Sunday, January 05, 2014

ਬ੍ਰਿਟਿਸ਼ ਸਿੱਖ ਕੌਂਸਲ ਨੇ ਕੀਤਾ ਨਰਿੰਦਰ ਮੋਦੀ ਦਾ ਤਿੱਖਾ ਵਿਰੋਧ

Sat, Jan 4, 2014 at 10:56 PM
ਪਟੇਲ ਦੇ ਪਿਛਲੱਗ ਮੋਦੀ ਤੋਂ ਭਾਰਤੀ ਘੱਟ ਗਿਣਤੀਆਂ ਨੂੰ ਖਤਰੇ
ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਸ: ਕੁਲਵੰਤ ਸਿੰਘ ਢੇਸੀ ਅਤੇ ਸ: ਤਰਸੇਮ ਸਿੰਘ ਦਿਓਲ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਇਹ ਚਿੰਤਾ ਜ਼ਾਹਿਰ ਕੀਤਾ ਹੈ ਕਿ ਜੇਕਰ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਭਾਰਤ ਵਿਚ ਘੱਟਗਿਣਤੀਆਂ ਦਾ ਵਸੇਵਾ ਮੁਸ਼ਕਲ ਹੋ ਜਾਵੇਗਾ ਅਤੇ ਦੇਸ਼ ਵਿਚ ਅਨਾਰਕੀ ਫੈਲ ਜਾਵੇਗੀ।
ਇਹਨਾ ਸਿੱਖ ਆਗੂਆਂ ਨੇ ਮੋਦੀ ਦੇ ਉਸ ਬਿਆਨ ਦੇ ਹਵਾਲੇ ਨਾਲ ਇਹ ਗੱਲ ਆਖੀ  ਹੈ ਕਿ ਮੋਦੀ ਪਹਿਲਾਂ ਹੀ ਇਹ ਗੱਲ ਸ਼ਰੇਆਮ ਕਹਿ ਚੁੱਕਾ ਹੈ ਕਿ ਉਹ ਭਾਰਤ ਵਿਚ ਜਮਹੂਰੀ ਕੀਮਤਾਂ ਵਾਲਾ ਧਰਮ ਨਿਰਪੇਖ ਰਾਜਸੀ ਪ੍ਰਬੰਧ ਨਹੀਂ ਚਾਹੁੰਦਾ ਸਗੋਂ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵਲਭ ਭਾਈ ਪਟੇਲ ਦੀ ਤਰਜ਼ ਵਾਲਾ ਭਾਵ ਕਿ ਗੇਰੂਏ ਦਾਬੇ ਵਾਲਾ ਪ੍ਰਬੰਧ ਚਾਹੁੰਦਾ ਹੈ। 
 ਇਹ ਕੌੜੀ ਸੱਚਾਈ ਹੈ ਕਿ ਸ: ਪਟੇਲ ਭਾਰਤੀ ਘੱਟਗਿਣਤੀਆਂ ਲਈ ਬੜੀ ਹੀ ਅਸਹਿਣਸ਼ੀਲਤਾ ਵਾਲਾ ਰਵੱਈਆ ਰੱਖਦਾ ਸੀ ਅਤੇ ਪੰਡਤ ਨਹਿਰੂ ਦੀ ਸਿੱਖਾਂ ਪ੍ਰਤੀ ਵਾਇਦਾ ਖਿਲਾਫੀ ਦਾ ਮੁਖ ਕਾਰਨ ਪਟੇਲ ਹੀ ਸੀ । ਇਹ ਵੀ ਸੱਚ ਹੈ ਕਿ ਇਹ ਪਟੇਲ ਹੀ ਸੀ ਜਿਸ ਨੇ ਭਾਰਤੀ ਅਜ਼ਾਦੀ ਤੋਂ ਤਤਕਾਲ ਮਗਰੋਂ ਪੰਜਾਬ ਦੇ ਡੀ ਸੀਜ਼ ਨੂੰ ਇੱਕ ਸਰਕੂਲਰ ਜਾਰੀ ਕਰਕੇ ਇਹ ਤਾੜਨਾ ਕੀਤੀ ਸੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ ਜਿਸ ਨੂੰ ਦਬਾਅ ਕੇ ਰੱਖਿਆ ਜਾਵੇ। ਭਾਰਤ ਦੀ ਅਜ਼ਾਦੀ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੀ ਸਿੱਖ ਕੌਮ ਪ੍ਰਤੀ ਪਟੇਲ ਅਤੇ ਨਹਿਰੂ ਵਰਗੇ ਆਗੂਆਂ ਦੀ ਵਾਇਦਾ ਖਿਲਾਫੀ ਨੂੰ ਸਿੱਖ ਕਦੀ ਵੀ ਨਾਂ ਭੁੱਲ ਸਕੇ ਅਤੇ ਪੰਜਾਬ ਨੇ ਵੀਹਵੀ ਸਦੀ ਦੇ ਅਖੀਰਲੇ ਦੋ ਦਹਾਕਿਆਂ ਵਿਚ ਜੋ ਦੁ਼ਖਾਂਤ ਹੰਢਾਇਆ ਉਸ ਦਾ ਮੁਖ ਕਾਰਨ ਵੀ ਇਹ ਹੀ ਸੀ ਕਿ ਸਿੱਖ ਕੇਂਦਰ ਦੇ ਗਲ ਘੋਟੂ ਪ੍ਰਬੰਧ ਤੋਂ ਸੂਬੇ ਨੂੰ ਮੁਕਤ ਕਰਾਕੇ ਦੇਸ਼ ਵਿਚ ਫੈਡਰਲ ਤਰਜ਼ ਦਾ ਇੱਕ ਸਾਫ ਸੁਥਰਾ ਨਿੱਗਰ ਪ੍ਰਬੰਧ ਲਾਗੂ ਕਰਨ ਲਈ ਮੋਹਰੀ ਭੂਮਿਕਾ ਨਿਭਾ ਰਹੇ ਸਨ ਪਰ ਅਫਸੋਸ ਕਿ ਸਰਕਾਰ ਨੇ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਕੇ ਅਤੇ ਸ੍ਰੀ ਅਕਾਲ ਤਖਤ ਢਾਅ ਕੇ ਦਬਾਉਣ ਦੀ ਕੋਸ਼ਿਸ਼ ਕੀਤੀ।

ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਡੈਮੋਕਰੇਟਿਕ ਕੀਮਤਾਂ ਦੀਆਂ ਕੌਮਾਂਤਰੀ ਦਾਅਵੇਦਾਰ ਕੌਮਾਂ ਦੇ ਆਗੂਆਂ ਨੂੰ ਅਤੇ ਯੂ ਐਨ ਓ ਨੂੰ ਵੀ ਅਪੀਲ ਕੀਤੀ ਹੈ ਕਿ ਅਲ ਕਾਇਦਾ ਤੋਂ ਸਬਕ ਲੈਂਦਿਆਂ ਭਾਰਤ ਵਿਚ ਧਾਰਮਕ ਇੱਕ ਸੁਰਤਾ ਬਣਾਈ ਰੱਖਣ ਲਈ ਫਾਸ਼ੀ ਪ੍ਰਵਿਰਤੀ ਵਾਲੀ ਆਰ ਐਸ ਐਸ ਦੇ ਰਾਜਨੀਤਕ ਵਿੰਗ ਬੀ ਜੇ ਪੀ ਨੂੰ ਹਰ ਪੱਧਰ ਤੇ ਨਕਾਰਿਆ ਜਾਵੇ ਵਰਨਾ ਇਹਨਾਂ ਦੇ ਤਾਕਤ ਵਿਚ ਆਉਣ ਨਾਲ ਦੱਖਣੀ ਏਸ਼ੀਆ ਵਿਚ ਅਸ਼ਾਂਤੀ ਫੈਲ ਜਾਵੇਗੀ।

No comments: