Friday, September 06, 2013

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਸ਼ਹੀਦ

ਅਫ਼ਗਾਨਿਸਤਾਨ 'ਚ ਹੋਏ ਕਤਲ ਦੀ ਸਖਤ ਨਿਖੇਧੀ-ਲੇਖਕਾਂ ਵਿਚ ਭਾਰੀ ਰੋਸ
ਲੁਧਿਆਣਾ : 06 ਸਤੰਬਰ (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵਲੋਂ ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਦੇ ਅਫ਼ਗਾਨਿਸਤਾਨ ਵਿਚ ਹੋਏ ਕਤਲ ਦੇ ਸਬੰਧ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਕਤਲ ਤਾਲਿਬਾਨ ਮੂਲਵਾਦੀਆਂ ਵਲੋਂ ਇਕ ਲੇਖਿਕਾ ਔਰਤ ਦੇ ਆਜਾਦਾਨਾ ਤਰੀਕੇ ਨਾਲ ਲਿਖਣ ਅਤੇ ਵਿਚਰਨ ਕਰਕੇ ਹੋਇਆ ਹੈ। 1993 ਵਿਚ ਤਾਲਿਬਾਨਾਂ ਨੇ ਉਸ ਨੂੰ ਡਿਸਪੈਂਸਰੀ ਬੰਦ ਕਰਨ ਦੇ ਹੁਕਮ ਚਾੜ੍ਹੇ ਸਨ ਜਿਹੜੀ ਡਿਸਪੈਂਸਰੀ ਉਹ ਔਰਤਾਂ ਅਤੇ ਲੋਕਾਂ ਦੀ ਸੇਵਾ ਕਰਨ ਲਈ ਸਮਾਜਿਕ ਕਾਰਕੁੰਨ ਵਜੋਂ ਚਲਾ ਰਹੀ ਸੀ। 1994 ਵਿਚ ਉਹ ਉਸ ਇਲਾਕੇ ਵਿਚੋਂ ਜਿਥੇ ਉਹ ਅਫ਼ਗਾਨਿਸਤਾਨ ਵਿਚ ਵਿਆਹੀ ਹੋਈ ਸੀ ਅਤੇ ਡਿਸਪੈਂਸਰੀ ਚਲਾ ਰਹੀ ਸੀ ਬਚ ਕੇ ਨਿਕਲ ਆਈ ਸੀ। ਪ੍ਰੰਤੂ ਉਸ ਦੇ ਸੰਬੰਧੀ ਉਸ ਨੂੰ ਵਾਪਸ ਲੈ ਗਏ ਅਤੇ ਘਰ ਵਿਚ ਕੈਦ ਰੱਖਿਆ। 15 ਤਾਲਿਬਾਨ ਮੈਂਬਰਾਂ ਨੇ ਉਸ ਦੀ ਪੁੱਛ-ਗਿੱਛ ਕੀਤੀ ਤੇ ਉਸ ਨੇ ਉਹਨਾਂ ਦੀਆਂ ਦਲੀਲਾਂ ਦੀ ਤਸੱਲੀ ਕਰਵਾਉਂਦਿਆਂ ਕਿਹਾ ਕਿ ਉਹ ਭਾਰਤੀ ਹੈ ਤੇ ਆਪਣੇ ਵਤਨ ਵਾਪਸ ਪਰਤਣ ਦਾ ਉਸ ਨੂੰ ਪੂਰਾ ਹੱਕ ਹੈ।
ਇਸ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਤਾਲਿਬਾਨਾਂ ਵਲੋਂ ਔਰਤਾਂ ਦੇ ਲਿਖਣ ਪੜਣ ਦੇ ਅਧਿਕਾਰ 'ਤੇ ਕੀਤਾ ਗਿਆ ਇਹ ਹਮਲਾ ਇਕ ਹੋਰ ਨੰਗਾ ਚਿੱਟਾ ਕਾਰਾ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੁਸ਼ਮਿਤਾ ਬੈਨਰਜੀ/ਸੱਯਦ ਕਮਾਲਾ ਬੜਾ ਯਥਾਰਥਕ ਸ਼ੈਲੀ ਵਿਚ ਲਿਖਣ ਵਾਲੀ ਲੇਖਿਕਾ ਸੀ। ਉਸ ਦੀਆਂ ਪੁਸਤਕਾਂ 'ਏ ਕਾਬੁਲੀਵਾਲਾ ਜ਼ ਬੰਗਾਲੀ ਵਾਈਫ਼' ਅਤੇ 'ਇਸਕੇਪ ਫਰੌਮ ਦ ਤਾਲਿਬਾਨ' ਜਗਤ ਪ੍ਰਸਿੱਧ ਹਨ ਅਤੇ ਇਸਕੇਪ ਫਰੌਮ ਦ ਤਾਲਿਬਾਨ ਉਪਰ ਫਿਲਮ ਵੀ ਬਣ ਚੁੱਕੀ ਹੈ। ਇਸ ਤਰ੍ਹਾਂ ਦੇ ਵਿਸ਼ੇਸ਼ ਰੁਤਬੇ ਵਾਲੇ ਲੇਖਕਾਂ 'ਤੇ ਹੁੰਦੇ ਹਮਲਿਆਂ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਮੂਲਵਾਦੀਆਂ ਦੀ ਪਹੁੰਚ ਵਿਚ ਲੋਕਤੰਤਰ ਨਾਮ ਦਾ ਕੋਈ ਸ਼ਬਦ ਨਹੀਂ। ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸੁਰਿੰਦਰ ਕੈਲੇ ਨੂੰੇ ਬਹੁਤ ਸਾਰੇ ਲੇਖਕਾਂ ਨੇ ਫ਼ੋਨ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਅਤੇ ਡਾ. ਸੁਰਜੀਤ ਪਾਤਰ, ਡਾ. ਅਨੂਪ ਸਿੰਘ, ਡਾ. ਸਰਬਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਸ. ਕੁਲਦੀਪ ਸਿੰਘ ਬੇਦੀ, ਡਾ. ਜੋਗਿੰਦਰ ਸਿੰਘ ਨਿਰਾਲਾ, ਇੰਜ. ਜਸਵੰਤ ਜ਼ਫ਼ਰ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਹਨ।


ਡਾ. ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰੈੱਸ ਸਕੱਤਰ  ਦਾ ਫੋਨ ਨੰਬਰ ਹੈ:94647-62825

No comments: