Wednesday, January 15, 2014

ਇੰਗਲੈਂਡ ਦੇ ਮਾਮਲੇ ਤੇ ਸੰਭਲਕੇ !

ਸਾਡੇ ਅੱਗੇ ਹੀ ਬਥੇਰੇ ਵੈਰੀ ਨੇ,ਸਾਨੂੰ ਮਿਤਰਾਂ ਦੀ ਲੋੜ ਹੈ

January 15, 2014 at 7:12 pm              --SARBJIT SINGH GHUMAN 97819-91622

ਮੈਨੂੰ ਪਤਾ ਹੈ ਕਿ ਮੇਰੇ ਬਹੁਤ ਸਾਰੇ ਦੋਸਤ ਮੇਰੇ ਹੇਠ ਲਿਖੇ ਵਿਚਾਰਾਂ ਨਾਲ ਸਹਿਮਤ ਨਹੀ ਹੋਣਗੇ-ਪਰ ਦਿਲ ਦੀ ਗੱਲ ਸਾਂਝੀ ਕਰ ਰਿਹਾ ਹਾਂ-
੧.ਇਹ ਸੱਚ ਹੈ ਕਿ ਇੰਡੀਆ ਦੀ ਮਹਾਰਾਣੀ ਇੰਦਰਾ ਨੇ ਇੰਗਲੈਂਡ ਦੀ ਮਹਾਰਾਣੀ ਥੈਚਰ ਨਾਲ ਮਿਲਕੇ ਦਰਬਾਰ ਸਾਹਿਬ ਉਤੇ ਹਮਲੇ ਦੀ ਪਲੈਨਿੰਗ ਕਰਨੀ ਚਾਹੀ-ਇਸ ਪਲੈਨਿੰਗ ਦੀਆਂ ਬਰੀਕੀਆਂ ਤਾਂ ਇੰਗਲੈਂਡ ਸਰਕਾਰ ਵਲੋਂ ਹੋ ਰਹੀ ਜਾਂਚ ਮਗਰੋਂ ਸਾਹਮਣੇ ਆਉਣਗੀਆਂ ਪਰ ਜੋ ਕਿਤਾਬਾਂ ਭਾਰਤੀ ਖੁਫੀਆ ਏਜੰਸੀਆਂ ਦੇ ਚੋਟੀ ਦੇ ਰਿਟਾਇਰਡ ਅਫਸਰਾਂ ਨੇ ਲਿਖੀਆਂ ਹਨ,ਮੈਂ ਤਕਰੀਬਨ ਸਾਰੀਆਂ ਪੜ੍ਹੀਆਂ ਹਨ,ਉਨਾਂ ਕਿਤਾਬਾਂ  ਦਾ ਅਧਿਐੇਨ ਕਰਨ ਮਗਰੋਂ ਇਸ ਨੁਕਤੇ ਦੀ ਸਪੱਸ਼ਟਤਾ ਇੰਝ ਹੁੰਦੀ ਹੈ ਕਿ ਇੰਗਲੈਂਡ ਨੇ ਇਸ ਅਪਰੇਸ਼ਨ ਨੂੰ ਨਾ ਕਰਨ ਦੀ ਸਲਾਹ ਦਿਤੀ ਸੀ ਤੇ ਜੇ ਜਰੂਰੀ ਕਰਨਾ ਹੀ ਹੈ ਤਾਂ ਫੌਜ ਦੀ ਥਾਂ ਪੁਲੀਸ ਦੀ ਵਰਤੋਂ ਕਰਨ ਬਾਰੇ ਕਿਹਾ ਸੀ। ਪਰ ਇੰਡੀਆ ਦੀ ਪ੍ਰਧਾਨਮੰਤਰੀ ਇੰਦਰਾ ਨੇ ਆਪਣੀ ਮਰਜ਼ੀ ਕੀਤੀ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹੁਣ ਕਈ ਵੀਰ ਇੰਝ ਸਮਝ ਰਹੇ ਨੇ ਕਿ ਜਿਵੇਂ ਇਹ ਗੱਲ ਹੁਣੇ ਸਾਹਮਣੇ ਆਈ ਹੋਵੇ ਜਦਕਿ ਇਹ ਤੱਥ ਤਾਂ ਭਾਰਤੀ ਖੁਫੀਆਂ ਏਜੰਸੀਆਂ ਦੇ ਅਫਸਰਾਂ ਨੇ ਪਹਿਲਾਂ ਵੀ ਕਈ ਕਿਤਾਬਾਂ ਵਿਚ ਦਰਜ਼ ਕੀਤਾ ਹੋਇਆਂ ਹੈ ਕਿ ਇੰਗਲੈਂਡ ਨੂੰ ਹਮਲੇ ਬਾਰੇ ਪਤਾ ਸੀ।ਖੁਫੀਆ ਏਜੰਸੀ ਰਾਅ ਦੇ ਮੁਖੀ ਰਹੇ ਬੀ.ਰਮਨ ਦੀ ਕਿਤਾਬ ਜਰੂਰ ਪੜ੍ਹੋ।
੨.ਜੇ ਇੰਗਲੈਂਡ ਦੇ ਇਸ ਹਮਲੇ ਵਿਚ ਰੋਲ ਦਾ ਸਾਨੂੰ ਸਭ ਨੂੰ ਪਤਾ ਹੈ ਤਾਂ ਕੀ ਇਹ ਭੁਲ ਜਾਈਏ ਕਿ ਇੰਗਲੈਂਡ ਨੇ ਸਿਖ ਜੁਝਾਰੂ ਲਹਿਰ ਪ੍ਰਤੀ ਹਾਂ-ਪੱਖੀ ਰਵੱਈਆ ਰੱਖਿਆ-ਅਨੇਕਾਂ ਖਾਲਿਸਤਾਨ-ਪੱਖੀ ਆਗੂ ਇੰਗਲੈਂਡ ਵਿਚ ਸਰਗਰਮ ਰਹੇ ਹਨ ਤੇ ਹੁਣ ਵੀ ਹਨ-ਘੁੱਲ਼ੂਘਾਰੇ ਦੀ ਯਾਦ ਵਿਚ ਉਂਝ ਤੇ ਸਾਰੇ ਸੰਸਾਰ ਵਿਚ ਹੀ ਸਿਖ ਸਮਾਗਮ ਕਰਦੇ ਹਨ ਪਰ ਹਰ ਸਾਲ ਇੰਗਲੈਂਡ ਵਿਚ ਜੂਨ ਮਹੀਨੇ ਹੋਣ ਵਾਲਾ ਮੁਜਾਹਰਾ ਸਾਰੇ ਸੰਸਾਰ  ਵਿਚ ਧਾਂਕ ਪਾ ਦਿੰਦਾ ਹੈ।ਇਸ ਗਹਿਗੱਡਵੇਂ ਮੁਜਾਹਰੇ ਵਿਚ ਵੱਜਦੇ ਖਾਲਿਸਤਾਨ ਦੇ ਨਾਅਰਿਆਂ ਦੀ ਇੰਗਲੈਂਡ ਨੂੰ ਕੋਈ ਤਕਲੀਫ ਨਹੀ,ਹਿੰਦੋਸਤਾਨ ਨੂੰ ਜਰੂਰ ਹੈ-ਮੇਰਾ ਭਾਵ ਹੈ ਕਿ ਇੰਗਲੈਂਡ ਨੂੰ ਹਮਲੇ ਦਾ ਪਤਾ ਸੀ,ਪਰ ਜੇ ਉਸਨੇ ਇੰਡੀਆ ਨੂੰ ਹਮਲੇ ਤੋਂ ਨਹੀ ਰੋਕਿਆ ਤਾਂ ਇਹ ਵੀ ਸੱਚ ਹੈ ਕਿ ਹਮਲੇ ਮਗਰੋਂ ਖਾਲਸਿਤਾਨ-ਪੱਖੀਆਂ ਨੂੰ ਇੰਗਲੈਂਡ ਵਿਚ ਸ਼ਰਣ ਤੇ ਸ੍ਰਪਰਸਤੀ ਵੀ ਮਿਲਦੀ ਰਹੀ ਹੈ।
੩. ਇੰਗਲੈਂਡ ਦੀ ਸ਼ਮੂਲ਼ੀਅਤ ਦਾ ਪਤਾ ਲੱਗਣ ਮਗਰੋਂ ਸਿਖ ਹਿਰਦਿਆਂ ਨੂੰ ਡਾਹਡੀ ਠੇਸ ਪੁਜੀ ਹੈ ਕਿਉਂਕਿ ਆਮ ਸਿਖ ਜਗਤ ਵਿਚ ਇੰਗਲੈਂਡ ਨੂੰ ਸਿਖਾਂ ਦਾ ਹਮਦਰਦ ਹੀ ਮੰਨਿਆ ਜਾਂਦਾ ਹੈ-ਪਰ ਇਹ ਤੱਥ ਜੱਗਜਾਹਿਰ ਹੋ ਜਾਣ ਇੰਡੀਆ ਪ੍ਰਤੀ ਗੁੱਸਾ ਘਟ ਨਹੀ ਜਾਣਾ ਤੇ ਨਾ ਹੀ ਇੰੰਗਲੈਂਡ ਤੇ ਇੰਡੀਆਂ ਦਾ ਗੁਨਾਹ ਬਰਾਬਰ ਹੋ ਜਾਣਾ ਹੈ-ਸਾਡਾ ਮੁਜਰਿਮ ਇੰਡੀਆ ਸੀ,ਇੰਡੀਆ ਹੈ ਤੇ ਇੰਡੀਆ ਹੀ ਰਹੇਗਾ।
੪.ਭਾਰਤੀ ਨਿਜਾਮ ਨੂੰ ਪਤਾ ਹੈ ਇੰਡੀਆ ਨੂੰ ਤਾਂ ਸਿਖ ਦੋਸ਼ੀ ਮੰਨਦੇ ਵੀ ਹਨ, ਹੁਣ ਦੇ ਹਾਲਾਤਾਂ ਵਿਚ ਇੰਡੀਅਨ ਖੁਫੀਆ ਏਜੰਸੀਆਂ ਸੋਚਣਗੀਆਂ ਕਿ ਜੇ ਇੰਗਲੈਂਡ ਦੀ ਹਮਲੇ ਵਿਚ ਸ਼ਮੂਲੀਅਤ ਬਾਰੇ ਸਾਹਮਣੇ ਆਏ ਇਸ ਨਵੇਂ ਇੰਕਸਾਫ ਦੀ ਰੌਸ਼ਨੀ ਵਿਚ ਸਿਖਾਂ ਨੂੰ ਭੜਕਾਕੇ  ਇੰਗਲੈਂਡ ਨਾਲ ਵੀ ਭਿੜਾ ਦਿਤਾ ਜਾਵੇ ਤੇ ਸਿਖਾਂ ਤੇ ਇੰਗਲੈਂਡ ਵਿਚ ਬਣੇ ਹੋਏ ਮਿੱਤਰਤਾ ਵਾਲੇ ਸਬੰਧ ਵਿਰੋਧ ਵਿਚ ਬਦਲ ਦਿਤੇ ਜਾਣ ਤਾਂ ਸੌਦਾ ਮਾੜਾ ਨਹੀ।ਇੰਡੀਆ ਨੂੰ ਇਹ ਗਿਲਾ ਤਾਂ ਹੈ ਹੀ ਕਿ ਇੰਗਲੈਂਡ ਨੇ ਸਿਖਾਂ ਨਾਲ ,ਖਾਸ ਕਰਕੇ ਖਾਲਿਸਤਾਨੀਆਂ ਨਾਲ ਮਿਤਰਤਾ-ਪੂਰਵਕ ਸਬੰਧ ਰੱਖੇ ਹੋਏ ਹਨ-ਸੋ ਇੰਡੀਆ ਜਰੂਰ ਚਾਹੂਗਾ ਕਿ ਹੁਣ ਸਿਖਾਂ ਨੂੰ ਵੱਧ ਤੋਂ ਵੱਧ ਪੰਪ ਮਾਰਕੇ ਇੰਗਲੈਂਡ ਦੇ ਵਿਰੋਧੀ ਬਣਾ ਦਿਤਾ ਜਾਵੇ।ਇਹ ਹੁਣ ਸਿਖ ਦੇਖਣ ਕਿ ਵਿਰੋਧ ਵੀ ਦਰਜ਼  ਕਰਵਾਉਣਾ ਹੈ ਪਰ ਇੰਡੀਅਨ ਏਜੰਸੀਆਂ ਦੇ ਜਾਲ ਵਿਚ ਵੀ ਨਹੀ ਫਸਣਾ।
੫. ਖਾਲਸਾ ਜੀ! ਸਾਡੇ ਕੋਲ ਦੁਸ਼ਮਣ ਤਾਂ ਬਥੇਰੇ ਹਨ ਪਰ ਸਾਡੇ ਕੋਲ ਮਿਤਰਾਂ ਦੀ ਘਾਟ ਹੈ-ਇੰਡੀਆ ਨੇ ਹਰ ਮੁਲਕ ਵਿਚ ਖੁਫੀਆ ਅਪਰੇਸ਼ਨ ਕਰ ਕਰਕੇ ਸਿਖਾਂ ਨੂੰ ਬਹੁਤੇ ਮੁਲਕਾਂ ਵਿਚ ਸ਼ੱਕੀ ਬਣਾ ਦਿਤਾ ਹੈ-ਹੁਣ ਵੀ ਇੰਗਲੈਂਡ ਵਿਚ ਵਸਦੇ ਇੰਡੀਅਨ ਏਜੰਟ ਖਾਸ ਕਰਕੇ ਸਿਖੀ ਭੇਸ ਵਾਲੇ ਏਜੰਟ ਸਰਗਰਮ ਹੋਣਗੇ ਕਿ ਸਿਖਾਂ ਤੇ ਇੰਗਲੈਂਡ ਦੇ ਰਿਸ਼ਤੇ ਘੋਰ-ਵਿਰੋਧੀ ਵਾਲੇ ਬਣ ਜਾਣ! ਦੇਖਣਾ ਹੈ ਕਿ ਕੀ ਸਿਖ ਸੋਚਕੇ ਚੱਲਣਗੇ ਕਿ ਲਾਈਲੱਗ ਬਣਨਗੇ?
੬.ਸਾਨੂੰ ਇੰਗਲੈਂਡ ਦੀ ਹਮਲੇ ਵਿਚ ਸ਼ਮੂਲੀਅਤ ਦੀ ਪੂਰੀ ਹਕੀਕਤ ਜਾਨਣੀ-ਸਮਝਣੀ ਚਾਹੀਦੀ ਹੈ।ਚੰਗੀ ਗੱਲ ਹੈ ਕਿ ਇੰਗਲੈਂਡ ਸਰਕਾਰ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਪਰ ਸਾਨੂੰ ਓਸ ਇੰਡੀਆ ਦੀ ਸਿਖੀ ਤੇ ਸਿਖਾਂ ਪ੍ਰਤੀ ਦੁਸ਼ਮਣੀ ਨੂੰ ਬਹੁਤਾ ਯਾਦ ਰੱਖਣ ਦੀ ਲੋੜ ਹੈ ਜਿਸਨੇ ਸਾਡੀ ਹੋਂਦ-ਹਸਤੀ ਮਿਟਾਉਣ ਦੀ ਜਿਦ ਫੜੀ ਹੋਈ ਹੈ-
੭.ਇੰਗਲੈਂਡ ਤੇ ਹੋਰ ਮੁਲਕਾਂ ਨੇ ਸਿਖਾਂ ਤੇ ਇੰਡੀਆ ਨਾਲ ਆਪਦੇ ਨਜਰੀਏ ਤੋਂ ਸਬੰਧ ਬਣਾਉਣੇ ਹਨ-ਸਾਨੂੰ ਅਕਲ ਵਰਤਣੀ ਚਾਹੀਦੀ ਹੈ -ਹੋਰ ਮੁਲਕਾਂ ਸਾਹਮਣੇ ਇੰਡੀਆ ਦੇ ਸਿਖਾਂ ਉਤੇ ਹੁੰਦੇ ਜੁਲਮਾਂ ਦੀ ਦਾਸਤਾਨ ਪੇਸ਼ ਕਰਕੇ ਸਾਨੂੰ ਆਪਣੇ ਹਮਦਰਦ ਤੇ ਮਿਤਰ ਵਧਾਉਣੇ ਚਾਹੀਦੇ ਹਨ ।ਤੇ ਨਾਲ ਹੀ ਸਾਨੂੰ ਹੋਰਨਾਂ ਮੁਲਕਾਂ ਨਾਲ ਵੈਰ ਸਹੇੜਨ ਦੀ ਤੇ ਵਿਰੋਧ ਖੜ੍ਹੇ ਕਰਨ ਦੀ ਕੋਈ ਲੋੜ ਨਹੀ। ਯਾਦ ਰੱਖੋ ਕਿ ਸਿਖਾਂ ਦੇ ਹੱਕ ਇੰਡੀਆ ਨੇ ਦੱਬੇ ਹੋਏ ਨੇ,ਕਿਸੇ ਹੋਰ ਮੁਲਕ ਨੇ ਨਹੀ।-ਬਾਕੀ ਦੁਨੀਆਂ ਦੇ ਮੁਲਕ ਤਾਂ ਸਾਡੇ ਸਿਧਾਂਤ ਤੇ ਸਾਡੇ ਸਰੂਪ ਦੀ ਰਾਖੀ ਲਈ ਬਣਦਾ ਧਿਆਨ ਦੇ ਵੀ ਦਿੰਦੇ ਨੇ,ਪਰ ਇੰਡੀਆ ਨੇ ਤਾਂ ਸਦਾ ਹੀ ਸਿਖਾਂ ਨੂੰ ਮੁਕਾਉਣ ਵਾਲੀ ਨੀਤੀ ਰੱਖੀ ਹੋਈ ਹੈ!
੮.ਭਾਰਤੀ ਮੀਡੀਆਂ ਨੇ ਇਸ ਮਾਮਲੇ ਤੇ ਵੱਡੇ ਵੱਡੇ ਬਿਆਨ ਲਾਏ ਹਨ ਤਾਂ ਕਿ ਸਿਖਾਂ ਤੇ ਇੰਗਲੈਂਡ ਦੇ ਰਿਸ਼ਤੇ ਵਿਗੜ ਜਾਣ! ਸਾਨੂੰ ਯਾਦ ਹੈ ਕਿ ਜਨਰਲ ਡਾਇਰ ਦੇ ਪੁਤਰ ਨੇ ਜਲਿਆਂਵਾਲੇ ਬਾਗ ਦੇ ਸਾਕੇ ਲਈ ਕਿਵੇਂ ਮਾਫੀ ਮੰਗੀ ਸੀ! ਹੁਣ ਵੀ ਇੰਗਲੈਂਡ ਸਰਕਾਰ ਦਾ ਰੱਵਈਆਂ ਹਾਂ-ਪੱਖੀ ਹੈ।ਪਰ ਜਿਹੜੇ ਧੂਤੇ ਜਿਹੇ "ਸਿਖ ਆਗੂ" ਦੋਹਾਈ ਦੇ ਰਹੇ ਨੇ ਕਿ ਇੰਗਲੈਂਡ ਮਾਫੀ ਮੰਗੇ,ਕੀ ਉਹ ਪਿਛਲੇ ੩੦ ਸਾਲਾਂ ਵਿਚ ਇੰਡੀਆ ਤੋਂ ਮਾਫੀ ਮੰਗਵਾ ਸਕੇ ਹਨ?ਜਿਸ ਕੌਮ ਵਿਚ ਇਹੋ ਜਿਹੇ 'ਸੂਝਵਾਨ' ਲੀਡਰ ਹੋਣ,ਉਹਦਾ ਕੀ ਬਣੇਗਾ?
ਸੋ, ਖਾਲਸਾ ਜੀ, ਵਿਰੋਧ ਜਰੂਰ ਕਰੀਏ,ਪਰ ਜਰਾ ਸੰਭਲ ਕੇ-ਸਾਡੇ ਅੱਗੇ ਹੀ ਬਥੇਰੇ ਵੈਰੀ ਨੇ,ਸਾਨੂੰ ਮਿਤਰਾਂ ਦੀ ਲੋੜ ਹੈ।
...... ਜੇਹੜੇ ਵੀਰਾਂ-ਭੈਣਾਂ ਨੂੰ ਮੇਰੇ ਵਿਚਾਰ ਨਹੀ ਜਚੇ,ਉਨਾਂ ਤੋਂ ਮਾਫੀ ਪਹਿਲਾਂ ਹੀ ਮੰਗ ਲੈਂਦਾ ਹਾਂ-ਧੰਨਵਾਦ!.........................................................................

No comments: