲ੍ਹ ਨੂੰ ਲਗਾਮ ਦੇਣ ਦਾ ਵੇਲਾ ਹੈ। ਹਰ ਕੋਈ ਹਰ ਮਹਿੰਗੇ ਮਾਲ ਨੂੰ ਵੀ 'ਪਾਊਚ' ਦੀ ਸ਼ਕਲ ਵਿਚ ਖ਼ਰੀਦ ਸਕਦਾ ਹੈ¸ਸ਼ੈਂਪੂ, ਚਾਹ ਪੱਤੀ, ਕੌਫ਼ੀ, ਕਿਸ਼ਤਾਂ, ਪੜ੍ਹਾਈਆਂ, ਸ਼ਰਾਬਾਂ¸ਤੇ ਇਓਂ ਇਕ 'ਬਰਾਬਰੀ' ਮਾਣ ਸਕਦਾ ਹੈ। ਫ਼ਿਲਮੀ ਪਰਦੇ ਉਤੇ 'ਮਾਲ' ਬਣੀ ਔਰਤ ਨੂੰ ਵੀ। ਠੀਕ ਹੈ ਕਿ ਝੂਠੇ ਪਰਦਿਆਂ ਵਿਚ ਕੱਜੀ ਔਰਤ ਨੂੰ ਆਜ਼ਾਦ ਹਵਾ ਵਿਚ ਕੱਢਣ ਦੀ ਲੋੜ ਸੀ ਪਰ ਹੁਣ ਫੇਰ ਕੋਈ ਤਵਾਜ਼ਨ ਲੱਭਦਾ ਕੋਈ ਮੋੜਾ ਪਾਉਣ ਦਾ ਸਮਾਂ ਕਦੋਂ ਦਾ ਚੀਕਾਂ ਮਾਰਦਾ ਪਿਆ। ਫ਼ਿਲਮ, ਨਾਟਕ, ਕਲਾ ਵਿਚ ਔਰਤ ਨੂੰ ਇਨਸਾਨ ਦਿਖਾਉਣਾ ਚਾਹੀਦਾ ਸੀ, ਜਿਊਂਦੀ-ਜਾਗਦੀ¸ਇਓਂ ਕਿ ਉਸ ਲਈ ਕਦਰ ਜਾਗੇ। ਭੋਂਡੇ ਤਰੀਕੇ ਨਾਲ ਕਾਮੁਕਤਾ ਵਰਤਾਉਣ ਵਾਲੀ, ਮਾਲ, ਬਣਾ ਕੇ ਨਹੀਂ। ਕੀ ਉਹ ਸੀਟੀਆਂ ਮਰਵਾਉਣ ਲਈ, ਦਰਸ਼ਕਾਂ ਦੀ ਭੀੜ ਕਮਾ ਲਿਆਉਣ ਲਈ ਹੈ¸(ਖੁੱਲ੍ਹ ਦੀ ਮੰਡੀ ਦਾ ਰਾਹ ਸੌਖਾ ਰੱਖਣ ਲਈ ਵੀ??) ਕਿਹੜੇ-ਕਿਹੜੇ ਮੋੜ 'ਤੇ ਕਿਸ-ਕਿਸ ਨੂੰ ਬਚਾਵਾਂਗੇ? ਕਾਨੂੰਨ ਅਤੇ ਪੁਲਸ ਪਿੱਛੇ ਰਹਿ ਜਾਂਦੇ ਹਨ, ਜੁਰਮ ਅੱਗੇ-ਅੱਗੇ ਚੱਲਦੇ ਹਨ। 
* ਅੱਗ ਵਰ੍ਹ ਰਹੀ ਹੈ। ਖੇਡਾਂ ਵਿਚੋਂ ਕਮਾਈ, ਫ਼ੌਜਾਂ ਵਿਚੋਂ ਕਮਾਈ, ਮਰੀਜ਼ਾਂ ਵਿਚੋਂ ਕਮਾਈ, ਕਿਡਨੀਆਂ ਵਿਚੋਂ ਕਮਾਈ¸ਸ਼ਰਮਸਾਰੀ ਪਿੱਛੇ-ਪਿੱਛੇ ਚੱਲ ਰਹੀ ਹੈ, ਜੁਰਮ ਅੱਗੇ-ਅੱਗੇ। 

* ਅੱਗ ਵਰ੍ਹ ਰਹੀ ਹੈ। ਨਕਸਲਵਾਦੀਆਂ ਦੇ 250 ਜਣਿਆਂ ਨੇ ਸਿਰੇ ਦੇ ਲੈਸ ਹੋ ਕੇ ਹਮਲਾ ਕੀਤਾ ਅਤੇ 'ਜਿੱਤ' ਗਏ। ਮਹੇਂਦਰ ਕਰਮਾ ਨਾਂ ਦੇ ਕਬਾਇਲੀ ਆਗੂ ਨੇ, ਜਿਸ ਨਕਸਲਵਾਦੀਆਂ ਦੇ ਖਿਲਾਫ਼ 'ਸਾਰੇ ਜੁੜੋ' ਫ਼ੌਜ ਬਣਾਈ ਸੀ, ਕਮਾਲ ਦੀ ਬਹਾਦਰੀ ਦਿਖਾਉਂਦਿਆਂ ਅੱਗੇ ਹੋ ਕੇ ਕਿਹਾ ਕਿ ਤੁਸੀਂ ਮੈਨੂੰ ਮਾਰਨ ਆਏ ਹੋ, ਮਾਰ ਲਓ, ਬਾਕੀਆਂ ਨੂੰ ਛੱਡ ਦਿਓ। ਕਾਂਗਰਸ ਦੀ ਸੂਬਾ ਕਮੇਟੀ ਦੇ ਮੁਖੀ ਨੇ ਆਪਣੇ ਪੁੱਤਰ ਦੀ ਜਾਨ ਬਖਸ਼ੀ ਲਈ ਵਾਸਤਾ ਪਾਇਆ¸ਪਰ ਪੁੱਤਰ ਨੂੰ ਪਿਓ ਦੇ ਸਾਹਮਣੇ ਕਹੀ ਨਾਲ ਮਾਰ ਦਿੱਤਾ ਗਿਆ ਅਤੇ ਫੇਰ ਪਿਓ ਨੂੰ ਵੀ। ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ, ਮਾਓਵਾਦੀਆਂ ਦੀ ਵਰਤਾਈ ਹਿੰਸਾ ਕੋਈ ਵਡਿਆਉਣ ਵਾਲੀ ਚੀਜ਼ ਨਹੀਂ ਹੈ। ਵੀ. ਸੀ. ਸ਼ੁਕਲਾ ਕਿਸ ਉਮਰ ਵਿਚ ਸ਼ਹੀਦ। 

ਇੰਦਰਾ ਗਾਂਧੀ ਨੇ ਇਹ ਤਾਂ ਠੀਕ ਹੀ ਕਿਹਾ ਸੀ ਕਿ ਦਹਿਸ਼ਤਗਰਦੀ ਤੇ ਭ੍ਰਿਸ਼ਟਾਚਾਰ ਸੰਸਾਰ ਭਰ ਵਿਚ ਵਧੇ ਹਨ। ਇਕ ਬੈਲੇਂਸ ਨਾਲ, ਮਨੁੱਖੀ ਸੁਭਾਅ ਦੀਆਂ ਰੀਝਾਂ ਮੁਤਾਬਿਕ ਤਰੱਕੀ ਕਰਨਾ ਹੀ ਸਹੀ ਰਾਹ ਹੋ ਸਕਦਾ ਹੈ। --ਪੂਨਮ ਸਿੰਘ

ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ                   
 ਨਹੀਂ ਰਹੇ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਵੀ ਸੀ ਸ਼ੂਕਲਾ 
ਵਪਾਰਕ ਮੀਡੀਆ ਮੁੜ 'ਖੱਬੇਪੱਖੀ ਅੱਤਵਾਦੀਆਂ' ਦੇ ਲਹੂ ਦਾ ਤਿਹਾਇਆ 
ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ

1 comment:

Unknown said...

poonam te state ch kpi farak nahi eh state d boli bol rahi hai, gurua ne state di hinsa khilaf counter hinsa de roop vich jawab dita, mahender krma jisnu eh agu kendi usnu ta bharti state di supreame court ne v galat keha c,isnu state d hinsa ni dikhdi