Saturday, December 02, 2017

ਇੰਟਕ ਵੱਲੋਂ ਮੁਸ਼ਤਾਕਗੰਜ ਲੁਧਿਆਣਾ ਅਗਨੀ ਕਾਂਡ ਬਾਰੇ ਗੁਪਤ ਜਾਂਚ ਰਿਪੋਰਟ?

ਅਨੀਤਾ ਸ਼ਰਮਾ ਨੇ ਭੇਜੀ ਪੰਜਾਬ ਸਰਕਾਰ ਨੂੰ ਪਰਦੇ ਪਿੱਛੇ ਲੁੱਕੀ ਅਸਲੀਅਤ? 
ਲੁਧਿਆਣਾ:1 ਦਸੰਬਰ 2017:(ਪੰਜਾਬ ਸਕਰੀਨ ਬਿਊਰੋ):: 
ਪੰਜਾਬ ਇੰਟਕ ਮਹਿਲਾ ਵਿੰਗ ਦੀ ਸੂਬਾਈ ਪਰਧਾਨ ਅਤੇ ਬੇਲਣ ਬਰਗੇਡ ਸੁਪਰੀਮੋ ਅਨੀਤਾ ਸ਼ਰਮਾ ਨੇ ਅੱਜ ਮੁਸ਼ਤਾਕਗੰਜ ਅਗਨੀਕਾਂਡ ਵਿੱਚ ਸ਼ਹੀਦ ਹੋਏ ਮੁਲਾਜ਼ਮਾਂ ਮਨੋਹਰ ਲਾਲ ਅਤੇ ਰਾਜਕੁਮਾਰ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਦਾ ਪਰਗਟਾਵਾ ਕੀਤਾ। ਉਹਨਾਂ ਨੇ ਅੱਜ ਉਨਾਂ ਦੀ ਅੰਤਿਮ ਅਰਦਾਸ ਮੌਕੇ ਵੀ ਆਪਣੀ ਟੀਮ ਨਾਲ ਸ਼ਮੂਲੀਅਤ ਕੀਤੀ। ਉਨਾਂ ਇਸ ਗੱਲ ਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਕਿ ਵੱਡੇ ਪਰਭਾਵ ਵਾਲੇ ਆਗੂ ਦਾ ਸ਼ਰਧਾਂਜਲੀ ਸਮਾਗਮ ਵੱਡੇ ਪੱਧਰ ਉੱਤੇ ਕੀਤਾ ਗਿਆ ਜਦਕਿ ਆਰਥਿਕ ਅਤੇ ਸਿਆਸੀ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਇਹ ਦੁੱਖਦਾਈ ਰਸਮ ਵੀ ਆਪਣੇ ਸੀਮਿਤ ਵਸੀਲਿਆਂ ਨਾਲ ਪੂਰੀ ਕਰਨੀ ਪਈ। ਮੈਡਮ ਅਨੀਤਾ ਸ਼ਰਮਾ ਨੇ ਉਨਾਂ ਵਿਅਕਤੀਆਂ ਅਤੇ ਆਗੂਆਂ ਦੇ ਬਿਆਨਾਂ ਦਾ ਸਵਾਗਤ ਕੀਤਾ ਜਿਹਨਾਂ ਨੇ ਖੁਲ ਕੇ ਇਹ ਕਹਿਣ ਦੀ ਹਿੰਮਤ ਦਿਖਾਈ ਕਿ ਗਲਤੀਆਂ ਕਿਸੇ ਹੋਰ ਦੀਆਂ ਸਨ ਪਰ ਭੁਗਤਣੀਆਂ ਪਈਆਂ ਇਹਨਾਂ ਜਾਂਬਾਜ਼ ਫਾਇਰ ਵਰਕਰਾਂ ਨੂੰ। ਕੀ ਇਹਨਾਂ ਦੀਆਂ ਮੌਤਾਂ ਲਈ ਜ਼ਿੰਮੇਦਾਰ ਅਨਸਰਾਂ ਦੀਆਂ ਗਲਤੀਆਂ ਨੂੰ ਜਾਣਬੁਝ ਕੇ ਨਜ਼ਰ ਅੰਦਾਜ਼ ਕੀਤਾ ਜਾਏਗਾ? 
ਮੈਡਮ ਅਨੀਤਾ ਸ਼ਰਮਾ ਨੇ ਇੱਕ ਪਰੈਸ ਬਿਆਨ ਰਾਹੀਂ ਦੱਸਿਆ ਕਿ ਉਨਾਂ ਦੀ ਟੀਮ ਨੇ ਇਸ ਸਬੰਧੀ ਸਾਰੇ ਤੱਥਾਂ ਅਤੇ ਅੰਕੜਿਆਂ ਦੀ ਘੋਖ ਪੜਤਾਲ ਕੀਤੀ ਹੈ ਜਿਸ ਨੂੰ ਉਹ ਸਿਧੇ ਤੌਰ ਤੇ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਨ ਨੂੰ ਭੇਜ ਰਹੇ ਹਨ। ਉਨਾਂ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਮੀਡੀਆ ਵਿੱਚ ਕੁਝ ਨਹੀਂ ਕਹਿਣਗੇ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਇਸ ਭਿਆਨਕ ਅਗਨੀ ਕਾਂਡ ਨੂੰ ਰੱਬ ਦਾ ਭਾਣਾ ਆਖ ਕੇ ਮਨੁੱਖੀ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨ ਜਾਂ ਇਨਾਂ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਨੂੰ ਵੀ ਉਹ ਕਾਮਯਾਬ ਨਹੀਂ ਹੋਣ ਦੇਣਗੇ। ਮੈਡਮ ਅਨੀਤਾ ਸ਼ਰਮਾ ਨੇ ਸਪਸ਼ਟ ਕਿਹਾ ਕਿ ਇਸ ਅਗਨੀ ਕਾਂਡ ਨੂੰ  ਜਿਸ ਤਰਾਂ ਨਜਿੱਠਿਆ ਗਿਆ ਹੈ ਉਸ ਨਾਲ ਲੋਕਾਂ ਦੇ ਦਿਲਾਂ ਵਿੱਚ ਬਹੁਤ ਗੁੱਸਾ ਹੈ ਜਿਹੜਾ ਫਿਲਹਾਲ ਦਿਲਾਂ ਵਿੱਚ ਦੱਬਿਆ ਹੋਇਆ ਹੈ। ਜੇ ਲੋਕਾਂ ਨੂੰ ਵੇਲੇ ਸਿਰ ਇਨਸਾਫ ਨਾ ਮਿਲਿਆ ਜਾਂ ਫਿਰ ਗਲਤੀਆਂ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੀ ਤਾਂ ਗੁਸੇ ਦਾ ਇਹ ਜਵਾਲਾਮੁਖੀ ਕਿਸੇ ਵੇਲੇ ਵੀ ਫਟ ਸਕਦਾ ਹੈ। ਪੰਜਾਬ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਮਜ਼ਦੂਰ ਸੰਗਠਨ ਇੰਟਕ ਸਾਡੀ ਕਾਂਗਰਸ ਪਾਰਟੀ ਦਾ ਇੱਕ ਅਹਿਮ ਹਿੱਸਾ ਹੈ। ਅਸੀਂ ਮਜ਼ਦੂਰਾਂ ਅਤੇ ਵਰਕਰਾਂ ਨਾਲ ਬੇਇਨਸਾਫ਼ੀ ਕੀਤੇ ਜਾਣ ਦੀ ਕੋਈ ਸਾਜ਼ਿਸ਼ ਸਫਲ ਨਹੀਂ ਹੋਣ ਦਿਆਂਗੇ। ਉਹਨਾਂ ਕਿਹਾ ਕਿ ਇਸ ਘਟਨਾ ਵਾਲੀ ਥਾਂ 'ਤੇ ਜਾ ਕੇ ਹੀ ਪਤਾ ਲੱਗਿਆ ਕਿ ਨੇੜੇ ਤੇੜੇ ਰਹਿ ਰਹੇ ਲੋਕਾਂ ਦੇ ਦਿਲਾਂ  ਵਿੱਚ ਬਹੁਤ ਸਾਰੇ ਖਦਸ਼ੇ ਅਤੇ ਅਤੇ ਸੁਆਲ ਹਨ। ਇਹਨਾਂ ਸੁਆਲਾਂ ਦੇ ਜੁਆਬ ਲੱਭਦਿਆਂ ਹੀ ਮਹਿਸੂਸ ਹੁੰਦਾ ਹੈ ਇਸ ਘਟਨਾ ਪਿਛੇ ਲੁੱਕੇ ਕਾਰਨਾਂ ਦੀ ਗੰਭੀਰਤਾ ਦਾ ਅਹਿਸਾਸ। ਮੈਡਮ ਅਨੀਤਾ ਸ਼ਰਮਾ ਨੇ ਇਹ ਵੀ ਦੱਸਿਆ ਕਿ ਇਸ ਵਿਸ਼ੇਸ਼ ਰਿਪੋਰਟ ਦਾ ਪਹਿਲਾ ਭਾਗ ਭੇਜ ਦਿੱਤਾ ਗਿਆ ਹੈ ਜਦਕਿ ਦੂਜਾ ਭਾਗ ਅਜੇ ਤਿਆਰੀ ਅਧੀਨ ਹੈ। ਜੇ ਕਿਸੇ ਨੇ ਇਸ ਬਾਰੇ ਕੋਈ ਖਾਸ ਗੱਲ ਦੱਸਣੀ ਹੋਵੇ ਤਾਂ ਉਹ ਆਪਣੀ ਜਾਣਕਾਰੀ ਸਾਨੂੰ ਜਾਂ ਸਾਡੀ ਟੀਮ ਨੂੰ ਦੇ ਸਕਦਾ ਹੈ। 

No comments: