Tuesday, November 07, 2017

ਆਰ.ਐਮ. ਪੀ.ਆਈ ਅਤੇ ਇਨਕਲਾਬੀ ਜਥੇਬੰਦੀਆਂ ਵਲੋਂ ਫਲੈਗ ਮਾਰਚ

ਮਹਾਨ ਅਕਤੂਬਰ ਇਨਕਲਾਬ ਦੀ ਸ਼ਤਾਬਦੀ, ਜੋਸ਼ੋ ਖਰੋਸ਼ ਨਾਲ ਮਨਾਈ ਗਈ
ਲੁਧਿਆਣਾ: 7 ਨਵੰਬਰ 2017: (ਪੰਜਾਬ ਸਕਰੀਨ ਟੀਮ)::
ਕਾਮਰੇਡਾਂ ਨੂੰ ਨਾਸਤਿਕ ਕਹੋ, ਜਨੂੰਨੀ ਕਹੋ ਜਾਂ  ਕੁਝ ਹੋਰ ਪਰ ਕਾਮਰੇਡਾਂ ਨੇ ਹੀ ਮਨੁੱਖ ਨੂੰ ਦੈਵੀ ਚਮਤਕਾਰਾਂ ਅਤੇ ਅਲੌਕਿਕ ਆਸਾਂ ਉਮੀਦਾਂ ਦੇ ਭਰਵਾਸੇ ਛੱਡ ਕੇ ਆਪਣੇ ਸੰਘਰਸ਼ਾਂ ਨਾਲ ਆਪਣੇ ਸੁਪਨੇ ਸਾਕਾਰ ਕਰਨ ਦਾ ਰਾਹ ਦਿਖਾਇਆ। ਕਰੀਬ 300 ਸਾਲਾਂ ਦੀ ਰਾਜਸ਼ਾਹੀ ਨੂੰ ਅਕਤੂਬਰ ਇਨਕਲਾਬ ਰਾਹੀਂ ਉਖਾੜ ਸੁੱਟਿਆ ਗਿਆ। ਕਿਰਤੀਆਂ, ਮਜ਼ਦੂਰਾਂ ਕਿਸਾਨਾਂ ਦਾ ਪਹਿਲਾ ਰਾਜ ਇੱਕ ਸੁਪਨਾ ਸੀ ਜਿਹੜਾ ਕਾਮਰੇਡਾਂ ਨੇ ਸੱਚ ਕਰ ਦਿਖਾਇਆ। ਲੋਕ ਸ਼ਕਤੀ ਦਾ ਅਸਲੀ ਕ੍ਰਿਸ਼ਮਾ ਦਿਖਾਉਣ ਵਾਲੇ ਕਾਮਰੇਡ ਲੈਨਿਨ ਨੇ 24 ਅਕਤੂਬਰ 1917 ਵਾਲੇ ਦਿਨ ਲਾਲ ਗਾਰਡਾਂ ਨੂੰ ਕ੍ਰਾਂਤੀ ਦਾ ਸੁਨੇਹਾ ਦਿੱਤਾ। ਇਹ ਸੁਨੇਹਾ ਅੱਗ ਵਾਂਗ ਫੈਲਿਆ। ਲੈਨਿਨ ਨੇ ਬਗਾਵਤ ਦੀ ਇਹ ਕਮਾਨ ਸਿਧ ਆਪਣੇ ਹੱਥ ਵਿੱਚ ਲਾਇ ਲਈ। ਅਗਲੇ ਹੀ ਦਿਨ 25 ਅਕਤੂਬਰ 1917 ਨੂੰ ਸਾਰੇ ਦਫਤਰਾਂ ਅਤੇ ਵਿਭਾਗਾਂ ਤੇ ਬਲਸ਼ਵਿਕਾਂ ਦਾ ਕਬਜ਼ਾ ਹੋ ਗਿਆ। ਜਦ ਜਦ ਵੀ ਲਾਮਰੇਡਾਂ ਨੇ ਆਪਣੇ ਰਹਿਬਰ ਲੈਨਿਨ ਦਾ ਫਲਸਫਾ ਸਾਹਮਣੇ ਰੱਖ ਕੇ ਸੰਘਰਸ਼ ਕੀਤਾ ਉਹਨਾਂ ਨੂੰ ਜਿੱਤ ਮਿਲੀ। ਜਦ ਜਦ ਵੀ ਉਹਨਾਂ ਆਪਣਾ ਇਹ ਰਸਤਾ ਬਦਲਿਆ ਜਾਂ ਕੁਝ ਤਜਰਬੇ ਕੀਤੇ ਉਦੋਂ ਉਦੋਂ ਹੀ ਉਹਨਾਂ ਨੂੰ ਹਾਰ ਹੋਈ। ਲੈਨਿਨਵਾਦ ਅਤੇ ਮਾਰਕਸਵਾਦ ਨੇ ਕਾਮਰੇਡਾਂ ਦੀਆਂ ਹੈਰਾਨ ਨੂੰ ਬਾਰ ਬਾਰ ਜਿੱਤਾਂ ਵਿੱਚ ਬਦਲਿਆ।  ਅੱਜ ਵੇਰਕਾ ਮਿਲਕ ਪਲਾਂਟ ਸਾਹਮਣੇ ਅਕਤੂਬਰ ਇੰਨਕਲਾਬ ਦੀ ਕ੍ਰਾਂਤੀ ਦਾ ਜਸ਼ਨ ਇਹਨਾਂ ਜਿੱਤਾਂ ਦੀ ਯਾਦ ਤਾਜ਼ਾ ਕਰ ਰਿਹਾ ਸੀ। 
ਅਕਤੂਬਰ 1917 ’ਚ ਰੂਸ ’ਚ ਕਾਮਰੇਡ ਲੈਨਿਨ ਦੀ ਅਗਵਾਈ ਵਿਚ ਆਈ ਮਹਾਨ ਕ੍ਰਾਂਤੀ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਇਸ ਕ੍ਰਾਂਤੀ ਤੋਂ ਬਾਅਦ ਦੁਨੀਆਂ ਦੇ ਕਈ ਦੇਸ਼ਾਂ ਵਿਚ ਸਮਾਜਵਾਦ ਆਇਆ ਅਤੇ ਇਸਦੀ ਲਹਿਰ ਹੋਰ ਪ੍ਰਚੰਡ ਹੋਈ। ਇਹ ਕ੍ਰਾਂਤੀ ਜਿਹੜੀ ਕਿ ਮਾਰਕਸਵਾਦ ਦੇ ਫਲਸਫੇ ’ਤੇ ਅਧਾਰਿਤ ਸੀ। ਇਸ ਕ੍ਰਾਂਤੀ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ’ਤੇ ਵੀ ਡੂੰਘਾ ਅਸਰ ਪਾਇਆ। ਇਹ ਆਜ਼ਾਦੀ ਦੀ ਲੜਾਈ ਜਿਹੜੀ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਲੜੀ ਜਾ ਰਹੀ ਸੀ ਤੇ ਕਾਮਰੇਡ ਲੈਨਿਨ ਉਨਾਂ ਦਾ ਪ੍ਰੇਰਣਾ ਸਰੋਤ ਬਣ ਗਏ। ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਤਾਂ ਆਜ਼ਾਦ  ਹੋ ਗਿਆ ਪਰ ਉਨਾਂ ਦੇ ਸੁਪਨਿਆਂ ਦਾ ਆਜ਼ਾਦੀ ਵਾਲਾ ਦੇਸ਼ ਨਹੀਂ ਬਣ ਸਕਿਆ। ਅੱਜ ਦੇ ਇਸ ਜੋਸ਼ੀਲੇ ਮਾਰਚ ਵਿੱਚ ਲੈਨਿਨ ਅਤੇ ਮਾਰਕਸ ਦਾ ਫਲਸਫਾ ਇੱਕ ਸੁਨੇਹੇ ਵੱਜੋਂ ਘਰ ਘਰ ਪਹੁੰਚਾਇਆ। ਵੇਰਕਾ ਮਿਲਕ ਪਲਾਂਟ ਤੋਂ ਸ਼ੁਰੂ ਹੋਇਆ ਇਹ ਮਾਰਚ ਪੂਰਾ ਸ਼ਹਿਰ ਘੁੰਮਿਆ। ਜਦੋਂ ਲੋਕ ਇਹ ਸਮਝ ਰਹੇ ਸਨ ਕਿ ਕਮਿਊਨਿਸਟ ਤਾਂ ਖਤਮ ਹੋ ਚੁੱਕੇ ਹਨ ਉਦੋਂ ਇਸ ਮਾਰਚ ਨੇ ਦੱਸਿਆ ਕਿ ਅਕਤੂਬਰ ਇੰਨਕਲਾਬ ਦੇ ਚਾਹੁਣ ਵਾਲੇ ਕਦੇ ਖਤਮ ਨਹੀਂ ਕੀਤੇ ਜਾ ਸਕਦੇ। ਲੈਨਿਨ ਅਤੇ ਮਾਰਕਸ ਦੇ ਅਸਲੀ ਵਾਰਿਸ ਕਮਿਊਨਿਸਟ ਲਹਿਰ ਨੂੰ ਫਿਰ ਬੁਲੰਦੀਆਂ ਉੱਤੇ ਲੈ ਜਾਣਗੇ। 
ਉਕਤ ਵਿਚਾਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਇਨਕਲਾਬੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੰਜਾਬ ਸਟੂਡੈਂਟਸ ਫੈਡਰੇਸ਼ਨ , ਮਨਰੇਗਾ ਵਰਕਰਜ਼ ਯੂਨੀਅਨ, ਭੱਠਾ ਲੇਬਰ ਮਜ਼ਦੂਰ ਯੂਨੀਅਨ, ਉਸਾਰੀ ਮਜ਼ਦੂਰ ਯੂਨੀਅਨ ਵਲੋਂ ਅਕਤੂਬਰ ਇਨਕਲਾਬ ਦੀ ਮਨਾਈ ਗਈ 100ਵੀਂ ਵਰ੍ਹੇਗੰਢ ਦੇ ਦੌਰਾਨ ਕੀਤੇ ਗਏ ਜੋਸ਼ੀਲੇ ਫਲੈਗ ਮਾਰਚ ਦੌਰਾਨ ਵੱਖ ਵੱਖ ਆਗੂਆਂ ਪ੍ਰੋ. ਜੈਪਾਲ ਸਿੰਘ ਤੂਰ, ਜਗਤਾਰ ਸਿੰਘ ਚਕੋਹੀ, ਰਘਵੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰਾ, ਮਹਿੰਦਰ ਸਿੰਘ ਅੱਚਰਵਾਲ, ਰਾਜੂ ਹਿੰਮਾਯੂਪੁਰਾ, ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸ਼ਹਿਜਾਦ ਨੇ ਪ੍ਰਗਟ ਕੀਤੇ। ਹਰ ਚਿਹਰੇ ਤੇ ਜੋਸ਼ ਸੀ। ਅੱਖਾਂ ਵਿੱਚ ਇੱਕ ਨਵੀਂ ਚਮਕ ਸੀ। ਇੰਨਕਲਾਬ ਦੀ ਚਮਕ। ਅਕਤੂਬਰ ਇੰਨਕਲਾਬ ਵਾਲੀ ਜਿੱਤ ਦਾ ਹੋਂਸਲਾ ਬਾਰ ਬਾਰ ਨਵੀਂ ਹਿੰਮਤ ਦੇ ਰਿਹਾ ਸੀ। ਲਾਲ ਝੰਡਾ ਅੱਜ ਫਿਰ ਲਾਲ ਖੂਨ ਨੂੰ ਫਿਰ ਗਰਮ ਰਿਹਾ ਸੀ। ਨਾਅਰੇ ਲਾਉਂਦੇ ਹੋਏ ਕੱਸਵੇਂ ਮੁੱਕੇ ਇੱਕ ਐਲਾਨ ਕਰ ਰਹੇ ਸਨ। ਇੰਨਕਲਾਬ ਲਈ ਹਰ ਹਾਲ ਵਿੱਚ ਜੂਝਣ ਵਾਲੇ ਸੰਕਲਪ ਦਾ ਐਲਾਨ।  
ਇਸ ਮੌਕੇ ’ਤੇ ਗੁਰਦੀਪ ਸਿੰਘ ਕਲਸੀ ਰਾਏਕੋਟ, ਗੁਰਚਰਨ ਸਿੰਘ ਮੁੱਲਾਂਪੁਰ, ਗੁਰਜੀਤ ਸਿੰਘ ਕਾਲਾ ਮਨਸੂਰਾਂ, ਰੁਪਿੰਦਰ ਸਿੰਘ ਜੋਧਾਂ, ਜਗਤਾਰ ਸਿੰਘ ਮੁੱਲਾਂਪੁਰ, ਇੰਦਰ ਸਿੰਘ ਗੋਰਸੀਆਂ, ਅਮਰਜੀਤ ਹਿਮਾਂਯੂਪੁਰਾ ਹੁਕਮ ਰਾਜ ਦੇਹੜਕਾ, ਮਨਜੀਤ ਸਿੰਘ ਉਧੋਵਾਲ, ਸਤਪਾਲ ਸਿੰਘ ਕੂਮਕਲਾਂ ਸਾਬਕਾ ਚੇਅਰਮੈਨ, ਸਿਕੰਦਰ ਮਨਸੂਰਾਂ, ਅਮਰੀਕ ਮੀਕਾ ਜੋਧਾਂ, ਰਾਣਾ ਲਤਾਲਾ, ਗੁਰਪਿੰਦਰ ਮਨਸੂਰਾਂ, ਗੁਰਪਿੰਦਰ ਜੋਧਾਂ, ਦੀਪੀ ਜੋਧਾਂ, ਨਛੱਤਰ ਸਿੰਘ ਸ਼ਹਿਜਾਦ, ਗਗਨ ਸ਼ਹਿਜਾਦ, ਚਮਨ ਲਾਲ, ਹਰਜਿੰਦਰ ਖੰਡੂਰ, ਸਵਰਨ ਸਿੰਘ ਸਾਬਕਾ ਸਰਪੰਚ ਮੱਲੀਪੁਰ, ਮੇਵਾ ਸਿੰਘ ਅੜੈਚਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਫਲੈਗ ਮਾਰਚ ਦੀ ਅਗਵਾਈ ਕੀਤੀ। ਮਾਰਚ ਦਾ ਅਨੁਸ਼ਾਸਨ ਦੇਖਣ ਵਾਲਾ ਸੀ। ਮਾਰਚ ਵਿੱਚ ਸ਼ਾਮਲ  ਲੋਕਾਂ ਦੀ ਹਿੰਮਤ ਅਤੇ ਜਜ਼ਬਾ ਉਹਨਾਂ ਦੇ ਕੋਲ ਖੜੋ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਸੀ। ਇੰਨਕਲਾਬ ਲਈ ਇਹਨਾਂ ਦੀ ਪ੍ਰਤੀਨਿਧਤਾ ਦੱਸ ਰਹੀ ਸੀ ਕਿ ਆ ਕੇ ਰਹੇਗਾ ਇੰਨਕਲਾਬ। 
ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ ਪ੍ਰੋ. ਜੈਪਾਲ ਸਿੰਘ ਤੂਰ, ਜਗਤਾਰ ਸਿੰਘ ਚਕੋਹੀ, ਰਘਵੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰਾ, ਮਹਿੰਦਰ ਸਿੰਘ ਅੱਚਰਵਾਲ, ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸ਼ਹਿਜ਼ਾਦਾ ਅਤੇ ਹੋਰਾਂ ਨੇ ਮੌਜੂਦਾ ਹਾਲਾਤਾਂ ਦੀ ਵੀ ਗੱਲ ਕੀਤੀ।  ਪ੍ਰੋਫੈਸਰ ਜੈਪਾਲ ਸਿੰਘ ਤੂਰ ਨੇ ਮੌਜੂਦਾ ਸਥਿਤੀਆਂ ਅਤੇ ਕਮਿਊਨਿਸਟ ਲਹਿਰ ਵਿੱਚ ਆਈ ਖੜੋਤ ਵਾਲੀ ਸਥਿਤੀ ਬਾਰੇ ਬਹੁਤ ਹੀ ਠਰੰਮੇ ਨਾਲ ਹਰ ਗੱਲ ਦਾ ਜੁਆਬ ਦਿੱਤਾ।  ਇਹ ਗੱਲਬਾਤ ਤੁਸੀਂ ਵੀਡੀਓ ਕਲਿੱਕ ਕਰਕੇ ਸੁਣ ਸਕਦੇ ਹੋ।  

  

No comments: