Friday, January 03, 2014

SGPC ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਤਿੱਖਾ ਵਿਰੋਧ

Fri, Jan 3, 2014 at 3:33 PM
ਸਬਸਿਡੀ ਰਹਿਤ ਗੈਸ ਸਿਲੰਡਰ ਵਿੱਚ 220 ਰੁਪਏ ਦਾ ਵਾਧਾ ਨਾ ਸਹਿਣਯੋਗ- ਜਥੇ:ਅਵਤਾਰ ਸਿੰਘ
ਸਬਸਿਡੀ ਵਾਲੇ ਗੈਸ ਸਿਲੰਡਰ ਲੈਣ ਲਈ ਪ੍ਰਧਾਨ ਮੰਤਰੀ ਤੇ ਪੈਟਰੋਲੀਅਮ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ 03 ਜਨਵਰੀ 2014: (ਕਿੰਗ//ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਸਰਕਾਰ ਵੱਲੋਂ ਗੈਸ ਸਿਲੰਡਰ ਦੇ ਮੁੱਲ ਵਿੱਚ ਕੀਤੇ 220 ਰੁਪਏ ਦੇ ਹੋਰ ਵਾਧੇ ਨੂੰ ਨਾ ਸਹਿਣਯੋਗ ਕਰਾਰ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਪੈਟਰੋਲੀਅਮ ਮੰਤਰੀ ਸ੍ਰੀ ਐਮ. ਵੀਰੱਪਾ ਮੋਈਲੀ ਨੂੰ ਮੁੜ ਪੱਤਰ ਲਿਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਚਲਦੇ ਫਰੀ ਲੰਗਰ ਲਈ ਸਬਸਿਡੀ ਸਮੇਤ ਗੈਸ ਸਿਲੰਡਰ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ 'ਚ ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਵਿੱਚ ਆਈਆਂ ਸੰਗਤਾਂ ਲਈ ਲੰਗਰ ਆਦਿ ਦਾ ਪ੍ਰਬੰਧ ਕਰਦੀ ਹੈ। ਲੰਗਰ ਤਿਆਰ ਕਰਨ ਲਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ ਸਾਲ 2012 ਵਿੱਚ ਸਿਲੰਡਰਾਂ ਤੋਂ ਸਬਸਿਡੀ ਖਤਮ ਕਰ ਦਿੱਤੀ ਗਈ ਸੀ ਜਿਸ ਨਾਲ ਗੁਰੂ-ਘਰ ਲਈ ਵਰਤੇ ਜਾਂਦੇ ਸਿਲੰਡਰਾਂ ਤੇ ਵੀ ਆਰਥਿਕ ਅਸਰ ਪਿਆ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਲਈ ਸਬਸਿਡੀ ਸਮੇਤ ਪਹਿਲਾਂ 422 ਰੁਪਏ ਪ੍ਰਤੀ ਸਿਲੰਡਰ ਸੀ, ਪ੍ਰੰਤੂ ਸਬਸਿਡੀ ਖਤਮ ਹੁੰਦਿਆਂ ਹੀ ਇਸ ਦਾ ਮੁੱਲ 1086 ਰੁਪਏ ਹੋ ਗਿਆ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੇ ਪੈਟਰੋਲੀਅਮ ਮੰਤਰੀ ਨੂੰ 27 ਸਤੰਬਰ 2012 ਨੂੰ ਪੱਤਰ ਲਿਖ ਕੇ ਗੁਰੂ-ਘਰ ਦੇ ਲੰਗਰ ਆਦਿ ਵਾਸਤੇ ਸਬਸਿਡੀ ਵਾਲੇ ਗੈਸ ਸਿਲੰਡਰਾਂ ਦੀ ਸਪਲਾਈ ਜਾਰੀ ਰੱਖਣ ਲਈ ਕਿਹਾ ਗਿਆ ਸੀ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਇਸ਼ਨਾਨ ਲਈ ਆਉਂਦੀਆਂ ਲੱਖਾਂ ਸੰਗਤਾਂ ਨੂੰ ਗੁਰੂ-ਘਰਾਂ ਵਿੱਚ ਮੁਫਤ ਲੰਗਰ ਛਕਾਇਆ ਜਾਂਦਾ ਹੈ। ਇਸ ਲਈ ਗੁਰੂ-ਘਰਾਂ ਦੇ ਲੰਗਰ ਲਈ ਜੋ ਗੈਸ ਸਿਲੰਡਰ ਵਰਤੇ ਜਾਂਦੇ ਹਨ ਉਹਨਾਂ 'ਤੇ ਸਬਸਿਡੀ ਮੁਹੱਈਆ ਕਰਵਾਈ ਜਾਵੇ। ਉਹਨਾਂ ਕਿਹਾ ਕਿ ਫਿਰ ਭਾਰਤ ਸਰਕਾਰ ਵੱਲੋਂ ਬਿਨਾ ਸਬਸਿਡੀ ਵਾਲੇ ਸਿਲੰਡਰ ਦੇ ਮੁੱਲ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਜਿਸ ਦਾ ਗੁਰੂ-ਘਰਾਂ ਦੇ ਲੰਗਰਾਂ ਵਿੱਚ ਲੰਗਰ ਤਿਆਰ ਕਰਨ ਤੇ ਆਉਣ ਵਾਲੀ ਲਾਗਤ ਉੱਪਰ ਸਿੱਧਾ ਅਸਰ ਪਵੇਗਾ। ਉਹਨਾਂ ਸੰਗਤਾਂ ਦੀ ਸਹੂਲਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਪੈਟਰੋਲੀਅਮ ਮੰਤਰੀ ਸ੍ਰੀ ਐਮ. ਵੀਰੱਪਾ ਮੋਈਲੀ ਨੂੰ ਮੁੜ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੁਰੂ-ਘਰਾਂ ਲਈ ਸਿਲੰਡਰ ਸਬਸਿਡੀ ਸਮੇਤ ਮੁਹੱਈਆ ਕਰਵਾਏ ਜਾਣ।

No comments: