Tuesday, September 12, 2017

ਹਨੇਰਿਆਂ ਨਾਲ ਲੋਕ ਸ਼ਕਤੀ ਆਸਰੇ ਜੰਗ ਕਰਨ ਨਿਕਲੀ ਕੁਲਦੀਪ ਕੌਰ ਖਾਲਸਾ

MLA ਰੁਪਿੰਦਰ ਰੂਬੀ ਦੇ ਸਾਥ ਨਾਲ ਮਿਲਿਆ ਹੋਰ ਹੌਂਸਲਾ 
ਲੁਧਿਆਣਾ: 12 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਜ਼ਿੰਦਗੀ ਉਂਝ ਵੀ ਲੰਘ ਸਕਦੀ ਸੀ। ਹੋਰਨਾਂ ਬਹੁਤ ਸਾਰਿਆਂ ਵਾਂਗ ਸੈਰ ਸਪਾਟੇ ਕਰਦਿਆਂ। ਵੱਖ ਵੱਖ ਥਾਵਾਂ ਦੇ ਮਸ਼ਹੂਰ ਅਤੇ ਲਜ਼ੀਜ਼ ਖਾਣੇ ਖਾਂਦਿਆਂ ਜਾਂ ਫਿਰ ਕਿਸੇ ਨ ਕਿਸੇ ਵੱਡੇ ਮਾਲ ਵਿੱਚ ਜਾ ਕੇ ਫ਼ਿਲਮਾਂ ਦੇਖਦਿਆਂ। ਚਾਰ ਦਿਨ ਦੀ ਜ਼ਿੰਦਗੀ ਦਾ ਹਰ ਮਜ਼ਾ ਕੋਈ ਆਨੰਦ ਦੇਵੇ ਜਾਂ ਨਾ ਦੇਵੇ ਪਰ ਉਸਨੂੰ ਹਰ ਕੋਈ ਬੋਚ ਲੈਣਾ ਚਾਹੁੰਦਾ ਹੈ। 
ਪਰ ਕੁਝ ਲੋਕ ਬਹੁਤ ਹੀ ਵੱਖਰੀ ਕਿਸਮ ਦੇ ਹੁੰਦੇ ਹਨ। ਦੁਨੀਆਦਾਰੀ ਦੇ ਰੰਗ ਰੂਪ ਉਹਨਾਂ ਨੂੰ ਨਹੀਂ ਸਹਾਉਂਦੇ। ਖਾਣਾ ਪੀਣਾ ਮੌਜ ਮਸਤੀ ਉਹਨਾਂ ਲਈ ਬਿਲਕੁਲ ਹੀ ਬੋਰਿੰਗ ਜਿਹੀ ਗੱਲ ਹੁੰਦੀ ਹੈ। ਦਿਨ ਰਾਤ ਜੇ ਕਿਸੇ ਪਾਸੇ ਧਿਆਨ ਜਾਂਦਾ ਹੈ ਤਾਂ ਉਹ ਦੁਨੀਆ ਦੇ ਦਰਦਾਂ ਮਾਰੇ ਲੋਕਾਂ ਵੱਲ। ਉਹਨਾਂ ਦੀਆਂ ਮੁਸ਼ਕਿਲਾਂ ਵੱਲ। ਇਹ ਦਰਦ ਹੀ ਅਜਿਹੇ ਲੋਕਾਂ ਨੂੰ ਚੇਨ ਨਹੀਂਪ ਕੌਰ  ਲੈਣ ਦੇਂਦਾ। ਅਜਿਹੇ ਲੋਕਾਂ ਵਿੱਚੋਂ ਹੀ ਇੱਕ ਹੈ-ਕੁਲਦੀਪ ਕੌਰ। ਕਈ ਵਾਰ ਨਾਂ ਦੇ ਨਾਲ ਖਾਲਸਾ ਵੀ ਹੁੰਦਾ ਹੈ। ਉਹ ਨਾਮ ਦੇਖ ਕੇ ਲੱਗਦਾ ਹੈ ਕਿ ਕੋਈ ਕੱਟੜ ਸਿੰਘਣੀ ਹੋਣੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ।  ਸਰਬੱਤ ਦਾ ਭਲਾ ਮੰਗਣ ਵਾਲੀ ਕੁਲਦੀਪ ਕੌਰ ਇੱਕ ਬਹੁਤ ਹੀ ਸੰਵੇਦਸ਼ੀਲ ਇਸਤਰੀ ਹੈ। ਉਹ ਦੁਖੀ ਹੈ ਸਮਾਜ ਵਿੱਚ ਆ ਰਹੇ ਨਿਘਾਰਾਂ ਤੋਂ। ਕਈ  ਵਾਰ ਉਹ ਬਹੁਤ ਹੀ ਪ੍ਰੇਸ਼ਾਨ ਵੀ ਹੁੰਦੀ ਹੈ ਕਿ ਗੁਰੂਆਂ ਪੀਰਾਂ ਅਤੇ ਪੈਗੰਬਰਾਂ ਨੇ ਸਾਨੂੰ ਕੀ ਸਿਖਾਇਆ ਸੀ ਅਤੇ ਅਸੀਂ ਕੀ ਬਣ ਗਏ ਹਾਂ?
ਜੇ ਕਿਤੇ ਕਿਸੇ ਦਾ ਕਤਲ ਹੁੰਦਾ ਹੈ ਤਾਂ ਵੀ ਉਸਦਾ ਦਿਲ ਹਲੂਣਿਆ ਜਾਂਦਾ ਹੈ। ਜੇ ਕਿਸੇ ਨੂੰ ਕੋਈ ਕੁੱਟਮਾਰ ਕਰਦਾ ਹੈ ਤਾਂ ਵੀ ਉਹ ਪੁੱਛਦੀ ਹੈ--ਇਹ ਭਲਾ ਇਨਸਾਨਾਂ ਵਾਲਿਆਂ ਗੱਲਾਂ ਨੇ? ਜੇ ਕਿਸੇ ਨੂੰ ਦਾਜ ਕਾਰਨ ਤੰਗ ਕੀਤਾ ਜਾਂਦਾ ਹੈ ਤਾਂ ਉਹ ਉੱਥੇ ਵੀ ਪਹੁੰਚ ਜਾਂਦੀ ਹੈ। ਲੱਗਦਾਤਾ  ਹੈ ਪ੍ਰਮਾਤਮਾ ਨੇ ਉਸ ਅੰਦਰ ਬਹੁਤ ਹੀ ਸੰਵੇਦਨਸ਼ੀਲ ਦਿਲ ਟਿਕਾਇਆ ਹੈ। 
ਇਹਨਾਂ ਸਾਰੀਆਂ ਮੁਸ਼ਕਿਲਾਂ ਨਾਲ ਲੜਨ ਲਈ ਉਸਨੇ ਪਹਿਲਾਂ ਤਾਂ ਬਹੁਤ ਕੁਝ ਇਕੱਲੇ ਇਕੱਲੇ ਕੀਤਾ ਪਰ ਬਾਅਦ ਵਿੱਚ ਮਹਿਸੂਸ ਹੋਇਆ ਕਿ ਜੱਥੇਬੰਦਕ ਸੰਘਰਸ਼ ਬਿਨਾ ਕੋਈ ਚਾਰ ਨਹੀਂ। ਫਿਰ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਬਣਾਈ।  ਨਸ਼ਿਆਂ ਵਰਗੀਆਂ ਬੁਰਾਈਆਂ ਦੇ ਖਿਲਾਫ ਜੰਗ ਦਾ ਬਿਗਲ ਵਜਾਇਆ। ਪਹਿਲਾਂ ਆਪਣੇ ਗ੍ਰਹਿ ਜ਼ਿਲੇ ਪਟਿਆਲਾ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਿਆ। ਬਹੁਤ ਸਾਰੇ ਲੋਕ ਕੁਲਦੀਪ ਕੌਰ ਦਾ ਕੰਮ ਦੇਖ ਕੇ ਜੁੜਨ ਲੱਗ ਪਏ। ਛੇਤੀ ਹੀ ਪਟਿਆਲਾ ਤੋਂ ਬਾਹਰ ਵੀ ਉਸਦੀ ਇਹਨਾਂ ਕੋਸ਼ਿਸ਼ਾਂ ਦੀ ਚਰਚਾ ਹੋਣ ਲੱਗੀ। ਇਸੇ ਦੌਰਾਨ ਕੁਲਦੀਪ ਕੌਰ ਖਾਲਸਾ ਨੂੰ ਸ਼ਿੱਦਤ ਨਾਲ ਹਲੂਣਿਆ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੇ ਅਤੇ ਸਮਾਜ ਵਿੱਚ  ਔਰਤਾਂ ਨਾਲ ਵੱਧ ਰਹੀਆਂ ਵਧੀਕੀਆਂ ਨੇ। ਇਸ ਦਰਦ ਨੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਦਾ ਦਾਇਰਾ ਵੀ ਵਧ ਦਿੱਤਾ।  ਕੁਲਦੀਪ ਕੌਰ ਪਿੰਡ ਪਿੰਡ ਜਾਨ ਦੀ ਮੁਹਿੰਮ ਆਰੰਭੀ। ਬਿਨਾ ਕਿਸੇ ਰੌਲੇ ਰੱਪੇ ਜਾਂ ਸ਼ੋਰ ਸ਼ਰਾਬੇ ਦੇ ਆਪਣੀ ਮੁਹਿੰਮ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਤਾਂ ਕਿ ਕਿਸੇ ਵੀ ਗੱਲ ਦੇ ਗਲਤ ਅਰਥ ਨਾ ਨਿਕਲਣ। ਆਪਣੀ ਪਹੁੰਚ ਨੂੰ ਸਿਰਫ ਅਤੇ ਸਿਰਫ ਮਨੁੱਖੀ ਰਿਸ਼ਤਿਆਂ ਅਤੇ ਇਨਸਾਨੀਅਤ ਵਾਲੀ ਸੋਚ ਨਾਲ ਜੋੜ ਕੇ ਕਰਜ਼ਿਆਂ ਮਾਰੇ ਲੋਕ ਨਾਲ ਸੰਪਰਕ ਕੀਤਾ।  ਖੁਦਕੁਸ਼ੀਆਂ ਦੇ ਕਾਰਨਾਂ ਦਾ ਪਤਾ ਲਗਾਇਆ। ਮਹਿਸੂਸ ਹੋਇਆ ਕਿ ਸਾਡੇ ਸਮਾਜ ਨੂੰ ਵਿਖਾਵਿਆਂ ਅਤੇ ਸ਼ਰੀਕਿਆਂ ਨਾਲ ਮੁਕਾਬਲਿਆਂ ਨੇ ਮਾਰ ਲਿਆ ਹੈ। ਇਸਦੇ ਨਾਲ ਹੀ ਕੁਲਦੀਪ ਕੌਰ ਨੇ ਅਰੰਭੀ ਸਾਦਗੀ ਭਰਿਆ ਜੀਵਨ ਜਿਊਣ ਦੀ ਮੁਹਿੰਮ। ਹੁਣ ਉਸਦਾ ਸੁਨੇਹਾ ਸਾਰਿਆਂ ਲਈ ਇਹੀ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਸਾਦਗੀ ਦਾ ਪੱਲਾ ਨਾ ਛੱਡੋ। ਕਰਜ਼ੇ ਚੁੱਕ ਕੇ ਕੀਤੇ ਵਿਆਹ ਅਤੇ ਮਹਿੰਗੇ ਭੋਗ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਣਗੇ। ਪੂੰਜੀਵਾਦ ਦੇ ਜਾਲ ਤੋਂ ਬਚ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਵਾਲਾ ਜੀਵਨ ਅਪਣਾਈਏ। ਸਸਦਗੀ ਨਾਲ ਰਹੀਏ। ਕਿਰਤ ਕਰੀਏ ਅਤੇ ਵੰਡ ਕੇ ਛਕੀਏ। 
ਇਸ ਮੁਹਿੰਮ ਨੇ ਬਠਿੰਡਾ ਦੀ ਐਮ ਐਲ ਏ ਰੁਪਿੰਦਰ ਕੌਰ ਰੂਬੀ ਨੂੰ ਵੀ ਪ੍ਰਭਾਵਿਤ ਕੀਤਾ। ਐਮ ਐਲ ਏ ਮੈਡਮ ਰੂਬੀ ਦਾ ਸਾਥ ਮਿਲਣ ਤੇ ਕੁਲਦੀਪ ਕੌਰ ਦੇ ਹੋਂਸਲੇ ਹੋਰ ਬੁਲੰਦ ਹੋਏ ਹਨ। ਹੁਣ ਦੇਖਣਾ ਹੈ ਕਿ ਨਾਰੀ ਸ਼ਕਤੀ ਦਾ ਇਹ ਏਕਾ ਸਾਡੇ ਸਮਾਜ ਨੂੰ ਕਿੰਨੀ ਜਲਦੀ ਬਦਲਣ ਵਿੱਚ ਸਫਲ ਹੁੰਦਾ ਹੈ। ਲੜਾਈ ਲੰਮੀ ਹੈ ਇਸ ਲਈ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁੜਨਾ ਜ਼ਰੂਰੀ ਹੈ। ਸੰਘਣੇ ਹਨੇਰੇ ਵਾਲੇ ਇਸ ਮਾਹੌਲ ਵਿੱਚ ਇਸ ਜ਼ਬਰਦਸਤ ਸ਼ੁਰੂਆਤ ਨਾਲ ਆਸ ਬੱਝਦੀ ਹੈ ਕਿ 
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ;
ਕਿਸ ਕੇ ਰੋਕੇ ਰੁਕਾ ਹੈ ਸਵੇਰਾ !

No comments: