Friday, October 20, 2017

ਆਰ ਐਸ ਐਸ ਆਗੂ ਦੇ ਕਤਲ ਦੀ ਜਾਂਚ ਐਨ ਆਈ ਏ ਦੇ ਹਵਾਲੇ

ਕਾਤਲ ਨਾ ਫੜੇ ਜਾਣ 'ਤੇ ਲੋਕਾਂ ਵਿੱਚ ਗ਼ਮ ਅਤੇ ਰੋਸ 
ਲੁਧਿਆਣਾ: 20 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਦੀਵਾਲੀ ਦੇ ਤਿਓਹਾਰ ਤੋਂ ਐਨ ਪਹਿਲਾਂ ਆਰ ਐਸ ਐਸ ਆਗੂ ਦੇ ਵਹਿਸ਼ੀਆਨਾ ਕਤਲ ਕਾਰਨ ਲੋਕਾਂ ਵਿੱਚ ਗੁੱਸੇ ਅਤੇ ਸਹਿਮ ਦੀ ਲਹਿਰ ਜਾਰੀ ਹੈ। ਇਸ ਦਰਦਨਾਕ ਕਤਲ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਨਜ਼ਰਅੰਦਾਜ਼ ਕਰਦਿਆਂ ਦੇਰ ਰਾਤ ਤੱਕ ਦੀਵਾਲੀ ਮਨਾਈ। ਜ਼ਿਕਰਯੋਗ ਹੈ ਕਿ ਅਜੇ ਤੱਕ ਇਸ ਕਤਲ ਦੇ ਮਾਮਲੇ ਵਿੱਚ ਵੀ ਕਾਤਲਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। 
ਸਥਾਨਕ ਗਗਨਦੀਪ ਕਾਲੋਨੀ ਵਿਚ ਪਿਛਲੀ ਦਿਨੀਂ ਹੋਏ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈ ਦੇ ਕਤਲ ਦੇ ਮਾਮਲੇ ਦੀ ਜਾਂਚ ਹੁਣ ਐਨ.ਆਈ.ਏ. (ਕੌਮੀ ਜਾਂਚ ਏਜੰਸੀ) ਕਰੇਗੀ। ਐਨ.ਆਈ.ਏ. ਨੂੰ ਜਾਂਚ ਸੌਂਪਣ ਤੋਂ ਜ਼ਾਹਿਰ ਹੈ ਕਿ ਸੂਬੇ ਦੀ ਪੁਲਿਸ ਇਸ ਮਾਮਲੇ ਵਿੱਚ ਵੀ ਨਾਕਾਮ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਤਲਾਂ ਵੱਲੋਂ ਵਰਤੀ ਗਈ ਮੋਟਰਸਾਈਕਲ ਦੀ ਚੋਰੀ ਦੀ ਰਿਪੋਰਟ ਨਾ ਲਿਖਣ ਦੇ ਮਾਮਲੇ ਵਿਚ ਵੀ ਪੁਲਿਸ ਕਮਿਸ਼ਨਰ ਵੱਲੋਂ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਕਾਬਿਲ-ਏ-ਜ਼ਿਕਰ ਹੈ ਕਿ ਪਾਸਟਰ ਸੁਲਤਾਨ ਮਸੀਹ ਦੇ ਕਤਲ ਮਗਰੋਂ ਵੀ ਇੱਕ ਪਰਿਵਾਰਿਕ ਮੈਂਬਰ ਨੂੰ ਨੌਕਰੀ ਅਤੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਪਰਿਵਾਰ ਨੂੰ ਨਾ ਤਾਂ ਨੌਕਰੀ ਮਿਲੀ ਅਤੇ ਨਾ ਹੀ ਪੰਜ ਲੱਖ ਰੁਪਏ। ਇਸ ਗੱਲ ਦੀ ਸ਼ਿਕਾਇਤ ਪਾਸਟਰ ਸੁਲਤਾਨ ਮਸੀਹ ਦੇ ਬੇਟੇ ਪੀ ਅਲੀਸ਼ਾ  ਨੇ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੀ ਕੀਤੀ ਸੀ। 

No comments: