Wednesday, August 09, 2017

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿੱਚ ਤੀਜ

Wed, Aug 9, 2017 at 4:37 PM
ਮੁੱਖ ਮਹਿਮਾਨ ਵੱਜੋਂ ਪੁੱਜੇ ਬਾਲੀਵੁੱਡ ਗਾਇਕ ਕਮਲ ਖ਼ਾਨ ਅਤੇ ਵਨੀਤ ਖ਼ਾਨ
ਲੁਧਿਆਣਾ:  9 ਅਗਸਤ 2017 (ਪੰਜਾਬ ਸਕਰੀਨ ਬਿਊਰੋ):: 
ਸਾਵਣ ਸ ਮਹੀਨਾ ਲੰਘ ਰਿਹਾ ਹੈ ਅਤੇ ਇਸਦੇ ਨਾਲ ਹੀ ਜਾ ਰਿਹਾ ਹੈ ਤਨਾਂ ਅਤੇ ਮਨਾਂ ਨੂੰ ਹੁਲਾਰੇ ਦੇਂਦੀਆਂ ਪੀਂਘਾਂ ਵਾਲਾ ਤਿਓਹਾਰ ਤੀਜ। ਇਸ ਵਾਰ ਵੀ ਵੱਖ ਥਾਵਾਂ ਤੇ ਤੀਜ  ਦੇ ਆਯੋਜਨਾਂ ਨੇ ਇਤਿਹਾਸ ਰਚਿਆ। ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿੱਚ ਵੀ ਅੱਜ ਭਾਰੀ ਰੌਣਕਾਂ ਸਨ। ਕਾਲਜ ਦੇ ਗੇਟ ਤੇ ਉਡੀਕ ਹੋ ਰਹੀ ਸੀ ਮੁੱਖ ਮਹਿਮਾਨਾਂ ਦੀ ਉਡੀਕ ਅਤੇ ਕਾਲਜ ਦੇ ਅੰਦਰ ਚੱਲ ਰਿਹਾ ਸੀ ਸੱਭਿਆਚਾਰਕ ਪ੍ਰੋਗਰਾਮ ਜਿਸਦਾ ਮੰਚ ਸੰਚਾਲਨ ਪ੍ਰੋਫੈਸਰ ਗੁਰਵਿੰਦਰ ਕੌਰ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਨਾਲ ਕਰ ਰਹੀ ਸੀ। 
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿੱਚ ਅੱਜ ਸਭਿਆਚਾਰਕ ਰੰਗਤ ਬਿਖੇਰਦਾ ਸਾਉਣ ਮਹੀਨੇ ਦੀਆਂ ਖ਼ੁਸ਼ੀਆਂ ਅਤੇ ਖੇੜਿਆ ਦਾ ਪ੍ਰਤੀਕ ਤਿਉਹਾਰ ‘ਤੀਆਂ ਤੀਜ ਦੀਆਂ’ ਅਤੇ ‘ਮਿਸ ਫਰੈਸ਼ਰ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋ ਪੰਜਾਬੀ ਬਾਲੀਵੁੱਡ ਗਾਇਕ ਕਮਲ ਖ਼ਾਨ ਅਤੇ ਵਨੀਤ ਖ਼ਾਨ ਨੇ ਸਿਰਕਤ ਕੀਤੀ ਅਤੇ ਆਪਣੀ ਗਾਇਕੀ ਨਾਲ ਸਮਾਗਮ ਦੀ ਰੌਣਕ ਨੂੰ ਨਵੀ ਨੁਹਾਰ ਦਿੱਤੀ।
ਸਮਾਗਮ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ਜੀ ਅਤੇ ਸੱਕਤਰ ਸ. ਕੰਵਲਇੰਦਰ ਸਿੰਘ ਜੀ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ  ਕੀਤਾ। ਇਸ ਸਮੇ ‘ਤੇ ਕਾਲਜ ਵਿਦਿਆਰਥਣਾਂ ਨੇ ਗੀਤ-ਸੰਗੀਤ ਅਤੇ ਨ੍ਰਿਤ ਦੀਆਂ ਵਿਭਿੰਨ ਪੇਸ਼ਕਾਰੀਆਂ ਨਾਲ ਰੰਗ ਬੰਨਿਆ। ਸਮਾਗਮ ਦਾ ਮੁੱਖ ਆਕਰਸ਼ਣ ‘ਤੀਆਂ ਤੀਜ ਦੀਆਂ' ਅਤੇ ‘ਮਿਸ ਫਰੈਸ਼ਰ’ ਦੇ ਮੁਕਾਬਲੇ ਰਹੇ। ਦਿਵਿਆ ਨੂੰ ‘ਕੁੜੀ ਪੰਜਾਬਣ’, ਪਿੰਕੀ ਨੂੰ ‘ਕੁੜੀ ਮਜਾਜਣ’ ਅਤੇ  ਰੇਖਾ ਨੂੰ ‘ਤੀਆਂ ਦੀ ਰਾਣੀ’ ਦਾ ਖਿਤਾਬ  ਦਿੱਤਾ ਗਿਆ। ‘ਮਿਸ ਫਰੈਸ਼ਰ’ ਮੁਕਾਬਲੇ ਵਿੱਚ ਕਾਜਲ  ‘ਮਿਸ ਫਰੈਸ਼ਰ’ ਬਣੀ ਗਰੀਮਾ ਨੇ ਫਸਟ ਰਨਰਅੱਪ ਤੇ ਮਨਪ੍ਰੀਤ ਕੌਰ ਨੇ ਸੈਕਿੰਡ ਰਨਰਅੱਪ ਅਤੇ ਗੁਰਜੋਤ ਕੌਰ ਤੇ ਪੂਰਨੀਮਾ ਨੇ ਮਿਸ ਚਾਰਮਿੰਗ ਅਤੇ ਮਿਸ ਡੈਜ਼ਲਰ ਦਾ ਖਿਤਾਬ ਹਾਸਲ ਕੀਤਾ।
ਸਮਾਰੋਹ ਵਿੱਚ ਮੀਢੀਆਂ ਗੁੰਦਣ, ਸੋਹਣੀ ਪੰਜਾਬੀ ਜੁੱਤੀ, ਸੋਹਣੀਆਂ ਚੂੜੀਆਂ, ਸੋਹਣਾ ਪਰਾਂਦਾ ਅਤੇ ਮਹਿੰਦੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥਣਾ ਨੂੰ ਇਨਾਮ ਵੰਡੇ ਗਏ।
ਇਸ ਮੌਕੇ ਕਾਲਜ  ਪ੍ਰਿੰਸੀਪਲ ਡਾ. ਸ਼੍ਰੀਮਤੀ ਕਿਰਨਦੀਪ ਕੌਰ ਜੀ ਨੇ ਵਿਦਿਆਰਥਣਾਂ ਅਤੇ ਮਹਿਮਾਨਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ  ਉਹਨਾ ਨੂੰ ਪ੍ਰੇਰਣਾ ਦਿੰਦੇ ਹੋਏ ਸੱਭਿਆਚਾਰਕ ਵਿਰਸੇ ਨੂੰ ਸੰਜੋਅ ਕੇ ਰੱਖਣ ਲਈ ਕਿਹਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਸੱਭਿਆਚਾਰਕ ਦਿੱਖ, ਖੁਸ਼ੀਆਂ ਅਤੇ ਹੁਲਾਸ ਨਾਲ ਭਰਿਆ ਤੀਆਂ ਦਾ ਇਹ ਮੇਲਾ ਅਗਲੇ ਵਰ੍ਹੇ ਫੇਰ ਮਿਲਣ ਤੇ ਖੁਸ਼ੀਆਂ ਮਨਾਉਣ ਦੇ ਵਾਅਦੇ ਨਾਲ ਸੰਪੰਨ ਹੋਇਆ।
  

No comments: