Saturday, April 12, 2014

ਡੇਢ ਕਿਲੋ ਅਫੀਮ ਅਤੇ ਇਨੋਵਾ ਕਾਰ ਸਮੇਤ 2 ਦੋਸ਼ੀ ਕਾਬੂ

Sat, Apr 12, 2014 at 7:43 PM
ਰਾਜਸਥਾਨ ਤੋਂ ਸਸਤੇ ਭਾਅ ਲਿਆ ਕੇ ਪਰਚੂਨ ਵਿੱਚ ਮਹਿੰਗੇ ਭਾਅ ਵੇਚਦੇ ਸਨ
ਲੁਧਿਆਣਾ: 12 ਅਪ੍ਰੈਲ 2014: (ਰੈਕਟਰ ਕਥੂਰੀਆ// ਸਤਪਾਲ ਸੋਨੀ//ਪੰਜਾਬ ਸਕਰੀਨ//ਬਿਊਰੋ ਰਿਪੋਰਟਸ):
ਧਾਰਮਿਕ ਪ੍ਰਚਾਰ ਵਿੱਚ ਅਕਸਰ ਆਖਦੇ ਹਨ-ਸਤਿ ਸੰਗਤ ਮਿਲੇ ਸੋ ਤਰਿਆ। ਜਦੋਂ ਕੁਸੱਤ ਵਾਲੀ ਸੰਗਤ ਮਿਲ ਜੇ ਤਾਂ ਬੰਦਾ ਅੱਜ ਵੀ ਡੁੱਬਿਆ ਤੇ ਕਲ੍ਹ ਵੀ। ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋਈ ਹੈ ਅਫੀਮ ਦੇ ਦੋ ਸਮਗਲਰਾਂ ਦੀ ਗਿਰਫਤਾਰੀ ਨਾਲ। ਮਾੜੀ ਸੰਗਤ ਵਿੱਚ ਪੈ ਕੇ ਪਹਿਲਾਂ ਅਫੀਮ ਵਰਗੇ ਮਹਿੰਗੇ ਨਸ਼ੇ ਦੇ ਆਦਿ ਬਣੇ ਅਤੇ ਫੇਰ ਇਸਦੇ ਧੰਦੇ ਵਿੱਚ ਆ ਗਏ। ਮੋਟਾ ਮੁਨਾਫਾ ਅਤੇ ਨਸ਼ੇ ਦਾ ਸੁਆਦ ਤਾਂ ਦੇਖਿਆ ਪਰ ਇਹ ਭੁੱਲ ਗਏ ਕਿ ਇਸ ਵਿੱਚ ਖਤਰਾ ਵੀ ਮੋਟਾ ਹੈ।  ਰਾਜਸਥਾਨ ਤੋਂ ਸਸਤੀ ਅਫੀਮ ਲਿਆਉਣੀ ਤੇ ਪੰਜਾਬ ਵਿੱਚ ਪਰਚੂਨ ਅਫੀਮਚੀਆਂ ਨੂੰ ਮਹਿੰਗੇ ਹਿਸਾਬ ਨਾਲ ਵੇਚ ਦੇਣੀ। ਹਰ ਵਾਰ ਮੋਟਾ ਪੈਸਾ ਬਚ ਜਾਣਾ ਤੇ ਆਪਣਾ ਨਸ਼ਾ ਇੱਕ ਤਰ੍ਹਾਂ ਨਾਲ ਮੁਫਤੋ ਮੁਫਤੀ ਪੂਰਾ ਹੋ ਜਾਣਾ। ਇੱਕ ਦਿਨ ਇਹੀ ਧੰਦਾ ਸਲਾਖਾਂ ਪਿੱਛੇ ਲੈ ਜਾਵੇਗਾ ਇਹ ਸ਼ਾਇਦ ਉਹਨਾਂ ਸੋਚਿਆ ਨਹੀਂ ਹੋਣਾ ਜਾਂ ਫੇਰ ਨਸ਼ੇ ਦੀ ਲੋਰ ਵਿੱਚ ਭੁੱਲ ਗਏ ਹੋਣੇ ਹਨ।
ਹੁੱਕੇ  ਨਾਲ ਅਫ਼ੀਮ ਦਾ ਨਸ਼ਾ ਕਰਨ ਵਾਲੇ ਇਹਨਾਂ ਨਸ਼ੇੜੀਆਂ ਦੀ ਫੋਟੋ  ਵੀਹਵੀਂ ਸਦੀ ਦੇ ਮੁਢ 'ਚ ਜਾਵਾ 'ਚ ਖਿੱਚੀ ਗਈ  
ਏ.ਐਸ.ਆਈ ਜਸਪਾਲ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਪਾਹਵਾ ਹਸਪਤਾਲ ਦੇ ਨਜਦੀਕ ਕੀਤੀ ਨਾਕਾਬੰਦੀ ਦੌਰਾਨ ਜਦੋਂ ਇੱਕ ਇਨੋਵਾ ਕਾਰ ਨੰ: ਪੀ.ਬੀ-02 ਏ.ਡਬਲਿਊ 9057 ਨੂੰ ਤਲਾਸ਼ੀ ਲਈ ਰੋਕਿਆ ਗਿਆ ਤਾਂ ਇਹ ਕਨੂੰਨ ਦੇ ਸ਼ਿਕੰਜੇ ਵਿੱਚ ਫਸ ਗਏ। ਤਲਾਸ਼ੀ  ਦੌਰਾਨ ਕਾਰ ਚਾਲਕ ਸੁਨੀਲ ਕੁਮਾਰ ਵਾਸੀ ਗੁਰੁ ਨਾਨਕ ਕਲੋਨੀ, ਥਾਨਾ ਦੁੱਗਰੀ ਦੇ ਕਬਜੇ ਵਿੱਚ 1 ਕਿਲੋ ਅਫੀਮ ਅਤੇ ਹਰਪ੍ਰੀਤ ਸਿੰਘ ਉਰਫ ਸੋਨੂੰ ਵਾਸੀ ਸਟਾਰ ਰੋਡ, ਲੋਹਾਰਾ ਥਾਨਾ ਡਾਬਾ ਦੇ ਕਬਜੇ ਵਿੱਚੋਂ 500 ਗਰਾਮ ਅਫੀਮ ਬਰਾਮਦ ਹੋਈ ।
 ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ਼ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦਸਿਆ ਕਿ ਬਰਾਮਦ ਹੋਈ ਡੇਢ ਕਿਲੋ ਅਫੀਮ ਦੀ ਮਾਰਕੀਟ ਕੀਮਤ ਸਵਾ ਲੱਖ ਰੁਪਏ ਹੈ । ਦੋਸ਼ੀਆਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਅਧੀਨ ਥਾਨਾ ਸ਼ਿਮਲਾਪੁੱਰੀ ਵਿੱਖੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ । ਮੁੱਢਲੀ ਪੁੱਛ-ਗਿੱਛ ਦੌਰਾਨ ਆਰੋਪੀ  ਸੁਨੀਲ ਕੁਮਾਰ ਨੇ ਦਸਿਆ ਕਿ ਉਹ ਇਨੋਵਾ ਕਾਰ ਦਾ ਮਾਲਿਕ ਹੈ ਅਤੇ ਟੈਕਸੀ ਚਲਾਉਂਦਾ ਹੈ । ਆਰੋਪੀ ਹਰਪ੍ਰੀਤ ਸਿੰਘ ਉਰਫ ਸੋਨੂੰ ਸਾਹਨੇਵਾਲ ਅਲਟਰਾ ਟੈਕਨੋਲਜੀ ਕੰਪਨੀ ਵਿੱਚ ਡਰਾਈਵਰ ਹੈ । ਦੋਸ਼ੀ ਖੁਦ ਨਸ਼ੇ ਕਰਨ  ਦੇ ਆਦੀ ਹਨ । ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦਸਿਆ ਕਿ ਉਹ ਆਪਣੇ ਸਾਥੀਆਂ ਹਰਪ੍ਰੀਤ ਸਿੰਘ ਸਰਾਂਓ ਅਤੇ ਦਲਵੀਰ ਸਿੰਘ ਵਾਸੀ ਗੁਰੁ ਨਾਨਕ ਕਲੋਨੀ, ਗਿੱਲ ਰੋਡ ਲੁਧਿਆਣਾ ਨੇ ਨਾਲ ਮਿੱਲਕੇ ਰਾਜਸਥਾਨ ਤੋਂ ਸਸਤੇ ਭਾਅ ‘ਤੇ ਖਰੀਦ ਕੇ ਦੁੱਗਣੇ ਮੁਨਾਫੇ ਨਾਲ ਪ੍ਰਚੂਨ 'ਤੇ ਮਹਿੰਗੇ  ਭਾਅ ਵੇਚਦੇ ਸਨ । ਦੋਸ਼ੀ ਪਿੱਛਲੇ ਤਿੰਨ ਸਾਲਾਂ ਤੋਂ ਗੈਰ ਕਾਨੂੰਨੀ ਤੌਰ’ਤੇ ਅਫੀਮ ਵੇਚਣ ਦਾ ਧੰਦਾ ਕਰ ਰਹੇ ਸਨ। ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਦੋਸ਼ੀਆਂ ਦੇ ਹੋਰ ਸਾਥੀਆਂ ਅਤੇ ਗਾਹਕਾਂ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੂਜੀ ਅਫੀਮ ਜੰਗ ਦੇ ਦੌਰਾਨ ਗੁਆਂਗਜਾਉ (ਕੈਂਟਨ)
ਇਹ ਤਾਂ ਖੈਰ ਪੁਲਿਸ ਦੀ ਬਹਾਦਰੀ ਅਤੇ ਨੈਟ ਵਰਕ ਦਾ ਕਮਾਲ ਹੈ ਕਿ ਏਹੋ ਜਹੇ ਲੋਕ ਬਹੁਤੀ ਦੇਰ ਪੁਲਿਸ ਤੋਂ ਨਹੀਂ ਲੁਕਦੇ।  ਇੱਕ ਨ ਇੱਕ ਦਿਨ ਕਾਨੂੰਨ ਦੇ ਲੰਮੇ ਹੱਥ ਉਹਨਾਂ ਤੱਕ ਪੁੱਜ ਹੀ ਜਾਂਦੇ ਹਨ। ਪਰ ਦੇਖਣਾ ਇਹ ਹੈ ਸਿਆਸੀ ਅਤੇ ਸਮਾਜਿਕ ਧਿਰਾਂ ਇਹਨਾਂ ਨਸ਼ਿਆਂ ਦੀ ਲਾਹਨਤ ਨੂੰ ਵ੍ਘਾਹ ਸੁੱਟਣ ਲਈ ਕੀ ਕਰਦਿਆਂ ਹਨ! ਇਹ ਇੱਕਲੇ ਪੁਲਿਸ ਦੇ ਸਿਰ ਨਹੀਂ ਸੁੱਟਿਆ ਜਾਣਾ ਚਾਹੀਦਾ। ਚੀਨ ਸਾਥੋਂ ਦੋ ਸਾਲ ਮਗਰੋਂ ਆਜ਼ਾਦ ਹੋਈ---ਉਥੋਂ ਦੀ ਹਾਲਤ ਵੀ ਬੇਹੱਦ ਮਾੜੀ ਸੀ ਅਤੇ ਸਾਮਰਾਜੀਆਂ ਨੇ ਉਥੋਂ ਦੇ ਹਰ ਬੰਦੇ ਨੂੰ ਅਫੀਮਚੀ ਬਣਾ ਕੇ ਰੱਖ ਦਿੱਤਾ ਸੀ। ਹੁਣ ਉਥੇ ਅਫੀਮਚੀ ਲਭਣਾ ਅਸੰਭਵ ਨਹੀਂ ਤਾਂ ਬੇਹੱਦ ਔਖਾ ਜ਼ਰੁਰ ਹੈ।
ਵਿਕਿਪੀਡਿਆ ਦੇ ਮੁਤਾਬਿਕ ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ ਤੇ ਬ੍ਰਿਟੇਨ ਦੇ ਵਿੱਚ ਲਡ਼ੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ (ਚਿੰਗ ਰਾਜਵੰਸ਼) ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮਾ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।ਉੱਥੇ ਇਹ ਕ੍ਰਿਸ਼ਮਾ ਸਿਰਫ ਪੁਲਿਸ ਆਸਰੇ ਨਹੀਂ ਸਿਆਸੀ ਪਹਿਲਕਦਮੀ ਨਾਲ ਅਤੇ ਰਾਜ ਸੱਤਾ ਤੇ ਬੈਠੀਆਂ ਧਿਰਾਂ ਦੀ ਪਹਿਲਕਦਮੀ ਨਾਲ ਸੰਭਵ ਹੋਇਆ ਸੀ। ਜੇ ਸਾਡੇ ਇਥੇ ਨਸ਼ੇ ਨਹੀਂ ਮੁੱਕ ਰਹੇ ਤਾਂ ਸੋਚਣਾ ਪੈਣਾ ਹੈ ਕਿ ਕਮਜ਼ੋਰੀ ਕਿੱਥੋਂ ਚੱਲ ਰਹੀ ਹੈ। ਘਰ ਘਰ ਅਫੀਮ ਉਗਾਉਣ ਅਤੇ ਇਸਦਾ ਕਾਰੋਬਾਰ ਕਰਨ ਦੀਆਂ ਸਲਾਹਾਂ ਸਿਆਸੀ ਧਿਰਾਂ ਹੀ ਦੇਂਦੀਆਂ ਰਹੀਆਂ ਹਨ।

No comments: