Saturday, February 13, 2016

ਸ੍ਰੀ ਭੈਣੀ ਸਾਹਿਬ ਵਿਖੇ ਅੱਜ ਹੋਣਗੇ ਸਾਮੂਹਿਕ ਆਨੰਦ ਕਾਰਜ

ਲਗਾਤਾਰ ਜਾਰੀ ਹੈ ਨਵੇਂ ਸਮਾਜ ਦੀ ਸਿਰਜਣਾ ਦਾ ਸਿਲਸਿਲਾ 
ਸ੍ਰੀ ਭੈਣੀ ਸਾਹਿਬ : (ਲੁਧਿਆਣਾ):12 ਫਰਵਰੀ 2016: (ਪੰਜਾਬ ਸਕਰੀਨ ਬਿਊਰੋ):
ਭਰੂਣ ਹੱਤਿਆ ਬਾਰੇ ਬਹੁਤ ਅਕਸਰ ਹੀ ਵਾਵੇਲਾ ਹੁੰਦਾ ਹੈ, ਦਾਜ ਦੇ ਵਿਰੋਧ ਵਿੱਚ ਬਹੁਤ ਸਾਰੇ ਬਿਆਨ ਆਉਂਦੇ ਹਨ, ਨੂਹਾਂ ਧੀਆਂ ਦੀ ਮੌਤ ਹੋਣ ਤੇ ਰੋਸ ਵਖਾਵੇ ਵੀ ਹੁੰਦੇ ਹਨ ਪਰ ਇਹਨਾਂ ਮੰਦਭਾਗੀਆਂ ਘਟਨਾਵਾਂ ਪਿੱਛੇ ਲੁਕੇ ਕਾਰਨਾਂ ਨੂੰ ਦੂਰ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਔਰਤਾਂ ਨੂੰ ਬਰਾਬਰੀ ਦੇਣ ਅਤੇ ਕੁੜੀਆਂ ਨੂੰ ਸਨਮਾਨ ਦੇਣ ਦਾ ਸਿਲਸਿਲਾ ਨਾਮਧਾਰੀ ਸਮਾਜ ਵਿੱਚ ਅੱਜ ਵੀ ਜਾਰੀ ਹੈ। ਵਿਆਹ ਸ਼ਾਦੀਆਂ ਨੂੰ ਦਿਖਾਵੇ ਦੇ ਖਰਚਿਆਂ ਨਾਲ ਬੋਝ ਬਣਾਉਣ ਵਾਲੇ ਸਮਾਜ ਨੂੰ ਇੱਕ ਵਾਰ ਫੇਰ ਨਵੀਂ ਰਾਹ ਦਿਖਾਉਂਦਿਆਂ ਸ੍ਰੀ ਭੈਣੀ ਸਾਹਿਬ ਵਿਖੇ ਸਾਮੂਹਿਕ ਆਨੰਦ ਕਾਰਜ ਕੀਤੇ ਜਾਣਗੇ--ਸਿਰਫ ਸਵਾ ਰੁਪਏ ਦੇ ਖਰਚੇ ਵਾਲੇ ਵਿਆਹ। ਨਾਮਧਾਰੀ ਸੰਪਰਦਾਇ ਦੇ ਅਧਿਆਤਮਿਕ ਕੇਂਦਰ ਵਜੋਂ ਜਾਣੇ ਜਾਂਦੇ ਸ੍ਰੀ ਭੈਣੀ ਸਾਹਿਬ ਵਿਖੇ ਇਸ ਵਰ੍ਹੇ ਦੇ ਬਸੰਤ ਪੰਚਮੀ ਜੋੜ ਮੇਲੇ ਦੇ ਪਹਿਲੇ ਦਿਨ ਜਿੱਥੇ ਵਿਸ਼ਵ ਭਰ ਤੋਂ ਸੰਗਤਾਂ ਦਾ ਰਿਕਾਰਡਤੋੜ ਇਕੱਠ ਵੇਖਣ ਨੂੰ ਮਿਲਿਆ ਜਿਹੜਾ ਇਸ ਅਸਥਾਨ ਦੀ ਧੂੜੀ ਨੂੰ ਮਸਤਕ 'ਤੇ  ਲਗਾਉਣ ਲਈ ਇਕੱਤਰ ਹੋਇਆ ਸੀ।  ਉੱਥੇ ਸੈਂਕੜਿਆਂ ਦੀ ਗਿਣਤੀ ਵਿਚ ਵੱਖ-ਵੱਖ ਧਰਮਾਂ, ਸੰਪਰਦਾਵਾਂ, ਡੇਰਿਆਂ, ਟਕਸਾਲਾਂ ਅਤੇ ਜਥੇਬੰਦੀਆਂ ਦੇ ਸਾਧੂ ਸੰਤਾਂ ਤੇ ਮਹਾਂਪੁਰਖਾਂ ਦੀ ਹਾਜ਼ਰੀ ਨੇ ਵੀ ਸਮਾਗਮ ਵਿਚ ਅਲੌਕਿਕ ਰੰਗ ਭਰੇ। 
ਤਪ-ਤਪੱਸਿਆ ਦਾ ਹਿਸਾ ਇਸ ਭੂਮੀ ਤੇ ਦਾਖਲ ਹੁੰਦਿਆਂ ਸਾਰ ਹੀ ਹੋਣ ਲੱਗ ਪੈਂਦਾ ਹੈ। ਭਗਤੀ ਸੰਗੀਤ ਦੀਆਂ ਸੁਰਾਂ ਨਾਲ ਭਰੀ ਹਵਾ ਜਦੋਂ ਕੰਨਾਂ  ਕੋਲੋਂ ਲੰਘਦੀ ਹੈ ਤਾਂ ਤਾਂ-ਮਨ ਕਿਸੇ ਅਲੌਕਿਕ ਅਵਸਥਾ ਵਿੱਚ ਪਹੁੰਚ ਜਾਂਦੇ ਹਨ। ਮੰਚ 'ਤੇ ਸ੍ਰੀ ਭੈਣੀ ਸਾਹਿਬ ਨਾਲ ਸਬੰਧਿਤ ਹੁਣ ਤੱਕ ਦੇ ਅਧਿਆਤਮਕ ਗੁਰੂ ਸਾਹਿਬਾਨ ਦੇ ਪ੍ਰਵਚਨਾਂ ਨਾਲ ਹੋਈ ਸ਼ੁਰੂਆਤ ਸੁਰ-ਸੰਗੀਤ ਦੇ ਅਜਿਹੇ ਹੀ ਰੰਗ ਵਿਚ ਰੰਗੀ ਨਜ਼ਰ ਆਈ। ਨਾਮਧਾਰੀ ਦਰਬਾਰ ਦੇ ਮੌਜੂਦਾ ਮੁਖੀ ਸਤਿਗੁਰੂ ਉਦੈ ਸਿੰਘ ਦੀ ਹਾਜ਼ਰੀ ਵਿਚ ਤੰਤੀ ਸਾਜਾਂ ਨਾਲ ਨਾਮਧਾਰੀ ਕੀਰਤਨੀਆਂ ਨੇ ਫ਼ਿਜ਼ਾ ਵਿਚ ਵੀ ਸੁਰ ਸਾਧਨਾਂ ਨਾਲ ਵਿਸਮਾਦੀ ਰੰਗ ਭਰ ਦਿੱਤੇ।  ਇਸ ਮੌਕੇ ਹੋਰਨਾਂ ਮਹਾਂਪੁਰਖਾਂ ਨੇ ਵੀ ਸਤਿਗੁਰੂ ਰਾਮ ਸਿੰਘ ਦੀ 200 ਸਾਲਾ ਜਨਮ ਸ਼ਤਾਬਦੀ ਨੂੰ ਸੰਸਾਰ ਦੇ ਇਤਿਹਾਸ ਦਾ ਅਹਿਮ ਦਿਨ ਕਰਾਰ ਦਿੱਤਾ। ਮਹਾਂਪੁਰਸ਼ਾਂ ਨੇ ਉਨ੍ਹਾਂ ਵੱਲੋਂ ਅਜ਼ਾਦੀ ਸੰਘਰਸ਼ ਦੌਰਾਨ ਨਾਮਿਲਵਰਤਨ ਲਹਿਰ, ਸਾਕਾ ਮਾਲੇਰਕੋਟਲਾ, ਸਾਕਾ ਰਾਮਬਾਗ ਅੰਮਿ੍ਤਸਰ ਅਤੇ ਹੋਰ ਸੰਘਰਸ਼ ਦੌਰਾਨ ਨਾਮਧਾਰੀ ਪੈਰੋਕਾਰਾਂ ਵੱਲੋਂ ਝੱਲੇ ਤਸੀਹੇ, ਕੱਟੀਆਂ ਕੈਦਾਂ ਅਤੇ ਕੁਰਬਾਨ ਕੀਤੀਆਂ ਜਾਨਾਂ ਦਾ ਜ਼ਿਕਰ ਕੀਤਾ। 
ਵਿਸ਼ਵ ਨਾਮਧਾਰੀ ਸੰਗਤ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਜਨਮ ਸ਼ਤਾਬਦੀ ਸਮਾਗਮਾਂ ਵਿਚ ਵਿਸ਼ਵ ਭਰ ਦੇ ਅਧਿਆਤਮਿਕ ਮਹਾਂਪੁਰਸ਼, ਰਾਜਨੀਤਕ ਹਸਤੀਆਂ, ਅਜ਼ਾਦੀ ਘੁਲਾਟੀਏ ਆਦਿ ਦੀ ਸ਼ਮੂਲੀਅਤ ਨੇ ਮੌਜੂਦਾ ਬਸੰਤ ਪੰਚਮੀ ਜੋੜ ਮੇਲੇ ਨੂੰ ਇਤਿਹਾਸਕ ਬਣਾ ਦਿੱਤਾ। ਕੁਰਬਾਨੀਆਂ ਦਾ ਜ਼ਿਕਰ ਰੰਗ ਦੇ ਬਸੰਤੀ ਹੋਲਾ ਵਾਲੇ ਅਹਿਸਾਸ ਨੂੰ ਤਾਜ਼ਾ ਕਰਦਾ ਸੀ। ਮੌਜੂਦਾ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਵੱਲੋਂ ਕੀਤੇ ਪ੍ਰਵਚਨਾਂ ਵਿਚ ਇਹ ਪ੍ਰਣ ਵੀ ਦੁਹਰਾਇਆ ਗਿਆ ਕਿ ਸਤਿਗੁਰੂ ਰਾਮ ਸਿੰਘ ਵੱਲੋਂ ਸਿੱਖੀ ਸੇਵਾਵਾਂ, ਖਾਲਸਾਈ ਸ਼ਾਨ, ਗਊ-ਗਰੀਬ ਦੇ ਰੱਖਿਅਕ, ਇਸਤਰੀ ਜਾਤੀ ਦੇ ਮੁਕਤੀ ਦਾਤਾ ਅਤੇ ਸਮਾਜ ਸੁਧਾਰਨ ਲਈ ਸਮੁੱਚਾ ਨਾਮਧਾਰੀ ਪੰਥ ਯਤਨਸ਼ੀਲ ਰਹੇਗਾ। ਇਸ ਮੌਕੇ ਸੂਬਾ ਬਲਵਿੰਦਰ ਸਿੰਘ ਝੱਲ, ਸੇਵਕ ਹਰਪਾਲ ਸਿੰਘ, ਸਾਹਿਤ ਅਕਾਦਮੀ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਡਾ. ਗੁਲਜਾਰ ਪੰਧੇਰ, ਹਰਬੰਸ ਮਾਲਵਾ, ਕੇਂਦਰੀ ਪੰਜਾਬੀ ਲੇਖ਼ਕ ਸਭਾ ਦੇ ਮੀਤ ਪ੍ਰਧਾਨ ਜਸਵੀਰ ਝੱਜ ਅਤੇ ਕਈ  ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।  |
ਵਿਦੇਸ਼ਾਂ ਤੋਂ ਵੀ ਉਚੇਚੇ ਤੌਰ ਤੇ ਪੁੱਜੇ ਸ਼ਰਧਾਲੂ
ਨਾਮਧਾਰੀ ਦਰਬਾਰ ਵਿਚ ਵੱਖ-ਵੱਖ ਦੇਸ਼ਾਂ ਵਿਚੋਂ ਜਥੇ. ਲੈ ਕੇ ਪੁੱਜਣ ਵਾਲ਼ੇ ਸ਼ਰਧਾਲੂਆਂ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੁਹਰਾਇਆ ਕਿ ਇਸ ਅਸਥਾਨ 'ਤੇ ਆਉਣ ਦਾ ਮਕਸਦ ਨਾ ਕੇਵਲ ਸਤਿਗੁਰੂ ਰਾਮ ਸਿੰਘ ਨੂੰ ਸਿਜਦਾ ਕਰਨਾ ਹੈ, ਬਲਕਿ ਇੱਥੇ ਆ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਵਿਚ ਮੁੜ ਉਜਾਗਰ ਕਰਨ ਲਈ ਸ਼ਕਤੀ ਪ੍ਰਾਪਤ ਕਰਨ ਦਾ ਮਕਸਦ ਵੀ ਹੈ |
ਅੱਜ 13 ਫਰਵਰੀ ਨੂੰ ਹੋਣਗੇ ਸਮੂਹਿਕ ਵਿਆਹ
ਗ੍ਰਿਹਸਥ ਜੀਵਨ ਦੀ ਸ਼ੁਰੂਆਤ ਦਿਖਾਵੇ ਵੱਜੋਂ ਕੀਤੀਆਂ ਫਿਜ਼ੂਲ ਖਰਚਿਆਂ ਨਾਲ ਨਹੀਂ ਬਲਕਿ ਸੰਜਮ ਅਤੇ ਸਾਦਗੀ ਨਾਲ ਹੋਣੀ ਚਾਹੀਦੀ ਹੈ।  ਅਜਿਹਾ ਕਰਕੇ ਹੀ ਬਣ ਸਕੇਗਾ ਸਿਹਤਮੰਦ ਸਮਾਜ। ਇਸ ਬਾਰੇ ਵੇਰਵਾ ਦੇਂਦਿਆਂ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਅਤੇ ਸੂਬਾ ਬਲਵਿੰਦਰ ਸਿੰਘ ਝੱਲ ਨੇ ਦੱਸਿਆ ਕਿ 13 ਫਰਵਰੀ ਨੂੰ ਸਵੇਰੇ 4 ਵਜੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਦੀਵਾਨ ਸਜਾਏ ਜਾਣਗੇ। ਇਸ ਉਪਰੰਤ ਵੱਡੀ ਗਿਣਤੀ ਵਿਚ ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਸ੍ਰੀ ਭੈਣੀ ਸਾਹਿਬ ਦੀ ਸਤਿਗੁਰੂ ਰਾਮ ਸਿੰਘ ਵੱਲੋਂ ਚਲਾਈ ਮਰਿਆਦਾ ਅਨੁਸਾਰ ਸੰਪੂਰਨ ਕੀਤੇ ਜਾਣਗੇ। ਨਾਮਧਾਰੀ ਸਮਾਜ ਇੱਕ ਵਾਰ ਫੇਰ ਸਾਦਗੀ ਅਤੇ ਸੰਜਮ ਦੀ ਇੱਕ ਮਿਸਾਲ ਸਮਾਜ ਸਾਹਮਣੇ ਰੱਖੇਗਾ ਕਿ ਸਾਡੀ ਖਿਨੀ ਹੀ ਨਹੀਂ ਕਰਨੀ ਵੀ ਗੁਰੂ ਉਪਦੇਸ਼ ਵਾਲੀ ਹੁੰਦੀ ਹੈ। ਇਹ ਨਜ਼ਾਰਾ ਦੇਖਣ ਵਾਲਾ ਹੋਵੇਗਾ।
ਨਾਮਧਾਰੀ ਸੰਪਰਦਾ ਨਾਲ ਸਬੰਧਤ ਹੋਰ ਖਬਰਾਂ ਲਈ ਇਥੇ ਕਲਿੱਕ ਕਰੋ

ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟ


Sant Harpal Singh on Namdhari Life Style


No comments: