Wednesday, April 18, 2018

ਹਰ ਹੀਲੇ ਅਮਨ ਅਤੇ ਸ਼ਾਂਤੀ ਕਾਇਮ ਰੱਖੋ-ਸੀਪੀਆਈ ਪੰਜਾਬ

ਪਾਰਟੀ ਨੇ ਦਿੱਤੀ ਫੁਟ-ਪਾਊ ਸ਼ਕਤੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ
ਚੰਡੀਗੜ੍ਹ: 18 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨੀਂ ਫਗਵਾੜਾ ਵਿਚ ਵਾਪਰੀਆਂ ਦੁਖਦਾਈ ਅਤੇ ਹਿੰਸਾਆਤਮਕ ਘਟਨਾਵਾਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸੀਪੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੁਟ-ਪਾਊ ਅਤੇ ਸ਼ਰਾਰਤੀ ਤੱਤਾਂ ਤੋਂ ਖਬਰਦਾਰ ਰਹਿੰਦਿਆਂ ਹੋਇਆਂ ਆਪਸੀ ਭਾਈਚਾਰੇ ਨੂੰ ਕਾਇਮ ਰਖੱਣ। ਅੱਜ ਇਥੇ ਹੋਈ ਪਾਰਟੀ ਦੇ ਸਕੱਤਰੇਤ ਦੀ ਮੀਟਿੰਗ ਪਿਛੋਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਰਤ ਦੀ ਮਹਾਨ ਸ਼ਖਸੀਅਤ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੇ ਨਾਂਅ ਨੂੰ ਵੀ ਘੜੀਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਆਪਣੇ ਸੰਵਿਧਾਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਪੁਰਅਮਨ ਧਰਨਾ ਤੇ ਮੁਜ਼ਾਹਰਾ ਕਰ ਰਹੇ ਸਨ ਤਾਂ ਕਿਸੇ ਨੂੰ ਵੀ ਉਹਨਾਂ ਨੂੰ ਰੋਕਣ ਅਤੇ ਵਿਘਨ ਪਾਉਣ ਦਾ ਅਧਿਕਾਰ ਨਹੀਂ ਹੈ। ਫਿਰਕੂ ਤੱਤਾਂ ਦੇ ਇਕ ਗਰੁੱਪ ਵਲੋਂ ਭੜਕਾਊ ਕਾਰਵਾਈ ਕਰਨੀ ਅਤੇ ਹਿੰਸਕ ਕਾਰਵਾਈ ਤੇ ਉਤਰ ਕੇ ਗੋਲੀਆਂ ਚਲਾਉਣੀਆਂ ਨਿੰਦਣਯੋਗ ਹੀ ਨਹੀਂ ਸਗੋਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਣ ਵਾਲੀ ਗੱਲ ਹੈ। ਸੀਪੀਆਈ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਕੁਰਬਾਨੀਆਂ ਦੇ  ਕੇ  ਕਾਇਮ ਕੀਤੇ ਸ਼ਾਂਤੀ ਅਤੇ ਅਮਨ ਦੇ ਮਾਹੌਲ  ਨੂੰ ਵਿਗਾੜਣ ਲਈ ਤੁਲੀਆਂ ਇਹਨਾਂ ਫੁਟ-ਪਾਊ ਸ਼ਕਤੀਆਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਸੀਪੀਆਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਪੰਜਾਬ ਦੇ ਕਿਸੇ ਪ੍ਰਮੁੱਖ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਹਿੰਸਕ ਤੇ ਫੁਟ-ਪਾਊ ਤੱਤਾਂ ਦੀ ਪਹਿਚਾਣ ਕਰਕੇ ਉਹਨਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਫੁਟ-ਪਾਊ ਤੇ ਫਿਰਕਾਪ੍ਰਸਤ ਸ਼ਕਤੀਆਂ ਫਿਰ ਸਿਰ ਨਾ ਉਠਾ ਸਕਣ।
ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੋਲੀ ਨਾਲ ਹੋਏ ਜ਼ਖਮੀਆਂ ਦਾ ਇਲਾਜ ਅਤੇ ਸੁਰਖਿਆ ਦਾ ਪ੍ਰਬੰਧ ਕੀਤਾ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਜ਼ਿਲਾ ਪ੍ਰਸ਼ਾਸਨ ਜ਼ਿਲੇ ਅਤੇ ਫਗਵਾੜਾ ਵਿਖੇ ਸਾਰੀਆਂ ਪਾਰਟੀਆਂ ਅਤੇ ਜ਼ਿੰਮੇਵਾਰ ਸਮਾਜਿਕ ਸੰਸਥਾਵਾਂ ਦੀ ਮੀਟਿੰਗ ਬੁਲਾ ਕੇ ਮਾਹੌਲ ਨੂੰ ਸੁਖਾਵਾਂ ਬਨਾਉਣ ਦਾ ਜਤਨ ਕਰੇ ਅਤੇ ਸ਼ਰਾਰਤੀ ਤੱਤਾਂ ਨੂੰ ਕਰੜੇ ਹੱਥੀਂ ਸਿੱਝੇ।

No comments: