Wednesday, November 08, 2017

ਵਿਦੇਸ਼ੀ ਕਵਿੱਤਰੀਆਂ ਦੇ ਆਉਣ ਨਾਲ ਕਵਿੱਤਰੀ ਸੰਮੇਲਨ ਦੀਆਂ ਰੌਣਕਾਂ ਸ਼ੁਰੂ

ਅੰਮ੍ਰਿਤਸਰ ਦਰਸ਼ਨਾਂ ਲਈ ਵਿਸ਼ੇਸ਼ ਬਸ ਰਵਾਨਾ 
ਚੰਡੀਗੜ੍ਹ: 7 ਨਵੰਬਰ 2017:(ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ ਬਿਊਰੋ):: 
ਉਂਝ ਤਾਂ  ਕਵਿੱਤਰੀਆਂ ਨੂੰ  ਕਿਸੇ ਕਵੀ ਦਰਬਾਰ ਵਿੱਚ ਭਾਗ ਲੈਣ ਤੇ ਪਾਬੰਦੀ ਨਹੀਂ ਹੁੰਦੀ ਪਰ ਸ਼ੁੱਧ ਮਹਿਲਾ ਕਵੀ ਦਰਬਾਰ ਇੱਕ ਵੱਖਰੀ ਤਰ੍ਹਾਂ ਦਾ ਅਨੁਭਵ ਹੋਵੇਗਾ। ਇਸ ਵਿੱਚ ਆਉਣ ਵਾਲੇ ਸਰੋਤਿਆਂ ਵਿੱਚ ਕਿੰਨੇ ਪੁਰਸ਼ ਅਤੇ ਕਿੰਨੀਆਂ ਇਸਤਰੀਆਂ ਹੋਣਗੀਆਂ ਇਹ ਵੀ ਅਜੇ ਬਾਅਦ ਵਿੱਚ ਹੀ ਪਤਾ ਲੱਗੇਗਾ। ਅਜਿਹੇ ਤਜਰਬੇ ਪਹਿਲਾਂ ਦੂਸਰੀਆਂ ਭਾਸ਼ਾਵਾਂ ਵਿੱਚ ਆਲ ਇੰਡੀਆ ਪੋਇਟੈਸ ਕਾਨਫਰੰਸ ਅਲੀਗੜ੍ਹ ਵੱਲੋਂ ਅਕਸਰ ਕਰਾਏ ਜਾਂਦੇ ਰਹੇ ਹਨ ਪਰ ਪੰਜਾਬੀ ਵਿੱਚ ਸ਼ਾਇਦ ਇਹ ਪਹਿਲਾ ਤਜਰਬਾ ਹੈ। ਇਸ ਲਈ ਜਿੱਥੇ ਇਸ ਵਿੱਚ ਮਹਿਲਾ ਸ਼ਾਇਰਾਂ ਦੀ ਬੱਲੇ ਬੱਲੇ ਅਤੇ ਚੜ੍ਹਤ ਹੋਵੇਗੀ ਉੱਥੇ ਉਹਨਾਂ ਦੇ ਪ੍ਰਬੰਧਾਂ ਦਾ ਰੰਗ ਵੀ ਦੇਖਣ ਨੂੰ ਮਿਲੇਗਾ। ਕੁਲ ਮਿਲਾ ਕੇ ਇਹ ਇੱਕ ਚੁਣੌਤੀ ਹੈ ਜਿਸ ਨੂੰ ਮਹਿਲਾ ਵਰਗ ਨੇ ਬੜੇ ਹੀ ਆਤਮ ਵਿਸ਼ਵਾਸ ਨਾਲ ਸਵੀਕਾਰ ਕੀਤਾ ਹੈ। ਪੁਰਸ਼ ਵਰਗ ਵੱਲੋਂ ਦੱਬੀ  ਸੁਰ ਵਿੱਚ   ਪ੍ਰਗਟਾਏ ਖਦਸ਼ਿਆਂ ਦੇ ਬਾਵਜੂਦ ਇਸ ਸੰਮੇਲਨ ਦਾ ਪ੍ਰਬੰਧ ਕਰ ਰਹੀਆਂ ਕਵਿੱਤਰੀਆਂ ਬਹੁਤ ਹੀ ਤਾਲਮੇਲ ਅਤੇ ਪ੍ਰੇਮ ਪਿਆਰ ਨਾਲ ਕੰਮ ਕਰ ਰਹੀਆਂ ਹਨ। ਸਿਮਰਤ ਸੁਮੇਰਾ, ਡਾਕਟਰ ਸਰਬਜੀਤ ਕੌਰ ਸੋਹਲ, ਡਾਕਟਰ ਜਗਦੀਸ਼ ਕੌਰ ਅਤੇ ਸੁਰਿੰਦਰ ਕੌਰ ਜੈਪਾਲ ਦਾ ਆਪਸੀ ਤਾਲਮੇਲ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਬਹੁਤ ਹੀ ਚੰਗੀ ਗੱਲ ਇਹ ਵੀ ਕਿ ਇਸ ਦੇ ਪ੍ਰਚਾਰ ਅਤੇ ਸੱਦਾ ਪੱਤਰਾਂ ਲਈ ਸੋਸ਼ਲ ਮੀਡੀਆ ਦੀ ਸ਼ਾਨਦਾਰ ਸੁਵਰਤੋਂ ਕੀਤੀ ਗਈ ਹੈ।  ਇਸ  ਆਯੋਜਨ ਦੇ ਪ੍ਰਬੰਧਾਂ  ਨਾਲ ਜੁੜੀ ਹਰ ਸ਼ਾਇਰਾ ਇਸ ਦੀ ਸਫਲਤਾ ਲਈ ਆਪੋ  ਆਪਣੇ ਪ੍ਰੋਫ਼ਾਈਲ ਦੀ ਵਰਤੋਂ  ਜਿੰਨੀ ਸਰਗਰਮੀ ਨਾਲ ਕਰ ਰਹੀ ਹੈ ਉਸ ਨਾਲ ਸੋਸ਼ਲ ਮੀਡੀਆ ਦੇ ਸਾਹਿਤਿਕ ਅਤੇ ਉਸਾਰੂ ਵਰਤੋਂ ਵਾਲੇ ਮੰਚ ਦਾ ਇੱਕ ਨਵੀਂ ਮਿਸਾਲ ਮਿਲਦੀ ਹੈ। ਇਸ ਨਾਲ ਸੋਸ਼ਲ ਮੀਡੀਆ ਦੀ ਗੰਭੀਰਤਾ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸਦੇ ਨਾਲ ਹੀ ਸਭ ਕੁਝ ਬੜੀ ਹੀ ਤੇਜ਼ ਸਪੀਡ ਨਾਲ ਸਭਨਾਂ ਦੇ ਸਾਹਮਣੇ ਵੀ ਆ ਰਿਹਾ ਹੈ। 
ਜ਼ਿਕਰਯੋਗ ਹੈ ਕਿ ਪੰਜਾਬ ਕਲਾ ਭਵਨ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਵਿੱਤਰੀ ਸੰਮੇਲਨ 'ਚ ਸ਼ਾਮਿਲ ਹੋਣ ਲਈ ਕਵਿੱਤਰੀਆਂ ਦੀ ਆਮਦ ਬੜੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਈ ਹੈ।  ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦਾ ਕਹਿਣਾ ਹੈ ਕਿ ਇਸ ਸੰਮੇਲਨ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਹਾਲੈਂਡ, ਜਾਪਾਨ ਅਤੇ ਮਾਰੀਸ਼ਸ ਆਦਿ ਥਾਵਾਂ ਤੋਂ ਵੀ ਕਵਿੱਤਰੀਆਂ ਹਿੱਸਾ ਲੈ ਰਹੀਆਂ ਹਨ। ਵਿਦੇਸ਼ਾਂ ਤੋਂ ਇਤਫ਼ਾਕ ਨਾਲ ਆਈਆਂ ਕਵਿੱਤਰੀਆਂ ਨੇ ਇਸ ਨੂੰ ਇੱਕ ਸੁਭਾਗਾ ਮੌਕਾ ਸਮਝਿਆ ਹੈ। ਮੈਡਮ ਗੁਰਮੀਤ ਸੰਧਾ ਵਿਦੇਸ਼ ਤੋਂ ਆਏ ਹੋਏ ਹਨ।ਅੱਜਕਲ੍ਹ ਵਿੱਚ ਹੀ ਉਹਨਾਂ ਦੀ ਵਾਪਿਸੀ ਦੀ ਫਲਾਈਟ  ਹੈ ਪਰ ਉਹਨਾਂ ਨੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਆਪਣੇ ਤਰਜੀਹੀ ਪ੍ਰੋਗਰਾਮਾਂ ਵਿੱਚ ਰੱਖਿਆ ਹੈ। ਇਸ ਤਰ੍ਹਾਂ ਹੋਰ ਕਵਿੱਤਰੀਆਂ ਨੇ ਵੀ ਆਪਣੇ ਪ੍ਰੋਗਰਾਮਾਂ ਵਿੱਚ ਲੁੜੀਂਦੀ ਤਬਦੀਲੀ ਕੀਤੀ ਹੈ। 
ਪੰਜਾਬ ਕਲਾ ਭਵਨ ਵਿਚ ਅੱਜ ਅੰਤਰਰਾਸ਼ਟਰੀ ਕਵਿੱਤਰੀ ਸੰਮੇਲਨ ਦੀ ਕੋਆਰਡੀਨੇਟਰ ਜਸਪ੍ਰੀਤ ਕੌਰ ਸ਼ੀਨਾ, ਪਿੰਡ ਆਲੇਚੱਕ (ਗੁਰਦਾਸਪੁਰ) ਅਤੇ ਸੰਮੇਲਨ ਦੀ ਸਪੋਕਸਪਰਸਨ ਸਤਿੰਦਰ ਪੰਨੂੰ ਪਿੰਡ ਘੁਮਾਣ (ਗੁਰਦਾਸਪੁਰ) ਨੇ ਦੱਸਿਆ ਕਿ ਕਵਿੱਤਰੀਆਂ ਦਾ ਸੰਮੇਲਨ ਲਈ ਆਉਣਾ ਸ਼ੁਰੂ ਹੋ ਗਿਆ ਹੈ। ਅੱਜ ਉੱਤਰਾਖੰਡ ਤੋਂ 30 ਕਵਿੱਤਰੀਆਂ ਦਾ ਜਥਾ ਪਹੁੰਚਿਆ ਹੈ। ਇਸ ਤਰ੍ਹਾਂ  ਇਹ ਜੱਥਾ ਸੱਭਿਆਚਾਰ 'ਚ ਸਾਂਝ ਪਾਉਣ ਲਈ ਪਹੁੰਚਣ ਵਾਲਾ ਸਭ ਤੋਂ ਪਹਿਲਾ ਸੂਬਾ ਬਣਿਆ ਹੈ। ਇਸੇ ਦੌਰਾਨ ਅੱਜ ਉਨ੍ਹਾਂ ਨੂੰ ਵਿਸ਼ੇਸ਼ ਬੱਸ ਰਾਹੀਂ ਅੰਮ੍ਰਿਤਸਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ ਹੈ। ਇਨ੍ਹਾਂ ਕਵਿੱਤਰੀਆਂ ਵਿਚ ਮੁੱਖ ਤੌਰ 'ਤੇ ਜਯੋਤੀ ਬਦਾਨੀ, ਜਿਤਿਕਾ, ਮੰਜੁਲਾ ਦੇਵੀ, ਅੰਬੀਕਾ, ਕਾਵਿਆ ਸ੍ਰੀ, ਪੂਜਾ, ਨੀਲ ਗੰਗਾ, ਪ੍ਰਖਮਿਮਾਂ, ਕਮਲਾ ਅਤੇ ਰਾਜਨੰਦਾ ਦੇ ਨਾਮ ਸ਼ਾਮਿਲ ਹਨ। ਇਸੇ ਦੌਰਾਨ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਡਾ. ਐਮ.ਐਸ. ਰੰਧਾਵਾ ਆਡੀਟੋਰੀਅਮ ਵਿਖੇ 9 ਤੋਂ 11 ਨਵੰਬਰ ਤੱਕ ਕਰਵਾਏ ਜਾਣ ਵਾਲੇ ਇਹ ਸੰਮੇਲਨ ਵਿਸ਼ੇਸ਼ ਤੌਰ ਤੇ ਸਰਬ ਭਾਰਤੀ ਕਵਿੱਤਰੀ ਕਾਨਫ਼ਰੰਸ ਅਲੀਗੜ੍ਹ ਦੇ ਸਹਿਯੋਗ ਵਿਚ ਨੇਪਰੇ ਚੜ੍ਹਾਇਆ ਜਾ ਰਿਹਾ ਹੈ ਜੋ ਇਹ ਸੰਮੇਲਨ ਹਰ ਸਾਲ ਕਰਵਾਉਂਦੇ ਆ ਰਹੇ ਹਨ ਅਤੇ ਇਸ ਵਾਰ ਪੰਜਾਬ ਸਾਹਿਤ ਅਕਾਦਮੀ ਨੂੰ ਸੌਂਪੀ ਅਗਵਾਈ ਹੇਠ ਇਸ ਸੰਮੇਲਨ ਪ੍ਰਤੀ ਲੋਕਾਂ ਵਿਚ ਖ਼ਾਸ ਕਰਕੇ ਵੱਖ ਵੱਖ ਪ੍ਰਾਂਤਾਂ ਦੇ ਨਾਲ ਨਾਲ ਪੰਜਾਬ, ਚੰਡੀਗੜ੍ਹ ਦੀਆਂ ਕਵਿੱਤਰੀਆਂ ਜਿੱਥੇ ਵਧੇਰੇ ਉਤਸ਼ਾਹਿਤ ਹਨ ਉੱਥੇ ਇੱਥੋਂ ਦੇ ਲੋਕਾਂ ਵਿਚ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਜਿਹੇ ਆਯੋਜਨਾਂ ਨਾਲ ਜਿੱਥੇ ਕਲਮ ਦੇ ਖੇਤਰ ਵਿੱਚ ਨਾਰੀ ਸ਼ਕਤੀ ਹੋਰ ਉਭਰ ਕੇ ਸਾਹਮਣੇ ਆਏਗੀ ਉੱਥੇ ਸਮਾਜ ਅਤੇ ਸਿਆਸਤ ਵਿੱਚ ਇੱਕ ਵੱਖਰੇ ਬੌਧਿਕ ਵੋਟ ਬੈਂਕ ਦਾ ਵੀ ਸਪਸ਼ਟ ਪਤਾ ਲੱਗੇਗਾ। ਉਮੀਦ ਹੈ ਇਸੇ ਤਰਜ਼ 'ਤੇ ਕਹਾਣੀ,  ਲੇਖ, ਖਬਰਾਂ  ਅਤੇ ਹੋਰ ਖੇਤਰਾਂ ਨਾਲ ਸਬੰਧਤ ਇਸਤਰੀਆਂ ਦੇ  ਆਯੋਜਨ ਵੀ ਜਲਦੀ ਹੀ ਕਰਵਾਏ ਜਾਣਗੇ। 

No comments: