Thursday, April 19, 2018

ਮੈਂ ਰੱਤ ਨਾਲ ਲਿਖਦਾ ਹਾਂ, ਸਿਆਹੀ ਨਾਲ ਨਹੀਂ-ਅਮੀਨ ਮਲਿਕ

Thu, Apr 19, 2018 at 5:40 PM
ਮੇਰਾ ਹਰ ਸ਼ਬਦ ਮੇਰੀ ਮਾਂ, ਮਾਂ ਬੋਲੀ ਅਤੇ ਮਾਂ ਧਰਤੀ ਨੂੰ ਸਮਰਪਿਤ
ਇਸ ਮੌਕੇ ਨੌਜਵਾਨ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ, ਪੁਨੀਤਪਾਲ ਸਿੰਘ ਗਿੱਲ ਤੇ ਅੰਕੁਰ ਪਾਤਰ ਵੀ ਹਾਜ਼ਰ ਸਨ

ਲੁਧਿਆਣਾ: 19 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਵਿੱਚ ਇੱਕ ਰੋਜ਼ਾ ਦੌਰੇ ਤੇ ਆਏ ਇੰਗਲੈਂਡ ਵੱਸਦੇ ਪੰਜਾਬੀ ਪਾਕਿਸਤਾਨੀ ਲੇਖਕ ਜਨਾਮ ਅਮੀਨ ਮਲਿਕ ਨੇ ਕਿਹਾ ਹੈ ਕਿ ਮੈਂ ੮੦ ਸਾਲ ਦੀ ਉਮਰ ਤੀਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਪਣੇ ਸਾਹਾਂ ਸਵਾਸਾਂ ਵਿੱਚ ਰਮਾਇਆ ਹੈ, ਏਸੇ ਕਰਕੇ ਮੈਂ ਸਿਆਹੀ ਨਾਲ ਨਹੀਂ, ਸੁੱਚੀ ਰੱਤ ਨਾਲ ਲਿਖਦਾ ਹਾਂ। ਮੇਰੀ ਲਿਖਤ ਵਿੱਚ ਸਿਆਲਕੋਟ, ਲਾਹੌਰ, ਗੁਰਦਾਸਪੁਰ ਦੇ ਕਿਰਦਾਰ ਲਗਾਤਾਰ ਜਾਗ ਕੇ ਮੈਨੂੰ ਜਗਾਈ ਰੱਖਦੇ ਹਨ। 
ਲੁਧਿਆਣਾ ਦੇ ਸੀਨੀਅਰ ਐਡਵੋਕੇਟ ਤੇ ਸਾਬਕਾ ਵਿਧਾਇਕ ਹਰੀਸ਼ ਰਾਏ ਢੰਡਾ ਦੇ ਨਿਵਾਸ ਵਿਖੇ ਚੋਣਵੇਂ ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਤੀਕ ਦੋ ਕਹਾਣੀ ਸੰਗਰਹਿ ਤੇ ਹੁਣ ਇੱਕ ਨਾਵਲ ਅੱਥਰੀ ਲਿਖ ਚੁੱਕੇ ਹਨ। ਬਹੁਤਾ ਲਿਖਣ ਦੀ ਥਾਵੇਂ ਬਹੁਤ ਮਹਿਸੂਸ ਕਰਕੇ ਲਿਖਣਾ ਮੁੱਲਵਾਨ ਹੁੰਦਾ ਹੈ। 
ਉਹਨਾਂ ਪੰਜਾਬੀ ਪਾਠਕਾਂ ਵੱਲੋਂ ਮਿਲੇ ਹੁੰਗਾਰੇ ਨੂੰ ਆਪਣੀ ਪੂੰਜੀ ਮੰਨਦਿਆਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਮੇਰੀ ਕਲਮ ਰਵਾਨੀ ਵਿੱਚ ਹੈ ਪਰ ਮੇਰੀ ਮਾਂ ਦੇ ਮਰਨ ਮਗਰੋਂ ਇਹ ਵਧੇਰੇ ਜ਼ੁੰਮੇਵਾਰ ਹੋ ਗਈ। ਮੇਰਾ ਹਰ ਸ਼ਬਦ ਮੇਰੀ ਮਾਂ, ਮਾਂ ਬੋਲੀ ਅਤੇ ਮਾਂ ਧਰਤੀ ਨੂੰ ਸਮਰਪਿਤ ਹੈ। 
ਸ੍ਰੀ ਅਮੀਨ ਮਲਿਕ ਨੂੰ  ਹਰੀਸ਼ ਰਾਏ ਢੰਡਾ ਦੀ ਮੁਹੱਬਤ ਹੀ ਖਿੱਚ ਕੇ ਰਾਤ ਦੀ ਰਾਤ ਲਈ ਲੁਧਿਆਣੇ ਲੈ ਕੇ ਆਈ ਸੀ। ਜਨਾਬ ਮਲਿਕ ਨੂੰ ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਰਸੀਲੀ ਚਾਸ਼ਨੀ ਭਰਪੂਰ ਲਿਖਤ ਵਾਲੇ ਇਸ ਮਹਾਨ ਸਿਰਜਕ ਦੇ ਸ਼ਹਿਰ ਵਿੱਚ ਆਉਣ ਦਾ ਇੱਕ ਦਿਨ ਵੀ ਪਹਿਲਾਂ ਪਤਾ ਲੱਗ ਜਾਂਦਾ ਤਾਂ ਸਾਰੇ ਲੇਖਕ ਤੇ ਪਾਠਕ ਦੋਸਤ ਮਿਲ ਲੈਂਦੇ। ਸ੍ਰੀ ਮਲਿਕ ਦੀਆਂ ਲਿਖਤਾਂ ਸਿੰਘ ਬਰਦਰਜ ਸਿਟੀ ਸੈਂਟਰ ਅੰਮ੍ਰਿਤਸਰ ਤੋਂ ਮੰਗਵਾਈਆਂ ਜਾ ਸਕਦੀਆਂ ਹਨ। ਇਸ ਮੌਕੇ ਨੌਜਵਾਨ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ, ਪੁਨੀਤਪਾਲ ਸਿੰਘ ਗਿੱਲ ਤੇ ਅੰਕੁਰ ਪਾਤਰ ਵੀ ਹਾਜ਼ਰ ਸਨ।

No comments: