Friday, November 10, 2017

ਬਾਲ ਮੁਕੰਦ ਸ਼ਰਮਾ ਮਾਰਕਫੈਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਬਣੇ

Fri, Nov 10, 2017 at 4:59 PM
ਜੱਸੋਵਾਲ ਜੀ ਦੀ ਪ੍ਰੇਰਨਾ ਸਦਕਾ ਛਣਕਾਟਾ 88 ਤੋਂ  ਸ਼ੁਰੂ ਕੀਤਾ ਸੀ ਸਫ਼ਰ
ਲੁਧਿਆਣਾ: 10 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਅਤੇ ਵਿਸ਼ਵ ਪ੍ਰਸਿੱਧ ਹਾਸ ਵਿਅੰਗ ਕਲਾਕਾਰ ਬਾਲ ਮੁਕੰਦ ਸ਼ਰਮਾ ਦੀਆਂ ਪ੍ਰਬੰਧਕੀ ਯੋਗਤਾਵਾਂ ਨੂੰ ਸਮਝਦਿਆਂ ਮਾਰਕਫੈਡ ਦਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸ਼ਰਮਾ 2019 ਤੱਕ ਇਸ ਰੁਤਬੇ ਤੇ ਸੇਵਾ ਨਿਭਾਉਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਐਸਸੀ ਖੇਤੀਬਾੜੀ ਦੀ ਸਿੱਖਿਆ ਗੋਲਡ ਮੈਡਲ ਨਾਲ ਹਾਸਲ ਕਰਨ ਉਪਰੰਤ ਇਸੇ ਯੂਨੀਵਰਸਿਟੀ ਤੋਂ ਹੀ ਵਜੀਫੇ ਸਹਿਤ ਐਮ ਬੀ ਏ ਪਾਸ ਕਰਕੇ ਆਪ 1987 ਵਿੱਚ ਜ਼ਿਲਾ ਮੈਨੇਜਰ ਵਜੋਂ ਨਿਯੁਕਤ ਹੋਏ।  ਜਲੰਧਰ, ਲੁਧਿਆਣਾ ਆਦਿ ਜ਼ਿਲਿਆਂ  ਵਿੱਚ ਸੇਵਾ ਕਰਨ ਉਪਰੰਤ ਬਾਲ ਮੁਕੰਦ ਨੂੰ ਸੂਬਾਈ ਹੈਡਕੁਆਟਰ 'ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਾਲ 2011 ਤੋਂ ਉਹ ਮਾਰਕਫੈਡ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ। 
ਮਹੱਤਵਪੂਰਨ ਗੱਲ ਹੈ ਕਿ ਆਪਣੇ ਸਹਿਪਾਠੀ ਡਾ. ਜਸਵਿੰਦਰ ਭੱਲਾ ਨਾਲ ਮਿਲ ਕੇ ਸ. ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਸਦਕਾ ਛਣਕਾਟਾ 88 ਤੋਂ ਸਫ਼ਰ ਸ਼ੁਰੂ ਕਰਕੇ ਦੇਸ਼ ਵਿਦੇਸ਼ ਆਪਣੀ ਕਲਾ ਦਾ ਲੋਹਾ ਮਨਵਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਅਤੇ ਪਸਾਰ ਲਈ ਲਗਾਤਾਰ ਵਰਤਿਆ। ਮਾਰਕਫੈਡ ਨੂੰ ਸਮਰਪਿਤ ਅਧਿਕਾਰੀ ਵਜੋਂ ਸਨਮਾਨਿਤ ਬਾਲ ਮੁਕੰਦ ਸ਼ਰਮਾ ਨੂੰ ਅਨੇਕਾਂ ਪੁਰਸਕਾਰ ਹਾਸਲ ਹੋ ਚੁੱਕੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ 1987 ਬੈਚ ਦੇ ਇਸ ਵਿਦਿਆਰਥੀ ਦੀ ਵਡੇਰੀ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਇਸ ਵੱਕਾਰੀ ਅਹੁਦੇ ਨਾਲ ਬਾਲ ਮੁਕੰਦ ਦੇ ਨਾਲ ਯੂਨੀਵਰਸਿਟੀ ਦਾ ਨਾਂ ਵੀ ਉਚਾ ਹੋਇਆ ਹੈ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਐਸ ਪੀ ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਡਾ. ਨਛੱਤਰ ਸਿੰਘ ਮਲ੍ਹੀ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਵੀ ਆਪਣੇ ਕਲਾਵੰਤ ਪ੍ਰਸ਼ਾਸ਼ਕ ਨੂੰ ਮੁਬਾਰਕ ਦਿੱਤੀ ਹੈ। 
ਡਾ. ਸ਼ਰਮਾ ਦੀ ਇਸ ਨਿਯੁਕਤੀ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜੱਥੇਬੰਦੀ ਪੌਟਾ, ਪੰਜਾਬ ਆਰਟਸ ਕੌਂਸਲ ਦੇ ਪ੍ਰਧਾਨ ਡਾ. ਸੁਰਜੀਤ ਪਾਤਰ, ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਅਤੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਵੀ ਵਧਾਈ ਦਿੱਤੀ ਗਈ । ਉਹਨਾਂ  ਦੀ ਨਿਯੁਕਤੀ ਦੀ ਖਬਰ ਉਪਰੰਤ ਇਸ ਯੂਨੀਵਰਸਿਟੀ ਦੇ ਕਲਾ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

No comments: