Wednesday, April 04, 2018

ਕੀ ਅੰਮ੍ਰਿਤਸਰ ਤੋਂ ਹੋ ਸਕੇਗੀ ਸੀਪੀਆਈ ਪੰਜਾਬ ਦੀ ਮੁੜ ਨਵੀਂ ਸ਼ੁਰੂਆਤ ?

ਕਾਮਰੇਡ ਸੁਧਾਕਰ ਰੈਡੀ ਨੇ ਮੀਡੀਆ ਨੂੰ ਵੀ ਲੰਮੇ ਹੱਥੀਂ ਲਿਆ 
ਅੰਮ੍ਰਿਤਸਰ: 4 ਅਪਰੈਲ  2018 (ਪੰਜਾਬ ਸਕਰੀਨ ਬਿਊਰੋ)::
ਅੱਤਵਾਦ ਖਿਲਾਫ ਲੜੀ ਗਈ ਲੰਮੀ ਲੜਾਈ ਅਤੇ ਉਸਤੋਂ ਬਾਅਦ ਪੈਦਾ ਹੋਈਆਂ ਹਾਲਤਾਂ ਨੇ ਖੱਬੀ ਮੁਹਿੰਮ 'ਤੇ ਬੁਰੀ ਤਰਾਂ ਅਸਰ ਪਾਇਆ। ਇਸ ਦਾ ਮਾੜਾ ਪ੍ਰਭਾਵ ਸੀਪੀਆਈ 'ਤੇ ਵੀ ਪਿਆ। ਇਸਦੇ ਬਾਵਜੂਦ ਸੀਪੀਆਈ ਨੇ ਆਪਣਾ ਵਿਚਾਰਧਾਰਕ ਪੈਂਤੜਾ ਨਹੀਂ ਬਦਲਿਆ। ਅੱਜ ਦੇ ਨਾਜ਼ੁਕ ਹਾਲਾਤਾਂ ਵਿੱਚ ਵੀ ਸੀਪੀਆਈ ਫਿਰ ਆਪਣੇ ਪੁਰਾਣੇ ਸ਼ਕਤੀਸ਼ਾਲੀ ਸਰੂਪ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਇਸੇ ਦੌਰਾਨ ਸੀਪੀਆਈ ਦੀ 23ਵੀਂ ਸੂਬਾਈ ਪਾਰਟੀ ਕਾਨਫਰੰਸ ਅੰਮ੍ਰਿਤਸਰ ਦੀ ਧਰਤੀ 'ਤੇ ਸ਼ੁਰੂ ਹੋਈ। ਉਹੀ ਧਰਤੀ ਜਿੱਥੇ ਕਦੇ ਸੀਪੀਆਈ ਨੇ ਬਹੁਤ ਵੱਡੀਆਂ ਚੁਣੌਤੀਆਂ ਕਬੂਲੀਆਂ ਸਨ। ਇਹਨਾਂ ਨਾਜ਼ੁਕ ਹਾਲਤਾਂ ਦੌਰਾਨ ਪਾਰਟੀ ਦੀ ਸਥਾਨਕ ਅਗਵਾਈ ਕਾਮਰੇਡ ਸਤਪਾਲ ਡਾਂਗ ਅਤੇ ਕਾਮਰੇਡ ਪਰਦੁੱਮਣ ਸਿੰਘ ਦੇ ਹੱਥਾਂ ਵਿੱਚ ਸੀ। ਕਾਨਫਰੰਸ ਵਾਲੇ ਹਾਲ ਦਾ ਨਾਮ ਉਸ ਇਤਿਹਾਸਿਕ ਸਿਆਸੀ ਜੋੜੀ ਦੇ ਇੱਕ ਅਹਿਮ ਕਾਮਰੇਡ ਪਰਦੁੱਮਣ 'ਤੇ ਸਿੰਘ ਦੇ ਨਾਮ ਰੱਖਿਆ ਗਿਆ ਹੈ। ਉਸ ਦੌਰ ਨੇ ਸੀਪੀਆਈ ਦੀਆਂ ਕੁਰਬਾਨੀਆਂ ਦਾ ਇੱਕ ਨਵਾਂ ਇਤਿਹਾਸ ਰਚਿਆ ਸੀ। ਕਾਮਰੇਡ ਸਤਪਾਲ ਡਾਂਗ ਅਤੇ ਪਰਦੁੱਮਣ ਸਿੰਘ ਨੇ ਰਚਿਆ ਸੀ ਨਵਾਂ ਇਤਿਹਾਸ 
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਐੱਸ. ਸੁਧਾਕਰ ਰੈਡੀ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਵਿਰੁੱਧ ਅਤੇ ਫਿਰਕੂ ਲੀਹਾਂ 'ਤੇ ਲੋਕਾਂ ਵਿੱਚ ਜਾਤੀਵਾਦੀ ਤੇ ਧਰਮਵਾਦੀ ਫੁੱਟ ਪਾਉਣ ਦੇ ਘਿਨਾਉਣੇ ਮਨਸੂਬਿਆਂ ਵਿਰੁੱਧ ਦੇਸ਼ ਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੋਦੀ ਤੇ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ, ਜੋ ਔਖਾ ਵੀ ਨਹੀਂ ਹੈ, ਜਦ ਕਿ ਕੁਝ ਮੀਡੀਆ ਚੈਨਲ ਜ਼ਰੂਰ ਮੋਦੀ ਦੇ ਗੁਣਗਾਣ ਕਰਨ ਵਿੱਚ ਲੱਗੇ ਹੋਏ ਹਨ, ਜੋ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਮਰਿਆਦਾ ਦੇ ਉਲਟ ਹੈ। 
ਸਥਾਨਕ ਵਿਸ਼ਵਵਿਦਿਆਲ ਦੇ ਸਾਹਮਣੇ ਕਬੀਰ ਪਾਰਕ ਦੀ ਖੁੱਲੀ ਗਰਾਊਂਡ ਵਿੱਚ ਇੱਕ ਵਿਸ਼ਾਲ ਤੇ ਜੋਸ਼ ਭਰਪੂਰ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਐੱਸ ਸੁਧਾਕਰ ਨੇ ਹਿੱਕ ਦੇ ਜ਼ੋਰ ਨਾਲ 23ਵੀਂ ਸੂਬਾ ਪੱਧਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਐੱਨ ਡੀ ਏ ਦੀ ਸਰਕਾਰ ਨੇ ਅਮੀਰ-ਗਰੀਬ ਦੇ ਪਾੜੇ ਇੰਨੇ ਵਧਾ ਦਿੱਤੇ ਹਨ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਤੇ ਗਰੀਬ ਜਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਕਾਰਪੋਰੇਟ ਸੈਕਟਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਕੇ ਦੇਸ਼ ਦੇ ਹਰ ਪ੍ਰਕਾਰ ਦੇ ਖਣਿਜ ਨੂੰ ਲੁੱਟ ਰਿਹਾ ਹੈ। ਅੰਡਾਨੀ, ਅੰਬਾਨੀ, ਟਾਟੇ ਬਿਰਲੇ ਤੇ ਮਹਿੰਦਰਾ ਸ਼ਿੰਦਰਾ ਵਰਗੇ ਘਰਾਣੇ ਦੇਸ਼ ਦਾ ਸਰਮਾਇਆ ਇੱਕ ਥਾਂ ਇਕੱਠਾ ਕਰੀ ਜਾ ਰਹੇ ਹਨ। ਅੱਜ 90 ਫੀਸਦੀ ਲੋਕ ਆਰਥਿਕ ਸੰਕਟ ਦਾ ਸ਼ਿਕਾਰ ਹਨ ਤੇ ਗਰੀਬ ਨੂੰ ਦੋ ਸਮੇਂ ਦੀ ਰੋਟੀ ਵੀ ਮਿਲਣੀ ਮੁਸ਼ਕਲ ਹੋਈ ਪਈ ਹੈ। ਸਰਕਾਰ ਦੀ ਨੀਤੀ ਜਨਤਕ ਅਦਾਰੇ ਖਤਮ ਕਰਕੇ ਨਿੱਜੀਕਰਨ ਤੇ ਨਵ-ਉਦਾਰੀਕਰਨ ਦੀਆਂ ਨੀਤੀਆਂ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਣਾ ਹੈ ਤੇ ਲਾਭ ਵਾਲੇ ਜਨਤਕ ਅਦਾਰੇ ਵੀ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤੇ ਗਏ ਹਨ, ਜਿਸ ਕਾਰਨ ਬੇਰੁਜ਼ਗਾਰੀ, ਮਹਿੰਗਾਈ ਅਤੇ ਗਰੀਬੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 
ਉਹਨਾਂ ਕਿਹਾ ਕਿ ਭਾਜਪਾ ਦੇ ਜਿਹੜੇ ਵੀ ਪਹਿਲੂ ਨੂੰ ਹੱਥ ਲਾਇਆ ਜਾਵੇ, ਉਹੀ ਹੀ ਵਿਨਾਸ਼ਕਾਰੀ ਸਾਬਤ ਹੋ ਰਿਹਾ ਹੈ। ਰਸਸ ਦੇ ਕੰਟਰੋਲ ਵਾਲੀ ਭਾਜਪਾ ਸਰਕਾਰ ਦੇਸ਼ ਨੂੰ ਫਿਰਕੂ ਤੇ ਜਜ਼ਬਾਤੀ ਲੀਹਾਂ 'ਤੇ ਕਤਾਰਬੰਦ ਕਰਨ 'ਤੇ ਤੁਲੀ ਹੋਈ ਹੈ। ਉਹਨਾ ਕਿਹਾ ਕਿ ਸੀ ਪੀ ਆਈ ਦੀ ਅਗਵਾਈ ਹੇਠ ਅਵਾਮ ਪੰਥੀ ਮੋਰਚਾ ਸਮੁੱਚੇ ਖੱਬੇ ਪੱਖੀ ਧਿਰਾਂ ਨੇ ਪਿਛਾਂਹ-ਖਿੱਚੂ ਆਰਥਿਕ ਨੀਤੀਆਂ ਵਿਰੁੱਧ ਅਤੇ ਫਾਸ਼ੀ ਫਿਰਕੂ ਤਾਕਤਾਂ ਦੇ ਖਤਰੇ ਵਿਰੁੱਧ ਲੜਨ ਲਈ ਸਿਰ 'ਤੇ ਮੜਾਸਾ ਬੰਨ੍ਹ ਲਿਆ ਹੈ ਤੇ ਮੋਦੀ ਸਰਕਾਰ ਨੂੰ ਚਾਰੋਂ ਤਰਫ ਘੇਰ ਕੇ ਉਸ ਦੀਆਂ ਫਿਰਕੂ ਤੇ ਦੇਸ਼ ਵਿਰੋਧੀ ਨੀਤੀਆਂ ਨੂੰ ਨਾਕਾਮ ਕਰਨਾ ਹੈ। ਉਹਨਾਂ ਕਿਹਾ ਕਿ ਸੀ ਪੀ ਆਈ ਵੱਲੋਂ ਜੰਗੀ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਹਨ ਕਿ 2019 ਦੇ ਚੋਣ ਮਹਾਂਭਾਰਤ ਲਈ ਧਰਮ ਨਿਰਪੱਖ, ਜਮਹੂਰੀ ਤੇ ਆਰਥਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਾਲਾ ਮੋਰਚਾ ਕਾਇਮ ਕੀਤਾ ਜਾਵੇ ਤਾਂ ਕਿ ਫਾਸ਼ੀਵਾਦੀਆਂ ਨੂੰ ਪਛਾੜਿਆ ਜਾ ਸਕੇ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਆਦਿ ਸੂਬਿਆਂ ਵਿੱਚ ਹੋਈਆਂ ਉਪ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਤੇ ਭਾਜਪਾ ਦਾ ਪਾਣੀ ਲਹਿਣਾ ਸ਼ੁਰੂ ਹੋ ਗਿਆ ਹੈ। ਉਹਨਾ ਕਿਹਾ ਕਿ ਦੇਸ਼ ਦੀ ਆਰਥਿਕਤਾ ਤੇ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਫਿਰਕੂਵਾਦੀ ਭਾਜਪਾ ਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ, ਜਿਸ ਦਾ ਮੁੱਢ ਪੰਜਾਬ ਦੇ ਲੋਕਾਂ ਨੇ ਬੰਨ੍ਹ ਦਿੱਤਾ ਹੈ। ਉਹਨਾ ਕਿਹਾ ਕਿ ਦੇਸ਼ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਹਨਾ ਕਿਹਾ ਕਿ ਜਿਸ ਤਰੀਕੇ ਨਾਲ ਮਹਾਂਰਾਸ਼ਟਰ ਵਿੱਚ ਲਾਲ ਝੰਡੇ ਦੀ ਕਮਾਂਡ ਹੇਠ ਕਿਸਾਨਾਂ ਨੇ ਇੱਕ ਮਾਰਚ ਕਰਕੇ ਸਰਕਾਰ ਦੀ ਬੋਲਤੀ ਬੰਦ ਕਰ ਦਿੱਤੀ ਸੀ, ਅਜਿਹਾ ਹੀ ਮੋਰਚਾ ਪੂਰੇ ਭਾਰਤ ਵਿੱਚ ਸਥਾਪਤ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਵਿਦਿਅਕ ਅਦਾਰੇ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹੁੰਦੇ ਪਰ ਦੇਸ਼ ਦੇ ਸਭ ਵੱਡੇ ਵਿਸ਼ਵ ਵਿਦਿਆਲੇ ਜੇ ਐੱਨ ਯੂ ਨੂੰ ਬਰਬਾਦ ਕਰਨ ਵਿੱਚ ਭਾਜਪਾ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਵਿਦਿਆਰਥੀਆਂ ਨੇ ਜੇਲ੍ਹਾਂ ਕੱਟ ਕੇ ਵੀ ਇਸ ਨੂੰ ਬਚਾਉਣ ਵਿੱਚ ਪੂਰਾ-ਪੂਰਾ ਯੋਗਦਾਨ ਪਾਇਆ ਹੈ ਤੇ ਭਗਵਾਂਧਾਰੀਆਂ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਮਰੇਡ ਅਮਰਜੀਤ ਕੌਰ ਜਨਰਲ ਸਕੱਤਰ ਏਟਕ ਨੇ ਕਿਰਤੀਆਂ ਦੇ ਅਧਿਕਾਰਾਂ 'ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਅਤੇ ਸਮੁੱਚੇ ਲੋਕਾਂ ਦੇ ਹਿੱਤਾਂ ਲਈ ਲੜਨ ਵਾਸਤੇ ਅੱਗੇ ਆਉਣ ਤਾਂ ਜੋ ਜਮਹੂਰੀ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਪ੍ਰਸਿੱਧ ਅੰਗਰੇਜ਼ੀ ਸਪਤਾਹਿਕ ਅਖਬਾਰ ਦੇ ਨਿਊਏਜ਼ ਦੇ ਮੁੱਖ ਸੰਪਾਦਕ ਕਾਮਰੇਡ ਸ਼ਮੀਮ ਫੈਜ਼ੀ ਨੇ ਕਿਹਾ ਕਿ ਕੇਵਲ ਕਿਰਤੀ ਜਨਤਾ ਹੀ ਨਹੀਂ, ਸਗੋਂ ਬੁੱਧੀਜੀਵੀ ਵਰਗ ਵੀ ਸਰਕਾਰ ਦੀਆਂ ਅਸਹਿਣਸ਼ੀਲਤਾ ਦੀਆਂ ਕਾਰਵਾਈਆਂ ਵਿਰੁੱਧ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਲੜ ਰਿਹਾ ਹੈ। ਉਹਨਾ ਕਿਹਾ ਕਿ ਬੁੱਧੀਜੀਵੀ ਵਰਗ ਨੂੰ ਆਪਣਾ ਪੱਖ ਪੂਰੀ ਜ਼ਿੰਮੇਵਾਰੀ ਨਾਲ ਪੇਸ਼ ਕਰਨਾ ਚਾਹੀਦਾ ਹੈ, ਕਿਉਂਕਿ ਦੇਸ਼ ਨੂੰ ਸਹੀ ਅਗਵਾਈ ਬੁੱਧੀਜੀਵੀ ਵਰਗ ਹੀ ਦੇ ਸਕਦਾ ਹੈ।
ਕਾਮਰੇਡ ਅਤੁਲ ਅਨਜਾਣ ਜਨਰਲ ਸਕੱਤਰ ਕੁਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਖੇਤੀ ਦੇ ਸੰਕਟ ਨੂੰ ਹੋਰ ਵੀ ਵਿਗਾੜ ਰਹੀਆਂ ਹਨ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਵੱਲ ਧੱਕ ਰਹੀਆਂ ਹਨ। ਉਹਨਾ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਦੇ ਪ੍ਰਤੀਕ ਸਿਰਫ ਕਿਸਾਨ ਹਨ, ਜਿਹੜੇ ਦੇਸ਼ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਅਨਾਜ ਪੈਦਾ ਕਰਕੇ ਖਵਾ ਰਹੇ ਹਨ। ਕਾਮਰੇਡ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਪੰਜਾਬ ਨੇ ਸਾਰੇ ਪੰਜਾਬ ਵਿੱਚੋਂ ਖਾਸ ਕਰਕੇ ਮਾਝਾ ਖੇਤਰ ਵਿੱਚੋਂ ਵੱਡੀ ਗਿਣਤੀ ਵਿੱਚ ਆਏ ਸਾਥੀਆਂ ਨੂੰ ਜੀ ਆਇਆਂ ਕਿਹਾ, ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨ, ਮਜ਼ਦੂਰ , ਮੁਲਾਜ਼ਮ ਤੇ ਕਿਸਾਨ ਸਨ ਅਤੇ ਜੋ ਲਾਲ ਝੰਡੇ ਲਹਿਰਾਅ ਰਹੇ ਸਨ ਅਤੇ ਕਮਿਊਨਿਸਟ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਵਿੱਚ ਸਰਕਾਰ ਨਾਕਾਮ ਹੀ ਨਹੀਂ ਰਹੀ, ਸਗੋਂ ਵਾਅਦਿਆਂ ਤੋਂ ਭੱਜ ਰਹੀ ਹੈ। ਉਹਨਾ ਕਿਹਾ ਕਿ ਸੀ ਪੀ ਆਈ ਵੱਲੋਂ ਲੋੜ ਪੈਣ 'ਤੇ ਅੰਦੋਲਨ ਛੇੜਿਆ ਜਾਵੇਗਾ ਤਾਂ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ।
ਡਾ. ਜੋਗਿੰਦਰ ਦਿਆਲ ਕੌਮੀ ਕਾਰਜਕਾਰਨੀ ਮੈਂਬਰ ਸੀ ਪੀ ਆਈ ਨੇ ਲੋਕਾਂ ਨੂੰ ਰਸਸ ਦੇ ਮਨਸੂਬੇ ਫੇਲ੍ਹ ਕਰਨ ਲਈ ਵਿਸ਼ਾਲ ਸਾਂਝੇ ਘੋਲਾਂ ਦਾ ਸੱਦਾ ਦਿੱਤਾ, ਜੋ ਘੱਟ ਗਿਣਤੀਆਂ ਅਤੇ ਕਮਜ਼ੋਰ ਤਬਕਿਆਂ 'ਤੇ ਹਮਲੇ ਕਰ ਰਹੀ ਹੈ।
ਕਾਮਰੇਡ ਜਗਰੂਪ ਨੇ ਦੁਨੀਆ ਭਰ ਦੇ ਮਿਹਨਤਕਸ਼ਾਂ ਨੂੰ ਇੱਕ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੁਨੀਆ ਦੇ ਮਿਹਨਤਕਸ਼ ਆਪਣੇ ਹੱਕਾਂ ਲਈ ਜੂਝ ਰਹੇ ਹਨ, ਪਰ ਸਰਮਾਏਦਾਰ ਸਰਕਾਰ ਮਿਹਨਤਕਸ਼ਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਉਹਨਾ ਕਿਹਾ ਕਿ ਪਾਰਟੀ ਦਾ ਕੌਮੀ ਸੰਮੇਲਨ ਕੇਰਲਾ ਵਿੱਚ ਹੋ ਰਿਹਾ ਹੈ, ਜਿਸ ਵਿੱਚ ਅਹਿਮ ਫੈਸਲੇ ਲਏ ਜਾਣੇ ਹਨ। ਉਹਨਾ ਕਿਹਾ ਕਿ ਸੀ ਪੀ ਆਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਇੱਕ ਮਜ਼ਬੂਤ ਮੋਰਚਾ ਬਣਾਏਗੀ ਤਾਂ ਕਿ 2019 ਦੀਆਂ ਚੋਣਾਂ ਦੀ ਜੰਗ ਜਿੱਤੀ ਜਾ ਸਕੇ। ਰੈਲੀ ਨੂੰ ਕੌਮੀ ਕੌਂਸਲ ਦੇ ਮੈਂਬਰ ਬੰਤ ਬਰਾੜ, ਸੁਆਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਅਮਰਜੀਤ ਆਸਲ, ਜ਼ਿਲ੍ਹਾ ਸਕੱਤਰ (ਸ਼ਹਿਰੀ) ਸਾਥੀ ਵਿਜੈ ਕੁਮਾਰ, ਦਿਹਾਤੀ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਵੀ ਸੰਬੋਧਨ ਕੀਤਾ। 
ਇਸ ਰੈਲੀ ਦੀ ਪ੍ਰਧਾਨਗੀ ਸਰਵ ਸਾਥੀ ਵਿਜੈ ਕੁਮਾਰ, ਕਾਮਰੇਡ ਦਸਵਿੰਦਰ ਕੌਰ, ਗੁਰਨਾਮ ਕੌਰ ਸਰਪੰਚ, ਜਗਤਾਰ ਸਿੰਘ ਮਹਿਲਾਂਵਾਲਾ ਅਤੇ ਗੁਰਦੀਪ ਸਿੰਘ ਗੁਰੂਵਾਲੀ ਨੇ ਕੀਤੀ। ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਅੰਮ੍ਰਿਤਸਰ ਤੇ ਦੂਜੇ ਜ਼ਿਲ੍ਹਿਆਂ ਤੋਂ ਆਏ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 23ਵੀਂ ਸੂਬਾ ਪੱਧਰੀ ਕਾਨਫਰੰਸ ਅੱਜ ਸ਼ਾਮ ਨੂੰ ਰਾਜੂ ਪੈਲੇਸ ਵਿਖੇ ਸ਼ੁਰੂ ਹੋਵੇਗੀ, ਜਿਸ ਦਾ ਉਦਘਾਟਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਕਰਨਗੇ। ਸੂਬਾ ਸਕੱਤਰ ਵੱਲਂੋ ਪੇਸ਼ ਰਿਪੋਰਟ 'ਤੇ ਬਹਿਸ ਅਤੇ ਹੋਰ ਵਿਚਾਰਾਂ 6 ਅਪ੍ਰੈਲ ਤੱਕ ਚੱਲਣਗੀਆਂ, ਜਿਸ ਦੀ ਪ੍ਰਵਾਨਗੀ ਮਗਰੋਂ ਪਾਰਟੀ ਕਾਂਗਰਸ ਲਈ ਡੈਲੀਗੇਟਾਂ ਦੀ ਚੋਣ ਅਤੇ ਨਵੀਂ ਸੂਬਾ ਕੌਂਸਲ ਚੁਣੀ ਜਾਵੇਗੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਫੈਸਲੇ ਕੀਤੇ ਜਾਣਗੇ।

No comments: