Sunday, December 10, 2017

ਜੇ ਸਾਈਂਬਾਬਾ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰੀ ਸਰਕਾਰ ਦੀ-ਪਰੋਫੈਸਰ ਜਗਮੋਹਣ ਸਿੰਘ

ਲੋਕ ਹੱਕਾਂ ਨੂੰ ਕੁਚਲਣ ਲਈ ਹੋ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ 
ਲੁਧਿਆਣਾ:10 ਦਸੰਬਰ 2017: (ਪੰਜਾਬ ਸਕਰੀਨ ਟੀਮ):: 
ਅੱਜ "ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ" ਦੇ ਮੌਕੇ ਤੇ ਅੱਜ ਲੁਧਿਆਣਾ ਵਿੱਚ ਦੋ ਵੱਡੇ ਆਯੋਜਨ ਹੋਏ। ਪਹਿਲੇ ਆਯੋਜਨ ਅਧੀਨ "ਜਮਹੂਰੀ ਹੱਕਾਂ ਦੀ ਅਜੋਕੀ ਸਥਿਤੀ" ਵਿਸ਼ੇ 'ਤੇ ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲਾ ਲੁਧਿਆਣਾ) ਵੱਲੋਂ ਸੈਮੀਨਾਰ ਕੀਤਾ ਗਿਆ। ਦੂਸਰੇ ਆਯੋਜਨ ਅਧੀਨ ਐਤਵਾਰ ਹੋਣ ਦੇ ਬਾਵਜੂਦ ਡੀਸੀ ਦਫਤਰ ਵਿਖੇ ਜਾ ਕੇ ਐਸ ਡੀ ਐਮ ਮੈਡਮ ਨੂੰ 25 ਤੋਂ ਵੱਧ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। 
"ਜਮਹੂਰੀ ਹੱਕਾਂ ਦੀ ਅਜੋਕੀ ਸਥਿਤੀ" ਵਿਸ਼ੇ 'ਤੇ ਸੈਮੀਨਾਰ ਤੋਂ ਪਹਿਲਾਂ  ਮਨੁੱਖ ਦੇ ਜਮਹੂਰੀ ਹੱਕਾਂ ਨੂੰ ਦਰਸਾਉਂਦੀ ਇਕ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਸਥਾਨਕ ਆਰਤੀ ਚੌਕ ਵਿਖੇ ਡਾ. ਅਮਰਜੀਤ ਕੌਰ ਯਾਦਗਾਰੀ ਹਾਲ ਵਿੱਚ ਹੋਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਅੱਜ ਮਨੁੱਖ ਦਾ ਮਾਣ ਮੱਤਾ ਜਿਉਣ ਵਾਲਾ ਹੱਕ ਕੁਚਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਮੁਢਲੇ ਜਮਹੂਰੀ ਹੱਕਾਂ ਵਿਦਿਆ, ਸਿਹਤ, ਰੋਜ਼ਗਾਰ, ਸਮਾਜਿਕ ਸੁਰੱਖਿਆ ਆਦਿ ਨੂੰ ਸਰੱਖਿਅਤ ਕਰੇ, ਪਰ ਉਹ ਇਸ ਜ਼ੁਮੇਵਾਰੀ ਤੋਂ ਭੱਜਕੇ ਉਹਨਾਂ ਨਾਲ ਖਿਲਵਾਡ਼ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਹਾਕਮਾਂ ਨੂੰ ਸਹੀ ਸੋਚਣ ਵਾਲੇ ਲੋਕਾਂ, ਬੁਧੀਜੀਵੀਆਂ, ਸਮਾਜਿਕ ਚਿੰਤਕਾਂ ਦੀ ਲੋਡ਼ ਨਹੀਂ ਸਗੋਂ ਆਪਣੀ ਬੋਲੀ ਬੋਲਣ ਵਾਲਿਆਂ ਦੇ ਹਿਤਾਂ ਦੀ ਵਧੇਰੇ ਚਿੰਤਾ ਹੈ। ਉਹਨਾ ਪਰੋਫੈਸਰ ਸਾਈਂਬਾਬਾ ਦਾ ਹਵਾਲਾ ਦੇਂਦਿਆਂ ਸਪਸ਼ਟ ਕੀਤਾ ਕਿ ਉਹ ਸਰੀਰਕ ਤੌਰ ਤੇ 90% ਅਪਾਹਜ ਹਨ, ਪਰ ਉਹਨਾਂ ਨੂੰ ਜੇਲ ਵਿੱਚ ਰੱਖਿਆ ਹੋਇਆ ਹੈ। ਉਹਨਾਂ ਨੂੰ ਮੁਢਲੇ ਮਨੁੱਖੀ ਹੱਕਾਂ ਤੋਂ ਵੀ ਵਾਂਝਿਆਂ ਕੀਤਾ ਹੋਇਆ ਹੈ। ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਸਰਕਾਰ ਜ਼ੁੰਮੇਵਾਰ ਹੋਵੇਗੀ। ਉਹਨਾਂ ਅਦਾਲਤੀ ਪਰਕਿਰਿਆ ਨੂੰ ਨਿਪੁੰਸਕ ਕਰਕੇ, ਪੁਲੀਸ ਨੂੰ ਨਵੇਂ ਕਾਨੂੰਨ ਰਾਹੀਂ ਦਿੱਤੇ ਜਾ ਰਹੇ ਅਧਿਕਾਰਾਂ ਦੀ ਸਖ਼ਤ ਨਿਖੇਧੀ ਕੀਤੀ।
  ਸਟੇਜ ਸੰਚਾਲਨ ਕਰਦਿਆਂ ਸਭਾ ਦੇ ਜ਼ਿਲਾ ਪਰਧਾਨ ਜਸਵੰਤ ਜੀਰਖ ਨੇ ਆਏ ਲੋਕਾਂ ਦੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਬਹੁਤ ਵੱਡੀ ਲੋਡ਼ ਹੈ ਕਿ ਲੋਕਾਂ ਨੂੰ ਉਹਨਾਂ ਦੇ ਜਮਹੂਰੀ ਹੱਕਾਂ ਬਾਰੇ ਸਿੱਖਿਅਤ ਕੀਤਾ ਜਾਵੇ। ਇਸ ਮੰਤਵ ਲਈ ਉਹਨਾਂ  ਹਰ ਮਹੀਨੇ ਇਸ ਹਾਲ ਵਿੱਚ ਇਕ ਫ਼ਿਲਮ ਵਿਖਾਏ ਜਾਣ ਦਾ ਅਹਿਮ ਐਲਾਨ ਵੀ ਕੀਤਾ। ਇਸ ਸਮੇਂ  ਸਕੱਤਰ ਸਤੀਸ਼ ਸੱਚਦੇਵਾ, ਮਾ. ਚਰਨ ਸਿੰਘ ਨੂਰਪੁਰਾ, ਬਲਦੇਵ ਸਿੰਘ, ਬਲਵਿੰਦਰ ਸਿੰਘ, ਉਜਾਗਰ ਸਿੰਘ, ਐਡਵੋਕੇਟ ਹਰਪਰੀਤ ਜੀਰਖ, ਰਾਕੇਸ਼ ਆਜ਼ਾਦ, ਅਰੁਣ ਕੁਮਾਰ, ਰੈਕਟਰ ਕਥੂਰੀਆ, ਪਰਦੀਪ ਸ਼ਰਮਾ, ਰਣਜੋਧ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਅਜਮੇਰ ਦਾਖਾ ਸਮੇਤ ਬਹੁਤ ਸਾਰੇ ਅਗਾਂਹਵਧੂ ਲੋਕਾਂ ਨੇ ਸ਼ਮੂਲੀਅਤ ਕੀਤੀ।

No comments: