Thursday, April 21, 2016

ਦਲਬੀਰ ਕੌਰ ਨੇ ਕੀਤਾ ਸਰਕਾਰ ਨੂੰ 90 ਕੈਦੀਆਂ ਦੀ ਲਿਸਟ ਦੇਣ ਦਾ ਦਾਅਵਾ

ਕ੍ਰਿਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਲੋਕ ਰੋਹ ਹੋਇਆ ਹੋਰ ਤਿੱਖਾ 
ਗੁਰਦਾਸਪੁਰ: 20 ਅਪਰੈਲ 2016: (ਵਿਜੇ ਸ਼ਰਮਾ//ਪੰਜਾਬ ਸਕਰੀਨ):

ਪਾਕਿਸਤਾਨ ਦੀ ਲਾਹੌਰ ਸਥਿਤ ਕੋਟ ਲੱਖਪਤ ਜੇਲ੍ਹ ਵਿੱਚ ਕੁਝ ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਮੌਤ ਦਾ ਸ਼ਿਕਾਰ ਹੋਏ ਕਿਰਪਾਲ ਸਿੰਘ ਦਾ ਅੱਜ ਸਵੇਰੇ ਗੁਰਦਾਸ ਪੁਰ ਨੇੜੇ ਉਸਦੇ ਜੱਦੀ ਪਿੰਡ ਮੁਸਤਫ਼ਾਬਾਦ ਸੈਦਾਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਮੋਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਧਾਰਮਿਕ ਰੀਤੀ-ਰਿਵਾਜਾਂ ਨਾਲ ਚਿਖਾ ਨੂੰ ਅੱਗ ਦੇਣ ਦੀ ਰਸਮ ਮ੍ਰਿਤਕ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਨਿਭਾਈ। ਕਿਰਪਾਲ ਸਿੰਘ ਦੀਆਂ ਦੋ ਭੈਣਾਂ ਅਤੇ ਇੱਕ ਭਤੀਜੀ ਨੇ ਬੜੇ ਹੀ ਭਰੇ ਮਨ ਨਾਲ ਉਸਦੇ ਗੁੱਟ ’ਤੇ ਰੱਖੜੀ ਬੰਨ੍ਹੀ। ਸਰਬਜੀਤ ਸਿੰਘ ਤੋਂ ਬਾਅਦ ਕਿਰਪਾਲ ਸਿੰਘ ਦੀ ਜੇਲ੍ਹ ਵਿੱਚ ਹੋਈ ਇਸ ਭੇਦਭਰੀ ਮੌਤ ਨਾਲ ਇੱਕ ਵਾਰ ਫੇਰ ਭਾਰਤੀ ਕੈਦੀਆਂ ਦਾ ਮਸਲਾ ਗੰਭੀਰ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ।  ਦਲਬੀਰ ਕੌਰ ਨੇ ਸਵਾਲ ਵੀ ਕੀਤਾ ਹੈ ਕਿ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਕੈਦੀ ਦੀ ਉਹਨਾਂ ਜੇਲਾਂ ਵਿੱਚ ਇਸ ਤਰਾਂ ਮੌਤ ਕਿਓਂ ਨਹੀਂ ਹੋਈ?ਅਜਿਹਾ ਭਾਰਤੀ ਕੈਦੀਆਂ ਨਾਲ ਹੀ ਕਿਓਂ ਹੁੰਦਾ ਹੈ?
ਅੰਤਿਮ ਸੰਸਕਾਰ ਦੇ ਇਸ ਮੌਕੇ ਕਿਰਪਾਲ ਸਿੰਘ ਦੀ ਕਾਨੂੰਨੀ ਤੌਰ ’ਤੇ ਪਤਨੀ ਹੋਣ ਦਾ ਦਾਅਵਾ ਕਰਦੀ ਆ ਰਹੀ ਔਰਤ ਪਰਮਜੀਤ ਵੱਲੋਂ ਸਸਕਾਰ ਉੱਤੇ ਦਾਅਵਾ ਜਤਾਉਣ ਅਤੇ ਉਸਦੀ ਹਮਾਇਤ ’ਤੇ ਆਏ ਸ਼ਿਵ ਸੈਨਿਕਾਂ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ। ਇਹਨਾਂ ਵਖਾਵਾਕਾਰੀਆਂ ਵੱਲੋਂ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਆਉਣ ’ਤੇ ਤਿੱਖਾ ਰੋਸ ਜਤਾਉਣ ਅਤੇ ਨਾਅਰੇਬਾਜ਼ੀ ਕਰਨ ਕਰਕੇ ਸਥਿਤੀ ਤਣਾਅ ਵਾਲੀ ਬਣ ਗਈ। ਮੌਕੇ ਉੱਤੇ ਮੌਜੂਦ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹੋਰਨਾਂ ਅਧਿਕਾਰੀਆਂ ਨੇ ਮਾਜੁਕੇ ਸਿਰ ਦਖਲ ਦੇ ਕੇ ਸਥਿਤੀ ਨੂੰ ਸੰਭਾਲ ਲਿਆ। ਮ੍ਰਿਤਕ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਰਮਜੀਤ ਕੌਰ ਨੂੰ ਅਜਿਹਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ ਤਾਂ ਕਿਰਪਾਲ ਸਿੰਘ ਦੇ ਲਾਪਤਾ ਹੋਣ ਦੇ ਛੇ ਮਹੀਨਿਆਂ ਬਾਅਦ ਹੀ ਛੱਡ ਕੇ ਚਲੀ ਗਈ ਸੀ ਅਤੇ ਦੂਸਰਾ ਵਿਆਹ ਕਰਵਾ ਲਿਆ ਸੀ। ਕਿਰਪਾਲ ਸਿੰਘ ਦੀ ਦੇਹ ’ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਐਸਐਸਪੀ ਜਗਦੀਪ ਸਿੰਘ ਹੁੰਦਲ ਅਤੇ ਐਸਡੀਐਮ ਸਕੱਤਰ ਸਿੰਘ ਬੱਲ ਨੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਕਾਂਗਰਸ ਕਮੇਟੀ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਆਗੂ ਗੁਰਮੀਤ ਸਿੰਘ ਪਾਹੜਾ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਹੋਏ ਸਨ। ਅੰਤਿਮ ਸੰਸਕਾਰ ਮੌਕੇ ਸ਼ਿਵ ਸੈਨਾ ਇਨਕਲਾਬ ਦੇ ਕਾਰਕੁਨ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਇਸ ਗੱਲੋਂ ਵਿਰੋਧ ਕਰ ਰਹੇ ਸਨ ਕਿਉਂਕਿ ਉਸਨੇ ਕਿਹਾ ਸੀ ਕਿ ਸਰਬਜੀਤ ਦੀ ਮੌਤ ਲਈ ਕਿਰਪਾਲ ਜ਼ਿੰਮੇਵਾਰ ਸੀ। ਸ਼ਿਵ ਸੈਨਿਕਾਂ ਨੇ ਕਿਹਾ ਕਿ ਦਲਬੀਰ ਕੌਰ ਨੂੰ ਅੱਜ ਇੱਥੇ ਆਉਣ ਦਾ ਕੋਈ ਅਧਿਕਾਰ ਨਹੀਂ ਹੈ। ਗੌਰਤਲਬ ਹੈ ਕਿ ਕਿਰਪਾਲ ਸਿੰਘ ਦੀ ਪਾਕਿਸਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ 11 ਅਪਰੈਲ ਨੂੰ ਮੌਤ ਹੋ ਗਈ ਸੀ। ਸੂਚਨਾ ਮਿਲਣ ਉਪਰੰਤ ਕਿਰਪਾਲ ਸਿੰਘ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਕੁਝ ਸਾਲ ਪਹਿਲਾਂ ਪਾਕਿਸਤਾਨ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ। ਬੀਤੀ ਸਵੇਰ ਲਾਸ਼ ਨੂੰ ਵਾਹਗਾ ਬਾਰਡਰ ਰਾਹੀਂ ਭਾਰਤ ਲਿਆਂਦਾ ਗਿਆ ਸੀ। ਦਲਬੀਰ ਕੌਰ ਨੇ ਕਿਹਾ ਕੀ ਇਸ ਮੌਤ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਬਾਕੀ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਦਲਬੀਰ ਕੌਰ ਨੇ ਦੱਸਿਆ ਕਿ ਉਹ 90 ਕੈਦੀਆਂ ਦੀ ਲਿਸਟ ਸਰਕਾਰ ਨੂੰ ਦੇ ਚੁੱਕੇ ਹਨ।   

No comments: