Wednesday, August 14, 2013

ਗੁਰਦਾਸ ਰਾਮ ਆਲਮ ਕੁਝ ਯਾਦਾਂ//ਸੁਦੇਸ਼ ਕਲਿਆਣ

ਬਹੁਤ ਸਮਾਂ ਉਹ ਬਿਨਾਂ ਦੁੱਧ ਤੋਂ ਚਾਹ ਪੀਂਦੇ ਰਹੇ ਕਿਉਂਕਿ ਘਰ ਕੋਈ ਪੈਸਾ ਨਹੀਂ ਸੀ 
                                                                                                              ਆਲਮ ਦੀ ਧੀ ਦੀ ਕਲਮ ਤੋਂ
ਮੇਰੇ ਪਿਤਾ ਗੁਰਦਾਸ ਰਾਮ ਆਲਮ ਦਾ ਜਨਮ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ ਵਿੱਚ ਮਾਤਾ ਜੀਉਣੀ ਤੇ ਪਿਤਾ ਉਮਰਾ ਰਾਮ ਦੇ ਘਰ 19 ਅਕਤੂਬਰ 1912 ਵਿੱਚ ਹੋਇਆ ਸੀ। ਉਹ 6 ਭੈਣ-ਭਰਾ ਸਨ। ਆਰਥਿਕ ਤੰਗੀਆਂ ਕਾਰਨ ਉਨ੍ਹਾਂ ਨੂੰ ਸਕੂਲ ’ਚ ਪੜ੍ਹਨ ਦਾ ਮੌਕਾ ਨਾ ਮਿਲ ਸਕਿਆ ਪਰ ਉਨ੍ਹਾਂ ਦੀ ਕੁਝ ਸਿੱਖਣ ਤੇ ਪੜ੍ਹਨ ਦੀ ਆਦਤ ਨੇ ਉਨ੍ਹਾਂ ਨੂੰ ਲਿਖਣ ਪੜ੍ਹਨ ਯੋਗ ਬਣਾ ਦਿੱਤਾ।
ਆਮ ਤੌਰ ’ਤੇ ਉਨ੍ਹਾਂ ਨੂੰ ਤਿੰਨ ਮੁੱਖ ਸ਼ੌਕ ਸਨ, ਪੜ੍ਹਨਾ, ਲਿਖਣਾ ਜਾਂ ਤਾਸ਼ ਖੇਡਣਾ। ਜਦ ਵੀ ਕੋਈ ਨਵੀਂ ਕਵਿਤਾ ਉਪਜਦੀ ਤਾਂ ਉਸ ਨੂੰ ਗੁਣਗੁਣਾਉਂਦੇ ਰਹਿੰਦੇ। ਟੁੱਟੇ ਭੱਜੇ ਕਾਗ਼ਜ਼ ’ਤੇ ਲਿਖ ਕੇ ਰੱਖ ਲੈਂਦੇ। ਘਰ ਦੇ ਬੁਣੇ ਹੋਏ ਖੱਦਰ ਦਾ ਕੁੜਤਾ ਪਜ਼ਾਮਾ ਪਾਉਂਦੇ ਤੇ ਆਮ ਤੌਰ ’ਤੇ ਚਿੱਟੀ ਪੱਗ ਬੰਨ੍ਹਦੇ। ਮੇਰੀ ਵੱਡੀ ਭੈਣ ਦੇ ਦੱਸਣ ਮੁਤਾਬਕ ਪਹਿਲਾਂ ਉਹ ਕਾਲੀ ਪੱਗ ਬੰਨ੍ਹਿਆ ਕਰਦੇ ਸਨ। ਕੁਝ ਨਾ ਕੁਝ ਪੜ੍ਹਦੇ ਰਹਿੰਦੇ। ਜਦ ਥੱਕ ਜਾਂਦੇ ਤਾਂ ਪਿੱਪਲ ਹੇਠਾਂ ਤਾਸ਼ ਖੇਡਣ ਚਲੇ ਜਾਂਦੇ। ਤਾਸ਼ ਵਿੱਚ ਏਨਾ ਰੁੱਝ ਜਾਂਦੇ ਕਿ ਲੌਢੇ ਵੇਲੇ ਦੀ ਚਾਹ ਪੀਣ ਲਈ ਉਨ੍ਹਾਂ ਨੂੰ ਬੁਲਾਉਣ ਜਾਣਾ ਪੈਂਦਾ। ਉਹ ਖੱਬੇ ਹੱਥ ਨਾਲ ਲਿਖਦੇ, ਤਾਸ਼ ਖੇਡਦੇ ਤੇ ਸਾਰੇ ਕੰਮ ਖੱਬੇ ਹੱਥ ਨਾਲ ਹੀ ਕਰਦੇ। ਸ਼ਾਇਦ ਖੱਬੇ ਪੱਖੀ ਪਾਰਟੀਆਂ ਨੂੰ ਉਹ ਇਸੇ ਲਈ ਪਸੰਦ ਕਰਦੇ ਸਨ ਤੇ ਸ਼ੁਰੂ ਵਿੱਚ ਕਾਮਰੇਡ ਸੁਰਜੀਤ ਨਾਲ ਵੀ ਉਨ੍ਹਾਂ ਦੀ ਦੋਸਤੀ ਰਹੀ।
ਘੌਲ ਉਨ੍ਹਾਂ ਨੂੰ ਕਦੇ ਵੀ ਨਹੀਂ ਰਹੀ। ਆਮ ਤੌਰ ’ਤੇ ਉਹ ਆਪਣੇ ਕੋਲ ਬੱਕਰੀ ਰੱਖਦੇ ਤੇ ਦੋ ਵੇਲੇ ਪੱਠੇ ਲੈਣ ਜਾਂਦੇ। ਸਵੇਰੇ ਰੋਟੀ ਖਾ ਕੇ ਥੋੜ੍ਹੇ ਜਿਹੇ ਪੱਠੇ ਲੈ ਆਉਂਦੇ ਤੇ ਫਿਰ ਸ਼ਾਮ ਨੂੰ ਚਾਹ ਪੀ ਕੇ ਫਿਰ ਤੁਰ ਪੈਂਦੇ। ਇੱਕ ਵਾਰ ਉਨ੍ਹਾਂ ਦੇ ਭਗੰਦਰ ਦਾ ਫੋੜਾ ਨਿਕਲ ਆਇਆ ਸੀ ਤੇ ਉਹ ਕਾਫ਼ੀ ਸਮਾਂ ਮੰਜੇ ’ਤੇ ਪਏ ਰਹੇ। ਮਾਂ ਦੱਸਦੀ ਸੀ ਕਿ ਉਦੋਂ ਘਰ ਦੀ ਹਾਲਤ ਬੜੀ ਪਤਲੀ ਹੋ ਗਈ ਸੀ ਕਿਉਂਕਿ ਘਰ ’ਚ ਉਹੀ ਕਮਾਊ ਸਨ ਤੇ ਉਨ੍ਹਾਂ ਦੀ ਆਮਦਨ ਦਾ ਇੱਕੋ-ਇੱਕ ਸਾਧਨ ਉਨ੍ਹਾਂ ਦੀ ਕਵੀ ਦਰਬਾਰਾਂ ਵਿੱਚ ਸ਼ਮੂਲੀਅਤ ਹੁੰਦੀ ਸੀ। ਬਹੁਤ ਸਮਾਂ ਉਹ ਬਿਨਾਂ ਦੁੱਧ ਤੋਂ ਚਾਹ ਪੀਂਦੇ ਰਹੇ ਕਿਉਂਕਿ ਘਰ ’ਚ ਕੋਈ ਪੈਸਾ ਨਹੀਂ ਸੀ ਰਿਹਾ ਤੇ ਮਾਂ ਦੇ ਗਹਿਣੇ, ਗਹਿਣੇ ਪੈ ਗਏ ਸਨ।
ਮੇਰੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਇੱਕ ਅੱਖ ਖ਼ਰਾਬ ਹੋ ਗਈ ਸੀ। ਮੇਰੇ ਤਾਇਆ ਜੀ ਉਦੋਂ ਰਾਵਲਪਿੰਡੀ (ਪਾਕਿਸਤਾਨ) ਨੌਕਰੀ ਕਰਦੇ ਸਨ। ਉਨ੍ਹਾਂ ਨੇ ਪਿਤਾ ਜੀ ਨੂੰ ਅੱਖ ਦੇ ਇਲਾਜ ਲਈ ਰਾਵਲਪਿੰਡੀ ਬੁਲਾਇਆ। ਉਧਰੋਂ ਤੇਰਾ ਸਿੰਘ ਚੰਨ ਨੇ ਵੀ ਖ਼ਤ ਲਿਖਿਆ ਕਿ ਰਾਵਲਪਿੰਡੀ ਅੱਖਾਂ ਦਾ ਬੜਾ ਸਿਆਣਾ ਡਾਕਟਰ ਏ, ਘੌਲ  ਨਾ ਕਰੀਂ ਤੇ ਛੇਤੀ ਆ ਜਾ। ਜਿਹੜਾ-ਜਿਹੜਾ ਪਰਹੇਜ਼ ਡਾਕਟਰ ਨੇ ਦੱਸਿਆ, ਉਸ ’ਤੇ ਕਾਇਮ ਰਹੇ। ਜੇ ਕਦੀ ਘਰ ’ਚ ਕੜ੍ਹੀ, ਆਲੂ ਗੋਭੀ ਜਾਂ ਬਤਾਊਂ ਬਣੇ ਹੁੰਦੇ ਤਾਂ ਉਹ ਸਾਨੂੰ ਕਹਿੰਦੇ ਕਿ ਮੇਰੀ ਰੋਟੀ ’ਚ ਲੂਣ ਪਾ ਦਿਉ, ਮੈਂ ਸਬਜ਼ੀ ਨਹੀਂ ਖਾਣੀ।
ਸਵੇਰੇ ਜਲਦੀ ਉੱਠ ਕੇ ਚਾਹ ਪੀਂਦੇ ਤੇ ਫਿਰ ਹੁੱਕੇ ਦੇ ਕੁੱਝ ਘੁੱਟ ਪੀਣ ਪਿੱਛੋਂ ਜੰਗਲ ਪਾਣੀ ਜਾਂਦੇ। ਵਾਪਸ ਆ ਕੇ ਕੁਝ ਪੜ੍ਹਦੇ ਜਾਂ ਲਿਖਦੇ। ਉਨ੍ਹਾਂ ਦਾ ਪਰਿਵਾਰਕ ਜੀਵਨ ਬੜਾ ਸਾਦਾ ਸੀ। ਘਰ ’ਚ ਕਦੀ ਲੜਾਈ ਹੁੰਦੀ ਮੈਨੂੰ ਯਾਦ ਨਹੀਂ। ਘਰ ਦੇ ਕੰਮ ਵਿੱਚ ਮਾਂ ਨੂੰ ਪੂਰਾ ਸਹਿਯੋਗ ਦਿੰਦੇ। ਬਰਸਾਤਾਂ ਤੋਂ ਪਹਿਲਾਂ ਕੱਚੇ ਕੋਠਿਆਂ ਦੀਆਂ ਛੱਤਾਂ ਨੂੰ ਚੋਣ ਤੋਂ ਬਚਾਉਣ ਲਈ ਲਿੱਪਣਾ ਹੁੰਦਾ ਸੀ। ਮਿੱਟੀ ਰਲਾ ਕੇ ਉਹ ਮਾਂ ਨੂੰ ਕੋਠੇ ’ਤੇ ਫੜਾਉਂਦੇ ਰਹਿੰਦੇ ਤੇ ਦੋਵੇਂ ਮਿਲ ਕੇ ਕੰਮ ਨਿਪਟਾ ਲੈਂਦੇ।
ਰਾਵਲਪਿੰਡੀ ਤੋਂ ਬਾਅਦ ਉਹ ਕੋਇਟਾ ਗਏ ਤੇ ਉੱਥੇ ਹੀ ਇੱਟਾਂ ਪੱਥਣ ਲੱਗੇ ਪਰ ਕਵਿਤਾ ਦੀ ਚੇਟਕ ਲੱਗੀ ਰਹੀ। ਇੱਕ ਦਿਨ ਕਿਸੇ ਕਵੀ ਦਰਬਾਰ ਦਾ ਇਸ਼ਤਿਹਾਰ ਪੜ੍ਹਿਆ ਤੇ ਉਹ ਵੀ ਸ਼ਾਇਰੀ ਸੁਣਨ ਪਹੁੰਚ ਗਏ ਪਰ ਕਿਉਂਕਿ ਉਹ ਕਵਿਤਾ ਦੀਆਂ ਬਾਰੀਕੀਆਂ ਤੋਂ ਜਾਣੂੰ  ਸਨ, ਇਸ ਲਈ ਕੁਝ ਕਵਿਤਾਵਾਂ ਉਨ੍ਹਾਂ ਨੂੰ ਬਿਲਕੁਲ ਚੰਗੀਆਂ ਨਾ ਲੱਗੀਆਂ ਤੇ ਨਾਲ ਬੈਠੇ ਸਰੋਤਿਆਂ ਨੂੰ ਕਹਿਣ ਲੱਗੇ, ‘‘ਇਹ ਤਾਂ ਕਵਿਤਾ ਦੀਆਂ ਟੰਗਾਂ ਤੋੜੀ ਜਾਂਦੇ ਆ ਕਿਆ ਈ ਬਾਤਾਂ…।’’
ਨਾਲ ਦੇ ਬੰਦੇ ਨੂੰ ਉਨ੍ਹਾਂ ਦਾ ਇਸ ਤਰ੍ਹਾਂ ਬੋਲਣਾ ਅੱਖਰਿਆ ਤੇ ਉਹ ਕਹਿਣ ਲੱਗਾ, ‘‘ਕਵਿਤਾ ਬੋਲਣੀ ਬੜੀ ਔਖੀ ਏ। ਜੇ ਤੂੰ ਜ਼ਿਆਦਾ ਔਖਾ ਏਂ ਤਾਂ ਬੋਲ ਕੇ ਦਿਖਾ।’’ ਇਹ ਅੱਗੋਂ ਕਹਿਣ ਲੱਗੇ, ‘‘ਬੋਲਣ ਨੂੰ ਕੀ ਆ, ਮੈਂ ਬੋਲ ਦਿੰਨਾਂ।’’ ਉਹ ਆਦਮੀ ਉੱਠਿਆ ਤੇ ਸਟੇਜ ਸਕੱਤਰ ਨਾਲ ਘੁਸਰ-ਫੁਸਰ ਕਰਕੇ ਉਨ੍ਹਾਂ ਦਾ ਨਾਂ ਲਿਖਵਾ ਆਇਆ। ਜਿਉਂ ਹੀ ਉਹਨੇ ਉਨ੍ਹਾਂ ਦਾ ਨਾਂ ਆਲਮ ਜਲੰਧਰੀ ਬੋਲਿਆ, ਉਹ ਨਿਧੜਕ ਹੋ ਸਟੇਜ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਕਵਿਤਾ ਸਮੱਸਿਆ ’ਤੇ ਹੀ ਹੋਣੀ ਚਾਹੀਦੀ ਹੈ। ਪਿਤਾ ਜੀ ਨੇ ਕਿਹਾ ਕਿ ਮੈਂ ਸਮੱਸਿਆ ’ਤੇ ਹੀ ਕਵਿਤਾ ਬੋਲਾਂਗਾ। ਜਿਉਂ ਹੀ ਉਨ੍ਹਾਂ ਬੋਲਣਾ ਸ਼ੁਰੂ ਕੀਤਾ, ਸਾਰਾ ਪੰਡਾਲ ਜਿਵੇਂ ਕੀਲਿਆ ਗਿਆ। ਪ੍ਰਧਾਨ ਸਾਹਿਬ ਨੇ ਦਸ ਰੁਪਏ ਇਨਾਮ ਵਜੋਂ ਦਿੱਤੇ। ਨਤੀਜਾ ਬੋਲਿਆ ਤਾਂ ਪਹਿਲਾ ਇਨਾਮ ਵੀ ਉਨ੍ਹਾਂ ਨੂੰ। ਪ੍ਰਧਾਨ ਨੇ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਲਿਆ ਤੇ ਪੁੱਛਿਆ, ‘‘ਪੰਡਿਤ ਜੀ, ਕਿਹੜੀ ਜਗ੍ਹਾ ਮੁਨਸ਼ੀ ਲੱਗੇ ਹੋਏ ਹੋ? ਉਨ੍ਹਾਂ ਜੁਆਬ ਦਿੱਤਾ, ‘‘ਜੀ ਮੈਂ ਨਾ ਤਾਂ ਪੰਡਿਤ ਹਾਂ ਤੇ ਨਾ ਹੀ ਮੁਨਸ਼ੀ। ਮੈਂ ਤਾਂ ਟਾਟਾ ਕੰਪਨੀ ’ਚ ਇੱਟਾਂ ਪੱਥਣ ਵਾਲਾ ਮਜ਼ਦੂਰ ਹਾਂ, 15 ਰੁਪਏ ਮਹੀਨਾ ਤਨਖਾਹ ’ਤੇ।’’ ਉਨ੍ਹਾਂ ਕਿਹਾ, ‘‘ਅੱਜ ਹੀ ਤੇਰੇ ਨਾਲ ਦੋ ਮਜ਼ਦੂਰ ਭੇਜਦਾ ਹਾਂ, ਤੂੰ ਆਪਣਾ ਸਮਾਨ ਚੁਕਵਾ ਲਿਆ।’’ ਉਨ੍ਹਾਂ ਪਿਤਾ ਜੀ ਨੂੰ ਮਜ਼ਦੂਰਾਂ ’ਤੇ ਮੇਟ ਰੱਖ ਲਿਆ ਸੀ। 35 ਰੁਪਏ ਮਹੀਨਾ ਨੌਕਰੀ ’ਤੇ ਅਤੇ ਨਾਲ ਹੀ ਕਹਿ ਦਿੱਤਾ ਕਿ ਤੇਰਾ ਕੰਮ ਸਿਰਫ਼ ਕਵਿਤਾ ਲਿਖਣਾ ਹੈ ਤੇ ਕਵੀ ਦਰਬਾਰਾਂ ਦੀ ਖੁੱਲ੍ਹੀ ਛੁੱਟੀ।  ਛੇਤੀ ਹੀ ਲੋਕਾਂ ਵਿੱਚ ਉਨ੍ਹਾਂ ਦੀ ਪਛਾਣ ਬਣ ਗਈ ਤੇ ਲੋਕ ਉਨ੍ਹਾਂ ਨੂੰ ‘ਸਿੰਧ ਬਲੋਚਿਸਤਾਨ ਦਾ ਸ਼੍ਰੋਮਣੀ ਕਵੀ’ ਕਹਿਣ ਲੱਗ ਪਏ। 1935-36 ਵਿੱਚ ਉਨ੍ਹਾਂ ‘ਪੰਜਾਬੀ ਦਰਬਾਰ ਕੋਇਟਾ’ ਨਾਂ ਦੀ ਸਾਹਿਤ ਸਭਾ ਬਣਾਈ ਜਿਸ ਦੇ ਕਿ 1945 ਤਕ ਉਹ ਪ੍ਰਧਾਨ ਚੁਣੇ ਜਾਂਦੇ ਰਹੇ। ਉਹ ਪੰਜਾਬੀ ਦਿਹਾਤੀ ਮਜ਼ਦੂਰ ਸਭਾ ਦੇ ਵੀ ਪ੍ਰਧਾਨ ਰਹੇ। ਪੰ. ਬਖਸ਼ੀ ਰਾਮ ਨਾਲ ਮਿਲ ਕੇ ਉਨ੍ਹਾਂ ਆਦਿ ਧਰਮ ਮੰਡਲ ਲਈ ਕਾਫ਼ੀ ਕੰਮ ਕੀਤਾ।
ਡਾ. ਅੰਬੇਦਕਰ ਦਾ ਉਨ੍ਹਾਂ ਦੇ ਜੀਵਨ ’ਤੇ ਕਾਫ਼ੀ ਪ੍ਰਭਾਵ ਪਿਆ ਤੇ ਉਨ੍ਹਾਂ ਨੇ ਉਨ੍ਹਾਂ ਦੇ ਜੀਵਨ ’ਤੇ ਕਈ ਕਵਿਤਾਵਾਂ ਲਿਖੀਆਂ। ਕਵਿਤਾਵਾਂ ਉਨ੍ਹਾਂ ਨੂੰ ਮੂੰਹ ਜ਼ਬਾਨੀ ਯਾਦ ਹੁੰਦੀਆਂ। ਉਨ੍ਹਾਂ ਨੇ ਦੋ ਵਾਰ 1972 ਤੇ 1975-76 ਵਿੱਚ ਇੰਗਲੈਂਡ ਦਾ ਦੌਰਾ ਕੀਤਾ ਜਿੱਥੇ ਕਿ ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਬਟਾਲਵੀ ਵੀ ਉਨ੍ਹਾਂ ਨਾਲ ਸਨ ਪਰ ਸ਼ੁਹਰਤ ਉਨ੍ਹਾਂ ਦੋਵਾਂ ਤੋਂ ਵੱਧ ਪਿਤਾ ਜੀ ਨੂੰ ਮਿਲੀ। ਉਦੋਂ ਸ਼ਿਵ ਕੁਮਾਰ ਬਟਾਲਵੀ ਨੇ ਉਨ੍ਹਾਂ ਦੀ ਪ੍ਰਧਾਨਗੀ ਵਾਲੇ ਸਮਾਗਮ ’ਚ ਨਜ਼ਮਾਂ ਪੜ੍ਹੀਆਂ। ਉਨ੍ਹਾਂ ਨੇ ਚਾਰ ਕਾਵਿ-ਸੰਗ੍ਰਹਿ ਛਪਵਾਏ।
ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਵੀ ਬਹੁਤ ਪਿਆਰ ਸੀ। ਜਦ ਮੇਰੀ ਛੋਟੀ ਭੈਣ ਦਾ ਜਨਮ ਹੋਇਆ ਤਾਂ ਤਾਈ ਇੰਦੀ ਨੇ ਅਫ਼ਸੋਸ ਵਜੋਂ ਕਿਹਾ ਸੀ, ‘‘ਕੁਝ ਨਾ ਹੋਇਆ, ਰੱਬ ਨੇ ਕੋਈ ਦਿਨ ਨਾ ਦਿਖਾਲਿਆ।’’ ਅੱਗੋਂ ਪਿਤਾ ਜੀ ਨੇ ਕਿਹਾ ਸੀ, ‘‘ਹੋਰ ਕਿਹੋ ਜਿਹਾ ਦਿਨ ਦਿਖਾਉਣਾ ਸੀ? ’’ ਛੋਟੇ ਹੁੰਦਿਆਂ ਮੈਨੂੰ ਟਾਈਫ਼ਾਈਡ ਹੋ ਗਿਆ ਸੀ ਤੇ ਮਹੀਨਾ ਭਰ ਮੈਂ ਬੀਮਾਰ ਰਹੀ। ਅਸੀਂ ਹੋਰ ਗ਼ਰੀਬ ਹੋ ਗਏ ਸੀ। ਪਿਤਾ ਜੀ ਰੋਜ਼ ਨੂਰਮਹਿਲ ਨੂੰ ਤੁਰ ਕੇ ਜਾਂਦੇ ਸਨ ਤੇ ਮੇਰੀ ਦਵਾਈ ਲਿਆਉਂਦੇ ਸਨ।
ਇਸੇ ਤਰ੍ਹਾਂ ਇੱਕ ਵਾਰ ਉਦੇਪੁਰ (ਰਾਜਸਥਾਨ) ਤੋਂ ਚਿੱਠੀ ਆਈ ਸੀ ਕਿ ਮੇਰੀ ਵੱਡੀ ਭੈਣ ਬੀਮਾਰ ਹੈ। ਪਿਤਾ ਜੀ ਆਪ ਬੁਖਾਰ ਨਾਲ ਕੰਬ ਰਹੇ ਸਨ ਪਰ ਉਨ੍ਹਾਂ ਆਪਣੀ ਪ੍ਰਵਾਹ ਨਾ ਕਰਦਿਆਂ ਉਦੇਪੁਰ ਲਈ ਗੱਡੀ ਫੜ ਲਈ ਸੀ।
ਮਾਂ ਦੀ ਮੌਤ ਤੋਂ ਬਾਅਦ ਜੀਵਨ ਦੇ ਆਖਰੀ ਵਰ੍ਹੇ ਉਨ੍ਹਾਂ ਸਾਡੇ ਨਾਲ ਹੀ ਗੁਜ਼ਾਰੇ। 27 ਸਤੰਬਰ 1989 ਨੂੰ 6 ਵਜੇ ਉਹ ਅੰਬੇਦਕਰ ਭਵਨ ਤੋਂ ਵਾਪਸ ਆਏ। ਰਸੋਈ ਵਿੱਚ ਮੇਰੇ ਕੋਲ ਬੈਠ ਕੇ ਉਨ੍ਹਾਂ ਰੋਟੀ ਖਾਧੀ। ਉਸ ਤੋਂ ਬਾਅਦ ਉਹ ਟੀ. ਵੀ. ਦੇਖ ਰਹੇ ਸਨ। ਇੱਕ ਦੋ ਪ੍ਰੋਗਰਾਮਾਂ ਤੋਂ ਬਾਅਦ ਉਨ੍ਹਾਂ ਕੰਬਲ ਮੰਗਿਆ ਹੋਵੇਗਾ ਪਰ ਜਦ ਮੈਂ ਉਨ੍ਹਾਂ ਤਕ ਪਹੁੰਚੀ ਤਾਂ ਉਨ੍ਹਾਂ ਉਲਟੀ ਕਰ ਦਿੱਤੀ। ਉਸ ’ਚ ਖ਼ੂਨ ਸੀ। ਮੈਂ ਚੀਕਾਂ ਮਾਰਦੀ ਪਾਣੀ ਲੈਣ ਦੌੜੀ ਪਰ ਉਹ ਪਾਣੀ ਨਾ ਪੀ ਸਕੇ। ਇੱਕ ਖ਼ੂਨ ਦੀ ਉਲਟੀ ਹੋਰ ਤੇ ਉਨ੍ਹਾਂ ਦਾ ਸਰੀਰ ਠੰਢਾ ਹੋ ਗਿਆ। ਐਨੀ ਛੇਤੀ ਕਿਸੇ ਦੀ ਮੌਤ ਮੈਂ ਆਪਣੇ ਜੀਵਨ ਵਿੱਚ ਨਹੀਂ ਦੇਖੀ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ) 



No comments: