Tuesday, January 14, 2014

ਦਰਬਾਰ ਸਾਹਿਬ ‘ਤੇ ਹਮਲੇ ਵਿੱਚ ਮਿਲੀ ਭੁਗਤ ਦਾ ਬ੍ਰਿਟਿਸ਼ ਸਰਕਾਰ ਪੂਰਾ ਖੁਲਾਸਾ ਦੇਵੇ

     Tue, Jan 14, 2014 at 3:36 AM                                                     13-01-2014   
ਸਿੱਖ ਕੌਂਸਲ ਯੂ ਕੇ ਨੇ ਕੀਤੀ ਖੁਲ੍ਹ ਕੇ ਜ਼ੋਰਦਾਰ ਮੰਗ
ਇੰਟਰਨੈਟ ਤੇ ‘ਅਹਿਮ ਨਿੱਜੀ ਅਤੇ ਗੁਪਤ’ (TOP SECRET AND PERSONAL) ਸੁਰਖੀ ਹੇਠ ਕੱਢੇ ਗਏ ਦਸਤਾਵੇਜ਼ ਜੋ ਕਿ ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਸਰਕਾਰ ਵਲੋਂ ਕੀਤੇ ਗਏ ਹਮਲੇ ਵਿਚ ਬ੍ਰਿਟਿਸ਼ ਸਰਕਾਰ ਦੀ ਹਿਮਾਇਤ ਬਾਰੇ ਹੈ, ਸਬੰਧੀ ਅੱਜ ਸਿੱਖ ਕੌਂਸਲ ਯੂ ਕੇ ਵਲੋਂ ਬ੍ਰਿਟਿਸ਼ ਸਰਕਾਰ ਦੀਆਂ ਗਤੀ ਵਿਧੀਆਂ ਅਤੇ ਹਮਲੇ ਦੌਰਾਨ ਬ੍ਰਿਟਿਸ਼ ਸਰਕਾਰ ਦੇ ਨਿਭਾਏ ਗਏ ਕਿਰਦਾਰ ਬਾਰੇ ਤਤਕਾਲ ਪੁਛ ਪੜਤਾਲ ਅਰੰਭ ਕੀਤੀ ਗਈ ਹੈ। ਚੇਤੇ ਰਹੇ ਕਿ ਯੂ ਕੇ ਦੀ ਸਰਕਾਰ ਵਲੋਂ ਗਿਣੇ-ਮਿਥੇ ਵਾਕਿਆ ਦੀ ਗੁਪਤਚਰ ਰੱਖੀ ਜਾਣਕਾਰੀ ਨੂੰ ਤੀਹ ਸਾਲ ਮਗਰੋਂ ਜਨਤਕ ਕਰ ਦਿੱਤਾ ਜਾਂਦਾ ਹੈ।

ਜਨਵਰੀ ਮਹੀਨੇ ਦੇ ਅਰੰਭ ਵਿਚ ਬਾਹਰ ਆਏ ਬਰਤਾਨਵੀ ਸਰਕਾਰ ਦੇ ਅਹਿਮ ਗੁਪਤਚਰ ਦਸਤਾਵੇਜ਼ਾਂ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਦਰਬਾਰ ਸਾਹਿਬ ਵਿਚੋਂ ਖਾੜਕੂਆਂ ਨੂੰ ਕੱਢਣ ਦੀ ਯੋਜਨਾਂ ਸਬੰਧੀ ਭਾਰਤ ਸਰਕਾਰ ਵਲੋਂ ਬ੍ਰਿਟਿਸ਼ ਸਰਕਾਰ ਦੀ ਹਿਮਾਇਤ ਲਈ ਗਈ ਸੀ। ਇਸ ਦਸਤਾਵੇਜ਼ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਬਰਤਾਨਵੀ ਬਿਦੇਸ਼ ਮੰਤਰੀ ਨੇ ਉਸ ਮੌਕੇ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਥੈਚਰ ਦੀ ਮਨਜ਼ੂਰੀ ਨਾਲ ਭਾਰਤੀ ਸਰਕਾਰ ਵਲੋਂ ਦਰਬਾਰ ਸਾਹਿਬ 
ਤੇ ਹਮਲਾ ਕਰਨ ਲਈ ਮੱਦਤ ਲੈਣ ਲਈ ਕੀਤੀ ਗਈ ਬੇਨਤੀ ਤੇ ਫੁੱਲ ਚੜ੍ਹਾਉਣ ਦਾ ਫੈਸਲਾ ਕੀਤਾ ਸੀ ਜਿਸ ਤਹਿਤ ਇੱਕ ਐਸ ਏ ਐਸ (ਸਪੈਸ਼ਲ ਫੋਰਸਜ਼) ਅਫਸਰ ਵਲੋਂ ਭਾਰਤ ਜਾ ਕੇ ਜੋ ਯੋਜਨਾ ਉਲੀਕੀ ਗਈ ਉਸ ਨੂੰ ਇੰਦਰਾਂ ਗਾਂਧੀ ਵਲੋਂ ਪ੍ਰਵਾਨ ਕੀਤਾ ਗਿਆ ਸੀ।
ਇਸ ਸਬੰਧੀ ਸਿੱਖ ਕੌਂਸਲ ਯੂ ਕੇ ਦੇ ਸੈਕਟਰੀ ਜਨਰਲ ਸ: ਗੁਰਮੇਲ ਸਿੰਘ ਨੇ ਕਿਹਾ ਹੈ ਕਿ, “ਮੈਨੂੰ ਇਸ ਗੱਲ ਦਾ ਭਾਰੀ ਸਦਮਾ ਲੱਗਿਆ ਹੈ ਕਿ ਭਾਰਤੀ ਸਰਕਾਰ ਵਲੋਂ ਦਰਬਾਰ ਸਾਹਿਬ ਸਮੂਹ ‘ਤੇ ਹਮਲੇ ਦੀ ਯੋਜਨਾਬੰਦੀ ਵਿਚ ਬਰਤਾਨਵੀ ਸਰਕਾਰ ਅਤੇ ਫੌਜ ਦੀ ਦਖਲ ਅੰਦਾਜ਼ੀ ਵੀ ਹੋ ਸਕਦੀ ਹੈ ਜਦ ਕਿ ਉਸ ਹਮਲੇ ਦੀ ਲਪੇਟ ਵਿਚ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੀ ਆਏ ਸਨ।”
ਬ੍ਰਿਟਿਸ਼ ਦਸਤਾਵੇਜ਼ 
“ਸਿੱਖ ਜੰਤਰੀ ਦੇ ਇੱਕ ਖਾਸ ਪਵਿੱਤਰ ਦਿਨ (ਸ਼ਹੀਦੀ ਗੁਰਪੁਰਬ) ‘ਤੇ ਕੀਤੇ ਗਏ ਉਸ ਹਮਲੇ ਵਿਚ ਹਜ਼ਾਰਾਂ ਹੀ ਆਦਮੀ, ਔਰਤਾਂ ਅਤੇ ਬੱਚੇ ਮਾਰੇ ਗਏ ਸਨ। ਉਸ ਹਮਲੇ ਵਿਚ ਹੋਰ ਜਾਨੀ ਅਤੇ ਮਾਲੀ ਨੁਕਸਾਨ ਦੇ ਨਾਲ ਨਾਲ ਸਿੱਖਾਂ ਦੀ ਇਤਹਾਸਕ ਲਾਇਬ੍ਰੇਰੀ ਦਾ ਵੀ ਭਾਰੀ ਨੁਕਸਾਨ ਕੀਤਾ ਗਿਆ ਸੀ। ਉਹ ਸਮਾਂ ਤਾਂ ਸਿੱਖ ਇਤਹਾਸ ਦਾ ਇੱਕ ਬੜਾ ਹੀ ਕਾਲਾ ਕਾਂਡ ਹੈ ਅਤੇ ਰਹੇਗਾ।”



ਉਹਨਾਂ ਹੋਰ ਕਿਹਾ ਕਿ, “ਮੈਂ ਇਸ ਸਬੰਧੀ ਬਰਤਾਨਵੀ ਸਰਕਾਰ ਦੀ ਦਖ਼ਲ ਅੰਦਾਜ਼ੀ ਬਾਰੇ ਜਿਥੇ ਇੱਕ ਤਤਕਾਲ ਇਨਕੁਆਰੀ ਦੀ ਮੰਗ ਕੀਤੀ ਹੈ ਉਥੇ ਹੀ ਇਸ ਸਬੰਧੀ ਸਾਰੇ ਹੀ ਗੁਪਤਚਰ ਦਸਤਾਵੇਜ਼ਾਂ ਦਾ ਖੁਲਾਸਾ ਵੀ ਮੰਗਿਆ ਹੈ। ਸਰਕਾਰਾਂ ਦੀ ਖਤੋ ਕਿਤਾਬੀ ‘ਤੇ ਫਰਵਰੀ 1984 ਦੀ ਤਾਰੀਖ ਹੈ ਜਦ ਕਿ ਦਰਬਾਰ ਸਾਹਿਬ ਤੇ ਹਮਲਾ ਜੂਨ 1984 ਨੂੰ ਹੋਇਆ ਅਤੇ ਉਸ ਤੋਂ ਮਗਰੋਂ ਜਦੋਂ ਇੰਦਰਾਂ ਗਾਂਧੀ ਦਾ ਕਤਲ ਹੋਇਆ ਤਾਂ ਸਿੱਖਾਂ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਕੀਤੀ ਗਈ। ਮੈਂ ਇਹ ਜਾਨਣਾਂ ਚਾਹੁੰਦਾ ਹਾਂ ਕਿ ਉਸ ਸਮੇਂ ਦੌਰਾਨ ਬਰਤਾਨਵੀ ਸਰਕਾਰ ਕੀ ਕੁਝ ਕਰਦੀ ਅਤੇ ਕਹਿੰਦੀ ਰਹੀ ਹੈ ?”
ਕੁਲਵੰਤ ਸਿੰਘ ਢੇਸੀ
ਭਾਰਤੀ ਉਪਮਹਾਂਦੀਪ ਮਾਮਲਿਆਂ ਸਬੰਧੀ ਸਬ ਕਮੇਟੀ ਦੇ ਚੇਅਰਮੈਨ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਕਿਹਾ,“ਸਿੱਖ ਭਾਈਚਾਰਾ ਇਸ ਸਾਲ ਸੰਨ ਚੁਰਾਸੀ ਦੇ ਹਮਲੇ ਦੀ ਤੀਹ ਸਾਲਾ ਬਰਸੀ ਮਨਾ ਰਿਹਾ ਹੈ। ਅਸੀਂ ਪਹਿਲੇ ਸੰਸਾਰ ਯੁੱਧ ਦੌਰਾਨ ਸਿੱਖ ਫੌਜੀਆਂ ਦੀਆਂ ਬਹਾਦਰੀਆਂ ਅਤੇ ਕੁਰਬਾਨੀਆਂ ਦੀ ਸ਼ਤਾਬਦੀ ਵੀ ਇਸੇ ਸਾਲ ਮਨਾ ਰਹੇ ਹਾਂ। ਇੱਕ ਮਾਣ ਮੱਤਾ ਅਤੇ ਵਫਾਦਾਰ ਬ੍ਰਿਟਿਸ਼ ਸਿੱਖ ਹੁੰਦੇ ਹੋਏ ਮੇਰੇ ਲਈ ਇਹ ਗੱਲ ਬੜੀ ਹੀ ਨਮੋਸ਼ੀ ਅਤੇ ਨਿਰਾਸ਼ਾ ਵਾਲੀ ਹੈ ਕਿ ਸਾਡੇ ਪ੍ਰਾਣਾਂ ਤੋਂ ਪਿਆਰੇ ਹਰਮੰਦਰ ਸਾਹਿਬ ‘ਤੇ ਹਮਲੇ ਦੀ ਯੋਜਨਾਬੰਦੀ ਵਿਚ ਬ੍ਰਿਟਿਸ਼ ਸਰਕਾਰ ਦੀ ਵੀ ਹਿੱਸੇਦਾਰੀ ਸੀ। ਇਹ ਜਾਣਕਾਰੀ ਬੜਾ 
ਲੰਬਾ ਸਮਾਂ ਦੱਬੀ ਰਹੀ ਹੈ ਅਤੇ ਹੁਣ ਇੱਕ ਬ੍ਰਿਟਿਸ਼ ਸਿੱਖ ਵਜੋਂ ਅਸੀਂ ਇਸ ਬਾਰੇ ਅਲਫ ਨੰਗੇ ਸੱਚੇ ਨੂੰ ਦੁਨੀਆਂ ਸਾਹਮਣੇ ਲਿਆਉਣ ਦੀ ਮੰਗ ਕਰਦੇ ਹਾਂ।”



ਇਸ ਸਬੰਧੀ ਸਿੱਖ ਕੌਂਸਲ ਯੂ ਕੇ ਨੇ ਪ੍ਰਮੁਖ ਸੈਕਟਰੀ ਆਫ ਸਟੇਟ ਅਤੇ ਸੈਕਟਰੀ ਆਫ ਸਟੇਟ ਫਾਰ ਫੌਰੇਨ ਐਂਡ ਕਾਮਨਵੈਲਥ ਅਫੇਅਰਜ਼ ਸ਼੍ਰੀ ਮਾਨ ਵਿਲੀਅਮ ਹੇਗ ਐਮ ਪੀ ਨੂੰ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਸੰਨ 1984 ਵਿਚ ਭਾਰਤੀ ਸਰਕਾਰ ਵਲੋਂ ਦਰਬਾਰ ਸਾਹਿਬ ਸਮੂਹ ਅਤੇ ਸ਼੍ਰੀ ਅਕਾਲ ਤਖਤ ‘ਤੇ ਕੀਤੇ ਗਏ ਹਮਲੇ ਦੌਰਾਨ ਬਰਤਾਨਵੀ ਸਰਕਾਰ ਵਲੋਂ ਦਿੱਤੀ ਗਈ ਹਿਮਾਇਤ ਬਾਰੇ ਸਭ ਦਸਤਾਵੇਜ ਅਤੇ ਤੱਥਾਂ ਦੀ ਸਾਰੀ ਜਾਣਕਾਰੀ ਨੂੰ ਤਤਕਾਲ ਨਸ਼ਰ ਕੀਤਾ ਜਾਵੇ।
----------------------
ਪੰਜਾਬ ਸਕਰੀਨ ਅੰਗ੍ਰੇਜ਼ੀ ਵਿੱਚ ਵੀ ਦੇਖੋ 

UK Government Involvement in 1984 Golden Temple Attack

No comments: