Wednesday, May 09, 2018

ਨਾਟਕ 'ਸਾਕਾ ਸਰਹੰਦ' ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਫ਼ਲ ਮੰਚਨ

Wed, May 9, 2018 at 5:23 PM
25 ਹਜ਼ਾਰ ਰੁਪਏ ਕੀਮਤ ਦੀਆਂ ਕਿਤਾਬਾਂ ਅਦਾਕਾਰਾਂ ਨੂੰ ਭੇਂਟ ਕੀਤੀਆਂ
ਲੁਧਿਆਣਾ: 8 ਮਈ 2018: (ਗੁਰਭਜਨ ਗਿੱਲ//ਪੰਜਾਬ ਸਕਰੀਨ)::
ਪੰਜਾਬ ਖੇਤੀ ਯੂਨੀਵਰਸਿਟੀ ਦੇ ਨਵੇਂ ਬਣੇ ਅਤਿ ਆਧੁਨਿਕ ਤੇ ਖੂਬਸੂਰਤ ਡਾ: ਮਨਮੋਹਨ ਸਿੰਘ ਆਡੀਟੋਰੀਅਮ ਸਾਕਾ ਸਰਹੰਦ ਵੇਖ ਕੇ ਪਰਤਿਆਂ। ਇਹ ਬੱਚੇ ਉਸੇ ਨਾਟਕ ਦੇ ਕਿਰਦਾਰ ਸਨ। 

ਡਾ: ਕੇਸ਼ੋ ਰਾਮ ਸ਼ਰਮਾ ਮੈਮੋਰੀਅਲ ਸੋਸਾਇਟੀ ਵੱਲੋਂ ਨਵੇਂ ਬਣੇ ਹਿੰਮਤੀ ਪੁੱਤਰ ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਸਾਕਾ ਸਰਹੰਦ ਦੀ ਜੀਵੰਤ ਪੇਸ਼ਕਾਰੀ ਕਮਾਲ ਸੀ। 
ਪੀਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਨੰਦਾ ਦੀ ਉਤਸ਼ਾਹ ਵਧਾਊ ਟਿਪਣੀ ਨਾਲ ਕਲਾਕਾਰਾਂ ਦਾ ਮਨੋਬਲ ਉੱਚਾ ਹੋਇਆ। 
ਡਾ: ਢਿੱਲੋਂ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਡਾ: ਅਨਿਲ ਸ਼ਰਮਾ ਵਰਗੇ ਹਿੰਮਤੀ ਅਧਿਆਪਕ ਅੱਗੇ ਲੱਗ ਕੇ ਨਾਟਕ ਪੇਸ਼ਕਾਰੀਆਂ ਰਾਹੀਂ ਵਿਰਾਸਤ, ਗਿਆਨ ਵਿਗਿਆਨ ਤੇ ਸਮਾਜਿਕ ਕੁਰੀਤੀਆਂ ਬਾਰੇ ਹੋਰ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਕਰਵਾਉਣ। 
ਇੰਗਲੈਂਡ ਤੋਂ ਆਏ ਲੇਖਕ ਦੋਸਤ ਰਣਜੀਤ ਸਿੰਘ ਰਾਣਾ ਨੇ ਆਪਣੀਆਂ ਨਵ ਪਰਕਾਸ਼ਿਤ ਪੰਜ ਪੁਸਤਕਾਂ ਦਾ ਸੈੱਟ ਦੋਹਾਂ ਵਾਈਸ ਚਾਂਸਲਰ ਸਾਹਿਬਾਨ ਨੂੰ ਭੇਂਟ ਕੀਤਾ। 
ਲਗਪਗ 25 ਹਜ਼ਾਰ ਰੁਪਏ ਕੀਮਤ ਦੀਆਂ ਕਿਤਾਬਾਂ ਅਦਾਕਾਰਾਂ ਨੂੰ ਸ਼ਲਾਘਾ ਕਰਮ ਵਜੋਂ ਭੇਂਟ ਕੀਤੀਆਂ। ਡਾ: ਤਾਰਾ ਸਿੰਘ ਆਲਮ(ਇੰਗਲੈਂਡ) ਸ: ਗੁਰਪਰੀਤ ਸਿੰਘ ਤੂਰ ਆਈ ਪੀ ਐੱਸ, ਨਵਦੀਪ ਸਿੰਘ ਸੀਨੀਅਰ ਪਰੋਡਿਊਸਰ,ਅਕਾਸ਼ਵਾਣੀ ਲੁਧਿਆਣਾ, ਡਾ: ਹਰਪਰੀਤ ਸਿੰਘ ਹੀਰੋ, ਬਜ਼ੁਰਗ ਲੇਖਕ ਪਰੇਮ ਅਵਤਾਰ ਰੈਣਾ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ। 
ਡਾ. ਢਿੱਲੋਂ ਨੇ ਨਾਟਕ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਨੌਜਵਾਨ ਵਰਗ ਨੂੰ ਆਪਣੇ ਵਿਰਸੇ ਦੀ ਜਾਣ-ਪਛਾਣ ਦੇ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਦਿੰਦੇ ਹਨ। ਉਹਨਾਂ ਕਿਹਾ ਕਿ ਇਹੋ ਜਿਹੀਆਂ ਪਰਭਾਵਸ਼ਾਲੀ ਪੇਸ਼ਕਾਰੀਆਂ ਹਰ ਤੀਜੇ ਮਹੀਨੇ ਬਾਅਦ ਇਸ ਯੂਨੀਵਰਸਿਟੀ ਦੇ ਵਿੱਚ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਸਾਇੰਸਦਾਨ, ਖਿਡਾਰੀ ਅਤੇ ਕਲਾ ਪਰੇਮੀ ਪੈਦਾ ਕਰਨ ਤੇ ਮਾਣ ਹੈ। ਡਾ. ਨੰਦਾ ਨੇ ਵਿਦਿਆਰਥੀਆਂ, ਵਿਗਿਆਨੀਆਂ ਅਤੇ ਆਯੋਜਕਾਂ ਦਾ ਚੰਗੀ ਪੇਸ਼ਕਾਰੀ ਲਈ ਧੰਨਵਾਦ ਕੀਤਾ ਅਤੇ ਆਸ ਪਰਗਟਾਈ ਕਿ ਦੋਹਾਂ ਯੂਨੀਵਰਸਿਟੀਆਂ ਵੱਲੋਂ ਸਾਂਝੇ ਤੌਰ ਤੇ ਕਲਾ ਦੇ ਖੇਤਰ ਵਿੱਚ ਭਵਿੱਖ ਵਿੱਚ ਉਪਰਾਲੇ ਵਿੱਢੇ ਜਾਣਗੇ।  
ਨਾਟਕ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਅਤੇ ਡਾ. ਕੇਸ਼ਵ ਰਾਮ ਸ਼ਰਮਾ ਸੋਸਾਇਟੀ ਦੇ ਸਰਪਰਸਤ ਸ. ਗੁਰਭਜਨ ਗਿੱਲ  ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਟਕ ਦੀ ਪੇਸ਼ਕਾਰੀ ਲਈ ਸਬਰ-ਸਿਦਕ ਦੀ ਜ਼ਬਰ-ਜ਼ੁਲਮ ਨਾਲ ਟੱਕਰ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਹੋਰ ਵੀ ਸਲਾਹੁਣ ਵਾਲੀ ਗੱਲ ਹੈ ਇਸ ਆਡੀਟੋਰੀਅਮ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਦੇਖਣ ਆਏ ਹਨ । ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇੱਥੇ ਆਉਣਾ ਇਸ ਗੱਲ ਦਾ ਸੂਚਕ ਹੈ ਕਿ ਚੰਗੇਰੀ ਪੇਸ਼ਕਾਰੀ ਹਰ ਇੱਕ ਵਰਗ ਵੱਲੋਂ ਸਲਾਹੀ ਜਾਂਦੀ ਹੈ। ਨਾਟਕ ਦੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਨਾਟਕ ਵਿੱਚ ਦੋਹਾਂ ਯੂਨੀਵਰਸਿਟੀਆਂ ਦੇ ਤਕਰੀਬਨ 50 ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਨਾਟਕ ਵਿੱਚ ਇਤਿਹਾਸ ਦਾ ਕਿਰਦਾਰ ਸ਼ਰਨਦੀਪ, ਵਜ਼ੀਰ ਖਾਨ ਦਾ ਕਿਰਦਾਰ ਡਾ. ਹਰਦੀਪ ਕੁਮਾਰ, ਗੰਗੂ ਦੀ ਪਤਨੀ ਦਾ ਕਿਰਦਾਰ ਸ਼ਰਨਦੀਪ ਕੌਰ ਢਿੱਲੋਂ, ਟੋਡਰ ਮੱਲ ਦਾ ਕਿਰਦਾਰ ਸੁਰਿੰਦਰ ਸਿੰਘ, ਸੁੱਚਾ ਨੰਦ ਦਾ ਕਿਰਦਾਰ ਡਾ. ਵਿਵੇਕ ਕੁਮਾਰ, ਮਿਸਤਰੀ ਦਾ ਕਿਰਦਾਰ ਪਲਵਿੰਦਰ ਬਾਸੀ, ਸਰਬਜੀਤ ਸਿੰਘ, ਜ਼ੈਨੀ ਬੇਗਮ ਦਾ ਕਿਰਦਾਰ ਮਨਜੋਤ ਕੌਰ, ਚੌਧਰੀ ਦਾ ਕਿਰਦਾਰ ਡਾ. ਕੀਰਤੀ ਦੁਆ, ਬੱਚਿਆਂ ਦਾ ਕਿਰਦਾਰ ਮਾਸਟਰ ਲਗਨ, ਅਨਹਦ, ਅਭਿਨਵ ਅਤੇ ਚੈਰੀ ਨੇ ਬਾਖੂਬੀ ਨਿਭਾਇਆ। ਇਸੇ ਦੌਰਾਨ ਸਿਪਾਹੀ ਦਾ ਕਿਰਦਾਰ ਗੁਰਜੀਤ ਸ਼ਰਮਾ, ਰਣਵੀਰ ਸਿੰਘ, ਨਵਾਬ ਮਲੇਰਕੋਟਲਾ ਦਾ ਕਿਰਦਾਰ ਜਸਵੰਤ ਸਿੰਘ, ਮੁਨਾਦੀ ਵਾਲੇ ਦਾ ਕਿਰਦਾਰ ਸੌਰਵ ਬੱਸੀ ਅਤੇ ਅਸ਼ੀਸ਼ ਦੇਵਪਾਲ ਨੇ ਚੰਗੇਰੇ ਢੰਗ ਨਾਲ ਨੇਪਰੇ ਚਾੜਿਆ। ਨਾਟਕ ਵਿੱਚ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਉਘੇ ਇਤਿਹਾਸਕਾਰ ਅਤੇ ਮੁੱਖ ਸੰਪਾਦਕ ਸਾਹਿਬ ਮੈਂਗਜ਼ੀਨ ਬਰਮਿੰਘਮ ਦੇ ਰਣਜੀਤ ਸਿੰਘ ਰਾਣਾ ਅਤੇ ਉਹਨਾਂ ਦੇ ਸਾਥੀ ਡਾ. ਤਾਰਾ ਸਿੰਘ ਆਲਮ ਵੱਲੋਂ ਲਿਖੀਆਂ ਗਈਆਂ ਸਿੱਖ ਇਤਿਹਾਸ ਤੇ ਅਧਾਰਿਤ ਕਿਤਾਬਾਂ ਵਿਦਿਆਰਥੀਆਂ ਨੂੰ ਹੌਂਸਲਾ ਅਫ਼ਜ਼ਾਈ ਲਈ ਪਰਦਾਨ ਕੀਤੀਆਂ ਗਈਆਂ। ਦੋ ਘੰਟਿਆਂ ਦੇ ਇਸ ਨਾਟਕ ਨੇ ਸਰੋਤਿਆਂ ਨੂੰ ਕੀਲੀ ਲਗਾਤਾਰ ਕੀਲੀ ਰੱਖਿਆ ।

No comments: