Tuesday, October 11, 2016

ਦੁਸਹਿਰੇ ਮੌਕੇ ਪਿੰਡ ਮਨਸੂਰਾਂ ਨੇ ਦਿੱਤਾ ਨਾਟਕਾਂ ਰਾਹੀਂ ਨਵੀਂ ਜਾਗ੍ਰਤੀ ਦਾ ਸੁਨੇਹਾ

ਡਾਕਟਰ ਰਮੇਸ਼ ਦੇ ਲਿਖੇ ਨਾਟਕਾਂ ਨੇ ਦਿੱਤਾ ਸਮਾਜ ਨੂੰ ਹਲੂਣਾ 
ਲੁਧਿਆਣਾ: 10 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਹਰ ਥਾਂ ਲੱਗਦੇ ਹਨ ਦੁਸਹਿਰੇ ਦੇ ਮੇਲੇ ਪਰ ਪਿੰਡ ਮਨਸੂਰਾਂ ਦਾ ਮੇਲਾ ਕੁਝ ਵੱਖਰਾ ਜਿਹਾ ਸੀ। ਅੱਖਾਂ ਵਾਲੇ ਡਾਕਟਰ ਰਮੇਸ਼ ਦੀ ਕਰਮਭੂਮੀ ਵਾਲਾ ਪਿੰਡ ਮਨਸੂਰਾਂ।  ਰਾਵਣ ਦਾ ਬੁੱਤ ਤਾਂ ਇਥੇ ਵੀ ਮੌਜੂਦ ਸੀ ਜਿਸਨੂੰ ਦੁਸਹਿਰੇ ਵਾਲੇ ਦਿਨ ਹੀ ਸਾੜਿਆ ਜਾਣਾ ਹੈ ਪਰ ਦੁਸਹਿਰੇ ਦੀ ਪੂਰਵ ਸੰਧਿਆ ਮੌਕੇ ਇਸ ਪਿੰਡ ਦੀ ਕਮੇਟੀ, ਪੰਚਾਇਤ ਅਤੇ ਹੋਰ ਸ਼ੁਭਚਿੰਤਕਾਂ ਨੇ ਬਹੁਤ ਸਾਰੀਆਂ ਬਦੀਆਂ ਨੂੰ ਸਾੜਿਆ ਅਤੇ ਬਹੁਤ ਸਾਰੇ ਘਰਾਂ ਵਿੱਚ ਨਵੀਂ ਜ਼ਿੰਦਗੀ ਵਾਲੀ ਖੁਸ਼ੀ ਵੰਡੀ।
ਇਸ ਮੌਕੇ 11 ਗਰੀਬ ਕੁੜੀਆਂ ਦੇ ਵਿਆਹ ਕਰਾਏ ਗਏ। ਆਯੋਜਨ ਵਿੱਚ 11-11 ਮੁੰਡੇ ਕੁੜੀਆਂ ਦੀ ਗਰੀਬੀ ਵਾਲਾ ਰਾਵਣ ਸਾੜਦਿਆਂ ਉਹਨਾਂ ਦੇ ਘਰਾਂ ਵਿੱਚ ਅਨੰਦ ਵਾਲੇ ਕਾਰਜ  ਦਾ ਮੁੱਢ ਬੰਨਿਆ ਗਿਆ। ਮਾਹੌਲ ਵਿਆਹ ਵਾਲਾ ਸੀ। ਬਾਰਾਤੀ ਵੀ ਉੱਥੇ ਹੀ ਅਤੇ ਕੁੜੀਆਂ ਵਾਲੇ ਵੀ। ਸਾਰੇ ਸ਼ਗਨਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਅਮੀਰੀ ਗਰੀਬੀ ਦੇ ਫਰਕ ਨੂੰ ਦੂਰ ਕਰਦਿਆਂ ਇਹਨਾਂ ਵਿਆਹਾਂ ਵਿੱਚ ਜਿੱਥੇ ਕੁੜੀਆਂ ਤੋਰਨ ਵਾਲੀ ਉਦਾਸੀ ਦੇ ਹੰਝੂ ਸਨ ਉੱਥੇ ਵਿਆਹ ਦੀ ਖੁਸ਼ੀ ਵਾਲੇ ਭੰਗੜੇ ਵੀ ਸਨ। ਇਸ ਆਯੋਜਨ ਵਿੱਚ ਪੂਰਾ ਪਿੰਡ ਸ਼ਾਮਲ ਸੀ। ਵਿਦੇਸ਼ਾਂ ਵਿੱਚ ਬੈਠੇ ਇਸ ਪਿੰਡ ਦੇ ਐਨ ਆਰ ਆਈਜ਼ ਪਲ ਪਲ ਦੀ ਖਬਰ ਲੈ ਕੇ ਨਾਲੋ ਨਾਲ ਸ਼ਗਨ ਭੇਜ ਰਹੇ ਸਨ ਜਿਹਨਾਂ ਦਾ ਐਲਾਨ ਸਟੇਜ ਤੋਂ ਨਾਲੋ ਨਾਲ ਹੋ ਰਿਹਾ ਸੀ।
ਸਟੇਜ ਤੇ ਮਨੋਰੰਜਨ ਵਾਲੇ ਹਲਕੇ ਫੁਲਕੇ ਗੀਤ ਵੀ ਸਨ ਪਰ ਨਾਲ ਹੀ ਉੱਥੇ ਖੇਡੇ ਗਏ ਨਾਟਕਾਂ ਨੇ ਗੰਭੀਰ ਸੁਨੇਹੇ ਵੀ ਦਿੱਤੇ। ਦਿਲਚਸਪ ਗੱਲ ਹੈ ਕਿ ਇਹ ਨਾਟਕ ਰਮੇਸ਼ ਦੇ ਲਿਖੇ ਹੋਏ ਹਨ।  ਇਹਨਾਂ ਦੇ ਕਲਮੀ ਰੂਪ ਨੂੰ ਅੱਜ ਸਾਰਿਆਂ ਨੇ ਬਹੁਤ ਪਸੰਦ ਕੀਤਾ।  ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ ਅਤੇ ਬੱਦੋਵਾਲ ਵਾਲੇ ਬਾਬਾ ਜਸਪਾਲ ਸਿੰਘ ਵੀ ਉਚੇਚੇ ਤੌਰ ਤੇ ਪੁੱਜੇ। ਪ੍ਰੋਫੈਸਰ ਐਸ ਐਨ ਸੇਵਕ ਅਤੇ ਗੁਲਜ਼ਾਰ ਪੰਧੇਰ ਵਰਗੇ ਬੁਧੀਜੀਵੀ ਵੀ ਉਚੇਚ ਨਾਲ ਸ਼ਾਮਲ ਹੋਏ। ਨਵੀਂ ਪੀੜ੍ਹੀ ਦੀ ਪ੍ਰਤੀ ਨਿੱਧਤਾ ਕਰਦੀ ਡਰਾਮਾ ਨਿਰਦੇਸ਼ਕ ਸਪਨਦੀਪ ਕੌਰ ਨੇ ਆਪਣੀ ਪੂਰੀ ਟੀਮ ਦੇ ਨਾਲ ਉੱਥੇ ਬੈਠੇ ਸਰਤੀਆਂ ਅਤੇ ਦਰਸ਼ਕਾਂ ਨੂੰ ਹਲੂਣਾ ਦਿੱਤਾ। ਚੇਤ ਰਹੇ ਇਹ ਉਹੀ ਪਿੰਡ ਹੈ ਜਿਸ ਨੇ ਪੰਜਾਬ ਦੇ ਸੰਤਾਪੇ ਦਿਨਾਂ ਦੌਰਾਨ ਵੀ ਆਮ ਲੋਕਾਂ ਦੀ ਸਾਰ ਲੈਣੀ ਨਹੀਂ ਸੀ ਛੱਡੀ। ਧਮਕੀਆਂ ਅਤੇ ਦਹਿਸ਼ਤ ਵਾਲੇ ਮਾਹੌਲ ਵਿੱਚ ਵੀ ਇਥੇ ਲੋਕ ਪੱਖੀ ਕਾਰਜ ਪੂਰੇ ਜੋਸ਼ੀ ਖਰੋਸ਼ ਨਾਲ ਸਿਰੇ ਚੜ੍ਹਦੇ ਰਹੇ ਸਨ ।
“ਪੁਨਰਜੋਤ ਦਾ ਵਿਆਹ” ਨਾਟਕ ਦੀ ਸਫਲ ਪੇਸ਼ਕਾਰੀ 
 ਸਮਾਜਿਕ ਬੁਰਾਈਆਂ ਦੂਰ ਕਰਨ ਲਈ ਲੋਕਾਂ ਨੂੰ ਕੀਤਾ ਜਾਗਰੂਕ
ਬੀਤੇ ਦਿਨੀਂ ਪੰਜਾਬੀ ਭਾਈਚਾਰੇ, ਸਭਿਆਚਾਰ ਅਤੇ ਰਾਮ ਯੁੱਗ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਅਤੇ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਲਈ “ਪੁਨਰਜੋਤ ਦਾ ਵਿਆਹ” ਨਾਟਕ ਦੁਸਹਿਰਾ ਗਰਾਉਂਡ ਮਨਸੂਰਾਂ ਵਿਖੇ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਦੁਸਹਿਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਮਨਸੂਰਾਂ ਦੇ ਸਹਿਯੋਗ ਨਾਲ ਖੇਡਿਆ ਗਿਆ।
    ਪੰਜਾਬ ਦੇ ਪ੍ਰਸਿੱਧ ਆਈ ਸਰਜਨ ਡਾ. ਰਮੇਸ਼ ਮਨਸੂਰਾਂ ਵਾਲਿਆਂ ਵੱਲੋਂ ਲਿਖਿਆ ਇਹ ਲਘੂ ਨਾਟਕ ਪ੍ਰਸਿੱਧ ਨਾਟਕਕਾਰ ਡਾ. ਐਸ. ਐਨ. ਸੇਵਕ ਅਤੇ ਸਵਪਨਦੀਪ ਕੌਰ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਆਨੰਦ ਮਾਣਿਆਂ ਅਤੇ ਸਲਾਹਿਆ।
   ਡਾ. ਰਮੇਸ਼ ਮਨਸੂਰਾਂ ਵਾਲਿਆਂ ਨੇ ਨਾਟਕ ਵੇਖਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਨਾਟਕ ਵਿਚ ਦਾਜ-ਦਹੇਜ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋ ਇਲਾਵਾ ਇਸ ਡਰਾਮੇ ਵਿਚ ਰਾਮ ਰਾਜ ਯੁੱਗ ਦੀਆਂ ਮਨੁੱਖੀ ਕਦਰਾਂ ਕੀਮਤਾਂ ਅਤੇ ਅੱਜ ਦੀਆ ਸਮਾਜਿਕ ਬੁਰਾਈਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ।
   ਉਘੇ ਰੰਗ ਕਰਮੀ ਡਾ.ਐਸ. ਐਨ. ਸੇਵਕ ਨੇ ਡਰਾਮੇ ਬਾਰੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਡਾ.ਰਮੇਸ਼ ਨੇ ਇਸ ਡਰਾਮੇ ਵਿਚ ਸਮਾਜਿਕ ਕੁਰੀਤੀਆਂ ਦੂਰ ਕਰਨ ਅਤੇ ਨੋਜਵਾਨ ਵਰਗ ਨੂੰ ਨਰੋਆ ਸਮਾਜ ਸਿਰਜਣ ਦਾ ਜੋ ਉਪਰਾਲਾ ਕੀਤਾ ਹੈ।ਇਹ ਬਹੁਤ ਹੀ ਸ਼ਲਾਘਾ ਯੋਗ ਹੈ।
    ਬਾਬਾ ਜਸਪਾਲ ਸਿੰਘ ਮੁੱਖੀ ਭਾਈ ਘਨਈਆ ਚੈਰੀਟੇਬਲ ਹਸਪਤਾਲ ਬੱਦੋਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਸਮਾਜ ਸੁਧਾਰਕ ਡਰਾਮਿਆਂ ਦੀ ਅਤੀ ਲੋੜ ਹੈ ਅਤੇ ਡਾ. ਰਮੇਸ਼ ਇਸ ਲਈ ਵਧਾਈ ਦੇ ਪਾਤਰ ਹਨ।
    ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਦਾਜ-ਦਹੇਜ, ਭਰੂਣ-ਹੱਤਿਆ, ਨਸ਼ਿਆਂ ਅਤੇ ਲੋੜਵੰਦ ਗਰੀਬ ਜੋੜਿਆਂ ਦੇ ਵਿਆਹ ਕਰਨ ਵਿਚ ਪਾਏ ਵੱਡਮੁਲੇ ਯੋਗਦਾਨ ਲਈ ਸੰਤ ਬਾਬਾ ਜਸਪਾਲ ਸਿੰਘ ਬੱਦੋਵਾਲ, ਡਾ.ਪ੍ਰਦੀਪ ਜੋਧਾਂ, ਸ੍ਰੀ ਜਗਦੀਸ਼ ਬਜਾਜ, ਪ੍ਰਧਾਨ ਗਿਆਨ ਸਥੱਲ ਮੰਦਰ ਕਮੇਟੀ ਲੁਧਿਆਣਾ, ਉਘੇ ਨਾਟਕਕਾਰ ਡਾ.ਐਸ.ਐਨ. ਸੇਵਕ ਅਤੇ ਸ੍ਰੀ ਕਰਨਦੀਪ ਵਿਰਦੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਂਣਾ ਕਲਾ ਮੰਚ ਅਤੇ ਸਰਕਾਰੀ ਗਰਲਜ਼ ਕਾਲਜ
ਲੁਧਿਆਣਾ ਦੀ ਟੀਮ ਨੂੰ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ।
   ਇਸ ਮੌਕੇ ਨਿੱਕਾ ਬਡਰੁਖਾਂ ਅਤੇ ਲਵਲੀ ਬਡਰੂਖਾਂ ਨੇ ਕਮੇਡੀ ਰਾਹੀ ਅਤੇ ਬੌਬੀ ਪੰਧੇਰ ਨੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਡਰਾਮੇ ਦੀ ਸਫਲਤਾ ਲਈ ਸੁਸਾਇਟੀ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ, ਰਛਪਾਲ ਸਿੰਘ, ਸੁਖਚੈਨ ਸਿੰਘ, ਗੁਰਨਾਮ ਸਿੰਘ ਦਾਖਾ, ਹਰਬੰਸ ਸਿੰਘ , ਰਤਨ ਗੌਤਮ ਅਤੇ ਕਰਨਲ ਸੀ. ਐਸ. ਉੱਪਲ ਦਾ ਵਿਸੇਸ ਯੋਗਦਾਨ ਰਿਹਾ ਹੈ।

ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਵੀ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ

No comments: