Monday, August 29, 2016

"ਜਦੋਂ ਅਸੀਂ ਟੀ.ਵੀ. ਬਣੇ” ਦੇ ਲੋਕ ਅਰਪਣ ਨਾਲ ਆਇਆ ਯਾਦਾਂ ਦਾ ਤੂਫ਼ਾਨ

ਪੁਸਤਕ  ਨੇ ਤਾਜ਼ਾ ਕੀਤੀਆਂ ਕਈ ਤੂਫ਼ਾਨ ਪਰਿਵਾਰ ਨਾਲ ਕਈ ਯਾਦਾਂ
ਅਵਤਾਰ ਸਿੰਘ ਤੂਫਾਨ ਹਾਸਰਸ ਕਵਿਤਾ ਦੇ ਅਮੁੱਕ ਭੰਡਾਰ ਸਨ
ਲੁਧਿਆਣਾ: 29 ਅਗਸਤ 2016: (ਰਵਿੰਦਰ ਸਿੰਘ ਦੀਵਾਨਾ //ਆਈ ਪੀ ਐਸ ਮਿੱਢਾ//ਪੰਜਾਬ ਸਕਰੀਨ):
ਸਟੇਜੀ ਰੰਗ ਵਿੱਚ ਆਪਣਾ ਵਿਲੱਖਣ ਸਥਾਨ ਰੱਖਣ ਵਾਲੇ ਸਰਦਾਰ ਅਵਤਾਰ ਸਿੰਘ ਤੂਫ਼ਾਨ ਹਾਸਰਸ ਕਵਿਤਾ ਦੇ ਅਮੁੱਕ ਭੰਡਾਰ ਸਨ। ਉਹਨਾਂ ਨੂੰ ਆਪਣਾ ਬਹੁਤ ਸਾਰਾ ਕਾਵਿ ਜ਼ੁਬਾਨੀ ਯਾਦ ਸੀ। ਇੱਕ ਦੂਜੇ ਦੇ ਘਰ ਆਉਣਾ ਜਾਣਾ ਅਤੇ ਫਿਰ ਘੰਟਿਆਂ ਬਧੀ ਗੱਲਾਂ ਅਤੇ ਕਵਿਤਾਵਾਂ ਦਾ ਸਿਲਸਿਲਾ ਅੱਜ ਵੀ ਅੱਖਾਂ ਅੱਗੇ ਛਾ ਰਿਹਾ ਹੈ।  ਉੰਨ ਬਾਜ਼ਾਰ ਜਾਂ ਮੋਚਪੁਰੇ ਵਿੱਚ ਉਹਨਾਂ ਦੇ ਗੁਆਂਢ ਵਿੱਚ ਰਹਿਣਾ ਇੱਕ ਵੱਖਰੀ ਕਿਸਮ ਦਾ ਅਨੰਦ ਸੀ। ਉਹਨਾਂ ਦੀ ਪੁਸਤਕ ਨਾਲ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਬਿਜਲੀ ਬੋਰਡ ਵਾਲੀ ਬਿਜਲੀ ਦੀ ਤੇਜ਼ੀ ਉਹਨਾਂ ਦੇ ਅੰਦਾਜ਼ ਵਿੱਚ ਵੀ ਸੀ। 
ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ (ਰਜਿ.) ਵਲੋਂ ਅੱਜ ਸਥਾਨਕ ਸ੍ਰੀ ਗੁਰੁ ਨਾਨਕ ਦੇਵ ਭਵਨ ਦੇ ਮਿੰਨੀ ਆਡੀਟੋਰੀਅਮ ਵਿਖੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸਵਰਗੀ ਕਵੀ ਅਤੇੇ ਬਹੁਪੱਖੀ ਸਾਹਿਤਕ ਸ਼ਖਸ਼ੀਅਤ ਸ੍ਰ. ਅਵਤਾਰ ਸਿੰਘ ਤੂਫਾਨ ਰਚਿਤ ਹਾਸ ਵਿਅੰਗ ਪੁਸਤਕ "ਜਦੋੋਂ ਅਸੀਂ ਟੀ. ਵੀ. ਬਣੇ” ਦਾ ਲੋਕ ਅਰਪਣ ਉਘੇ ਸਾਹਿਤਕਾਰਾਂ ਅਤੇ ਵਿਦਵਾਨਾਂ ਵਲੋਂ ਸਮੂਹਕ ਤੌਰ ਤੇ ਕੀਤਾ ਗਿਆ ਜਿਨ੍ਹਾਂ ਵਿਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਿਰਧਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਗੁਲਜ਼ਾਰ ਪੰਧੇਰ, ਲੁਧਿਆਣਾ ਸਿਟੀਜ਼ਨ ਕੌਂਸਲ ਦੇ ਚੇਅਰਮੈਨ ਦਰਸ਼ਨ ਅਰੋੜਾ, ਪੰਜਾਬੀ ਲੇਖਕ ਕਲਾਕਾਰ ਸੁਸਇਟੀ ਦੇ ਡਾ:ਗੁਰਚਰਨ ਕੌਰ ਕੋਚਰ, ਸਵਰਗੀ ਤੂਫਾਨ ਸਾਹਿਬ ਦੇ ਪੁੱਤਰ ਅਤੇ ਸਮਾਰੋਹ ਪ੍ਰੰਬਧਕ ਸੁਸਾਇਟੀ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਜ: ਸਕੱਤਰ ਪਵਨਪ੍ਰੀਤ ਸਿੰਘ, ਪੁੱੱਤਰੀ ਹਰਮੀਤ ਕੌਰ, ਫੋਟੋ ਜਰਨਲਿਸਟ ਜਨਮੇਜਾ ਸਿੰਘ ਜੌਹਲ, ਸ਼ਾਇਰ ਜੈੈੈੈ ਕਿਸ਼ਨ ਸਿੰਘ ਵੀਰ ਅਤੇ ਸੁਰਿੰਦਰ ਕੈਲੇ ਮੌਜੂਦ ਸਨ। ਇਸ ਪੁਸਤਕ ਵਿਚਲੇ ਹਰੇਕ ਹਾਸ ਅੰਗ ਨਾਲ ਸਬੰਧਤ ਕਾਰਟੂਨ ਬਣਾ ਕੇ ਯੋਗਦਾਨ ਪਾਉਣ ਵਾਲੇ ਕਲਾਕਾਰ ਅਤੇ ਸਾਹਿਤਕਾਰ ਸ੍ਰ. ਦਵਿੰਦਰ ਸਿੰਘ ਕੋਹਲੀ ਚੰਡੀਗੜ੍ਹ  ਨੇ ਵੀ ਇਨ੍ਹਾਂ ਦਾ ਸਾਥ ਦਿੱਤਾ।
        ਮੰਚ ਦਾ ਸੰਚਾਲਨ ਜਿਥੇ ਡਾ:ਕੋਚਰ ਜੋ ਖੁਦ ਨੈਸ਼ਨਲ ਅਤੇ ਸਟੇਟ ਅਵਾਰਡੀ ਅਧਿਆਪਕਾ ਹਨ ਵਲੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਤੇ ਇਨ੍ਹਾਂ ਨੇ ਪੁਸਤਕ ਸਬੰਧੀ ਇਕ ਪੇਪਰ ਵੀ ਪੜ੍ਹਿਆ। 
ਤੂਫ਼ਾਨ ਸਾਹਿਬ ਦੀ ਯਾਦ ਦੇ ਨਾਲ ਨਾਲ ਅੱਜ ਸਵਰਗੀ ਰਾਮ ਨਰੈਣ ਸਿੰਘ ਦਰਦੀ ਅਤੇ ਕਵੀ ਜਗਦੀਸ਼ ਹੁਰਾਂ ਦੀ ਵੀ ਬਹੁਤ ਯਾਦ ਆ ਰਹੀ ਹੈ। 

No comments: