Tuesday, November 12, 2013

ਪ੍ਰਸਿੱਧ ਲੇਖਕ ਤਲਵਿੰਦਰ ਸਿੰਘ ਦੇ ਦੇਹਾਂਤ 'ਤੇ ਸੋਗ ਦੀ ਲਹਿਰ

 Tue, Nov 12, 2013 at 1:04 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸ਼ੋਕ ਦਾ ਪ੍ਰਗਟਾਵਾ
ਲੁਧਿਆਣਾ :12 ਨਵੰਬਰ 2013: (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸਥਾਨਕ ਜਥੇਬੰਦੀਆਂ ਦੇ ਲੇਖਕਾਂ ਵੱਲੋਂ ਪ੍ਰਸਿੱਧ ਸਾਹਿਤਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਸ. ਤਲਵਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਬਲਵਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਇਸ ਸਭਾ ਵਿਚ ਲੇਖਕ ਦੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਲਈ ਲੇਖਕ ਜਥੇਬੰਦੀਆਂ ਨਾਲ ਸੰਘਰਸ਼ ਵਿਚ ਵੱਡਾ ਯੋਗਦਾਨ ਪਾਉਣ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਵਿਚ ਘਾਟਾ ਪੈਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸਰਗਰਮ ਸਾਥੀ ਸੀ। ਧਿਰ ਸੀ। ਸਿਰਜਕ ਸੀ। ਮੇਰੀ ਤਾਂ ਸ਼ਕਤੀ ਸੀ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਹੋਰਾਂ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਜਿੱਥੇ ਵੱਡਾ ਕਥਾਕਾਰ ਉੱਭਰ ਕੇ ਆਇਆ ਉਥੇ ਮੈਨੂੰ ਮਾਣ ਹੁੰਦਾ ਹੈ ਕਿ ਮੇਰੀ ਆਪਣੀ ਮਿੱਟੀ ਨੇ ਇਕ ਕੁਸ਼ਲ ਪ੍ਰਬੰਧਕ ਦੀ ਸਿਰਜਣਾ ਕੀਤੀ ਹੈ। 
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕੈਨੇਡਾ ਤੋਂ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਤਲਵਿੰਦਰ ਸਿੰਘ ਜਿੱਥੇ ਖ਼ੂਬਸੂਰਤ ਕਥਾਕਾਰ ਸੀ ਉਥੇ ਜਥੇਬੰਦਕ ਤੌਰ 'ਤੇ ਉਹ ਹਮੇਸ਼ਾਂ ਪੰਜਾਬ ਦੀਆਂ ਮੂਹਰਲੀਆਂ ਕਤਾਰਾਂ ਵਿਚ ਰਹਿ ਕੇ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਹੈ। ਉਹਨਾਂ ਦਸਿਆ ਤਲਵਿੰਦਰ ਸਿੰਘ ਨੇ 'ਲੋਅ ਹੋਣ ਤੱਕ, ਯੋਧੇ, ਰਾਤ ਚਾਨਣੀ, ਨਾਇਕ ਦੀ ਮੌਤ' ਸਮੇਤ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮਾਣ-ਸਨਮਾਨ ਮਿਲੇ। ਉਹਨਾਂ ਕਿਹਾ ਤਲਵਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਪੰਜਾਬੀ ਸਾਹਿਤ ਜਗਤ ਨੂੰ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। 
ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ, ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ ਅਤੇ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ. ਤਲਵਿੰਦਰ ਸਿੰਘ ਹੋਰਾਂ ਨੇ ਪੰਜਾਬੀ ਸਾਹਿਤ ਸੰਸਾਰ ਨੂੰ ਬੜੀਆਂ ਸਿਹਤਮੰਦ ਕਦਰਾਂ ਨਾਲ ਜੋੜਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਮਹਿੰਦਰਦੀਪ ਗਰੇਵਾਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਨੇ ਕੇਂਦਰੀ ਲੇਖਕ ਸਭਾ ਵਿਚ ਉਹਨਾਂ ਨੇ ਵੱਡੇ ਸਮਾਗਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਦੋਹਾਂ ਪੰਜਾਬਾਂ ਵਿਚ ਸਾਂਝੇ ਸਮਾਗਮ ਕਰਵਾ ਕੇ ਦੋਹਾਂ ਪੰਜਾਬਾਂ ਦੇ ਸਾਹਿਤਕਾਰਾਂ ਦੀ ਸਾਂਝ ਪੱਕੀ ਕੀਤੀ। 
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ.ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਐਨ. ਐਸ.ਨੰਦਾ, ਤਰਸੇਮ ਨੂਰ, ਤਰਲੋਚਨ ਸਿੰਘ, ਜਸਦੀਪ ਸਿੰਘ, ਪ੍ਰੀਤਮ ਪੰਧੇਰ, ਬਲਕੌਰ ਸਿੰਘ ਗਿੱਲ, ਮੀਤ ਅਨਮੋਲ, ਦਲਬੀਰ ਲੁਧਿਆਣਵੀ, ਰੂਪ ਨਿਮਾਣਾ, ਯੂਵੀ ਯੁਵ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
(ਡਾ.) ਗੁਲਜ਼ਾਰ ਸਿੰਘ ਪੰਧੇਰ ਪ੍ਰਸਿਧ ਲੇਖਕ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਵੀ ਹਨ। 

ਕਹਾਣੀਕਾਰ ਤਲਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ 

No comments: