Thursday, May 10, 2018

ਨਾਟਕ "ਦ ਗਰੇਟ ਅੰਬੇਡਕਰ" ਦੀ ਸਫਲ ਪੇਸ਼ਕਸ਼

Thu, May 10, 2018 at 5:21 PM
ਨਾਟਕ 'ਚ ਕੁੱਲ 26 ਕਲਾਕਾਰਾਂ ਵੱਲੋਂ ਹਿੱਸਾ ਲਿਆ ਗਿਆ 
ਲੁਧਿਆਣਾ: 10 ਮਈ 2018: (ਪੰਜਾਬ ਸਕਰੀਨ ਬਿਊਰੋ)::


ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੇ ਵਿਚਾਰਾਂ 'ਤੇ ਅਧਾਰਿਤ ਨਾਟਕ "ਦ ਗਰੇਟ ਅੰਬੇਡਕਰ" ਦਾ ਦੇਰ ਸ਼ਾਮ ਲੁਧਿਆਣਾ ਸਥਿਤ ਪੰਜਾਬੀ ਭਵਨ ਵਿਖੇ ਪੇਸ਼ਕਸ਼ ਕੀਤਾ ਗਿਆ। ਜਿਥੇ ਸੈਂਕੜਾਂ ਦੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਨੇ ਡਾ. ਅੰਬੇਡਕਰ ਦੇ ਜੀਵਨ ਨਾਲ ਜੁੜੇ ਤੱਥਾਂ ਤੇ ਉਨ੍ਹਾਂ ਦੇ ਅਨਮੋਲ ਵਿਚਾਰਾਂ ਨੂੰ ਜਾਣਿਆ ਤੇ ਸਮਝਿਆ। ਇਸ ਨਾਟਕ ਦਾ ਉਦਘਾਟਨ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਕੀਤਾ। ਜਿਹਨਾਂ ਨੇ ਇਸ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਪਣੇ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਡਾ. ਅੰਬੇਡਕਰ ਨਵਯੁਵਕ ਦਲ ਦੇ ਸਰਪਰਸਤ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਐਡਵੋਕੇਟ ਐਸ ਐਲ ਵਿਰਦੀ ਦੀ ਮਨੁੱਖਤਾ ਦੇ ਮਸੀਹਾ ਡਾ. ਅੰਬੇਡਕਰ ਕਿਤਾਬ 'ਤੇ ਅਧਾਰਿਤ ਮੋਹੀ ਅਮਰਜੀਤ ਸਿੰਘ ਦੀ ਰਚਨਾ "ਦ ਗਰੇਟ ਅੰਬੇਡਕਰ" ਦਾ ਨਿਰਦੇਸ਼ਨ ਰਣਜੀਤ ਨੇ ਕੀਤਾ ਹੈ। ਇਸ ਪ੍ਰੋਗਰਾਮ ਨੂੰ ਅਜ਼ਾਦ ਰੰਗ ਮੰਚ ਕਲਾ ਭਵਨ, ਫਗਵਾੜਾ ਵੱਲੋਂ ਪੇਸ਼ ਕੀਤਾ ਗਿਆ। ਜਿਥੇ ਗੀਤਕਾਰ ਰਣਜੀਤ ਹਠੂਰ ਤੇ ਡਾ. ਭੁਪਿੰਦਰ ਸਿੰਘ ਗਰਚਾ ਵੱਲੋਂ ਦਰਸ਼ਕਾਂ ਦਾ ਸਵਾਗਤ ਕੀਤਾ ਗਿਆ।
ਲਵਲੀ ਨੇ ਦੱਸਿਆ ਕਿ ਇਸ ਨਾਟਕ ਦੇ ਅਯੋਜਨ ਦਾ ਉਦੇਸ਼ ਇਹ ਦੱਸਣਾ ਸੀ ਕਿ ਡਾ. ਅੰਬੇਡਕਰ ਦੀ ਸੋਚ ਹਰ ਵਰਗ ਨਾਲ ਜੁੜੀ ਹੈ, ਭਾਵੇਂ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ ਜਾਂ ਫਿਰ ਸਮਾਜ ਦੇ ਕਿਸੇ ਹੋਰ ਵਰਗ ਦਾ ਹਿੱਸਾ। ਡਾ. ਅੰਬੇਡਕਰ ਸਾਰਿਆਂ ਦਾ ਸਨਮਾਨ ਕਰਦੇ ਸਨ ਅਤੇ ਸਾਨੂੰ ਉਹਨਾਂ  ਦੇ ਵਿਚਾਰਾਂ 'ਤੇ ਚੱਲ ਕੇ ਸਾਰਿਆਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਉਹਨਾਂ ਨੇ ਲੁਧਿਆਣਾ 'ਚ ਜਲਦੀ ਹੀ ਇਸ ਨਾਟਕ ਦਾ ਵੱਡੇ ਪੱਧਰ 'ਤੇ ਅਯੋਜਨ ਕਰਵਾਉਣ ਦਾ ਵਾਅਦਾ ਕੀਤਾ।
ਇਸ ਮੌਕੇ ਮੋਹੀ ਅਮਰਜੀਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਭਰ 'ਚ 12 ਨਾਟਕਾਂ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਇਸ ਵਾਰ 13ਵਾਂ ਨਾਟਕ ਲੁਧਿਆਣਾ ਦੇ ਪੰਜਾਬੀ ਭਵਨ 'ਚ ਖੇਡਿਆ ਗਿਆ। ਇਸ ਤੋਂ ਇਲਾਵਾ, ਉਹਨਾਂ ਨੂੰ ਦੇਸ਼ ਦੇ ਕਈ ਹਿੱਸਿਆਂ ਤੋਂ ਨਾਟਕ ਦੇ ਮੰਚਨ ਲਈ ਸੱਦੇ ਮਿੱਲ ਰਹੇ ਹਨ। ਅਗਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਵੀ ਅਜਿਹੇ ਹੀ ਇਕ ਨਾਟਕ ਦਾ ਮੰਚਨ ਕੀਤਾ ਜਾਵੇਗਾ। ਉਹਨਾਂ ਨੇ ਖੁਲਾਸਾ ਕੀਤਾ ਕਿ ਨਾਟਕ 'ਚ ਕੁੱਲ 26 ਕਲਾਕਾਰਾਂ ਵੱਲੋਂ ਹਿੱਸਾ ਲਿਆ ਗਿਆ, ਜਿਸਨੂੰ ਤਿਆਰ ਕਰਨ 'ਚ ਕਰੀਬ 175 ਘੰਟਿਆਂ ਦੀ ਸਖ਼ਤ ਮਿਹਨਤ ਲੱਗੀ ਹੈ।
ਨਾਟਕ ਦੀ ਕਹਾਣੀ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਸਨੂੰ ਲੈ ਕੇ ਡਾ. ਅੰਬੇਡਕਰ ਦੇ ਜੀਵਨ ਉਪਰ ਕਿਤਾਬਾਂ ਲਿੱਖਣ ਵਾਲੇ ਵਿਦਵਾਨਾਂ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਜਾ ਕੇ ਮੁਲਾਕਾਤ ਕੀਤੀ ਗਹਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਿਆ ਗਿਆ। ਇਸ ਤੋਂ ਬਾਅਦ ਇਹ ਨਾਟਕ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਡਾ. ਅੰਬੇਡਕਰ ਦੀ ਮਹਾਨ ਸੋਚ ਤੋਂ ਪਛਾਣ ਕਰਵਾਈ ਜਾ ਸਕੇ। ਉਨ੍ਹਾਂ ਨੇ ਨਾਟਕ 'ਚ ਦਿੱਤੇ ਸਹਿਯੋਗ ਲਈ ਡਾ. ਅੰਬੇਡਕਰ ਨਵਯੁਵਕ ਦਲ ਦੇ ਸਰਪਰਸਤ ਰਾਜੀਵ ਕੁਮਾਰ ਲਵਲੀ ਦਾ ਧੰਨਵਾਦ ਕੀਤਾ। ਜਿਸਨੂੰ ਲਵਲੀ ਨੇ ਤਹਿ ਦਿਲੋਂ ਸਵੀਕਾਰ ਕਰਦਿਆਂ ਕਿਹਾ ਕਿ ਉਹ ਡਾ. ਅੰਬੇਡਕਰ ਦੇ ਵਿਚਾਰਾਂ 'ਤੇ ਚੱਲਣ ਲਈ ਪਰ੍ਤੀਬੱਧ ਹਨ। 

No comments: